ਦੁੱਧ ਪਦਾਰਥ ਖਰੀਦ: ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਆਹਮੋ-ਸਾਹਮਣੇ

ਅੰਮ੍ਰਿਤਸਰ: ਲੰਗਰ ਘਰ ਵਾਸਤੇ ਦੇਸੀ ਘਿਓ ਤੇ ਹੋਰ ਦੁੱਧ ਵਾਲੇ ਪਦਾਰਥ ਮਿਲਕਫੈੱਡ (ਵੇਰਕਾ) ਦੀ ਥਾਂ ਪੁਣੇ ਦੀ ਸੋਨਾਈ ਕੋਆਪ੍ਰੇਟਿਵ ਸੁਸਾਇਟੀ ਕੋਲੋਂ ਖਰੀਦਣ ਦੇ ਫੈਸਲੇ ਮਗਰੋਂ ਸ਼੍ਰੋਮਣੀ ਕਮੇਟੀ ਤੇ ਸੂਬੇ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਹੈ।

ਸ਼੍ਰੋਮਣੀ ਕਮੇਟੀ ਨੇ ਜਿਥੇ ਟੈਂਡਰ ਮੁਤਾਬਕ ਘੱਟ ਰੇਟ ਅਤੇ ਵਧੀਆ ਮਿਆਰ ਦੇ ਆਧਾਰ ‘ਤੇ ਪੁਣੇ ਦੀ ਕੰਪਨੀ ਨੂੰ ਠੇਕਾ ਦੇਣ ਦੀ ਗੱਲ ਆਖੀ ਹੈ, ਉਥੇ ਹੀ ਇਹ ਦੋਸ਼ ਵੀ ਲਾਇਆ ਹੈ ਕਿ ਮਿਲਕਫੈੱਡ ਵਲੋਂ ਭੇਜੇ ਟੀਨਾਂ ਵਿਚੋਂ ਘਿਓ ਘੱਟ ਨਿਕਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਦੇਸੀ ਘਿਓ ਅਤੇ ਸੁੱਕੇ ਦੁੱਧ ਦੇ ਟੈਂਡਰਾਂ ਦੀ ਪ੍ਰਕ੍ਰਿਆ ਨਿਯਮਾਂ ਅਧੀਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਟੈਂਡਰ ਕੇਵਲ 3 ਮਹੀਨੇ ਲਈ ਕੀਤਾ ਗਿਆ ਹੈ ਜਿਸ ਦੀ ਅਨੁਮਾਨਤ ਲਾਗਤ 60 ਕਰੋੜ ਨਹੀਂ ਸਗੋਂ 18 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਮਿਲਕਫੈੱਡ ਵੇਰਕਾ ਦੇ ਅਧਿਕਾਰੀਆਂ ਨੂੰ ਵਾਰ-ਵਾਰ ਪੱਤਰ ਲਿਖ ਕੇ ਦੂਸਰੀਆਂ ਕੰਪਨੀਆਂ ਦੇ ਮੁਕਾਬਲੇ ਰੇਟ ਘਟਾਉਣ ਲਈ ਕਿਹਾ ਗਿਆ ਸੀ ਪਰ ਉਹ ਦੇਸੀ ਘਿਓ 399 ਰੁਪਏ ਅਤੇ ਸੁੱਕਾ ਦੁੱਧ 310 ਰੁਪਏ ਪ੍ਰਤੀ ਕਿੱਲੋ ਬਗੈਰ ਜੀ.ਐਸ਼ਟੀ. ਤੋਂ ਦੇਣ ਉਤੇ ਅੜੇ ਹੋਏ ਸਨ ਜਦਕਿ ਟੈਂਡਰ ਦੌਰਾਨ ਦੇਸੀ ਘਿਓ ਦਾ ਰੇਟ 319.80 ਰੁਪਏ ਅਤੇ ਸੁੱਕੇ ਦੁੱਧ ਦਾ ਰੇਟ 250 ਰੁਪਏ ਪ੍ਰਤੀ ਕਿੱਲੋ ਬਗੈਰ ਜੀ.ਐਸ਼ਟੀ. ਤੋਂ ਸੀ। ਜੇਕਰ ਮਿਲਕਫੈਡ ਵੇਰਕਾ ਨੂੰ ਆਰਡਰ ਦੇ ਦਿੱਤਾ ਜਾਂਦਾ ਤਾਂ ਇਸ ਨਾਲ ਸ਼੍ਰੋਮਣੀ ਕਮੇਟੀ ਨੂੰ 5 ਕਰੋੜ 20 ਲੱਖ ਰੁਪਏ ਤੋਂ ਵੱਧ ਖਰਚਣੇ ਪੈਣੇ ਸਨ।
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਐਗਮਾਰਕ ਪੈਮਾਨੇ ਵਾਲੇ ਇਹ ਦੁੱਧ ਪਦਾਰਥ ਘੱਟ ਰੇਟ ਅਤੇ ਵਧੀਆ ਮਿਆਰ ਦੇ ਹੋਣ ਕਾਰਨ ਟੈਂਡਰ ਪ੍ਰਵਾਨ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਨੇ ਪੁਣੇ ਦੀ ਕੰਪਨੀ ਨੂੰ ਇਕ ਜੁਲਾਈ ਤੋਂ 30 ਸਤੰਬਰ, 2020 ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਅਤੇ ਹੋਰ ਗੁਰਦੁਆਰਿਆਂ ਵਾਸਤੇ ਦੇਸੀ ਘਿਓ ਅਤੇ ਸੁੱਕਾ ਦੁੱਧ ਖਰੀਦਣ ਦੇ ਟੈਂਡਰ ਦਿੱਤੇ। ਇਸ ਕੰਪਨੀ ਤੋਂ ਦੇਸੀ ਘਿਓ 315 ਰੁਪਏ ਪ੍ਰਤੀ ਕਿੱਲੋ ਅਤੇ ਸੁੱਕਾ ਦੁੱਧ 225 ਰੁਪਏ ਪ੍ਰਤੀ ਕਿੱਲੋ (ਜੀ.ਐਸ਼ਟੀ. ਵੱਖਰਾ) ਖਰੀਦੇ ਜਾਣਗੇ, ਜਦਕਿ ਵੇਰਕਾ ਉਤਪਾਦਾਂ ਦੇ ਰੇਟ ਦੇਸੀ ਘਿਓ 399 ਰੁਪਏ ਪ੍ਰਤੀ ਕਿੱਲੋ ਅਤੇ ਸੁੱਕਾ ਦੁੱਧ 250 ਰੁਪਏ ਪ੍ਰਤੀ ਕਿੱਲੋ ਜੀ.ਐਸ਼ਟੀ. ਵੱਖਰਾ ਸਨ।
ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਸੋਨਾਈ ਕੰਪਨੀ ਨਾਲ ਟੈਂਡਰ ਕਰ ਕੇ ਤਿੰਨ ਮਹੀਨਿਆਂ ਵਿਚ ਪੰਜ ਕਰੋੜ 20 ਲੱਖ ਰੁਪਏ ਦੀ ਬਚਤ ਕੀਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਭਾਵੇਂ ਦੇਸੀ ਘਿਓ ਅਤੇ ਸੁੱਕੇ ਦੁੱਧ ਦਾ ਟੈਂਡਰ ਪੂਨਾ ਦੀ ਕੋਆ: ਸੁਸਾਇਟੀ ਨੂੰ ਦਿੱਤਾ ਗਿਆ ਹੈ, ਪਰ ਤਾਜ਼ਾ ਦੁੱਧ, ਪਨੀਰ ਅਤੇ ਦਹੀਂ ਦਾ ਟੈਂਡਰ ਵੇਰਕਾ ਨਾਲ ਹੀ ਹੈ ਤੇ ਵੇਰਕਾ ਵਲੋਂ ਸ਼੍ਰੋਮਣੀ ਕਮੇਟੀ ਨੂੰ ਤਾਜ਼ਾ ਦੁੱਧ 42 ਰੁਪਏ ਕਿੱਲੋ, ਪਨੀਰ 245 ਰੁਪਏ ਕਿਲੋ ਜੀ.ਐਸ਼ਟੀ. ਵੱਖਰੀ, ਅਤੇ ਦਹੀਂ 45 ਰੁਪਏ ਕਿਲੇ ਦੇ ਰੇਟਾਂ ਉਤੇ ਸਪਲਾਈ ਕੀਤਾ ਜਾ ਰਿਹਾ ਹੈ।
_____________________________________________
ਘਪਲੇ ਲੁਕੋਣ ਲਈ ਬਿਆਨ ਦੇ ਰਿਹਾ ਰੰਧਾਵਾ: ਲੌਂਗੋਵਾਲ
ਲੁਧਿਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਆਪਣੇ ਘਪਲੇ ਛੁਪਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਵੇਰਕਾ ਦੁੱਧ ਸਪਲਾਈ ਬੰਦ ਕਰਨ ਦੇ ਸਿਲਸਿਲੇ ਵਿਚ ਲੋਕਾਂ ਨੂੰ ਗੁਮਰਾਹ ਕਰਨ ਲਈ ਗਲਤ ਬਿਆਨਬਾਜ਼ੀ ਕਰ ਰਹੇ ਹਨ।
ਲੌਂਗੋਵਾਲ ਨੇ ਕਿਹਾ ਕਿ ਵੇਰਕਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਹਿੰਗੇ ਭਾਅ ‘ਤੇ ਦੁੱਧ ਪਦਾਰਥ ਸਪਲਾਈ ਕਰਨ ਨਾਲ ਪੰਜ ਕਰੋੜ ਰੁਪਏ ਦਾ ਘਾਟਾ ਪਿਆ ਹੈ। ਦੁੱਧ ਪਦਾਰਥ ਲੈਣ ਲਈ ਇਕ ਪ੍ਰਕਿਰਿਆ ਅਪਣਾ ਕੇ ਟੈਂਡਰ ਲਏ ਗਏ ਹਨ, ਜਿਸ ਤਹਿਤ ਮਹਾਰਾਸ਼ਟਰ ਦੀ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ ਹੈ। ਲੌਕਡਾਊਨ ਦੌਰਾਨ ਵੇਰਕਾ ਵਲੋਂ ਕਿਸਾਨਾਂ ਤੋਂ ਘੱਟ ਕੀਮਤ ‘ਤੇ ਦੁੱਧ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਵੱਧ ਭਾਅ ‘ਤੇ ਦਿੱਤਾ ਗਿਆ ਸੀ।
_______________________________________
ਸ਼੍ਰੋਮਣੀ ਕਮੇਟੀ ਕੰਪਨੀ ਨੂੰ ਦਿੱਤੇ ਆਰਡਰ ਰੱਦ ਕਰੇ: ਬੈਂਸ
ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਅਤੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਮੰਗ ਕੀਤੀ ਹੈ ਕਿ ਉਹ ਖੁਦ ਦਖਲ ਅੰਦਾਜ਼ੀ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਹੁਕਮ ਦੇਣ ਕਿ ਸ਼੍ਰੋਮਣੀ ਕਮੇਟੀ ਸੁੱਕੇ ਦੁੱਧ ਅਤੇ ਦੇਸੀ ਘਿਓ ਦੇ ਪੁਣੇ ਦੀ ਕੰਪਨੀ ਨੂੰ ਦਿੱਤੇ ਆਰਡਰ ਰੱਦ ਕਰੇ। ਬੈਂਸ ਭਰਾਵਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਜਥੇਦਾਰ ਨੂੰ ਪੱਤਰ ਵੀ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਲੰਗਰ ਅਤੇ ਕੜਾਹ ਪ੍ਰਸ਼ਾਦ ਲਈ ਘਿਓ ਅਤੇ ਸੁੱਕੇ ਦੁੱਧ ਦੀ ਸਪਲਾਈ ਲਈ ਆਰਡਰ ਮਿਲਕਫੈਡ ਨੂੰ ਛੱਡ ਕੇ ਪੁਣੇ ਦੀ ਅਣਜਾਣ ਪ੍ਰਾਈਵੇਟ ਕੰਪਨੀ ਸੋਨਾਈ ਡੇਅਰੀ ਨੂੰ ਦਿੱਤਾ ਗਿਆ ਹੈ, ਜਦੋਂ ਕਿ ਪਹਿਲਾਂ ਕਈ ਦਹਾਕਿਆਂ ਤੋਂ ਇਹ ਆਰਡਰ ਮਿਲਕਫੈੱਡ ਨੂੰ ਦਿੱਤਾ ਜਾ ਰਿਹਾ ਸੀ।