ਵਿਕਾਸ ਦੂਬੇ ਨਾਲ ਵੀ ਹੈਦਰਾਬਾਦੀ ਨਿਆਂ? ਪੁਲਿਸ ਮੁਕਾਬਲਾ ਸਵਾਲਾਂ ਦੇ ਘੇਰੇ ‘ਚ

ਕਾਨਪੁਰ: ਉਤਰ ਪ੍ਰਦੇਸ਼ ਦੇ ਨਾਮਵਰ ਗੈਂਗਸਟਰ ਵਿਕਾਸ ਦੂਬੇ ਨੂੰ ਪੁਲਿਸ ਮੁਕਾਬਲੇ ਵਿਚ ਮਾਰਨ ਉਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਪੁਲਿਸ ਦਾ ਦਾਅਵਾ ਹੈ ਕਿ ਕਾਨਪੁਰ ਦੇ ਨਗਰ ਭੌਤੀ ਕੋਲ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਪੁਲਿਸ ਦੀ ਗੱਡੀ ਹਾਦਸੇ ਮਗਰੋਂ ਪਲਟ ਗਈ। ਇਸ ਦੌਰਾਨ ਵਿਕਾਸ ਦੂਬੇ ਨੇ ਜਖਮੀ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਪੁਲਿਸ ਟੀਮ ਨੇ ਪਿੱਛਾ ਕਰਕੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਹ ਜਾਨੋਂ ਮਾਰਨ ਦੀ ਨੀਅਤ ਨਾਲ ਪੁਲਿਸ ‘ਤੇ ਗੋਲੀ ਚਲਾਉਣ ਲੱਗ ਪਿਆ। ਜਵਾਬੀ ਕਾਰਵਾਈ ਵਿਚ ਪੁਲਿਸ ਹੱਥੋਂ ਮਾਰਿਆ ਗਿਆ। ਦਰਅਸਲ, ਪੁਲਿਸ ਦੀ ਇਹ ‘ਘੜੀ ਘੜਾਈ ਕਹਾਣੀ’ ਹੈਦਰਾਬਾਦ ਵਿਚ ਬਲਾਤਕਾਰ ਦੇ ਦੋਸ਼ ਵਿਚ ਫੜੇ ਗਏ ਤਿੰਨ ਮੁਲਜ਼ਮਾਂ ਵਾਲੀ ਹੈ। ਜਿਨ੍ਹਾਂ ਨੇ ਪੁਲਿਸ ਹਿਰਾਸਤ ਵਿਚੋਂ ‘ਭੱਜਣ’ ਦੀ ਕੋਸ਼ਿਸ਼ ਕੀਤੀ ਸੀ ਤੇ ਮਾਰੇ ਗਏ ਸਨ।
ਦੱਸ ਦਈਏ ਕਿ ਦੂਬੇ ਗ੍ਰਿਫਤਾਰੀ ਤੋਂ ਬਾਅਦ ਹੀ ਉਸ ਨੂੰ ਮੁਕਾਬਲਾ ਬਣਾ ਕੇ ਮਾਰਨ ਦੇ ਕਿਆਸ ਲੱਗ ਗਏ ਸਨ। ਮੁਕਾਬਲੇ ‘ਚ ਮਾਰੇ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਸੁਪਰੀਮ ਕੋਰਟ ‘ਚ ਇਕ ਪਟੀਸ਼ਨ ਦਾਇਰ ਕਰਕੇ ਯੂਪੀ ਸਰਕਾਰ ਤੇ ਪੁਲਿਸ ਨੂੰ ਦੂਬੇ ਦੀ ਜਾਨ ਦੀ ਰਾਖੀ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ, ਸੁਣਵਾਈ ਤੋਂ ਪਹਿਲਾਂ ਹੀ ਪੁਲਿਸ ਨੇ ਇਸ ਗੈਂਗਸਟਰ ਨੂੰ ਮਾਰ ਮੁਕਾਇਆ। ਵਿਰੋਧੀ ਧਿਰਾਂ ਦੇ ਨਾਲ-ਨਾਲ ਆਮ ਲੋਕ ਵੀ ਸਵਾਲ ਕਰ ਰਹੇ ਹਨ ਕਿ ਦੂਬੇ ਨੂੰ ਸ਼ਹਿ ਦੇਣ ਵਾਲੇ ਸਿਆਸੀ ਆਗੂ ਤੇ ਅਫ਼ਸਰਸ਼ਾਹੀ ਨੇ ਆਪਣੇ ਆਮ ਨੂੰ ਬਚਾਉਣ ਲਈ ਇਸ ਬਦਮਾਸ਼ ਦੀ ਜੁਬਾਨ ਹਮੇਸ਼ਾ ਲਈ ਬੰਦ ਕਰ ਦਿੱਤੀ।
ਅਸਲ ਵਿਚ, ਦੂਬੇ ਵੱਲੋਂ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਤੋਂ ਬਾਅਦ ਵਾਪਰੀ ਹਰ ਘਟਨਾ ਸ਼ੱਕ ਦੀ ਨਜ਼ਰ ਨਾਲ ਵੇਖੀ ਜਾ ਰਹੀ ਹੈ। 3 ਜੁਲਾਈ ਦੀ ਰਾਤ ਨੂੰ ਕਾਨਪੁਰ ਦੇ ਨੇੜੇ ਇਕ ਪਿੰਡ ਵਿਚ ਉਸ ਨੂੰ ਫੜਨ ਆਈ ਪੁਲਿਸ ਪਾਰਟੀ ਦੇ ਇਕ ਡੀ.ਐਸ਼ਪੀ. ਸਮੇਤ 8 ਕਰਮੀਆਂ ਦਾ ਮਾਰਿਆ ਜਾਣਾ ਅਤੇ ਪਿੱਛੋਂ ਉਸ ਦੀ ਅਤੇ ਉਸ ਦੇ ਦਰਜਨਾਂ ਹੀ ਸਾਥੀਆਂ ਦੀ ਭਾਲ ਵਿਚ ਪੁਲਿਸ ਵੱਲੋਂ ਵੱਡੀ ਦੌੜ-ਭੱਜ, 9 ਜੁਲਾਈ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਉਸ ਦਾ ਫੜਿਆ ਜਾਣਾ ਅਤੇ 10 ਜੁਲਾਈ ਨੂੰ ਉਸ ਦਾ ਪੁਲਿਸ ਹੱਥੋਂ ਮਾਰਿਆ ਜਾਣਾ, ਬੇਹੱਦ ਅਜੀਬੋ-ਗਰੀਬ ਵੀ ਹੈ। ਵਿਕਾਸ ਦੂਬੇ ਨੇ ਪਿਛਲੇ 30 ਸਾਲ ਤੋਂ ਆਪਣੇ ਇਲਾਕੇ ‘ਚ ਪੂਰੀ ਦਹਿਸ਼ਤ ਮਚਾਈ ਹੋਈ ਸੀ। ਉਸ ਦੇ ਦਰਜਨਾਂ ਹੀ ਹਥਿਆਰਬੰਦ ਸਾਥੀ ਸਨ। ਦਰਜਨਾਂ ਹੀ ਪਿੰਡਾਂ ਦੀਆਂ ਸਥਾਨਕ ਚੋਣਾਂ ਉਸ ਦੇ ਸਹਿਮ ਦੇ ਸਾਏ ਥੱਲੇ ਹੁੰਦੀਆਂ ਸਨ। ਪੁਲਿਸ ਅਤੇ ਹੋਰ ਅਧਿਕਾਰੀ ਉਸ ਦਾ ਪਾਣੀ ਭਰਦੇ ਸਨ। ਪਿਛਲੇ ਸਮੇਂ ਵਿਚ ਉਸ ਨੇ ਦਰਜਨਾਂ ਹੀ ਕਤਲ ਕੀਤੇ, ਡਾਕੇ ਮਾਰੇ, ਬੰਦੇ ਅਗਵਾ ਕੀਤੇ ਅਤੇ ਧੱਕੇ ਨਾਲ ਜ਼ਮੀਨਾਂ ਉਤੇ ਕਬਜ਼ੇ ਕੀਤੇ। ਇਸ ਕਰਕੇ ਉਸ ਉਤੇ 60 ਤੋਂ ਵੀ ਵਧੇਰੇ ਫੌਜਦਾਰੀ ਕੇਸ ਬਣੇ ਹੋਏ ਸਨ ਪਰ ਇਸ ਦੇ ਬਾਵਜੂਦ ਉਹ ਹਰ ਥਾਂ ‘ਤੇ ਦਨਦਨਾਉਂਦਾ ਰਿਹਾ। ਇਸ ਦਾ ਵੱਡਾ ਕਾਰਨ ਉਸ ਨੂੰ ਸਿਆਸੀ ਅਤੇ ਪੁਲਿਸ ਵੱਲੋਂ ਕਈ ਤਰ੍ਹਾਂ ਨਾਲ ਸੁਰੱਖਿਆ ਮਿਲਣਾ ਸੀ। 1990 ਵਿਚ ਉਸ ‘ਤੇ ਕਤਲ ਦਾ ਪਹਿਲਾ ਕੇਸ ਦਰਜ ਹੋਇਆ। ਛੇਤੀ ਹੀ ਉਹ ਜ਼ਿਲ੍ਹਾ ਕਾਨਪੁਰ ਦੇ ਵੱਡੇ ਬਦਮਾਸ਼ਾਂ ਵਿਚ ਗਿਣਿਆ ਜਾਣ ਲੱਗਾ ਪਰ ਇਸ ਦੇ ਨਾਲ ਹੀ ਉਸ ਨੂੰ ਸਿਆਸੀ ਛਤਰੀ ਵੀ ਮਿਲਦੀ ਰਹੀ। ਇਲਾਕੇ ਦੇ ਵੱਡੇ ਬਸਪਾ ਤੇ ਭਾਜਪਾ ਦੇ ਸਿਆਸਤਦਾਨਾਂ ਨਾਲ ਉਸ ਦੇ ਖਾਸ ਸਬੰਧ ਸਨ।
ਸਾਲ 1995 ਵਿਚ ਉਹ ਬਸਪਾ ਵਿਚ ਸ਼ਾਮਲ ਹੋ ਗਿਆ। ਉਸ ਤੋਂ ਬਾਅਦ ਉਹ ਜ਼ਿਲ੍ਹੇ ਦੀਆਂ ਸਾਰੀਆਂ ਹੀ ਸਥਾਨਕ ਚੋਣਾਂ ਜਿੱਤਦਾ ਰਿਹਾ। ਸਾਲ 2001 ਵਿਚ ਭਾਜਪਾ ਆਗੂ ਸੰਤੋਸ਼ ਸ਼ੁਕਲਾ, ਜੋ ਕਿ ਰਾਜ ਮੰਤਰੀ ਦਾ ਦਰਜਾ ਰੱਖਦਾ ਸੀ, ਦਾ ਉਸ ਨੇ ਸ਼ਿਵਲੀ ਥਾਣੇ ਵਿਚ ਹੀ ਕਤਲ ਕਰ ਦਿੱਤਾ। ਇਸ ਵਾਰਦਾਤ ਵਿਚ ਦੋ ਪੁਲਿਸ ਮੁਲਾਜ਼ਮ ਵੀ ਮਾਰੇ ਗਏ ਸਨ। ਚਾਹੇ ਉਸ ਸਮੇਂ ਉਸ ਨੂੰ ਫੜ ਲਿਆ ਗਿਆ ਪਰ ਬਾਅਦ ਵਿਚ ਥਾਣੇ ਦੇ ਸਾਰੇ ਚਸ਼ਮਦੀਦ ਗਵਾਹ, ਜਿਸ ਵਿਚ ਕਈ ਪੁਲਿਸ ਕਰਮੀ ਵੀ ਸ਼ਾਮਲ ਸਨ, ਅਦਾਲਤ ਵਿਚ ਮੁੱਕਰ ਗਏ।
ਦਰਜਨਾਂ ਵਾਰ ਉਸ ਨੂੰ ਅਨੇਕਾਂ ਹੀ ਕਾਨੂੰਨਾਂ ਤਹਿਤ ਫੜਿਆ ਗਿਆ। ਉਸ ‘ਤੇ ਦੋਸ਼ ਆਇਦ ਕੀਤੇ ਗਏ ਪਰ ਅਦਾਲਤਾਂ ‘ਚੋਂ ਉਹ ਬਰੀ ਹੁੰਦਾ ਗਿਆ ਜਾਂ ਜ਼ਮਾਨਤ ਉਤੇ ਰਿਹਾਅ ਹੁੰਦਾ ਰਿਹਾ। 3 ਜੁਲਾਈ ਨੂੰ ਜਦੋਂ ਨੇੜਲੇ ਕੁਝ ਥਾਣਿਆਂ ਦੀ ਪੁਲਿਸ ਦੀ ਇਕ ਸਾਂਝੀ ਟੁਕੜੀ ਉਸ ਨੂੰ ਫੜਨ ਗਈ ਤਾਂ ਉਸ ਦੇ ਪਾਲੇ 50 ਤੋਂ ਵੀ ਵਧੇਰੇ ਗੁੰਡਿਆਂ ਨੇ ਇਸ ਪਾਰਟੀ ਨੂੰ ਗੋਲੀਆਂ ਨਾਲ ਵਿੰਨ੍ਹ-ਦਿੱਤਾ, ਜਿਸ ‘ਚ 8 ਕਰਮੀ ਮਾਰੇ ਗਏ ਅਤੇ ਦਰਜਨ ਭਰ ਬੁਰੀ ਤਰ੍ਹਾਂ ਜਖਮੀ ਹੋ ਗਏ।
____________________________________
ਸਿਆਸੀ ਆਗੂਆਂ ਨੇ ਮੁਕਾਬਲੇ ਉਤੇ ਸਵਾਲ ਚੁੱਕੇ
ਕਾਨਪੁਰ:ਵਿਕਾਸ ਦੂਬੇ ਦੇ ਕਥਿਤ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਵਾਲ ਕੀਤਾ ਕਿ ਅਪਰਾਧੀ ਦਾ ਅੰਤ ਹੋ ਗਿਆ ਪਰ ਅਪਰਾਧ ਤੇ ਉਸ ਨੂੰ ਸਰਪ੍ਰਸਤੀ ਦੇਣ ਵਾਲਿਆਂ ਦਾ ਕੀ ਹੋਵੇਗਾ। ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਕਾਰ ਪਲਟੀ ਨਹੀਂ ਹੈ ਬਲਕਿ ਰਾਜ਼ ਖੁੱਲ੍ਹਣ ਦੇ ਡਰੋਂ ਸਰਕਾਰ ਪਲਟਣ ਤੋਂ ਬਚਾਈ ਗਈ ਹੈ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਕਈ ਲੋਕਾਂ ਵੱਲੋਂ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਸੀ ਕਿ ਦੂਬੇ ਪੁਲਿਸ ਮੁਕਾਬਲੇ ‘ਚ ਮਾਰਿਆ ਜਾਵੇਗਾ ਪਰ ਹੁਣ ਸਾਰੇ ਸਵਾਲ ਧਰੇ ਧਰਾਏ ਰਹਿ ਗਏ ਹਨ।