‘ਆਪ’ ਵਿਧਾਇਕਾਂ ਦਾ ਨਵੀਆਂ ਗੱਡੀਆਂ ਵਾਲਾ ਸੁਪਨਾ ਟੁੱਟਿਆ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਪੰਜ ਉਚ ਅਫਸਰਾਂ ਨੂੰ ਨਵੀਆਂ ਇਨੋਵਾ ਅਲਾਟ ਕਰਨ ਦੇ ਹੁਕਮ ਦਿੱਤੇ ਗਏ ਹਨ ਜਿਸ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਭੜਕ ਉਠੇ ਹਨ ਜਿਨ੍ਹਾਂ ਕੋਲ ਖਟਾਰਾ ਵਾਹਨ ਹਨ। ਕੁਝ ਦਿਨ ਪਹਿਲਾਂ ਕਾਂਗਰਸੀ ਵਿਧਾਇਕਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਿੱਤੀਆਂ ਗਈਆਂ ਹਨ। ਟਰਾਂਸਪੋਰਟ ਵਿਭਾਗ ਨੇ 17 ਨਵੀਆਂ ਇਨੋਵਾ ਗੱਡੀਆਂ ਦੀ ਖਰੀਦ ਕੀਤੀ ਸੀ। ‘ਆਪ’ ਦੇ ਇਕੋ ਵਿਧਾਇਕ ਅਮਨ ਅਰੋੜਾ ਨੂੰ ਨਵੀਂ ਇਨੋਵਾ ਦਿੱਤੀ ਗਈ ਹੈ ਜਦੋਂ ਕਿ ਬਾਕੀ ਨਵੇਂ ਵਾਹਨ ਹਾਕਮ ਧਿਰ ਦੇ ਵਿਧਾਇਕ ਲੈ ਗਏ ਹਨ।

ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ਨੂੰ ਉਚ ਅਫਸਰਾਂ ਨੂੰ ਨਵੀਆਂ ਇਨੋਵਾ ਅਲਾਟ ਕਰਨ ਲਈ ਲਿਖਿਆ ਹੋਇਆ ਹੈ। ਵਾਟਰ ਰੈਗੂਲੇਟਰੀ ਅਥਾਰਿਟੀ ਦੇ ਚੇਅਰਮੈਨ ਅਤੇ ਮੁੱਖ ਸਕੱਤਰ ਰਹਿ ਚੁੱਕੇ ਅਧਿਕਾਰੀ ਕਰਨ ਅਵਤਾਰ ਸਿੰਘ ਨੂੰ ਨਵੀਂ ਇਨੋਵਾ ਗੱਡੀ ਦੇ ਦਿੱਤੀ ਗਈ ਹੈ। ਨਵੇਂ ਹੁਕਮਾਂ ਅਨੁਸਾਰ ਨਵੀਂ ਸਟਾਫ ਕਾਰ ਹੁਣ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਪ੍ਰਮੁੱਖ ਸਕੱਤਰ ਏ. ਵੇਨੂੰ ਪ੍ਰਸ਼ਾਦ, ਪ੍ਰਮੁੱਖ ਸਕੱਤਰ (ਖੁਰਾਕ ਤੇ ਸਪਲਾਈ) ਕੇ.ਏ.ਪੀ ਸਿਨਹਾ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਆਦਿ ਨੂੰ ਅਲਾਟ ਹੋਣੀ ਹੈ।
ਸੂਬਾ ਇਸ ਸਮੇਂ ਵਿੱਤੀ ਸੰਕਟ ਵਿਚੋਂ ਲੰਘ ਰਿਹਾ ਹੈ। ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਉਹ ਖਟਾਰਾ ਗੱਡੀ ਵਿਚ ਜਾਨ ਜੋਖਮ ਵਿਚ ਪਾ ਕੇ ਸਫਰ ਕਰਦੇ ਹਨ ਅਤੇ ਉਹ ਸਰਕਾਰ ਨੂੰ ਗੱਡੀ ਦੀ ਸਥਿਤੀ ਬਾਰੇ ਜਾਣੂ ਵੀ ਕਰਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੁਣੇ ਪ੍ਰਤੀਨਿਧਾਂ ਨੂੰ ਨਜ਼ਰਅੰਦਾਜ਼ ਕਰ ਕੇ ਅਧਿਕਾਰੀਆਂ ਨੂੰ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਇਹ ਅਫਸਰਾਂ ਦੀ ਸਰਕਾਰ ਹੈ ਜਿਸ ‘ਚ ਵਿਧਾਇਕ ਭੁਗਤ ਰਹੇ ਹਨ। ਜਾਣਕਾਰੀ ਅਨੁਸਾਰ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਰੁਪਿੰਦਰ ਕੌਰ ਰੂਬੀ ਨੂੰ ਵੀ ਆਪਣਾ ਖਟਾਰਾ ਵਾਹਨ ਕਿਸੇ ਹੋਰ ਪੁਰਾਣੇ ਵਾਹਨ ਨਾਲ ਤਬਦੀਲ ਕਰਨਾ ਪਿਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਨੇ ਕਿਹਾ ਕਿ ਉਚ ਅਫਸਰਾਂ ਨੇ ਤਾਂ ਘਰ ਤੋਂ ਸਿਰਫ ਦਫਤਰ ਤੱਕ ਹੀ ਜਾਣਾ ਹੁੰਦਾ ਹੈ ਅਤੇ ਕੋਈ ਟਾਵਾਂ ਅਧਿਕਾਰੀ ਹੋਵੇਗਾ ਜੋ ਪੰਜਾਬ ਵਿਚ ਵਿਚਰਦਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ 24 ਘੰਟੇ ਦੀ ਡਿਊਟੀ ਕਰਦੇ ਹਨ ਪਰ ਉਨ੍ਹਾਂ ਕੋਲ ਮਿਆਦ ਪੁਗਾ ਚੁੱਕੇ ਵਾਹਨ ਹਨ। ਉਨ੍ਹਾਂ ਸਰਕਾਰ ਨੂੰ ਅਫਸਰਾਂ ਦੀ ਥਾਂ ‘ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਹਿਲ ਦੇਣ ਲਈ ਕਿਹਾ।
ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਬਹੁਤੇ ਅਫਸਰਾਂ ਨੂੰ ਨਵੇਂ ਵਾਹਨ ਦੇਣ ਦੀ ਥਾਂ ਉਨ੍ਹਾਂ ਦੀਆਂ ਪੁਰਾਣੀਆਂ ਗੱਡੀਆਂ ਦੇ ਟਾਇਰ ਬਦਲ ਕੇ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਆਮ ਰਾਜ ਪ੍ਰਬੰਧ ਵਿਭਾਗ ਨੇ ਅਫਸਰਾਂ ਤੇ ਵਿਭਾਗਾਂ ਨੂੰ ਅਲਾਟ 87 ਗੱਡੀਆਂ ਦੇ ਸਾਰੇ ਟਾਇਰ ਬਦਲ ਕੇ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ 140 ਨਵੇਂ ਟਿਊਬਲੈੱਸ ਟਾਇਰ ਖਰੀਦੇ ਜਾ ਰਹੇ ਹਨ। ਇਨ੍ਹਾਂ ‘ਚ ਇਕ ਫਾਰਚੂਨਰ ਗੱਡੀ, 14 ਇਨੋਵਾ ਗੱਡੀਆਂ, 5 ਕਰੋਲਾ, ਛੇ ਹੌਂਡਾ ਸਿਟੀ, 33 ਹੌਂਡਾ ਸਿਟੀ ਪੁਰਾਣਾ ਮਾਡਲ, ਛੇ ਅੰਬੈਸਡਰ ਗੱਡੀਆਂ ਅਤੇ 16 ਮਾਰੂਤੀ ਕਾਰਾਂ ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਮੁੱਖ ਮੰਤਰੀ ਦਫਤਰ ਲਈ ਵੀ ਗੱਡੀਆਂ ਦੀ ਖਰੀਦ ਕੀਤੀ ਗਈ ਸੀ। ਟਰਾਂਸਪੋਰਟ ਮੰਤਰੀ ਨੂੰ ਪਹਿਲਾਂ 28 ਲੱਖ ਰੁਪਏ ਦੀ ਨਵੀਂ ਫਾਰਚੂਨਰ ਗੱਡੀ ਖਰੀਦ ਕੇ ਦਿੱਤੀ ਗਈ ਅਤੇ ਉਸ ਮਗਰੋਂ ਨਵੀਂ ਇਨੋਵਾ ਗੱਡੀ ਦਿੱਤੀ ਗਈ ਹੈ। ਜੋ ਨਵੀਆਂ ਗੱਡੀਆਂ ਆਈਆਂ ਸਨ, ਉਨ੍ਹਾਂ ਵਿਚੋਂ 7 ਗੱਡੀਆਂ ‘ਆਪ’ ਵਿਧਾਇਕਾਂ ਨੂੰ ਦੇਣ ਦਾ ਲਾਰਾ ਲਾਇਆ ਗਿਆ ਸੀ ਪਰ ਸਿਰਫ ਇਕ ਵਿਧਾਇਕ ਨੂੰ ਗੱਡੀ ਦੇ ਕੇ ਬੁੱਤਾ ਸਾਰ ਦਿੱਤਾ ਗਿਆ।
_______________________________________
ਸੁਰਜੀਤ ਤਲਾਣੀਆਂ ‘ਆਪ’ ਵਿਚ ਸ਼ਾਮਲ
ਫਤਹਿਗੜ੍ਹ ਸਾਹਿਬ: ਹਲਕਾ ਫਤਹਿਗੜ੍ਹ ਸਾਹਿਬ ਵਿਚ ਲੋਕ ਇਨਸਾਫ ਪਾਰਟੀ ਦੇ ਐਸ਼ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਤਲਾਣੀਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਸ੍ਰੀ ਤਲਾਣੀਆਂ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸਿਰੋਪਾਉ ਭੇਟ ਕਰ ਕੇ ਪਾਰਟੀ ਵਿਚ ਸ਼ਾਮਲ ਕੀਤਾ। ਸ੍ਰੀ ਤਲਾਣੀਆਂ ਨੇ ਕਿਹਾ ਕਿ ਉਹ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਢਿੱਲੋਂ ਦੀ ਪ੍ਰੇਰਨਾ ਤੇ ‘ਆਪ’ ਦੀਆਂ ਲੋਕ ਹਿਤ ਨੀਤੀਆਂ ਕਾਰਨ ਪਾਰਟੀ ‘ਚ ਸ਼ਾਮਲ ਹੋਏ ਹਨ। ਸ੍ਰੀ ਢਿੱਲੋਂ ਨੇ ਕਿਹਾ ਕਿ ਲੋਕ ਵੱਡੀ ਗਿਣਤੀ ਵਿਚ ਲੋਕ ‘ਆਪ’ ਵਿਚ ਸ਼ਾਮਲ ਹੋ ਰਹੇ ਹਨ। ਆਪ ਪਾਰਟੀ ਦੇ ਲੋਕ ਹਿਤ ਫੈਸਲਿਆਂ ਤੋਂ ਖੁਸ਼ ਹੋ ਕੇ ਦਿੱਲੀ ਵਿਚ ਦੁਬਾਰਾ ਸਰਕਾਰ ਬਣਾਈ ਹੈ। ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸ੍ਰੀ ਤਲਾਣੀਆਂ ਦਾ ਪਾਰਟੀ ਵਿਚ ਸਵਾਗਤ ਕੀਤਾ।