ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਸਿੱਖੀ ਸਿੱਖਣ ਦਾ ਸਿਧਾਂਤ ਹੈ। ਇਹ ਪ੍ਰੀਖਣ ਰਾਹੀਂ ਕਸ਼ੀਦ ਕੇ ਗਿਆਨ ਹਾਸਲ ਕਰਨ ਦੀ ਵਿਧੀ ਹੈ। ਇਹ ਪੁਰਾਣੇ ਧਰਮਾਂ, ਗਰੰਥਾਂ ਤੇ ਫਲਸਫਿਆਂ ਤੋਂ ਪੜ੍ਹ ਕੇ ਮੰਨਣ ਦਾ ਸਿਧਾਂਤ ਨਹੀਂ। ਇਹ ਅਨੁਭਵ ਆਧਾਰਿਤ ਅਤੇ ਤਜ਼ਰਬੇ ਤੋਂ ਨਵਿਆਈ ਸਾਧਨਾ ਦਾ ਸਿਧਾਂਤ ਹੈ। ਇਹ ਸਾਧਨਾ ਗੱਲੀਂ ਬਾਤੀਂ ਦੱਸੀ ਨਹੀਂ ਜਾ ਸਕਦੀ, ਵੇਚੀ ਨਹੀਂ ਜਾ ਸਕਦੀ, ਖਰੀਦੀ ਨਹੀਂ ਜਾ ਸਕਦੀ; ਸਿਰਫ ਸਿੱਖੀ, ਸਿੱਖਾਈ ਤੇ ਕਮਾਈ ਜਾ ਸਕਦੀ ਹੈ। ਇਹ ਕਲਪਨਾ ਕਰਨ ਜਿਹੀ ਦਿਮਾਗੀ ਕਵਾਇਤ ਨਹੀਂ, ਹੱਥਾਂ ‘ਤੇ ਸਰ੍ਹੋਂ ਜਮਾਉਣ ਜਿਹੀ ਕਰਾਮਾਤ ਨਹੀਂ, ਸਗੋਂ ਹੱਥੀਂ ਕਰਨ ਵਾਲੀ ਕਿਰਤ ਜਿਹੀ ਕ੍ਰਿਆ ਹੈ। ਇਹ ਮੰਤਰ ਪੜ੍ਹ ਕੇ ਜਾਂ ਸਿਰੋਪਾਓ ਦੇ ਕੇ ਜਾਂ ਕੰਨ ਵਿਚ ਫੂਕ ਮਾਰ ਕੇ ਦੱਸਣ ਜਿਹੀ ਗੱਲ ਨਹੀਂ, ਸਗੋਂ ਵੇਖ ਕੇ, ਕਰ ਕੇ, ਸੋਚ ਕੇ ਤੇ ਪਰਖ ਕੇ ਅਪਨਾਈ ਜਾਣ ਵਾਲੀ ਸਮਝ ਹੈ। ਇਹ ਟੁੱਟ-ਫੁੱਟ (ਫਇਚe-ਮeਅਲ) ਗਿਆਨ ਨਹੀਂ, ਸਗੋਂ ਕੁਦਰਤ ‘ਚੋਂ ਉਪਜਦੀ ਕੁਦਰਤ ਦੀ ਵਿਆਪਕ ਸਮਝ ਹੈ। ਇਸ ਦੇ ਗਿਆਨ ਵਿਚੋਂ ਕੁਝ ਰੱਖਿਆ ਤੇ ਕੁਝ ਛੱਡਿਆ ਨਹੀਂ ਜਾ ਸਕਦਾ, ਇਹ ਸਾਰੇ ਦਾ ਸਾਰਾ ਪਰਖ ਦੀਆਂ ਤੰਦਾਂ ਨਾਲ ਗੁੰਦਿਆ ਹੋਇਆ ਹੈ ਤੇ ਸਾਰੇ ਦਾ ਸਾਰਾ ਹੀ ਸਵੀਕਾਰ ਕਰਨਾ ਪੈਂਦਾ ਹੈ। ਇਹ ਗਿਆਨ ਕਈ ਗਿਆਨਾਂ ਦਾ ਮਿਲਗੋਭਾ ਨਹੀਂ, ਸਗੋਂ ਖਰਾ, ਨਿਰੋਲ, ਖਾਲਸ ਹੈ ਤੇ ਖੋਟ ਰਹਿਤ ਹੈ। ਖੋਟ ਰਹਿਤ ਇਸ ਲਈ ਨਹੀਂ ਕਿ ਇਹ ਕਿਤੋਂ ਉਪਰੋਂ ਜਾਂ ਬਾਹਰੋਂ ਬਣ ਕੇ ਆਇਆ ਹੈ ਜਾਂ ਕਿਸੇ ਦੇ ਬੋਲਾਂ ਨੇ ਇਸ ਨੂੰ ਪਵਿੱਤਰ ਬਣਾਇਆ ਹੈ, ਸਗੋਂ ਇਸ ਲਈ ਕਿ ਇਸ ਦੀ ਪਰਖ ਪੜਚੋਲ ਤੇ ਅਜਮਾਇਸ਼ ਵਾਰ ਵਾਰ ਹੁੰਦੀ ਹੈ।
ਸਿੱਖੀ ਸਮਝ ਅਨੁਭਵ ਰਾਹੀਂ ਕਮਾਉਣੀ ਪੈਂਦੀ ਤੇ ਦੇਖ ਪਰਖ ਕੇ ਅਜਮਾਉਣੀ ਪੈਂਦੀ ਹੈ, ਇਸੇ ਲਈ ਇਹ ਮੰਨਣ ਦੀ ਥਾਂ ਸਿੱਖਣ ਨਾਲ ਵਧੇਰੇ ਸਬੰਧ ਰੱਖਦੀ ਹੈ। ਮੰਨਣ ਨੂੰ ਸਿੱਖਣਾ ਨਹੀਂ, ਸਗੋਂ ਬਿਨਾ ਸੋਚੇ ਸਮਝੇ ਅਨੁਸਰਣ ਕਰਨਾ ਕਹਿੰਦੇ ਹਨ। ਮੰਨਣਾ ਕਿਸੇ ਗੁਰੂ, ਉਸਤਾਦ, ਪੀਰ, ਮੁਰਸ਼ਿਦ, ਮੂਰਤੀ, ਮੂਰਤ, ਕਿਤਾਬ, ਗ੍ਰੰਥ, ਸਾਧ, ਸੰਤ, ਪਾਠ ਪੁਜਾਰੀ ਜਾਂ ਈਸਟ ਅੱਗੇ ਸਮਰਪਣ ਕਰਨਾ ਹੈ ਤੇ ਉਸ ਈਸਟ ਨੂੰ ਖੁਸ਼ ਕਰਨ ਲਈ ਦੱਸੇ ਕਰਮ ਕਾਂਡ ਕਰਨਾ ਹੈ। ਇੱਦਾਂ ਕਰਨਾ ਸਿੱਖੀ ਨਹੀਂ, ਘੱਟੋ ਘੱਟ ਗੁਰੂ ਨਾਨਕ ਦੀ ਸਿੱਖੀ ਤਾਂ ਬਿਲਕੁਲ ਨਹੀਂ। ਉਨ੍ਹਾਂ ਨੇ ਨਾ ਕਦੇ ਇੱਦਾਂ ਕੀਤਾ, ਨਾ ਕਰਨ ਨੂੰ ਕਿਹਾ ਤੇ ਨਾ ਉਹ ਕਦੇ ਵਿਰੋਧ ਕਰਨ ਤੋਂ ਰੁਕੇ। ਆਪਣੀ ਇਸ ਵਿਲੱਖਣ ਸੋਚ ਦੀ ਪਛਾਣ ਉਨ੍ਹਾਂ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਕੇ ਦੇ ਦਿੱਤੀ। ਉਨ੍ਹਾਂ ਨੇ ਕਦੇ ਕਿਸੇ ਦੇਵੀ-ਦੇਵਤੇ, ਰੱਬ, ਪਰਮਾਤਮਾ, ਅੱਲਾਹ ਜਾਂ ਕਿਸੇ ਹੋਰ ਕਲਪਿਤ ਪ੍ਰਿਤਪਾਲਕ ਵਿਚ ਵਿਸ਼ਵਾਸ ਧਾਰ ਕੇ ਉਸ ਦੀ ਅਰਾਧਨਾ ਨਹੀਂ ਕੀਤੀ। ਉਹ ਮੱਕੇ, ਹਰਿਦੁਆਰ, ਜਗਨਨਾਥ ਪੁਰੀ ਆਦਿ ਬਹੁਤ ਸਾਰੇ ਪੂਜਾ ਸਥਾਨਾਂ ‘ਤੇ ਗਏ, ਪਰ ਉਥੇ ਕਿਸੇ ਈਸਟ ਦੀ ਪੂਜਾ ਨਹੀਂ ਕੀਤੀ ਤੇ ਨਾ ਹੀ ਕਿਸੇ ਨੂੰ ਪ੍ਰਸੰਨ ਕਰਨ ਦੀ ਕੋਸਿਸ਼ ਕੀਤੀ। ਸਗੋਂ ਉਨ੍ਹਾਂ ਨੇ ਸਭ ਥਾਂਵਾਂ ‘ਤੇ ਪਾਠ ਪੂਜਾ ਦੀ ਮਰਿਆਦਾ ਨੂੰ ਵਾਧੂ ਕਾਰਜ ਦੱਸਿਆ।
ਗੁਰੂ ਸਾਹਿਬ ਅਨੁਸਾਰ ਹਰ ਇਕ ਸਿੱਖ ਨੇ ਆਪਣਾ ਦੁਆਲਾ ਆਪ ਪੇਖਣਾ ਹੈ, ਆਪ ਪਰਖਣਾ ਹੈ ਤੇ ਆਪ ਆਪਣਾ ਅਨੁਭਵ ਦੂਜਿਆਂ ਨਾਲ ਸਾਂਝਾ ਕਰਨਾ ਹੈ, ਭਾਵ ਸੰਗਤ ਸਾਹਮਣੇ ਰੱਖਣਾ ਹੈ। ਇਸ ਉਤੇ ਦਾਈਏ ਨਹੀਂ ਲਾਉਣੇ, ਵੋਟਾਂ ਨਹੀਂ ਪਾਉਣੀਆਂ, ਧੜੇ ਨਹੀਂ ਬਣਾਉਣੇ ਤੇ ਬਾਹੂਬਲ ਨਹੀਂ ਦਿਖਾਉਣਾ, ਸਗੋਂ ਵਿਚਾਰ-ਵਟਾਂਦਰੇ ਤੇ ਵਿਵੇਕੀ ਦਲੀਲਾਂ ਰਾਹੀਂ ਕੁਦਰਤੀ ਨਿਯਮ ਪਛਾਣਨੇ ਹਨ। “ਜੋ ਤੁਧੁ ਭਾਵੈ ਸਾਈ ਭਲੀ ਕਾਰ” ਦੇ ਮਹਾਵਾਕ ਅਨੁਸਾਰ ਕੁਦਰਤ ਦੀਆਂ ਪ੍ਰਵਿਰਤੀਆਂ ਦੇ ਪੱਕੇ ਨਿਯਮ ਲੱਭਣੇ ਹਨ ਤੇ ਉਨ੍ਹਾਂ ਅਨੁਸਾਰ ਅਮਲ ਕਰਨਾ ਹੈ। ਇਹ ਮਹਾਵਾਕ ਉਚਾਰਿਆ ਹੀ ਉਨ੍ਹਾਂ ਸਥਿਤੀਆਂ ਲਈ ਗਿਆ ਹੈ, ਜਿੱਥੇ ਨਿਰਣੇ ਮਨੁੱਖੀ ਵਸ ਵਿਚ ਨਾ ਹੋਣ। ਇਹ ਸਥਿਤੀਆਂ ਸਿਰ ਨਿਵਿਆ ਕੇ ਮੱਥੇ ਰਗੜਨ ਲਈ ਨਹੀਂ ਪ੍ਰੇਰਦੀਆਂ, ਸਗੋਂ ਕੁਦਰਤ ਦੀ ਕਾਰਜ-ਸ਼ੈਲੀ ਨੂੰ ਪੇਖ ਪਰਖ ਕੇ ਹੁਕਮ ਪਛਾਣਨ ਲਈ ਵੰਗਾਰਦੀਆਂ ਹਨ। ਇਹ ਪ੍ਰਕ੍ਰਿਆ ਕਦੇ ਖਤਮ ਹੋਣ ਵਾਲੀ ਨਹੀਂ, ਸਗੋਂ “ਗਗਨ ਮੈ ਥਾਲੁ” ਦੀ ਆਰਤੀ ਵਾਂਗ ਨਿਰੰਤਰ ਚਲਦੀ ਰਹਿਣ ਵਾਲੀ ਹੈ। ਇਸ ਵਿਚ ਇਕ ਨੂੰ ਦੂਜੇ ਦੇ ਲੜ ਲੱਗਣ ਦਾ ਪ੍ਰਾਵਧਾਨ ਨਹੀਂ, ਸਗੋਂ ਸੱਚ ਨਾਲ ਪ੍ਰਣਾਏ ਜਾਣ ਦਾ ਵਿਧਾਨ ਹੈ। ਇਹ ਪ੍ਰਕ੍ਰਿਆ ਸੱਚ ਦੀ ਸੇਧ ਦਰਸਾਉਂਦੀ ਹੈ ਭਾਵ ਇਹ ਸੱਚ ਤੀਕ ਅਪੜਨ ਦਾ ਰਾਹ ਦੱਸਦੀ ਹੈ। ਇਸ ਨੂੰ ਸਮਝਣਾ, ਇਸ ‘ਤੇ ਅਮਲ ਕਰਨਾ ਤੇ ਇਸ ਦੀ ਪ੍ਰਮੁੱਖਤਾ ਬਣਾਈ ਰੱਖਣਾ ਹੀ ਸਿੱਖੀ ਦਾ ਸਿਧਾਂਤ ਹੈ।
ਸਿੱਖੀ ਸਿਧਾਂਤ ਵਿਚ ਸਿੱਖੀ ਸੰਕਲਪਾਂ ਤੇ ਅਮਲਾਂ ਨਾਲ ਸਬੰਧਤ ਸ਼ਬਦਾਵਲੀ ਨੂੰ ਸਮਝਣਾ ਤੇ ਸਿੱਖਣਾ ਵੀ ਜਰੂਰੀ ਹੈ। ਜੇ ਕੋਈ ਵਿਦਵਾਨ ਇਸ ਅਮਲ ਜਾਂ ਅਮਲੀ ਸ਼ਬਦਾਵਲੀ ਨੂੰ ਹੀ ਵਿਸ਼ਵਾਸ ਦਾ ਵਿਸ਼ਾ ਬਣਾਵੇ, ਉਹ ਵੀ ਗਲਤ ਹੈ। ਗਲਤ ਇਸ ਲਈ ਕਿ ਜਿਸ ਚੀਜ਼ ਨੂੰ ਦੂਜੇ ਮਤਾਂ ਅਨੁਸਾਰ ਯਕੀਨ ਜਾਂ ਵਿਸ਼ਵਾਸ (ਭeਲਇਾ ੋਰ ਾਅਟਿਹ) ਕਿਹਾ ਜਾਂਦਾ ਹੈ, ਉਹ ਸਿੱਖੀ ਦੀ ਅਮਲੀ ਸ਼ਬਦਾਵਲੀ ਵਿਚ ਪ੍ਰਵਾਨ ਜਾਂ ਸਵੀਕਾਰ (Aਚਚeਪਟ ੋਰ ਅਚਕਨੋੱਲeਦਗe) ਕਰਨਾ ਹੈ। ਅਮਲੀ ਸ਼ਬਦਾਵਲੀ (ਫਰਅਚਟਚਿਅਲ ਟeਰਮਨੋਲੋਗੇ) ਦਾ ਸੋਮਾ ਵੀ ਅਮਲੀ ਹੈ, ਦੈਵੀ (ਧਵਿਨਿe) ਨਹੀਂ। ਇਸ ਅਨੁਸਾਰ ਸਵੀਕਾਰ ਕਰਨਾ ਅੰਧਵਿਸ਼ਵਾਸੀ ਹੋ ਕੇ ਮੰਨਣਾ ਨਹੀਂ, ਸਗੋਂ ਦੇਖ ਪਰਖ ਕੇ ਸੱਚਾਈ ਪਖੋਂ ਸਵੀਕਾਰ ਕਰਨਾ ਹੈ। ਮਿਸਾਲ ਵਜੋਂ ਜੇ ਕਿਸੇ ਪੌਦੇ ਨੂੰ ਪਾਣੀ ਨਾ ਦਿਓ ਤਾਂ ਉਹ ਮਰ ਜਾਵੇਗਾ, ਭਾਵ ਕੋਈ ਸ਼ਕਤੀ ਇਸ ਨੂੰ ਬਚਾ ਨਹੀਂ ਪਾਵੇਗੀ। ਇਸ ਗੱਲ ਨੂੰ ਕੋਈ ਵੀ ਅਜਮਾਵੇ, ਸਿੱਟਾ ਇਹੀ ਨਿਕਲੇਗਾ। ਸਿੱਖ ਕੇ ਹਾਸਲ ਕੀਤਾ ਇਹ ਗਿਆਨ ਸਵੀਕਾਰ ਕਰਨ ਵਾਲਾ ਹੈ। ਜੇ ਕੋਈ ਉਸ ਪੌਦੇ ਨੂੰ ਮੰਤਰ ਪਾਠਾਂ ਰਾਹੀਂ ਹਰਿਆਉਣ ਦੀ ਕੋਸ਼ਿਸ਼ ਕਰੇ, ਉਹ ਸਿੱਖੀ ਨਹੀਂ, ਅੰਧਵਿਸ਼ਵਾਸ ਹੈ।
ਸਿੱਖੀ ਵਿਚ ਮੰਨਣ ਜਾਂ ਨਾ-ਮੰਨਣ ਦੀ ਕੋਈ ਛੂਟ (ਛਹੋਚਿe) ਨਹੀਂ, ਕਿਉਂਕਿ ਸਾਹਮਣੇ ਅਜਮਾਈ ਗੱਲ ਨੂੰ ਹਰ ਹਾਲਤ ਵਿਚ ਪ੍ਰਵਾਨ ਕਰਨਾ ਹੀ ਹੈ। ਇਸ ਲਈ ਸਿੱਖੀ ਕਿਸੇ ਨੂੰ ਘੇਰ ਕੇ, ਪ੍ਰਚਾਰ ਕਰ ਕੇ, ਲਾਲਚ ਦੇ ਕੇ, ਝੂਠ ਬੋਲ ਕੇ ਜਾਂ ਡਰਾ ਕੇ ਨਾਲ ਜੋੜਨ ਦਾ ਨਾਂ ਨਹੀਂ। ਇਹ ਤਾਂ ਅਨੁਭਵ ਤੇ ਸੱਚ ਨਾਲ ਪ੍ਰਤੀਬੱਧਤਾ ਪੈਦਾ ਕਰਨ ਦਾ ਅਮਲ ਹੈ। ਇਹ ਕਿਸੇ ਦਾ “ਦੱਸਿਆ ਸੱਚ” ਮੰਨਣ ਦਾ ਨਾਂ ਨਹੀਂ, ਸਗੋਂ ਅਜਮਾਏ ਹੋਏ ਸੱਚ ਨੂੰ ਅੰਗੀਕਾਰ ਕਰਨ ਦਾ ਨਾਂ ਹੈ। ਅਜਮਾਇਸ਼ ਦੇ ਸਿੱਟੇ ਵੀ ਸਿੱਖ ਨੇ ਆਪ ਕੱਢਣੇ ਹਨ, ਆਪ ਪ੍ਰਵਾਨ ਕਰਨੇ ਹਨ ਤੇ ਅਗਾਂਹ ਲਈ ਫੈਸਲੇ ਵੀ ਆਪ ਹੀ ਲੈਣੇ ਹਨ। ਉਸ ਲਈ ਅਗਾਉਂ ਫੈਸਲੇ ਕੋਈ ਹੋਰ ਨਹੀਂ ਲੈ ਸਕਦਾ। ਉਸ ਕੋਲ ਨਿਰਪੱਖ ਸਰਵੇਖਣ ਤੇ ਮੰਨੇ (ਮਨਨ) ਦੀਆਂ ਤਾਕਤਾਂ (ਛਅਪਅਬਲਿਟਿਇਸ) ਹਨ, ਜਿਨ੍ਹਾਂ ਦੀ ਵਰਤੋਂ ਨਾਲ ਉਹ ਸਹੀ ਗਲਤ ਦਾ ਫਰਕ ਲੱਭ ਸਕਦਾ ਹੈ। ਆਪਣੇ ਅੰਦਰ ਦੀਆਂ ਇਨ੍ਹਾਂ ਤਾਕਤਾਂ ਨੂੰ ਸੁਤੰਤਰ ਤੇ ਮਜ਼ਬੂਤ ਕਰਨਾ ਸਿੱਖ ਦਾ ਪਹਿਲਾ ਕਾਰਜ ਹੈ। ਅਜਿਹੇ ਸਿੱਖ ਨੂੰ ਕੋਈ ਨਹੀਂ ਨਿਗਲ ਸਕਦਾ, ਹਿੰਦੂਵਾਦ ਦਾ ਅਜ਼ਗਰ ਵੀ ਨਹੀਂ।
ਜੇ ਸਿੱਖੀ ਵਿਚ ਮੰਨਣ ਦੀ ਧਾਰਨਾ ਹੈ ਹੀ ਨਹੀਂ, ਫਿਰ ਇਸ ਵਿਚ “ਯਕੀਨ” ਜਾਂ ਵਿਸ਼ਵਾਸ ਕਰਨ ਦੀ ਧਾਰਨਾ ਕਿਥੋਂ ਆਈ? ਹੋ ਸਕਦਾ ਹੈ ਪੜੌਸੀ ਧਰਮਾਂ ਵਿਚੋਂ ਆਈ ਹੋਵੇ। ਹੋ ਸਕਦਾ ਹੈ ਸਿੱਖਾਂ ਨੇ ਜਪੁਜੀ ਨੂੰ ਗੁਰੂ ਦਾ ਫੁਰਮਾਨ ਸਮਝ ਕੇ ਇਸ ਵਿਚ ਦਰਜ ਹਰ ਗੱਲ ਨੂੰ ਬਿਨਾ ਸਮਝੇ ਹੀ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਹੋਵੇ। ਹੋ ਸਕਦਾ ਹੈ ਕਿ ਉਨ੍ਹਾਂ ਨੇ ‘ਸੁਣੀਐ, ‘ਮੰਨੇ’ ਤੇ ‘ਪੰਚ’ ਜਿਹੇ ਸ਼ਬਦਾਂ ਨੂੰ ਗੌਰ ਨਾਲ ਨਾ ਵਿਚਾਰਿਆ ਹੋਵੇ। ਸਿੱਖੀ ਵਿਚ ਤਾਂ ਤਰਕ ਤੇ ਵਿਵੇਕ ਰਾਹੀਂ ਸੁਣੀਆਂ-ਸੁਣਾਈਆਂ ਧਾਰਨਾਵਾਂ ਬਾਰੇ ਨਿਰਣਾ ਕਰਨ ਦੀ ਗੱਲ ਕਹੀ ਹੈ, ਨਾ ਕੇ ਉਨ੍ਹਾਂ ਨੂੰ ਪੱਕਾ ਨਿਰਣਾ ਮੰਨ ਕੇ ਵਿਸ਼ਵਾਸ ਕਰਨ ਦੀ। ਪ੍ਰਸਥਿਤੀਆਂ ਬਦਲਣ ਨਾਲ ਕਿਸੇ ਪੁਰਾਣੇ ਨਿਰਣੇ ਦੀ ਕੀਮਤ ਘੱਟ ਵੱਧ ਸਕਦੀ ਹੈ ਜਾਂ ਖਤਮ ਹੋ ਸਕਦੀ ਹੈ। ਪ੍ਰਸਥਿਤੀਆਂ ਬਦਲਣ ਨਾਲ ਨਿਰਣੇ ਦਾ ਮਹਤੱਵ ਵੀ ਬਦਲ ਸਕਦਾ ਹੈ ਤੇ ਬਾਣੀ ਝੂਠੀ ਸਾਬਤ ਹੋ ਸਕਦੀ ਹੈ। ਸੋ ਇਕ ਨਿਰਣੇ ਨੂੰ ਸਦਾ ਲਈ ਸੱਚ ਨਹੀਂ ਮੰਨਿਆ ਜਾ ਸਕਦਾ, ਪਰ ਇਸ ਬਦਲਾਓ ਨਾਲ ਸੱਚ, ਸੱਚ ਦੀ ਖੋਜ-ਵਿਧੀ ਤੇ ਸਿਧਾਂਤ ਨਹੀਂ ਬਦਲਦੇ। ਮਿਸਾਲ ਵਜੋਂ ਘੋੜੇ ਦੇ ਦੰਦ ਦੇਖ ਕੇ ਉਸ ਦੀ ਉਮਰ ਪਤਾ ਕਰਨਾ ਇਕ ਅਜਮਾਈ ਵਿਧੀ ਹੈ, ਜੋ ਸਵੀਕਾਰ ਕਰਨ ਯੋਗ ਹੈ; ਪਰ ਕਿੰਨੇ ਦੰਦ ਡਿਗਣ ਪਿਛੋਂ ਘੋੜਾ ਖਰੀਦਣਾ ਜਾਂ ਵੇਚਣਾ ਨਹੀਂ ਚਾਹੀਦਾ, ਇਸ ਬਾਰੇ ਪੱਕੀ ਸੀਮਾ ਨਿਰਧਾਰਤ ਨਹੀਂ ਕੀਤੀ ਜਾ ਸਕਦੀ। ਇਹ ਨਿਰਣਾ ਹਰ ਸਿੱਖ ਨੇ ਆਪ ਕਰਨਾ ਹੈ। ਸੋ ਸਿੱਖੀ ਵਿਚ ਵਚਨ-ਬੱਧਤਾ ਨਿਰਣੇ ਨਾਲ ਨਹੀਂ, ਨਿਰਣੇ ਦੇ ਸਿਧਾਂਤ ਨਾਲ ਹੈ।
ਗੁਰੂ ਸਾਹਿਬ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਸਨ ਅਤੇ ਇਸ ‘ਤੇ ਅਮਲ ਕਰਨ ਦੀ ਸਿੱਖਿਆ ਵੀ ਦਿੰਦੇ ਸਨ। ਅਜੋਕੇ ਸਿੱਖ ਵਿਦਵਾਨ ਤੇ ਸਿੱਖ ਸ਼ਰਧਾਲੂ ਵੀ ਇਸ ਫਰਕ ਨੂੰ ਜਾਣਦੇ ਤਾਂ ਹੋਣਗੇ, ਪਰ ਇਸ ਨਾਲ ਸਹਿਮਤ ਨਹੀਂ ਹੁੰਦੇ। ਭਾਵ ਉਹ ਗੁਰੂ ਸਾਹਿਬ ਦੇ ਤਰਕਾਂ ਨਾਲ ਸਹਿਮਤੀ ਪ੍ਰਗਟਾਉਂਦੇ ਤਾਂ ਹਨ, ਪਰ ਛੇਤੀ ਹੀ ਵਿਪਰੀਤ ਸੋਚ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਬਾਣੀ ਦੇ ਹਰ ਵਾਕ ਵਿਚ ਗੁਰੂ ਸਾਹਿਬ ਦਾ ਭਗਤੀ ਭਾਵ ਵਾਲਾ ਲਿਵ ਲੱਗਿਆ ਚਿਹਰਾ ਦਿਖਾਈ ਦਿੰਦਾ ਹੈ, ਸਚਿਆਰਾ ਹੋਣ ਦੀ ਤਾਂਘ ਵਿਚ ਹੱਕ ਸੱਚ ਦਾ ਹੋਕਾ ਦੇਣ ਵਾਲੇ ਕਿਰਦਾਰ ਦਾ ਨਹੀਂ। ਉਹ ਉਨ੍ਹਾਂ ਨੂੰ ਹਰ ਸੁਖ ਸੁਵਿਧਾ ਦਾ ਸ੍ਰੋਤ ਮੰਨਦੇ ਹਨ ਤੇ ਉਹ ਉਨ੍ਹਾਂ ਦਾ ਮਿਹਰ ਭਰਿਆ ਹੱਥ ਹਮੇਸ਼ਾ ਆਪਣੇ ਸਿਰ ‘ਤੇ ਟਿਕਿਆ ਦੇਖਣ ਦੇ ਅਭਿਲਾਸ਼ੀ ਹਨ। ਉਨ੍ਹਾਂ ਲਈ ਸਤਿ, ਵਿਧੀ, ਪ੍ਰਮਾਣ, ਸੇਧ ਤੇ ਗਿਆਨ ਕੋਈ ਮਤਲਬ ਨਹੀਂ ਰੱਖਦੇ। ਉਨ੍ਹਾਂ ਦਾ ਜੇ ਕੋਈ ਮਤਲਬ ਹੈ ਤਾਂ ਉਹ ਪਰਮਾਤਮਾ, ਨਾਮ, ਨਦਰ, ਅਰਦਾਸ, ਕਿਰਪਾ, ਦਾਤ ਆਦਿ ਨਾਲ ਹੈ।
ਉਨ੍ਹਾਂ ਨੂੰ ਆਪਣੇ ਮਨੋਰਥ ਦੀ ਇੰਨੀ ਤਿੱਖੀ ਪਛਾਣ ਹੈ ਕਿ ਉਹ ਇਸ ਦੀ ਪ੍ਰਾਪਤੀ ਤੋਂ ਮਾਸਾ ਨਹੀਂ ਖੁੰਝਦੇ। ਇਥੋਂ ਤੀਕ ਕਿ ਗੁਰਬਾਣੀ ਦੀ ਵਿਆਖਿਆ ਕਰਨ ਵੇਲੇ ਵੀ ਇਹੀ ਮੰਤਵ ਉਨ੍ਹਾਂ ਦੀ ਸੋਚ ‘ਤੇ ਭਾਰੂ ਰਹਿੰਦਾ ਹੈ। ਪ੍ਰਮਾਣ ਲਈ ਅਜਿਹੇ ਵਿਦਵਾਨਾਂ ਦੀ ਜਪੁਜੀ ਦੀ 23ਵੀਂ ਪਉੜੀ ਦੀ ਕੀਤੀ ਵਿਆਖਿਆ ਮਿਸਾਲਾਂ ਸਮੇਤ ਹੇਠਾਂ ਅੰਕਿਤ ਹੈ,
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ॥
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ॥੨੩॥
ਇਹ ਪਉੜੀ ਪਿਛਲੀਆਂ ਪਉੜੀਆਂ ਦੇ ਤਰਕ ਨੂੰ ਅੱਗੇ ਤੋਰਦੀ ਹੈ। ਗੁਰੂ ਸਾਹਿਬ ਪਹਿਲਾਂ ਦੱਸ ਚੁਕੇ ਹਨ ਕਿ ਕੁਦਰਤ ਦਾ ਵਿਸਥਾਰ ਇੰਨਾ ਅਸੀਮ ਹੈ ਕਿ ਇਸ ਦੇ ਅਥਾਹ ਪਸਾਰੇ ਦਾ ਹਿਸਾਬ ਕਿਤਾਬ ਲਾਉਣਾ ਅਸੰਭਵ ਹੈ। ਇਸ ਦੇ ਆਦਿ ਅੰਤ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਦੇ ਤੱਥ ਹੀ ਉਪਲਭਦ ਨਹੀਂ। ਇਸ ਲਈ ਇਨ੍ਹਾਂ ਗੱਲਾਂ ਦਾ ਪਤਾ ਇਸ ਦੇ ਸਿਰਜਣਹਾਰ ਨੂੰ ਹੀ ਹੈ ਭਾਵ ਇਸ ਦੇ ਸੰਕੇਤ ਇਸ ਦੀ ਸਿਰਜਣਾ ਦੇ ਵਿਚ ਹੀ ਕਿਤੇ ਅੰਕਿਤ ਹੋਏ ਹੋ ਸਕਦੇ ਹਨ। ਇਸ ਪਉੜੀ ਵਿਚ ਉਹ ਅੱਗੇ ਫੁਰਮਾਉਂਦੇ ਹਨ ਕਿ ਜੋ ਸਾਲਾਹੀ ਇਸ ਦਾ ਮੁੱਲ ਪਾਉਂਦੇ ਹਨ, ਉਨ੍ਹਾਂ ਨੇ ਇੰਨੀ ਸੁਰਤ ਭਾਵ ਕਾਬਲੀਅਤ ਨਹੀਂ ਪਾਈ ਕਿ ਉਹ ਇਹ ਕੰਮ ਕਰ ਸਕਣ। ਭਾਵ ਹਿਸਾਬ-ਕਿਤਾਬ ਰਾਹੀਂ ਇਸ ਕੁਦਰਤ ਦਾ ਮੁਲੰਕਣ ਕਰਨ ਵਾਲਿਆਂ ਕੋਲ ਉਸ ਕਿਸਮ ਦੀ ਸੋਝੀ, ਸਮਝ ਜਾਂ ਅਕਲ ਨਹੀਂ, ਜੋ ਇਸ ਦਾ ਲੱਖਣ ਲਾਉਣ ਲਈ ਲੋੜੀਂਦੀ ਹੈ। ਇਸ ਅਤਿ ਮਹਾਨ ਕੁਦਰਤੀ ਪਸਾਰੇ ਸਾਹਮਣੇ ਸ਼ਹਿਨਸ਼ਾਹਾਂ ਦੇ ਕੀਮਤੀ ਪਦਾਰਥਾਂ ਦੇ ਉਹ ਪਹਾੜਾਂ ਜਿੱਡੇ ਅੰਬਾਰ, ਜਿਨ੍ਹਾਂ ਦੀ ਮਹਾਨਤਾ ਉਨ੍ਹਾਂ ਦੇ ਮਨੋਂ ਕੱਢਿਆਂ ਨਹੀਂ ਨਿਕਲਦੀ, ਕੀੜੀ ਸਮਾਨ ਵੀ ਨਹੀਂ ਹਨ। ਇਹ ਉਹ ਮਹਾਂਸਾਗਰ ਹੈ, ਜਿਸ ਵਿਚ ਪੈ ਕੇ ਤਾਂ ਵੱਡੇ ਵੱਡੇ ਦਰਿਆਵਾਂ ਤੇ ਨਦੀਆਂ ਦਾ ਕੋਈ ਪਤਾ ਨਹੀਂ ਚਲਦਾ।
ਇਸ ਵਿਆਖਿਆ ਵਿਚ ਸਾਲਾਹੀ ਦਾ ਅਰਥ ਸਲਾਹ ਦੇਣ ਵਾਲਾ ਜਾਂ ਪ੍ਰਸ਼ੰਸਾ ਕਰਨ ਵਾਲਾ ਨਹੀਂ, ਸਗੋਂ ਕਈ ਤਰ੍ਹਾਂ ਦੇ ਮਾਪ-ਦੰਡ ਵਰਤ ਕੇ ਕੀਮਤ ਪਾਉਣ ਵਾਲਾ (Aਪਪਰਅਸਿeਰ) ਹੈ। ਗੁਰੂ ਸਾਹਿਬ ਅਨੁਸਾਰ ਸਾਲਾਹੀ ਉਹ ਵਿਦਵਾਨ, ਮਹਾਂਪੁਰਖ ਜਾਂ ਜਿਗਿਆਸੂ ਭਗਤ ਹਨ, ਜੋ ਸ੍ਰਿਸ਼ਟੀ ਦਾ ਹਿਸਾਬ ਕਿਤਾਬ ਲਾ ਕੇ ਇਸ ਦਾ ਅੰਦਾਜ਼ਨ ਵਿਸਤਾਰ ਲੱਭਣ ਦੀ ਕੋਸਿਸ਼ ਕਰਦੇ ਹਨ। ਪਰ ਉਹ ਚਾਹੇ ਕੁਝ ਵੀ ਕਰਨ, ਅਜਿਹਾ ਨਹੀਂ ਕਰ ਸਕਦੇ, ਕਿਉਂਕਿ ਉਨ੍ਹਾਂ ਦੀ ਸਮਝ-ਬੂਝ, ਸੋਚ-ਉਡਾਰੀ ਤੇ ਲੱਖਣ ਦਾ ਘੇਰਾ ਬਹੁਤ ਸੀਮਤ ਹੈ। ਇਸ ਦਾਇਰੇ ਤੋਂ ਬਾਹਰ ਦੀਆਂ ਗੱਲਾਂ ਦੇ ਸਬੰਧ, ਭਾਵ ਕਾਰਨ ਤੇ ਸਿੱਟੇ ਦੇ ਰਿਸ਼ਤੇ, ਉਨ੍ਹਾਂ ਦੀ ਸਮਝ ਵਿਚ ਨਹੀਂ ਆਉਂਦੇ। ਇਸ ਲਈ ਆਪਣੀ ਅਲਪ-ਬੁੱਧੀ ਨਾਲ ਉਹ ਕੁਦਰਤ ਦਾ ਜਿਨ੍ਹਾਂ ਚੀਜ਼ਾਂ ਨਾਲ ਟਾਕਰਾ ਕਰ ਕੇ ਇਸ ਦੀ ਮਹਾਨਤਾ ਦੱਸਦੇ ਹਨ, ਉਹ ਇਸ ਦੀ ਅਸਲੀਅਤ ਸਾਹਮਣੇ ਕੀਟ-ਪਤੰਗਿਆਂ ਤੋਂ ਵੱਧ ਕੁਝ ਨਹੀਂ। ਪਦਾਰਥ ਦੇ ਜਿਹੜੇ ਪਰਬਤੀ ਅੰਬਾਰਾਂ ਨੂੰ ਦੇਖ ਕੇ ਉਹ ਅਸ਼-ਅਸ਼ ਕਰ ਉਠਦੇ ਹਨ ਭਾਵ ਆਪਣੇ ਮਨ ਵਿਚ ਅਤਿ ਵੱਡੇ ਸਮਝਦੇ ਹਨ, ਉਹ ਤਾਂ ਕੁਦਰਤ ਦੇ ਅਸਲ ਪਸਾਰੇ ਸਾਹਮਣੇ ਕੀੜੀ ਤੁਲ ਵੀ ਨਹੀਂ। ਬ੍ਰਹਿਮੰਡ ਦੀ ਸਥਿਤੀ ਤਾਂ ਉਨ੍ਹਾਂ ਮਹਾਸਾਗਰਾਂ ਦੇ ਕਿਸੇ ਸਮਰਾਟ ਮਹਾਸਾਗਰ ਤੋਂ ਵੀ ਵੱਧ ਕੇ ਹੈ, ਜਿਨ੍ਹਾਂ ਵਿਚ ਛੋਟੇ-ਵੱਡੇ ਨਦੀਆਂ ਨਾਲੇ ਡਿੱਗ ਕੇ ਥਾਂ ਹੀ ਜਜ਼ਬ ਹੋਈ ਜਾਂਦੇ ਹਨ।
ਇਸ ਵਿਆਖਿਆ ਪੱਖੋਂ ਇਹ ਪਉੜੀ ਅਜੋਕੇ ਸਕੂਲ ਵਿਚ ਪੜ੍ਹਾਏ ਜਾਂਦੇ ਭੁਗੋਲ ਦੇ ਕਿਸੇ ਪਾਠ ਵਾਂਗ ਸਰਲ ਅਤੇ ਅਰਥ ਭਰਪੂਰ ਹੈ। ਇਹ ਗਿਆਨ-ਵਰਧਕ ਹੈ ਤੇ ਪਾਠਕਾਂ ਨੂੰ ਖੋਜ ਲਈ ਪ੍ਰੇਰਦੀ ਹੈ। ਪਰ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਇਸ ਨੂੰ ਆਮ ਸ਼ਰਧਾਲੂਆਂ ਕੋਲ ਅਧਿਆਤਮਵਾਦ ਦੀ ਅਜਿਹੀ ਪੁੱਠ ਦੇ ਕੇ ਪੇਸ਼ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਵਿਚ ਪੂਜਾ ਪਾਠ ਤੋਂ ਬਿਨਾ ਕੁਝ ਹੋਰ ਨਜ਼ਰ ਨਹੀਂ ਆਉਂਦਾ। ਇਸ ਦਾ ਸਬੂਤ ਜਪੁਜੀ ਦੇ ਉਹ ਅਣਗਿਣਤ ਟੀਕੇ ਹਨ, ਜੋ ਇਨ੍ਹਾਂ ਵਿਦਵਾਨਾਂ ਨੇ ਕੀਤੇ ਹਨ। ਇਨ੍ਹਾਂ ਵਿਚੋਂ ਦੋ ਦੀ ਮਿਸਾਲ ਹੇਠ ਦਰਜ ਹੈ।
ਸੰਤ ਤੇਜਾ ਸਿੰਘ ਦੀ ਵਿਆਖਿਆ ਅੰਗਰੇਜ਼ੀ ਵਿਚ ਹੈ, ਜਿਸ ਦਾ ਅਨੁਵਾਦ ਇਸ ਤਰ੍ਹਾਂ ਹੈ, “ਉਸ ਦੇ ਸ਼ਰਧਾਲੂ ਤੇ ਭਗਤ ਉਸ ਦੀਆਂ ਸਿਫਤਾਂ ਗਾਉਂਦੇ ਹਨ ਤੇ ਰੁਹਾਨੀਅਤ ਵਿਚ ਇਵੇਂ ਸਮਾ ਜਾਂਦੇ ਹਨ ਜਿਵੇਂ ਨਦੀ ਨਾਲੇ ਸਮੁੰਦਰ ਵਿਚ ਸਮਾ ਕੇ ਆਪਣੀ ਹੋਂਦ ਖੋ ਦਿੰਦੇ ਹਨ, ਪਰ ਸਾਗਰ ਦੀ ਮਹਾਨਤਾ ਨੂੰ ਨਹੀਂ ਸਮਝ ਸਕਦੇ। ਜਿਵੇਂ ਪਾਣੀ ਦਾ ਤੁਪਕਾ ਸਾਗਰ ਵਿਚ ਡਿਗ ਕੇ ਇਸ ਵਿਚ ਸਮਾ ਜਾਂਦਾ ਹੈ ਤੇ ਇਸ ਦਾ ਹਿੱਸਾ ਬਣ ਜਾਂਦਾ ਹੈ, ਪਰ ਸਮੁੰਦਰ ਦੀ ਮਹਾਨਤਾ ਨਹੀਂ ਦੱਸ ਸਕਦਾ, ਉਸੇ ਢੰਗ ਨਾਲ ਉਸ ਦੇ ਭਗਤ ਤੇ ਸ਼ਰਧਾਲੂ ਵੱਡੇ ਬ੍ਰਹਿਮੰਡ ਦਾ ਹਿੱਸਾ ਬਣ ਜਾਂਦੇ ਹਨ, ਪਰ ਉਹ ਉਸ ਦੀ ਵਡਿਆਈ ਕਰਨ ਲਈ ਸ਼ਬਦ ਨਹੀਂ ਲੱਭ ਸਕਦੇ। ਬ੍ਰਹਮ ਦਾ ਅਪਾਰ ਪਸਾਰਾ ਇਕ ਵੱਡੇ ਸਾਗਰ ਵਾਂਗ ਹੈ। ਜੋ ਉਸ ਦਾ ਸਿਮਰਨ ਕਰਦੇ ਹਨ ਤੇ ਉਸ ਦਾ ਨਾਮ ਧਿਆਉਂਦੇ ਹਨ, ਉਹ ਉਸ ਨਾਲ ਇੱਕ-ਮਿੱਕ ਹੋ ਜਾਂਦੇ ਹਨ। ਦੂਜੇ ਪਾਸੇ ਜਿਨ੍ਹਾਂ ਕੋਲ ਪਹਾੜ ਜਿੱਡੇ ਸੋਨੇ ਚਾਂਦੀ ਦੇ ਅੰਬਾਰ ਹਨ, ਉਹ ਉਸ ਕੀੜੀ (ਨਿਮਾਣੀ ਸ਼ਰਧਾਲੂ) ਦੇ ਬਰਾਬਰ ਵੀ ਨਹੀਂ, ਜੋ ਉਸ ਦੇ ਨਾਮ ਨੂੰ ਹਮੇਸ਼ਾ ਆਪਣੇ ਮਨ ਵਿਚ ਰੱਖਦੀ ਹੈ।”
ਗਿਆਨੀ ਠਾਕੁਰ ਸਿੰਘ ਪਟਿਆਲੇ ਵਾਲੇ ਤੇ ਭਾਈ ਪਿੰਦਰਪਾਲ ਸਿੰਘ ਇਸ ਦੀ ਵਿਆਖਿਆ ਕਰਦੇ ਲਿਖਦੇ ਹਨ, “ਵਾਹਿਗੁਰੂ ਦੀ ਹਰ ਵਕਤ ਸਿਫਤਿ-ਸਾਲਾਹ ਕਰਦੇ ਰਹਿਣ ਵਾਲੇ ਭਗਤ ਜਨਾਂ ਨੂੰ ਵੀ ਇਤਨੀ ਸਮਝ ਪ੍ਰਾਪਤ ਨਹੀਂ ਹੁੰਦੀ ਕਿ ਉਹ ਵਾਹਿਗੁਰੂ ਕਿੰਨਾ ਕੁ ਵੱਡਾ ਹੈ, ਪਰ ਉਸ ਪ੍ਰਭੂ ਦੀ ਸਿਫਤਿ-ਸਾਲਾਹ ਕਰਨ ਵਾਲੇ ਭਗਤ ਜਨ ਉਸ ਦਾ ਨਾਮ ਜਪਦੇ ਜਪਦੇ ਅਕਾਲ ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ। ਜਿਵੇਂ ਨਦੀਆਂ ਤੇ (ਵਾਹ) ਨਾਲੇ ਸਮੁੰਦਰ ਦੀ ਭਾਲ ਕਰਦੇ ਕਰਦੇ ਅਖੀਰ ਸਮੁੰਦਰ ਦੇ ਵਿਚ ਹੀ ਸਮਾ ਜਾਂਦੇ ਹਨ ਅਤੇ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਹਨ। ਉਹ ਨਦੀਆਂ ਅਤੇ ਨਾਲੇ ਸਮੁੰਦਰ ਦੀ ਅੰਤ ਨਹੀਂ ਪਾ ਸਕਦੇ ਕਿ ਸਮੁੰਦਰ ਕਿੰਨਾ ਕੁ ਵੱਡਾ ਅਤੇ ਡੂੰਘਾ ਹੈ। (ਸਮੁੰਦ ਸਾਹ) ਸਮੁੰਦਰਾਂ ਦੇ ਸ਼ਾਹ ਤੇ (ਸੁਲਤਾਨ) ਧਰਤੀ ਦੇ ਰਾਜੇ, ਜਿਨ੍ਹਾਂ ਦੇ ਕੋਲ (ਗਿਰਹਾ ਸੇਤੀ) ਪਹਾੜਾਂ ਜੇਡੇ ਧਨ-ਦੌਲਤ, ਹੀਰੇ-ਜਵਾਹਰਾਤ ਅਤੇ ਹੋਰ ਪਦਾਰਥਾਂ ਦੇ ਢੇਰ ਹੋਣ। ਜੇ ਉਹ ਪਰਮਾਤਮਾ ਦਾ ਨਾਮ ਨਹੀਂ ਜਪਦੇ ਅਤੇ ਰਾਜਾ ਹੋਣ ਦੇ ਹੰਕਾਰ ਵਿਚ ਰਹਿੰਦੇ ਹਨ, ਉਹ ਜੋ ਪੰਚ ਜਨ ਪ੍ਰਵਾਨ ਹੋ ਚੁਕੇ ਹਨ, ਉਨ੍ਹਾਂ ਨਾਮ ਜਪਣ ਵਾਲਿਆਂ ਦੀ ਨਜ਼ਰ ਵਿਚ ਕੀੜੀ ਦੇ ਬਰਾਬਰ ਵੀ ਨਹੀਂ ਹੁੰਦੇ।”
ਇਨ੍ਹਾਂ ਦੋਹਾਂ ਵਿਆਖਿਆਵਾਂ ਦੇ ਕੁਝ ਸਾਂਝੇ ਨੁਕਤੇ ਇਸ ਤਰ੍ਹਾਂ ਹਨ: ਭਗਤਜਨ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਹਨ; ਉਹ ਉਸ ਦੀ ਥਾਹ ਨਹੀਂ ਪਾ ਸਕਦੇ; ਵਾਹਿਗੁਰੂ ਦਾ ਨਾਮ ਜਪਣ ਵਾਲੇ ਉਸ ਵਿਚ ਉਵੇਂ ਲੀਨ ਹੋ ਜਾਂਦੇ ਹਨ, ਜਿਵੇਂ ਸਮੁੰਦਰ ਵਿਚ ਦਰਿਆ ਹੋ ਜਾਂਦੇ ਹਨ; ਕੀੜੀ ਨਾਮ ਨੂੰ ਹਮੇਸ਼ਾ ਆਪਣੇ ਮਨ ਵਿਚ ਯਾਦ ਰੱਖਦੀ ਹੈ। ਸੋਨੇ ਚਾਂਦੀ ਦੇ ਅੰਬਾਰ ਵਾਲੇ ਤੇ ਅਭਿਮਾਨੀ ਸੁਲਤਾਨ ਪਰਮਾਤਮਾ ਦੀ ਨਜ਼ਰ ਵਿਚ ਕੀੜੀ ਬਰਾਬਰ ਵੀ ਨਹੀਂ ਹੁੰਦੇ। ਇਨ੍ਹਾਂ ਨੁਕਤਿਆਂ ਦਾ ਭਾਵ ਅਰਥ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ; ਉਸ ਦਾ ਨਾਮ ਜਪ ਕੇ ਉਸ ਵਿਚ ਲੀਨ ਹੋ ਜਾਓ; ਦੁਨਿਆਵੀ ਦੌਲਤਾਂ ਪਿੱਛੇ ਨਾ ਜਾਓ; ਇਨ੍ਹਾਂ ਦੀ ਕੀਮਤ ਕੀੜੀ ਜਿੰਨੀ ਵੀ ਨਹੀਂ, ਜੋ ਛੋਟੀ ਹੋਣ ਦੇ ਬਾਵਜੂਦ ਨਾਮ ਜਪਦੀ ਹੈ ਅਤੇ ਜੇ ਇੱਦਾਂ ਨਹੀਂ ਕਰੋਗੇ ਤਾਂ ਪਰਮਾਤਮਾ ਨੂੰ ਨਹੀਂ ਮਿਲ ਸਕੋਗੇ।
ਇਨ੍ਹਾਂ ਵਿਆਖਿਆਵਾਂ ਨੂੰ ਸੁਣ ਕੇ ਸ਼ਰਧਾਲੂ ਨਾਮ ਜਪਣਾ ਸ਼ੁਰੂ ਕਰਨਗੇ, ਦੁਨਿਆਵੀ ਫਰਜ਼ਾਂ ਦਾ ਤਿਆਗ ਕਰਨਗੇ ਅਤੇ ਲੋਭ ਲਾਲਚ ਛੱਡ ਕੇ ਪੁਜਾਰੀਆਂ ਨੂੰ ਖੁਲ੍ਹੇ ਚੜ੍ਹਾਵੇ ਦੇਣਗੇ। ਇਸ ਤਰ੍ਹਾਂ ਉਹ ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ “ਸਾਲਾਹੀ” ਨਹੀਂ ਬਣਨਗੀਆਂ ਭਾਵ ਤਰਕ, ਵਿਗਿਆਨ, ਖੋਜ ਆਦਿ ਤੋਂ ਦੂਰ ਰਹਿਣਗੀਆਂ। ਅਜਿਹੇ ਸ਼ਰਧਾਲੂਆਂ ਦੀਆਂ ਅਗਲੀਆਂ ਪੱਕੇ ਤੌਰ ‘ਤੇ ਕੀੜੀਆਂ ਵਾਂਗ ਨਾਮ ਜਪਦੀਆਂ ਰਹਿਣਗੀਆਂ ਤੇ ਉਨ੍ਹਾਂ ਦਾ ਮਨੋਰਥ ਪੂਰਾ ਹੁੰਦਾ ਰਹੇਗਾ। ਇਹ ਵਿਆਖਿਆ ਹਰ ਤਰ੍ਹਾਂ ਨਾਲ ਪੁਜਾਰੀ ਵਰਗ ਦੇ ਹਿੱਤਾਂ ਨੂੰ ਪੂਰਨ ਵਾਲੀ ਹੈ।
ਪਰ ਗੁਰੂ ਸਾਹਿਬ ਦੀ ਇਹ ਪਉੜੀ ਬਹੁਤ ਹੀ ਡੂੰਘੇ ਸੰਦੇਸ਼ ਵਾਲੀ ਹੈ। ਪੁਜਾਰੀ ਲੋਕ ਕੁਝ ਵੀ ਕਹਿਣ, ਉਹ ਇਸ ਦਾ ਮਹੱਤਵ ਨਹੀਂ ਜਾਣ ਸਕਦੇ। ਉਹ ਭਗਤੀ ਭਾਵ ਨਾਲ “ਪਰਮਾਤਮਾ” ਵਿਚ ਲੀਨ ਹੋਣ ਦੀਆਂ ਗੱਲਾਂ ਕਰਦੇ ਹਨ, ਪਰ ਕਰ ਕੇ ਹਾਲੇ ਤੀਕ ਕੁਝ ਨਹੀਂ ਦਿਖਾ ਸਕੇ। ਉਹ ਦੂਜਿਆਂ ਲਈ ਮਾਇਆ ਦੇ ਤਿਆਗ ਦਾ ਪ੍ਰਚਾਰ ਕਰਦੇ ਹਨ, ਪਰ ਆਪ ਮਾਇਆ ਲਈ ਇਕ ਦੂਜੇ ਦੇ ਪੈਰ ਮਿੱਧਦੇ ਫਿਰਦੇ ਹਨ। ਜਿਸ ਲੋਕ ਵਿਚ ਵਸਦੇ ਹਨ, ਉਹ ਭ੍ਰਿਸ਼ਟਾਚਾਰ ਤੇ ਕੁਰਹਿਤਾਂ ਵਿਚ ਡੁੱਬਿਆ ਪਿਆ ਹੈ, ਪ੍ਰਚਾਰ ਕਰਨ ਲਈ ਉਹ ਵਿਦੇਸ਼ ਜਾਂਦੇ ਹਨ। ਦੂਜਿਆਂ ਲਈ ਅਧਿਆਤਮ ਦੀਆਂ ਬਾਤਾਂ ਪਾਉਂਦੇ ਹਨ, ਆਪ ਪੜ੍ਹ ਤੇ ਗਾ ਕੇ ਬਾਣੀ ਵੇਚਣ ਦਾ ਧੰਦਾ ਕਰਦੇ ਹਨ। ਤਰਕ ਵਿਚਾਰ ਤੋਂ ਦੂਰ ਭੱਜਦੇ ਹਨ ਤੇ ਮਿੱਥ ਕਥਾਵਾਂ ਸੁਣਾ ਕੇ ਡੰਗ ਟਪਾਉਂਦੇ ਹਨ।
ਇਸ ਪਉੜੀ ਦਾ ਮਹਤੱਵ “ਏਤੀ ਸੁਰਤਿ ਨ ਪਾਈਆ” ਵਾਲੇ ਕਥਨ ਵਿਚ ਛੁਪਿਆ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਲਾਹੀ ਕੋਲ ਉਹ ਸੁਰਤ ਸੋਝੀ ਹੈ ਹੀ ਨਹੀਂ, ਜਿਸ ਨਾਲ ਉਹ ਇਹ ਕੰਮ ਕਰ ਸਕੇ। ਉਸ ਦੀਆਂ ਸਮਰੱਥਾਵਾਂ ਆਪਣੀ ਹੋਂਦ ਦੇ ਦਾਇਰੇ ਕਾਰਨ ਇੰਨੀਆਂ ਸੀਮਤ ਹਨ ਕਿ ਉਹ ਲੋੜ ਦੇ ਕਾਰਜ ਹੀ ਕਰ ਸਕਦਾ ਹੈ। ਸਾਰੇ ਕਾਰਜ, ਖਾਸ ਤੌਰ ‘ਤੇ ਆਪਣੇ ਅਤੇ ਆਪਣੀ ਜਨਮਦਾਤੀ ਕੁਦਰਤ ਦੇ ਪਿਛੋਕੜ ਦੀ ਜਾਣਕਾਰੀ ਨਾਲ ਸਬੰਧਤ, ਉਸ ਦੀ ਪਹੁੰਚ ਤੋਂ ਬਾਹਰ ਹਨ। ਜਿਵੇਂ ਕਿਸੇ ਜੰਤਰ ਨੂੰ ਵਰਤਣ ਲਈ ਉਸ ਦੇ ਬਾਹਰ ਲੱਗੇ ਕੁਝ ਬਟਨਾਂ ਨਾਲ ਉਸ ਦੀ ਅੰਦਰੂਨੀ ਬਣਤਰ ਤੇ ਕਾਰਜ-ਯੋਗਤਾ ਨਾਲ ਛੇੜ ਛਾੜ ਨਹੀਂ ਕੀਤੀ ਜਾ ਸਕਦੀ ਤੇ ਉਸ ਦੀ ਕਾਰਜ-ਵਿਧੀ ਨਹੀਂ ਸਮਝੀ ਜਾ ਸਕਦੀ, ਉਵੇਂ ਹੀ ਮਨੁੱਖ ਕੋਲ ਸਿਰਫ ਕੁਝ ਹੀ ਗਿਆਨ ਇੰਦਰੀਆਂ ਹਨ, ਜਿਨ੍ਹਾਂ ਨਾਲ ਸੀਮਤ ਕੰਮ ਹੀ ਕੀਤੇ ਜਾ ਸਕਦੇ ਹਨ, ਪਰ ਕੁਦਰਤ ਦੇ ਅੰਦਰੂਨੀ ਭੇਦ ਨਹੀਂ ਜਾਣੇ ਜਾ ਸਕਦੇ। ਕੰਪਿਊਟਰ ਦੇ ਕੀ-ਬੋਰਡ ਤੋਂ ਸਾਧਾਰਨ ਮਨੁੱਖ ਵੀ ਟਾਈਪ ਕਰ ਦੇਵੇਗਾ, ਪਰ ਇਸ ਅੰਦਰ ਚਲਦੀ ਕਲ-ਬੋਲੀ (ੰਅਚਹਨਿe .ਅਨਗੁਅਗe) ਦੀ ਸਮਝ ਸਿਰਫ ਇੰਜੀਨੀਅਰਾਂ ਨੂੰ ਹੀ ਹੈ। ਇਸੇ ਤਰ੍ਹਾਂ ਕੁਦਰਤ ਦੀਆਂ ਅਣਗਿਣਤ ਪਰਤਾਂ ਹਨ, ਜਿਨ੍ਹਾਂ ਸਭ ਦੀ ਸੋਝੀ ਮਨੁੱਖੀ ਗਿਆਨ ਇੰਦਰੀਆਂ ਨਾਲ ਨਹੀਂ ਪੈਂਦੀ। ਜਿਵੇਂ ਮਨੁੱਖੀ ਕੰਨ ਕੋਲ ਵਾਤਾਵਰਣ ਵਿਚ ਚਲਦੇ ਕਰੋੜਾਂ ਰੇਡੀਓ ਤੇ ਟੀ. ਵੀ. ਪ੍ਰੋਗਰਾਮਾਂ ਨੂੰ ਸੁਣਨ ਦੀ ਯੋਗਤਾ ਨਹੀਂ ਤੇ ਇਹ ਸਿਰਫ ਖੋਜ ਕੀਤੇ ਜੰਤਰਾਂ ਰਾਹੀਂ ਮਾਣੇ ਜਾ ਸਕਦੇ ਹਨ, ਤਿਵੇਂ ਹੀ ਕੁਦਰਤ ਨੂੰ ਸਮਝਣ ਲਈ ਵੀ ਵਿਗਿਆਨਕ ਖੋਜ ਦੀ ਲੋੜ ਹੈ। ਇਸ ਲਈ ਧਾਰਮਿਕ ਅਸਥਾਨਾਂ ‘ਤੇ ਬੈਠੇ ਸਾਲਾਹੀ ਜਿਸ ਵਿਸ਼ੇ ਨੂੰ ਸਮਝਾਉਣ ਦਾ ਵਿਖਾਵਾ ਕਰ ਰਹੇ ਹਨ, ਉਹ ਉਨ੍ਹਾਂ ਦੀ ਸਮਰੱਥਾ ਵਿਚ ਹੈ ਹੀ ਨਹੀਂ। ਇਸ ਕਾਰਜ ਲਈ ਉਨ੍ਹਾਂ ਨੂੰ ਵਿਗਿਆਨਕ ਖੋਜ ਨਾਲ ਜੁੜਨਾ ਹੀ ਪਵੇਗਾ।
ਪਰ ਅਜੋਕੇ ਸਿੱਖ ਸਾਲਾਹੀਆਂ ਦਾ ਹਾਲ ਇਹ ਹੈ ਕਿ ਇਨ੍ਹਾਂ ਦਾ ਗਿਆਨ ਵਿਗਿਆਨ ਹਾਲੇ 15ਵੀਂ ਸਦੀ ‘ਤੇ ਹੀ ਅਟਕਿਆ ਹੋਇਆ ਹੈ। ਇਸ ਦਾ ਸਬੂਤ ਇਹ ਹੈ ਕਿ ਈਸਾਈ ਪਾਦਰੀਆਂ ਨੇ ਪਿਛਲੇ ਪੰਜ ਸੌ ਸਾਲਾਂ ਵਿਚ, ਫਾਦਰ ਗ੍ਰੀਗਰ ਮੈਂਡਲ (ਘਰeਗੋਰ ੰeਨਦeਲ) ਦੀ ਜੈਨੇਟਿਕਸ (ਘeਨeਟਚਿਸ) ਦੀ ਖੋਜ ਜਿਹੀਆਂ, ਪੰਜ ਸੌ ਤੋਂ ਵੱਧ ਅਹਿਮ ਵਿਗਿਆਨਕ ਖੋਜਾਂ ਕਰ ਦਿਖਾਈਆਂ ਹਨ, ਪਰ ਸਿੱਖ ਪੁਜਾਰੀਆਂ ਦੇ ਨਾਂ ਅਜਿਹੀ ਇਕ ਵੀ ਉਪਲਭਦੀ ਨਹੀਂ!