ਪਰਦੇਸੀਆਂ ਨੂੰ ਆਫਤ: ਅੱਠ ਲੱਖ ਭਾਰਤੀਆਂ ਨੂੰ ਛੱਡਣਾ ਪੈ ਸਕਦਾ ਹੈ ਕੁਵੈਤ

ਦੁਬਈ: ਕੁਵੈਤ ਵਿਚੋਂ ਹੌਲੀ-ਹੌਲੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਦੇ ਮਕਸਦ ਨਾਲ ਤਿਆਰ ਕੀਤੇ ਜਾ ਰਹੇ ਵਿਦੇਸ਼ੀ ਕੋਟਾ ਬਿੱਲ ਦੇ ਖਰੜੇ ਨੂੰ ਸੰਸਦੀ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਤਕਰੀਬਨ ਅੱਠ ਲੱਖ ਭਾਰਤੀਆਂ ਨੂੰ ਖਾੜੀ ਮੁਲਕ ਛੱਡਣਾ ਪੈ ਸਕਦਾ ਹੈ।

ਕੌਮੀ ਅਸੈਂਬਲੀ ਦੀ ਕਾਨੂੰਨੀ ਅਤੇ ਵਿਧਾਨਿਕ ਕਮੇਟੀ ਨੇ ਵਿਦੇਸ਼ੀ ਕੋਟਾ ਬਿੱਲ ਨੂੰ ਸੰਵਿਧਾਨਿਕ ਕਰਾਰ ਦਿੱਤਾ ਹੈ। ਬਿੱਲ ਅਨੁਸਾਰ ਮੁਲਕ ਵਿਚ ਭਾਰਤੀਆਂ ਦੀ ਗਿਣਤੀ ਕੁਵੈਤ ਦੀ ਕੁੱਲ ਜਨਸੰਖਿਆ ਤੋਂ 15 ਫੀਸਦੀ ਤੋਂ ਵੱਧ ਨਹੀਂ ਹੋ ਸਕਦੀ। ਸਿੱਟੇ ਵਜੋਂ ਅੱਠ ਲੱਖ ਭਾਰਤੀਆਂ ਨੂੰ ਕੁਵੈਤ ਛੱਡਣਾ ਪੈ ਸਕਦਾ ਹੈ ਕਿਉਂਕਿ ਭਾਰਤੀ ਭਾਈਚਾਰਾ ਦੇਸ਼ ਦਾ ਸਭ ਤੋਂ ਵੱਡਾ ਵਿਦੇਸ਼ੀ ਭਾਈਚਾਰਾ ਹੈ, ਜਿਸ ਦੀ ਗਿਣਤੀ ਕੁੱਲ 14.5 ਲੱਖ ਹੈ। ਕੁਵੈਤ ਦੀ ਕੁੱਲ ਆਬਾਦੀ 43 ਲੱਖ ਹੈ, ਜਿਸ ਵਿਚ 13 ਲੱਖ ਲੋਕ ਕੁਵੈਤੀ ਹਨ ਅਤੇ ਕਰੀਬ 30 ਲੱਖ ਵਿਦੇਸ਼ੀ ਹਨ। ਕਰੋਨਾ ਵਾਇਰਸ ਮਹਾਮਾਰੀ ਅਤੇ ਤੇਲ ਕੀਮਤਾਂ ਘਟਣ ਕਾਰਨ ਵਿਦੇਸ਼ੀਆਂ ਵਿਰੋਧੀ ਬਿਆਨਬਾਜ਼ੀ ਵਧ ਗਈ ਹੈ। ਕਾਨੂੰਨਸਾਜ਼ਾਂ ਅਤੇ ਸਰਕਾਰੀ ਅਧਿਕਾਰੀਆਂ ਵਲੋਂ ਕੁਵੈਤ ਵਿਚ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਦੇ ਸੱਦੇ ਦਿੱਤੇ ਜਾ ਰਹੇ ਹਨ। ਪਿਛਲੇ ਮਹੀਨੇ ਕੁਵੈਤ ਦੇ ਪ੍ਰਧਾਨ ਮੰਤਰੀ ਸ਼ੇਖ਼ ਸਬਾਹ ਅਲ ਖਾਲਿਦ ਅਲ ਸਬਾਹ ਨੇ ਕੁੱਲ ਜਨਸੰਖਿਆ ‘ਚੋਂ ਵਿਦੇਸ਼ੀਆਂ ਦੀ ਗਿਣਤੀ 70 ਫੀਸਦ ਤੋਂ ਘਟਾ ਕੇ 30 ਫੀਸਦ ਕਰਨ ਦਾ ਪ੍ਰਸਤਾਵ ਰੱਖਿਆ ਸੀ।
ਅਸੈਂਬਲੀ ਸਪੀਕਰ ਮਾਰਜ਼ੌਕ ਅਲ-ਗਾਨਿਮ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਾਨੂੰਨਸਾਜ਼ਾਂ ਦੇ ਸਮੂਹ ਸਣੇ ਕੁਵੈਤ ਵਿਚੋਂ ਹੌਲੀ-ਹੌਲੀ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਸਬੰਧੀ ਕਾਨੂੰਨ ਦਾ ਪੂਰਾ ਖਰੜਾ ਤਿਆਰ ਕਰਕੇ ਅਸੈਂਬਲੀ ਨੂੰ ਸੌਂਪਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੁਵੈਤ ਦੇ ਜਨਸੰਖਿਆ ਢਾਂਚੇ ਵਿੱਚ ਸਮੱਸਿਆ ਹੈ, ਜਿਸ ਵਿਚ 70 ਫੀਸਦ ਵਿਦੇਸ਼ੀ ਹਨ। ਇਸ ਤੋਂ ਵੀ ਗੰਭੀਰ ਸਮੱਸਿਆ ਇਹ ਹੈ ਕਿ 33.5 ਲੱਖ ਵਿਦੇਸ਼ੀਆਂ ਵਿਚੋਂ 13 ਲੱਖ ਵਿਦੇਸ਼ੀ ‘ਪੂਰੀ ਤਰ੍ਹਾਂ ਅਨਪੜ੍ਹ ਹਨ ਜਾਂ ਕੇਵਲ ਲਿਖ-ਪੜ੍ਹ ਹੀ ਸਕਦੇ ਹਨ’, ਅਜਿਹੇ ਲੋਕਾਂ ਦੀ ਕੁਵੈਤ ਨੂੰ ਲੋੜ ਨਹੀਂ।
_______________________________
ਸਾਊਦੀ ਅਰਬ ਵਿਚ ਪੰਜਾਬੀ ਡਰਾਈਵਰ ਦੀ ਮੌਤ
ਜਲੰਧਰ: ਨਕੋਦਰ ਨੇੜਲੇ ਪਿੰਡ ਰਹੀਮਪੁਰ ਦੇ ਇਕ ਵਿਅਕਤੀ ਦੀ ਸਾਊਦੀ ਅਰਬ ਵਿਚ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਉਰਫ ਪੰਮਾ (52) ਵਜੋਂ ਹੋਈ ਹੈ ਜੋ ਕਿ ਉਥੇ ਟਰਾਲਾ ਚਲਾਉਂਦਾ ਸੀ। ਇਧਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੇ ਪਰਮਜੀਤ ਸਿੰਘ ਛੇ ਮਹੀਨੇ ਪਹਿਲਾਂ ਹੀ ਆਪਣੇ ਪਿੰਡ ਆਇਆ ਸੀ। ਮ੍ਰਿਤਕ ਦੇ ਦੋ ਬੱਚੇ ਤੇ ਪਤਨੀ ਪਿੰਡ ‘ਚ ਹੀ ਰਹਿੰਦੇ ਹਨ ਜਦੋਂਕਿ ਉਸ ਦਾ ਇਕ ਭਾਣਜਾ ਸਾਊਦੀ ਅਰਬ ‘ਚ ਹੀ ਰਹਿੰਦਾ ਹੈ। ਉਸ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਪਰਮਜੀਤ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਫੋਨ ‘ਤੇ ਪਰਮਜੀਤ ਨਾਲ ਗੱਲ ਹੋਈ ਸੀ। ਉਸ ਵੇਲੇ ਪਰਮਜੀਤ ਨੇ ਬਿਮਾਰ ਹੋਣ ਜਾਂ ਕੋਈ ਹੋਰ ਸਰੀਰਕ ਤਕਲੀਫ ਹੋਣ ਦੀ ਕੋਈ ਗੱਲ ਨਹੀਂ ਸੀ ਕੀਤੀ।