ਕੈਪਟਨ ਸਰਕਾਰ ਬਾਗੀ ਵਿਧਾਇਕਾਂ ਪ੍ਰਤੀ ਨਰਮ ਹੋਈ

ਚੰਡੀਗੜ੍ਹ: ਇਕ ਪਾਸੇ ਪੰਜਾਬ ਸਰਕਾਰ ਕਰੋਨਾ ਵਾਇਰਸ ਕਾਰਨ ਵਿੱਤੀ ਘਾਟੇ ਦੀਆਂ ਦੁਹਾਈਆਂ ਪਾ ਰਹੀ ਹੈ ਤੇ ਦੂਜੇ ਪਾਸੇ ਆਪਣੇ ਵਿਧਾਇਕਾਂ/ਮੰਤਰੀਆਂ ਨੂੰ ਖੁਸ਼ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਅਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਜੋ ਆਮ ਤੌਰ ਉਤੇ ਕਾਂਗਰਸ ਸਰਕਾਰ ਨੂੰ ਅੱਖਾਂ ਵਿਖਾਉਂਦੇ ਰਹਿੰਦੇ ਹਨ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਲਿਆਉਣ ਦੀਆਂ ਕੋਸ਼ਿਸ਼ਾਂ ਵਜੋਂ ਵਿਧਾਇਕ ਦੇ ਤੌਰ ਉਤੇ ਨਵੀਆਂ ਨਕੋਰ ਕਾਰਾਂ ਅਲਾਟ ਕੀਤੀਆਂ ਗਈਆਂ ਹਨ ਪਰ ਵਿਰੋਧੀ ਪਾਰਟੀਆਂ ਨੂੰ ਇਨ੍ਹਾਂ ਸਹੂਲਤਾਂ ਤੋਂ ਇਕ ਤਰ੍ਹਾਂ ਨਾਲ ਵਾਂਝਿਆ ਰੱਖਿਆ ਗਿਆ ਹੈ।

ਦੱਸ ਦਈਏ ਕਿ ਸਰਕਾਰ ਨੇ ਕਰੋਨਾ ਕਾਰਨ ਬੱਸ ਕੰਪਨੀਆਂ ਦਾ ਘਾਟਾ ਪੂਰਾ ਕਰਨ ਲਈ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਵਾਲੇ ਆਮ ਵਰਗ ਦੇ ਲੋਕਾਂ ਉਤੇ ਵੱਡਾ ਬੋਝ ਪਾਇਆ ਹੈ। ਇਸ ਤੋਂ ਇਲਾਵਾ ਇੰਤਕਾਲ ਫੀਸ ਦੁੱਗਣੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ। ਬੱਸ ਕਿਰਾਏ ਦੀ ਗੱਲ ਕੀਤੀ ਜਾਵੇ ਤਾਂ ਸੱਤ ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਧਿਆ ਕਿਰਾਇਆ ਤੁਰਤ ਲਾਗੂ ਹੋ ਗਿਆ ਹੈ। ਹੁਣ ਸਾਧਾਰਨ ਬੱਸ ਵਿਚ ਸਫਰ ਕਰਨ ਲਈ 115 ਪੈਸੇ ਦੀ ਬਜਾਏ ਪ੍ਰਤੀ ਕਿਲੋਮੀਟਰ 122 ਪੈਸੇ ਦੇਣੇ ਪੈਣਗੇ। ਆਮ ਏਅਰ ਕੰਡੀਸ਼ੰਡ ਬੱਸ ਦਾ ਕਿਰਾਇਆ ਕਰੀਬ ਵੀਹ ਫੀਸਦੀ ਵੱਧ ਹੁੰਦਾ ਹੈ ਅਤੇ ਹੁਣ ਇਹ 139 ਪੈਸੇ ਤੋਂ ਵੱਧ ਕੇ 146 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ ਅਤੇ ਇੰਟੈਗਰਲ ਕੋਚ ਦਾ ਕਿਰਾਇਆ (ਇਹ 80 ਫੀਸਦੀ ਵੱਧ ਹੁੰਦਾ ਹੈ) 208 ਪੈਸੇ ਤੋਂ ਵਧ ਕੇ 220 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ।
ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਚੀਫ ਵਹਿਪ ਕੁਲਤਾਰ ਸਿੰਘ ਸੰਧਵਾਂ ਅਤੇ ਇਸੇ ਪਾਰਟੀ ਦੀ ਪੰਜਾਬ ਬਾਰੇ ਕੋਰ ਕਮੇਟੀ ਦੇ ਕਨਵੀਨਰ ਬੁੱਧਰਾਮ ਦਾ ਕਹਿਣਾ ਹੈ ਕਿ ਨਵੀਆਂ ਕਾਰਾਂ ਅਲਾਟ ਕਰਨ ਦੇ ਮਾਮਲੇ ਵਿਚ ਕਾਂਗਰਸ ਸਰਕਾਰ ਵਿਰੋਧੀ ਤੇ ਹੱਕਦਾਰ ਵਿਧਾਇਕਾਂ ਨਾਲ ਇਨਸਾਫ ਨਹੀਂ ਕਰ ਰਹੀ, ਜਿਨ੍ਹਾਂ ਦੀਆਂ ਸਰਕਾਰੀ ਕਾਰਾਂ ਲਗਭਗ ਕੰਡਮ ਹੋ ਚੁੱਕੀਆਂ ਹਨ ਤੇ ਗਾਹੇ ਬਗਾਹੇ ਸਫਰ ਦੇ ਦੌਰਾਨ ਖਰਾਬ ਹੋ ਕੇ ਖੜ੍ਹੀਆਂ ਹੋ ਜਾਂਦੀਆਂ ਹਨ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਰਾਹ ਵਿਚ ਹੀ ਜ਼ਲੀਲ ਹੋਣਾ ਪੈਂਦਾ ਹੈ। ਉਸ ਬਾਰੇ ਸਰਕਾਰ ਨੂੰ ਸੂਚਿਤ ਕਰਦੇ ਰਹਿੰਦੇ ਹਨ। ਦੋਹਾਂ ਵਿਰੋਧੀ ਵਿਧਾਇਕਾਂ ਨੇ ਦੋਸ਼ ਲਾਇਆ ਕਿ ਸਰਕਾਰੀ ਕਰਮਚਾਰੀਆਂ ਤੋਂ ਵਿਕਾਸ ਦੇ ਨਾਂ ਉਤੇ 200 ਰੁ. ਮਹੀਨੇ ਦੇ ਹਿਸਾਬ ਨਾਲ ਤਨਖਾਹ ਕੱਟੀ ਜਾਂਦੀ ਹੈ, ਜੇ ਸਰਕਾਰ ਨੂੰ ਫੰਡਾਂ ਦੀ ਕਮੀ ਹੈ, ਤਾਂ ਉਹ ਕੋਈ ਹੋਰ ਤਰੀਕਾ ਲੱਭੇ। ਖਰਚਾ ਘਟਾਉਣ ਦਾ ਕੁਲਹਾੜਾ ਵਿਚਾਰੇ ਸਰਕਾਰੀ ਕਰਮਚਾਰੀਆਂ ਵਿਸ਼ੇਸ਼ ਤੌਰ ਉਤੇ ਪੁਲਿਸ ਕਰਮੀਆਂ ਦੇ ਸਿਰ ਉਤੇ ਕਿਉਂ?