ਭਾਰਤ-ਚੀਨ ਮਸਲਾ ਤੇ ਭਾਰਤੀ ਲੀਡਰਾਂ ਦੀਆਂ ਬੇਤੁਕੀਆਂ

-ਜਤਿੰਦਰ ਪਨੂੰ
ਭਾਰਤੀ ਨਾਗਰਿਕ ਹੋਣ ਦੇ ਨਾਤੇ ਚੀਨ ਦੀ ਅਜੋਕੀ ਨੀਤੀ ਜਿੰਨੀ ਕਿਸੇ ਹੋਰ ਨੂੰ ਚੁਭਦੀ ਹੈ, ਸਾਨੂੰ ਵੀ ਉਸ ਤੋਂ ਵੱਧ ਨਹੀਂ ਤਾਂ ਕਿਸੇ ਹੋਰ ਤੋਂ ਘੱਟ ਨਹੀਂ ਚੁਭਦੀ। ਜਦੋਂ ਸਵਾਲ ਸਰਹੱਦ ਦੀ ਥਾਂ ਡੰਗ ਟਪਾਊ ਅਸਲ ਕੰਟਰੋਖ ਰੇਖਾ ਉਲੰਘਣ ਅਤੇ ਝੜਪ ਹੋਣ ਨਾਲ ਭਾਰਤ ਦੇ ਵੀਹ ਫੌਜੀਆਂ ਦੇ ਮਾਰੇ ਜਾਣ ਦਾ ਹੁੰਦਾ ਹੈ, ਸਾਨੂੰ ਵੀ ਇਸ ਦਾ ਓਨਾ ਹੀ ਗੁੱਸਾ ਆਉਂਦਾ ਹੈ ਤੇ ਆਉਣਾ ਵੀ ਚਾਹੀਦਾ ਹੈ, ਜਿੰਨਾ ਇਸ ਦੇਸ਼ ਵਿਚ ਕਿਸੇ ਹੋਰ ਨੂੰ ਆਉਂਦਾ ਹੈ। ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਚੀਨ ਨੇ ਬਹੁਤ ਸਾਰੇ ਖੇਤਰਾਂ ਵਿਚ ਤਰੱਕੀ ਕੀਤੀ ਹੈ,

ਇਹ ਤਰੱਕੀ ਉਸ ਨੂੰ ਮੁਬਾਰਕ, ਪਰ ਆਪਣੇ ਗਵਾਂਢੀ ਦੇਸ਼ਾਂ ਨਾਲ ਉਹ ਕੋਈ ਚੰਗਾ ਵਿਹਾਰ ਨਹੀਂ ਕਰਦਾ। ਇੱਕ ਵਕਤ ਸੰਸਾਰ ਭਰ ਦੇ ਖੱਬੇ ਪੱਖੀਆਂ ਅਤੇ ਦੇਸ਼ ਭਗਤ ਸੋਚ ਵਾਲੇ ਹੋਰ ਲੋਕਾਂ ਨੂੰ ਅਮਰੀਕਾ ਨਾਲ ਸਿੱਧਾ ਭਿੜ ਰਹੇ ਵੀਅਤਨਾਮ ਦੇ ਨਾਲ ਭਾਵੁਕ ਸਾਂਝ ਨਾਲ ਭਰਪੂਰ ਦੇਖਿਆ ਜਾਂਦਾ ਸੀ, ਪਰ ਜਦੋਂ ਸਾਮਰਾਜੀ ਜੂਲੇ ਤੋਂ ਉਸ ਦੀ ਬੰਦ ਖਲਾਸੀ ਹੋਈ ਤਾਂ ਉਸ ਨਾਲ ਵੀ ਚੀਨ ਨੇ ਆਢਾ ਲਾ ਲਿਆ ਸੀ। ਉਸ ਵਕਤ ਅਮਰੀਕੀ ਕਮਿਊਨਿਸਟ ਪਾਰਟੀ ਦੇ ਜਨਰਲ ਸੈਕਟਰੀ ਗੱਸ ਹਾਲ ਦੀ ਚੀਨੀ ਆਗੂਆਂ ਦੇ ਨਾਂ ਇੱਕ ਖੁੱਲ੍ਹੀ ਚਿੱਠੀ ਬਹੁਤ ਚਰਚਿਤ ਹੋਈ ਸੀ, ਜਿਸ ਨੇ ਪੜ੍ਹੀ ਹੋਵੇਗੀ, ਉਹ ਅੱਜ ਦੇ ਚੀਨ ਦੀਆਂ ਨੀਤੀਆਂ ਬਾਰੇ ਵੱਧ ਚੰਗੀ ਤਰ੍ਹਾਂ ਸਮਝ ਸਕਦੇ ਹਨ। ਚੀਨ ਦੀ ਲੀਡਰਸ਼ਿਪ ਇਸ ਵਕਤ ਬਾਕੀ ਸੰਸਾਰ ਨਾਲ ਕਿਵੇਂ ਵਰਤਦੀ ਹੈ, ਉਸ ਨੂੰ ਛੱਡ ਕੇ ਸਿਰਫ ਭਾਰਤ ਬਾਰੇ ਵੇਖਿਆ ਜਾਵੇ ਤਾਂ ਉਸ ਦਾ ਵਿਹਾਰ ਆਮ ਕਰ ਕੇ ਵੈਰ-ਭਾਵੀ ਗਵਾਂਢੀ ਵਾਲਾ ਰਿਹਾ ਹੈ।
ਅਸੀਂ 1962 ਦੀ ਜੰਗ ਦੀ ਗੱਲ ਨਹੀਂ ਛੇੜਨਾ ਚਾਹੁੰਦੇ, ਜਿਸ ਦੀ ਜਾਂਚ ਰਿਪੋਰਟ ਉਸ ਵਕਤ ਤੋਂ ਅੱਜ ਤਕ ਸਾਡੇ ਦੇਸ਼ ਦੀਆਂ ਕਈ ਸਰਕਾਰਾਂ ਨੇ ਰਿਲੀਜ਼ ਕਰਨ ਦੇ ਵਾਅਦੇ ਕੀਤੇ, ਨਰਿੰਦਰ ਮੋਦੀ ਨੇ ਵੀ ਇਹੋ ਵਾਅਦਾ ਕੀਤਾ ਸੀ, ਪਿਛੋਂ ਸਭ ਨੇ ਭੁਲਾ ਦਿੱਤੇ ਤੇ ਫਿਰ ਗੱਲ ਆਈ-ਗਈ ਹੋ ਜਾਂਦੀ ਰਹੀ। ਸਾਡੇ ਸਮਿਆਂ ਵਿਚ ਚੀਨ ਜੰਗ ਛੇੜ ਦੇਵੇਗਾ, ਇਹ ਗੱਲ ਬੜੀ ਦੇਰ ਦੀ ਚੱਲਦੀ ਸੀ, ਪਰ ਜੰਗ ਦੀ ਸੰਭਾਵਨਾ ਅੱਜ ਜਿੰਨੀ ਕਦੇ ਨਹੀਂ ਬਣੀ। ਅੱਜ ਵੀ ਇਹ ਕੋਈ ਪੱਕਾ ਨਹੀਂ ਕਿ ਜੰਗ ਲੱਗੇਗੀ, ਇਹ ਟਲਣੀ ਚਾਹੀਦੀ ਹੈ ਤੇ ਟਲ ਸਕਦੀ ਹੈ। ਫਿਰ ਵੀ ਚੀਨ ਦਾ ਵਿਹਾਰ ਕਈ ਮਾਮਲਿਆਂ ਵਿਚ ਭਾਰਤ ਦੇ ਲੋਕਾਂ ਨੂੰ ਨਾ ਸਿਰਫ ਚੁਭਦਾ ਹੈ, ਸਗੋਂ ਕਿਸੇ ਖਾਸ ਨੀਤੀ ਦਾ ਪ੍ਰਤੀਕ ਜਾਪਦਾ ਹੈ। ਕਈ ਸਾਲ ਪਹਿਲਾਂ ਜਦੋਂ ਉਸ ਦੇ ਇੰਜੀਨੀਅਰ ਪਾਕਿਸਤਾਨ ਦੇ ਖੋਕਰਾਪਾਰ ਰੇਲਵੇ ਸਟੇਸ਼ਨ ਉਤੇ ਆ ਬੈਠੇ ਸਨ, ਅਸੀਂ ਉਦੋਂ ਵੀ ਕਿਹਾ ਸੀ ਕਿ ਚੀਨ ਦਾ ਏਥੇ ਆਉਣਾ ਠੀਕ ਨਹੀਂ। ਭਾਰਤ-ਪਾਕਿਸਤਾਨ ਵਿਚਾਲੇ ਜਿਵੇਂ ਅਟਾਰੀ-ਵਾਹਗਾ ਰੇਲ ਲਾਈਨ ਹੈ, ਉਸੇ ਤਰ੍ਹਾਂ ਰਾਜਸਥਾਨ ਦੇ ਮੁੰਨਾਬਾਓ ਤੋਂ ਪਾਕਿਸਤਾਨ ਦੇ ਖੋਕਰਾਪਾਰ ਵਿਚਾਲੇ ਵੀ ਰੇਲ ਲਿੰਕ ਹੈ ਤੇ ਖੋਕਰਾਪਾਰ ਦਾ ਰੇਲਵੇ ਸਟੇਸ਼ਨ ਉਥੇ ਸਰਹੱਦ ਦੀ ਲਾਈਨ ਪਾਰ ਕਰਦੇ ਸਾਰ ਹੀ ਬਣਿਆ ਹੋਇਆ ਹੈ। ਕਈ ਸਾਲ ਪਹਿਲਾਂ ਉਸ ਰੇਲਵੇ ਸਟੇਸ਼ਨ ਨੂੰ ਅਪਗਰੇਡ ਕਰਨ ਦੇ ਬਹਾਨੇ ਚੀਨ ਦੇ ਫੌਜੀ ਇੰਜੀਨੀਅਰ ਉਥੇ ਆਣ ਬੈਠੇ ਸਨ ਤੇ ਕਈ ਮਹੀਨੇ ਉਥੇ ਹੀ ਰਹੇ ਸਨ। ਐਟਮੀ ਤਾਕਤ ਹੋਣ ਦੇ ਦਾਅਵੇ ਕਰਨ ਵਾਲਾ ਪਾਕਿਸਤਾਨ ਆਪਣਾ ਰੇਲਵੇ ਸਟੇਸ਼ਨ ਵੀ ਅਪਗਰੇਡ ਨਹੀਂ ਕਰ ਸਕਦਾ, ਇਹ ਗੱਲ ਮੰਨਣੀ ਔਖੀ ਹੈ, ਇਹ ਸਿਰਫ ਚੀਨੀ ਫੌਜੀਆਂ ਦੇ ਉਥੇ ਆਉਣ ਦਾ ਬਹਾਨਾ ਸਮਝਿਆ ਗਿਆ ਸੀ। ਅਸੀਂ ਉਸ ਪਿਛੋਂ ਪਾਕਿਸਤਾਨ ਵਿਚ ਸੜਕਾਂ ਬਣਾਉਣ ਦੇ ਬਹਾਨੇ ਹਰ ਥਾਂ ਚੀਨ ਦੇ ਫੌਜੀ ਇੰਜੀਨੀਅਰਾਂ ਦਾ ਆਉਣਾ ਵੀ ਵੇਖਿਆ ਹੋਇਆ ਹੈ।
ਚੀਨ ਸਰਕਾਰ ਅਤੇ ਉਸ ਨੂੰ ਚਲਾਉਣ ਵਾਲਿਆਂ ਦੀਆਂ ਨੀਤੀਆਂ ਆਪਣੀ ਥਾਂ ਹਨ, ਅਤੇ ਇਹ ਨੀਤੀਆਂ ਭਾਰਤੀ ਲੋਕਾਂ ਲਈ ਚੰਗੀਆਂ ਨਹੀਂ ਜਾਪਦੀਆਂ, ਪਰ ਭਾਰਤ ਵਿਚ ਚੀਨ ਦੀ ਘਰ-ਘਰ ਪਹੁੰਚ ਕਰਨ ਵੇਲੇ ਇਹ ਗੱਲਾਂ ਕਿਸੇ ਵੀ ਪਾਰਟੀ ਨੇ ਨਹੀਂ ਸਨ ਸੋਚੀਆਂ। ਅੱਜ ਭਾਰਤ ਵਿਚ ਸਭ ਤੋਂ ਵੱਧ ਵਿਕਦੇ ਪੰਜ ਮੋਬਾਈਲ ਫੋਨ ਸੈੱਟਾਂ ਵਿਚੋਂ ਚਾਰ ਚੀਨ ਦੇ ਬਣੇ ਵਿਕਦੇ ਹਨ। ਨਰਿੰਦਰ ਮੋਦੀ ਸਰਕਾਰ ਬਾਈਕਾਟ ਦਾ ਨਾਅਰਾ ਦੇ ਰਹੀ ਹੈ। ਲੋਕ ਬਾਈਕਾਟ ਵੀ ਕਰਨ ਤਾਂ ਇਸ ਪਿਛੋਂ ਨਹੀਂ ਖਰੀਦਣਗੇ, ਪਹਿਲੇ ਖਰੀਦੇ ਸੈੱਟ ਕਿਸੇ ਨੇ ਨਹਿਰ ਵਿਚ ਨਹੀਂ ਸੁੱਟਣੇ, ਉਹ ਫਿਰ ਵੀ ਚੱਲਦੇ ਰਹਿਣਗੇ। ਟੀ. ਵੀ. ਚੈਨਲਾਂ ਵਾਲੇ ਐਂਕਰ ਮੁੰਡੇ-ਕੁੜੀਆਂ ਜਦੋਂ ਭਾਰਤ ਦੇ ਲੋਕਾਂ ਨੂੰ ਚੀਨੀ ਮਾਲ ਦੇ ਬਾਈਕਾਟ ਨੂੰ ਉਕਸਾਉਂਦੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਪਏ ਲੈਪ-ਟਾਪ ਉਤੇ ਚੀਨੀ ਕੰਪਨੀ ਦਾ ਨਾਂ ਲਿਖਿਆ ਸਾਫ ਦਿੱਸਦਾ ਹੁੰਦਾ ਹੈ। ਚੀਨ ਦੀ ਕੰਪਨੀ ਅਜਿਹਾ ਸਾਮਾਨ ਜਦੋਂ ਭਾਰਤ ਵਿਚ ਵੇਚਦੀ ਹੈ ਤਾਂ ਨਾ ਉਸ ਦੇ ਮੈਨੇਜਰ ਤੇ ਸੇਲਜ਼-ਪਰਸਨ ਚੀਨ ਤੋਂ ਆਉਂਦੇ ਹਨ ਤੇ ਨਾ ਮਾਲ ਹੀ ਚੀਨ ਦਾ ਬਣਿਆ ਹੁੰਦਾ ਹੈ। ਸ਼ਿਓਮੀ ਨਾਂ ਦੀ ਚੀਨੀ ਕੰਪਨੀ ਦੇ ਸੱਤ ਪਲਾਂਟ ਭਾਰਤ ਵਿਚ ਲੱਗੇ ਹੋਏ ਹਨ ਅਤੇ ਭਾਰਤ ਵਿਚ ਉਨ੍ਹਾਂ ਦਾ ਸਭ ਤੋਂ ਵੱਡਾ ਅਧਿਕਾਰੀ ਮਨੂੰ ਜੈਨ ਚੀਨੀ ਨਹੀਂ, ਭਾਰਤੀ ਹੈ।
ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਤੇ ਸ੍ਰੀਸਿਟੀ-ਦੋ ਸ਼ਹਿਰਾਂ ਵਿਚ ਅਤੇ ਤਾਮਿਲਨਾਡੂ ਦੇ ਸ੍ਰੀਪੇਰੰਬਦੂਰ ਜਾਂ ਉੱਤਰ ਪ੍ਰਦੇਸ਼ ਦੇ ਦਿੱਲੀ ਨਾਲ ਜੁੜਵੇਂ ਨੋਇਡਾ ਨਾਂ ਦੇ ਸ਼ਹਿਰ ਵਿਚ ਇਹ ਪਲਾਂਟ ਉਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿਚ ਲੱਗੇ ਹਨ, ਜੋ ਚੀਨ ਦੇ ਬਾਈਕਾਟ ਦੀ ਮੁਹਿੰਮ ਦਾ ਆਗੂ ਸਮਝਿਆ ਜਾਂਦਾ ਹੈ। ਗੁਜਰਾਤ ਵਿਚ ਨਰਿੰਦਰ ਮੋਦੀ ਵੱਲੋਂ ਲਵਾਇਆ ਸਰਦਾਰ ਪਟੇਲ ਦਾ ਬੁੱਤ ਵੀ ਚੀਨ ਦੀ ਕਾਰੀਗਰੀ ਦਾ ਨਮੂਨਾ ਪੇਸ਼ ਕਰਦਾ ਹੈ ਤੇ ਧਾਰਮਿਕ ਮੂਰਤੀਆਂ ਅਤੇ ਹੋਰ ਪ੍ਰਤੀਕ ਵੀ ਚੀਨ ਦੇ ਬਣਾਏ ਹੋਏ ਭਾਰਤ ਵਿਚ ਵਿਕਦੇ ਹਨ। ਇਸ ਦਾ ਤੋੜ ਭਾਰਤ ਦੀ ਸਰਕਾਰ ਕੋਲ ਕੋਈ ਹੈ ਨਹੀਂ। ਦੇਸ਼ ਦੀ ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਖਿਝ ਰਹੀ ਹੈ ਕਿ ਅਸੀਂ ਏਨੇ ਗਏ-ਬੀਤੇ ਹਾਂ ਕਿ ਆਪਣੇ ਲਈ ਧਾਰਮਿਕ ਮੂਰਤੀਆਂ ਨਹੀਂ ਬਣਾ ਸਕਦੇ, ਪਰ ਇਸ ਨਾਲ ਉਹ ਸਾਫ ਮੰਨ ਜਾਂਦੀ ਹੈ ਕਿ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਮੰਦਿਰਾਂ ਵਿਚ ਚੀਨ ਤੋਂ ਬਣਵਾਈਆਂ ਪਈਆਂ ਹਨ। ਇਹ ਸਾਰਾ ਕੁਝ ਹੁੰਦੇ ਹੋਏ ਵੀ ਜਿਹੜਾ ਕੋਈ ਬਾਈਕਾਟ ਕਰਵਾ ਸਕਦਾ ਹੈ, ਕਰਵਾ ਲਵੇ, ਕੋਈ ਰੋਕਣ ਨਹੀਂ ਲੱਗਾ।
ਇਸ ਬਾਈਕਾਟ ਕਰਨ ਜਾਂ ਨਾ ਕਰਨ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ ਜੋ ਮੁੱਦਾ ਇਸ ਵੇਲੇ ਲੋਕਾਂ ਦੀ ਬਹਿਸ ਦਾ ਕੇਂਦਰ ਬਣਿਆ ਪਿਆ ਹੈ, ਉਸ ਵਿਚ ਕੇਂਦਰ ਸਰਕਾਰ ਅਤੇ ਖੁਦ ਪ੍ਰਧਾਨ ਮੰਤਰੀ ਇੱਕ ਪਿਛੋਂ ਦੂਜੀ ਅਜਿਹੀ ਗੱਲ ਕਹੀ ਜਾਂਦੇ ਹਨ, ਜਿਸ ਨਾਲ ਭਾਰਤ ਦੀ ਸਥਿਤੀ ਹਾਸੋਹੀਣੀ ਹੋਈ ਜਾਂਦੀ ਹੈ। ਪ੍ਰਧਾਨ ਮੰਤਰੀ ਨੂੰ ਪਹਿਲਾਂ ਇਹ ਗੱਲ ਕਹਿੰਦੇ ਸੁਣਿਆ ਗਿਆ ਕਿ ਭਾਰਤ ਦੀ ਹੱਦ ਵਿਚ ਚੀਨ ਇੱਕ ਇੰਚ ਵੀ ਘੁਸਪੈਠ ਨਹੀਂ ਕਰ ਸਕਿਆ ਅਤੇ ਭਾਸ਼ਣ ਚੱਲਦੇ ਵਿਚ ਹੀ ਦੂਜੀ ਗੱਲ ਉਨ੍ਹਾਂ ਕਹਿ ਦਿੱਤੀ ਕਿ ਚੀਨ ਵਾਲੇ ਸਾਡੀ ਹੱਦ ਵਿਚ ਆ ਕੇ ਉਸਾਰੀ ਕਰਦੇ ਸਨ ਅਤੇ ਸਾਡੇ ਫੌਜੀ ਜਵਾਨਾਂ ਨੇ ਜਾ ਕੇ ਰੋਕਿਆ ਤਾਂ ਝੜਪ ਹੋਈ ਸੀ। ਲੋਕ ਹੈਰਾਨ ਸਨ ਕਿ ਨਾਲੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਇੱਕ ਇੰਚ ਅੱਗੇ ਨਹੀਂ ਆਏ ਤੇ ਨਾਲੇ ਕਿਹਾ ਹੈ ਕਿ ਸਾਡੀ ਹੱਦ ਵਿਚ ਉਹ ਉਸਾਰੀ ਕਰਦੇ ਪਏ ਸਨ। ਅੱਗੇ ਨਹੀਂ ਸਨ ਆਏ ਤਾਂ ਸਾਡੀ ਹੱਦ ਵਿਚ ਉਹ ਉਸਾਰੀ ਕਿਵੇਂ ਕਰਦੇ ਸਨ? ਇਹ ਗੱਲ ਸਮਝ ਤੋਂ ਪਰੇ ਸੀ। ਫਿਰ ਇਹ ਸਵਾਲ ਉੱਠ ਪਿਆ ਹੈ ਕਿ ਚੀਨ ਸਾਡੀ ਹੱਦ ਵਿਚ ਵੜਿਆ ਨਹੀਂ ਸੀ ਤਾਂ ਝੜਪ ਵਿਚ ਭਾਰਤੀ ਫੌਜੀ ਜਿਸ ਥਾਂ ਮਾਰੇ ਗਏ, ਉਹ ਜਗ੍ਹਾ ਕਿੱਧਰ ਸੀ? ਜੇ ਉਹ ਜਗ੍ਹਾ ਸਾਡੀ ਹੱਦ ਵਿਚ ਨਹੀਂ ਸੀ ਤਾਂ ਕੱਲ੍ਹ ਨੂੰ ਦੁਨੀਆਂ ਵਾਲੇ ਸਮਝਣਗੇ ਕਿ ਭਾਰਤੀ ਫੌਜ ਨੇ ਕੰਟਰੋਲ ਰੇਖਾ ਟੱਪਣ ਦੀ ਗਲਤੀ ਕੀਤੀ ਸੀ। ਇਹ ਭਾਰਤ ਦਾ ਪ੍ਰਭਾਵ ਹੋਰ ਵੀ ਖਰਾਬ ਕਰਨ ਵਾਲੀ ਗੱਲ ਸੀ।
ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਸੀ, ਇਹੋ ਕਹਿਣ ਦੀ ਭੁੱਲ ਉਦੋਂ ਵੀ ਪਹਿਲੇ ਪੜਾਅ ਉਤੇ ਹੋਈ ਸੀ ਕਿ ਪਾਕਿਸਤਾਨ ਦੀ ਫੌਜ ਸਾਡੇ ਪਾਸੇ ਵੱਲ ਘੁਸਪੈਠ ਕਰ ਹੀ ਨਹੀਂ ਸਕੀ, ਪਰ ਜਦੋਂ ਲੜਾਈ ਲਮਕ ਗਈ ਤਾਂ ਸਰਕਾਰ ਨੂੰ ਕਹਿਣਾ ਪਿਆ ਸੀ ਕਿ Aਨ੍ਹਾਂ ਨੇ ਹੱਦ ਲੰਘ ਕੇ ਗਲਤੀ ਕੀਤੀ ਹੈ, ਜਦੋਂ ਤੱਕ ਪਹਿਲੀ ਥਾਂ ਨਹੀਂ ਚਲੇ ਜਾਣਗੇ, ਗੋਲੀਬੰਦੀ ਨਹੀਂ ਹੋ ਸਕਦੀ। ਉਹੀ ਗਲਤੀ ਇਸ ਵਾਰ ਫਿਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹੱਦ ਉਲੰਘੀ ਹੈ ਤਾਂ ਸਿੱਧਾ ਕਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਉਨ੍ਹਾਂ ਦੀ ਜੁਰਅੱਤ ਨਹੀਂ ਕਿ ਹੱਦ ਉਲੰਘ ਜਾਣ ਤੇ ਵਿਦੇਸ਼ ਮੰਤਰੀ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਅਸਲੀ ਕੰਟਰੋਲ ਰੇਖਾ ਦਾ ਸਤਿਕਾਰ ਕਾਇਮ ਨਹੀਂ ਰੱਖਿਆ, ਜਿਸ ਦਾ ਅਰਥ ਹੈ ਕਿ ਉਨ੍ਹਾਂ ਨੇ ਹੱਦ ਉਲੰਘੀ ਹੈ। ਇਸ ਨਾਲ ਸੰਸਾਰ ਵਿਚ ਜੋ ਤਸਵੀਰ ਪੇਸ਼ ਹੁੰਦੀ ਹੈ, ਪ੍ਰਧਾਨ ਮੰਤਰੀ ਜਾਂ ਉਸ ਦੀ ਟੀਮ ਦੇ ਮੈਂਬਰਾਂ ਨੂੰ ਉਸ ਦੀ ਚਿੰਤਾ ਹੀ ਨਹੀਂ ਜਾਪਦੀ।
ਚੀਨ ਇੱਕ-ਸਾਰ ਚਾਲ ਚੱਲਣਾ ਜਾਣਦਾ ਹੈ ਤੇ ਉਥੋਂ ਦੀ ਲੀਡਰਸ਼ਿਪ ਹੋਮ-ਵਰਕ ਕੀਤੇ ਬਿਨਾ ਕੁਝ ਨਹੀਂ ਬੋਲਦੀ ਤੇ ਭਾਰਤ ਦੀ ਮੁਸ਼ਕਿਲ ਇਹ ਹੈ ਕਿ ਇਥੇ ਹਰ ਕੋਈ ਬੋਲੀ ਜਾਂਦਾ ਹੈ। ਸੜਕਾਂ ਦਾ ਮੰਤਰੀ ਬਾਰਡਰ ਬਾਰੇ ਬੋਲਦਾ ਹੈ ਅਤੇ ਰੱਖਿਆ ਮੰਤਰੀ ਖੁਰਾਕ ਸਪਲਾਈ ਬਾਰੇ ਤੇ ਖੁਰਾਕ ਸਪਲਾਈ ਵਾਲਾ ਮੰਤਰੀ ਕਰੋਨਾ ਵਾਇਰਸ ਦਾ ਇਲਾਜ ਕਰਨ ਵਾਲੀ ਵੈਕਸੀਨ ਦੀ ਵਿਆਖਿਆ ਕਰੀ ਜਾਂਦਾ ਹੈ। ਆਪੋ ਆਪਣੀ ਹੱਦ ਵਿਚ ਰਹਿਣਾ ਤੇ ਸੋਚ ਕੇ ਬੋਲਣਾ ਕੋਈ ਆਗੂ ਜਾਣਦਾ ਹੀ ਨਹੀਂ। ਹੇਠਲੇ ਆਗੂਆਂ ਨੂੰ ਇਹ ਹੱਦ ਰੱਖਣ ਦੀ ਲੋੜ ਕੀ ਹੈ, ਜਦੋਂ ਪ੍ਰਧਾਨ ਮੰਤਰੀ ਖੁਦ ਇਹ ਹੱਦ ਨਹੀਂ ਰੱਖਦੇ। ਭਾਰਤ ਦੀਆਂ ਚੀਨ ਸਮੇਤ ਬਹੁਤੀਆਂ ਉਲਝਣਾਂ ਦਾ ਕਾਰਨ ਵੀ ਸ਼ਾਇਦ ਇਹੋ ਹੈ ਕਿ ਇਥੇ ਬੋਲਣ ਤੋਂ ਪਹਿਲਾਂ ਤੋਲਣ ਲਈ ਛੋਟਾ-ਵੱਡਾ ਕੋਈ ਵੀ ਆਗੂ ਤਿਆਰ ਨਹੀਂ। ਬਹੁਤੇ ਸਿਆਣਿਆਂ ਦੀ ਖਿੱਚੋਤਾਣ ਹਰ ਮਸਲੇ ਨੂੰ ਗੰਭੀਰ ਬਣਾ ਦਿੰਦੀ ਹੈ ਅਤੇ ਫਿਰ ਦੋਸ਼ ਜਿਸ ਨੂੰ ਮਰਜ਼ੀ ਦੇ ਲਿਆ ਜਾਵੇ, ਆਪਣੀ ਬੁੱਕਲ ਵਿਚ ਝਾਤੀ ਮਾਰਨ ਦੀ ਲੋੜ ਕਿਸੇ ਨੂੰ ਨਹੀਂ ਪੈਂਦੀ।