ਚੀਨ ਬਾਰੇ ਬਿਆਨ ‘ਤੇ ਕਸੂਤੇ ਫਸੇ ਮੋਦੀ

ਡਾ. ਮਨਮੋਹਨ ਸਿੰਘ ਵਲੋਂ ਸੰਭਲ ਕੇ ਬੋਲਣ ਦੀ ਤਾਕੀਦ
ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਵਾਦੀ ਵਿਚ ਭਾਰਤੀ ਅਤੇ ਚੀਨੀ ਫੌਜ ਵਿਚਕਾਰ ਹੋਈ ਝੜਪ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਬਿਆਨ ਪਿੱਛੋਂ ਭਾਰਤੀ ਸਿਆਸਤ ਵਿਚ ਭੂਚਾਲ ਆਇਆ ਹੋਇਆ ਹੈ। ਮੋਦੀ ਦਾ ਇਹ ਬਿਆਨ ਭਾਰਤ ਅਤੇ ਕੌਮਾਂਤਰੀ ਮਸਲਿਆਂ ਉਤੇ ਮੌਜੂਦਾ ਸਰਕਾਰ ਦੀ ਸੋਚ ਤੇ ਸਮਝ ਉਤੇ ਵੀ ਸਵਾਲ ਚੁੱਕਣ ਵਾਲਾ ਹੈ।

ਦਰਅਸਲ, ਲੱਦਾਖ ਦੀ ਗਲਵਾਨ ਵਾਦੀ ਵਿਚ ਚੀਨੀ ਫੌਜ ਵਲੋਂ 20 ਭਾਰਤੀ ਜਵਾਨਾਂ ਦੀ ਹੱਤਿਆ ਮਗਰੋਂ ਜਦੋਂ ਪੂਰੇ ਮੁਲਕ ਵਿਚ ਚੀਨ ਦੀ ਧੱਕੇਸ਼ਾਹੀ ਖਿਲਾਫ ਰੋਹ ਸੀ ਤਾਂ ਮੋਦੀ ਨੇ ਆਪਣੇ ਬਿਆਨ ਵਿਚ ਦਾਅਵਾ ਕਰ ਦਿੱਤਾ ਕਿ ਚੀਨ ਨੇ ਸਾਡੇ ਕਿਸੇ ਇਲਾਕੇ ਵਿਚ ਘੁਸਪੈਠ ਨਹੀਂ ਕੀਤੀ ਅਤੇ ਸਾਡੀ ਇਕ ਇੰਚ ਜ਼ਮੀਨ ਵੀ ਚੀਨ ਦੇ ਕਬਜ਼ੇ ਵਿਚ ਨਹੀਂ।
ਇਸ ਤੋਂ ਬਾਅਦ ਸਿਆਸੀ ਧਿਰਾਂ ਤੇ ਕੌਮਾਂਤਰੀ ਮਸਲਿਆਂ ਦੀ ਸਮਝ ਰੱਖਣ ਵਾਲਿਆਂ ਨੇ ਸਵਾਲ ਦਾਗੇ ਕਿ ਜੇਕਰ ਚੀਨ ਸਾਡੀ ਸਰਹੱਦ ਅੰਦਰ ਆਇਆ ਹੀ ਨਹੀਂ ਤਾਂ ਦੋਵਾਂ ਫੌਜਾਂ ਵਿਚਾਲੇ ਝੜਪ ਕਿਥੇ ਤੇ ਕਿਵੇਂ ਹੋਈ, 20 ਜਵਾਨ ਕਿਵੇਂ ਮਾਰੇ ਗਏ? ਇਨ੍ਹਾਂ ਸਵਾਲਾਂ ਅੱਗੇ ਮੋਦੀ ਸਰਕਾਰ ਲਾਜਵਾਬ ਹੋ ਗਈ ਅਤੇ ਫਿਰ ਪ੍ਰਧਾਨ ਮੰਤਰੀ ਦਫਤਰ (ਪੀæਐਮæਓæ) ਨੇ ਖਹਿੜਾ ਛੁਡਾਉਣ ਲਈ ਆਖ ਦਿੱਤਾ ਕਿ ਪ੍ਰਧਾਨ ਮੰਤਰੀ ਪਿਛਲੇ ਸਮੇਂ ਦੀ ਗੱਲ ਕਰ ਰਹੇ ਸਨ। ਭਾਵੇਂ ਪੀæਐਮæਓæ ਦੀ ਸਫਾਈ ਨਾਲ ਇਸ ਵਿਵਾਦ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਮੋਦੀ ਦਾ ਇਹ ਬਿਆਨ ਭਾਰਤ ਨੂੰ ਕੌਮਾਂਤਰੀ ਪੱਧਰ ਉਤੇ ‘ਝੂਠਾ’ ਸਾਬਤ ਕਰਨ ਵਾਲਾ ਹੈ।
ਇਸੇ ਬਿਆਨ ਬਾਰੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਨੂੰ ਸਲਾਹ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਵਲੋਂ ਵਰਤੇ ਗਏ ਸ਼ਬਦਾਂ ਦੇ ਅਸਰ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਚੀਨ ਨੂੰ ਪ੍ਰਧਾਨ ਮੰਤਰੀ ਦੇ ਸ਼ਬਦ ਵਰਤ ਕੇ ਆਪਣਾ ਰੁਖ ਦਰੁਸਤ ਸਾਬਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਡਾæ ਸਿੰਘ ਨੇ ‘ਸੰਭਲ ਕੇ ਬੋਲਣ’ ਦੀ ਤਾਕੀਦ ਦੁਹਰਾਉਂਦਿਆਂ ਸਲਾਹ ਦਿੱਤੀ ਕਿ ਅੱਜ ਅਸੀਂ ਇਤਿਹਾਸ ਦੇ ਨਾਜ਼ੁਕ ਮੋੜ ‘ਤੇ ਖੜ੍ਹੇ ਹਾਂ। ਸਾਡੀ ਸਰਕਾਰ ਦੇ ਫੈਸਲੇ ਅਤੇ ਸਰਕਾਰ ਵਲੋਂ ਚੁੱਕੇ ਗਏ ਕਦਮ ਹੀ ਤੈਅ ਕਰਨਗੇ ਕਿ ਭਵਿੱਖ ਦੀਆਂ ਪੀੜ੍ਹੀਆਂ ਕਿਵੇਂ ਸਾਡਾ ਮੁਲੰਕਣ ਕਰਦੀਆਂ ਹਨ। ਚੇਤੇ ਰਹੇ ਕਿ ਚੀਨ ਨੇ ਅਪਰੈਲ 2020 ਤੋਂ ਲੈ ਕੇ ਹੁਣ ਤੱਕ ਭਾਰਤੀ ਸਰਹੱਦ ‘ਚ ਗਲਵਾਨ ਘਾਟੀ ਅਤੇ ਪੈਂਗੋਗ ਸੋ ਝੀਲ ਵਿਚ ਕਈ ਵਾਰ ਘੁਸਪੈਠ ਕੀਤੀ ਹੈ। ਭਾਰਤ ਸਰਕਾਰ ਖੁਦ ਇਹ ਖੁਲਾਸਾ ਕਰ ਚੁੱਕੀ ਹੈ ਪਰ ਮੋਦੀ ਤਾਜ਼ਾ ਬਿਆਨ ਕਿਸ ਹਿਸਾਬ ਨਾਲ ਦੇ ਗਏ, ਇਹ ਵੱਡਾ ਸਵਾਲ ਹੈ।
ਅਸਲ ਵਿਚ ਚੀਨ 60 ਦੇ ਦਹਾਕੇ ਤੋਂ ਹੀ ਭਾਰਤ ਦੇ ਹਲਕ ਵਿਚ ਫਸਿਆ ਹੋਇਆ ਹੈ। 1962 ਤੋਂ ਬਾਅਦ 1967 ਵਿਚ ਇਕ ਵਾਰ ਫਿਰ ਸਿੱਕਮ ਵਿਚ ਚੀਨੀ ਅਤੇ ਭਾਰਤੀ ਫੌਜੀਆਂ ਦਰਮਿਆਨ ਝੜਪ ਹੋਈ ਸੀ। ਲੱਦਾਖ ਵਿਚ ਚੀਨ ਦੇ ਹੱਥੋਂ ਵੀਹ ਭਾਰਤੀ ਫੌਜੀਆਂ ਦੇ ਮਾਰੇ ਜਾਣ ਦੀ ਘਟਨਾ ਤੋਂ ਪਹਿਲਾਂ ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੀਨੀ ਰਾਸ਼ਟਰਪਤੀ ਦੇ ਨਾਲ ਆਪਣੀਆਂ 18 ਮੁਲਾਕਾਤਾਂ ਨਾਲ ਪੈਦਾ ਹੋਈ ਕਲਪਨਾ ਵਿਚ ਸਨ। ਅਕਤੂਬਰ 1962 ਵਿਚ ਚੀਨੀ ਫੌਜ ਨੇ ਲੱਦਾਖ ਵਿਚ ਹੀ ਮੈਕਮੋਹਨ ਰੇਖਾ ਪਾਰ ਕਰ ਕੇ ਭਾਰਤੀ ਚੌਕੀਆਂ ‘ਤੇ ਹਮਲਾ ਕਰ ਕੇ ਯੁੱਧ ਦੀ ਸ਼ੁਰੂਆਤ ਕੀਤੀ ਸੀ। ਜਦੋਂ ਚੀਨ ਦਾ ਮਨੋਰਥ ਪੂਰਾ ਹੋ ਗਿਆ, ਤਾਂ ਉਸ ਨੇ ਆਪਣੇ ਵਲੋਂ ਯੁੱਧਬੰਦੀ ਵੀ ਐਲਾਨ ਦਿੱਤੀ; ਭਾਵ ਹਮਲੇ ਦੀ ਸ਼ੁਰੂਆਤ ਵੀ ਉਸ ਨੇ ਕੀਤੀ ਅਤੇ ਯੁੱਧ ਰੋਕਣ ਦਾ ਐਲਾਨ ਵੀ ਉਸ ਨੇ ਹੀ ਕੀਤਾ। ਹੁਣ ਭਾਰਤ ਨੇ ਅਧਿਕਾਰਤ ਰੂਪ ਨਾਲ ਕਹਿ ਦਿੱਤਾ ਹੈ ਕਿ ਉਸ ਦੀ ਕਿਸੇ ਚੌਕੀ ‘ਤੇ ਚੀਨ ਨੇ ਕਬਜ਼ਾ ਨਹੀਂ ਕੀਤਾ। ਇਸ ਨਾਲ ਚੀਨ ਦੇ ਰਣਨੀਤੀਕਾਰਾਂ ਨੂੰ ਖਾਸੀ ਰਾਹਤ ਮਿਲੀ ਹੈ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਫਾਇਦੇ ਦੀ ਸਥਿਤੀ ਨੂੰ ਭਾਰਤ ਨੇ ਸਵੀਕਾਰ ਕਰ ਲਿਆ ਹੈ। ਸਿਆਸੀ ਮਾਹਰ ਦਾਅਵਾ ਕਰ ਰਹੇ ਹਨ ਕਿ ਮੋਦੀ ਦਾ ਇਹ ਬਿਆਨ ਭਵਿੱਖ ਵਿਚ ਭਾਰਤ ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ।