ਸੰਸਾਰ ਵਿਚ ਕਰੋਨਾ ਵਾਇਰਸ ਦਾ ਸਿਲਸਿਲਾ ਠੱਲ੍ਹਣ ਦਾ ਨਾਮ ਨਹੀਂ ਲੈ ਰਿਹਾ। ਸੰਸਾਰ ਭਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਇਕ ਕਰੋੜ ਨੂੰ ਹੱਥ ਲਾਉਣ ਦੇ ਨੇੜੇ ਪੁੱਜ ਗਈ ਹੈ ਅਤੇ ਰਿਪੋਰਟ ਹੋਈਆਂ ਮੌਤਾਂ ਦੀ ਗਿਣਤੀ ਵੀ ਸਾਢੇ ਚਾਰ ਲੱਖ ਦੇ ਨੇੜੇ-ਤੇੜੇ ਹੈ। ਵੱਖ-ਵੱਖ ਮੁਲਕਾਂ ਵਿਚ ਜਿਉਂ-ਜਿਉਂ ਕਰੋਨਾ ਟੈਸਟਾਂ ਦੀ ਗਿਣਤੀ ਵਧ ਰਹੀ ਹੈ, ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਅਮਰੀਕਾ ਵਿਚ ਵਧ ਰਹੇ ਕੇਸਾਂ ਦਾ ਮੁਕਾਬਲਾ ਕਰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹੀ ਤਾਂ ਕਿਹਾ ਸੀ ਕਿ ਜੇ ਭਾਰਤ ਵਿਚ ਵੀ ਅਮਰੀਕਾ ਜਿੰਨੇ ਟੈਸਟ ਹੋਣ ਲੱਗ ਪੈਣ ਤਾਂ ਉਥੇ ਵੀ ਮਰੀਜ਼ਾਂ ਦੀ ਗਿਣਤੀ ਵਿਚ ਬੇਤਹਾਸ਼ਾ ਵਾਧਾ ਹੋ ਸਕਦਾ ਹੈ। ਖੈਰ! ਭਾਰਤ ਨੇ ਤਾਂ ਇਸ ਮਾਮਲੇ ‘ਤੇ ਪੈਰ ਕੁਹਾੜਾ ਹੀ ਮਾਰਿਆ ਹੈ।
ਮਾਹਿਰਾਂ ਨੇ ਨੋਟ ਕੀਤਾ ਹੈ ਕਿ ਇਸ ਮਹਾਮਾਰੀ ਨਾਲ ਨਜਿੱਠਣ ਲਈ ਜਿੰਨਾ ਸਮਾਂ ਭਾਰਤ ਨੂੰ ਮਿਲਿਆ, ਓਨਾ ਕਿਸੇ ਹੋਰ ਮੁਲਕ ਨੂੰ ਨਹੀਂ ਮਿਲਿਆ, ਪਰ ਸਰਕਾਰ ਇਸ ਮਹਾਮਾਰੀ ਦੀ ਮਾਰ ਦਾ ਅੰਦਾਜ਼ਾ ਹੀ ਨਾ ਲਾ ਸਕੀ, ਸਗੋਂ ਉਨ੍ਹਾਂ ਦਿਨਾਂ ਵਿਚ ਮੋਦੀ ਸਰਕਾਰ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਦਾ ਤਖਤਾ ਪਲਟਾ ਕੇ ਆਪਣੀ ਸਰਕਾਰ ਕਾਇਮ ਕਰਨ ਵਲ ਵਧੇਰੇ ਰੁਚਿਤ ਸੀ। ਇਹੀ ਨਹੀਂ, 20 ਲੱਖ ਕਰੋੜ ਦੇ ਜਿਹੜੇ ਵਿਸ਼ਾਲ ਰਾਹਤ ਪੈਕੇਜ ਬਾਰੇ ਦਾਅਵੇ ਕੀਤੇ ਜਾ ਰਹੇ ਹਨ, ਉਸ ਦਾ ਕਿਸੇ ਨੂੰ ਕੋਈ ਸਿੱਧਾ ਫਾਇਦਾ ਨਹੀਂ ਹੋਇਆ ਹੈ ਅਤੇ ਕਰੋਨਾ ਕਾਰਨ ਜਿਹੜੀ ਉਥਲ-ਪੁਥਲ ਭਾਰਤ ਭਰ ਵਿਚ ਹੋਈ, ਉਹ ਅਜੇ ਤਕ ਵੀ ਲੀਹ ‘ਤੇ ਨਹੀਂ ਆਈ ਹੈ। ਇਸ ਮਾਮਲੇ ਵਿਚ ਭਾਰਤ ਦੇ ਸੱਜੇਪੱਖੀ ਹਾਕਮ ਸੱਚਮੁੱਚ ਚੰਮ ਦੀਆਂ ਚਲਾ ਰਹੇ ਹਨ ਅਤੇ ਵੱਖ-ਵੱਖ ਬਹਾਨੇ ਬਣਾ ਕੇ ਮੁਲਕ ਦੇ ਫੈਡਰਲ ਢਾਂਚੇ ਦੀਆਂ ਜੜ੍ਹਾਂ ਪੋਲੀਆਂ ਕੀਤੀਆਂ ਜਾ ਰਹੀਆਂ ਹਨ। ਸੰਕਟ ਦੇ ਇਸ ਸਮੇਂ ਦੌਰਾਨ ਬਿਜਲੀ ਸੋਧ ਬਿੱਲ ਅਤੇ ਖੇਤੀ ਆਰਡੀਨੈਂਸ ਲਿਆਉਣੇ ਇਹੀ ਦਰਸਾਉਂਦੇ ਹਨ ਕਿ ਮੋਦੀ ਸਰਕਾਰ ਰਾਜਾਂ ਤੋਂ ਪਹਿਲਾਂ ਮਿਲੇ ਅਧਿਕਾਰ ਖੋਹਣ ਦੇ ਰੌਂਅ ਵਿਚ ਹੈ।
ਦੂਜੇ ਬੰਨੇ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਸੰਕਟ ਵਿਚ ਆਏ ਦਿਨ ਹੋਰ ਫਸ ਰਿਹਾ ਹੈ। ਮੁਲਕ ਵਿਚ ਹੁਣ ਰਾਸ਼ਟਰਪਤੀ ਦੀ ਚੋਣ ਵਾਲਾ ਸਾਲ ਵੀ ਚੱਲ ਰਿਹਾ ਹੈ, ਨਵੰਬਰ ਵਿਚ ਵੋਟਾਂ ਪੈਣੀਆਂ ਹਨ। ਪਹਿਲਾਂ ਤਾਂ ਟਰੰਪ ਦੀ ਇਸ ਕਰ ਕੇ ਘੇਰਾਬੰਦੀ ਹੋਈ ਕਿ ਕਰੋਨਾ ਨਾਲ ਨਜਿੱਠਣ ਲਈ ਉਸ ਨੇ ਵੇਲੇ ਸਿਰ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ, ਸਗੋਂ ਚੀਨ ਉਤੇ ਦੋਸ਼ ਮੜ੍ਹਦਾ ਰਿਹਾ। ਹੁਣ ਜੌਰਜ ਫਲਾਇਡ ਦੇ ਕਥਿਤ ਕਤਲ ਪਿਛੋਂ ਮੁਲਕ ਭਰ ਵਿਚ ਹੀ ਨਹੀਂ, ਸੰਸਾਰ ਦੇ ਕਈ ਹਿੱਸਿਆਂ ਵਿਚ ਸਿਆਹਫਾਮ ਲੋਕਾਂ ਉਤੇ ਵਧੀਕੀਆਂ ਦਾ ਮਸਲਾ ਸਿਰ ਚੜ੍ਹ ਆਇਆ ਹੈ ਅਤੇ ਇਸ ਨੇ ਟਰੰਪ ਦੀ ਪਾਪੂਲੈਰਿਟੀ ਨੂੰ ਵੱਡਾ ਖੋਰਾ ਲਾਇਆ ਹੈ। ਆਇਓਵਾ ਜਿਹੀ ਸਟੇਟ, ਜਿਥੇ ਪਿਛਲੀ ਵਾਰ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਨੂੰ ਬਹੁਤ ਆਸਾਨੀ ਨਾਲ ਪਛਾੜ ਦਿੱਤਾ ਸੀ, ਵਿਚ ਹੋਏ ਹਾਲੀਆ ਚੋਣ ਸਰਵੇਖਣ ਦੱਸਦੇ ਹਨ ਕਿ ਐਤਕੀਂ ਟਰੰਪ ਅਤੇ ਡੈਮੋਕਰੈਟਿਕ ਉਮੀਦਵਾਰ ਜੋਅ ਬਿਡੇਨ ਵਿਚਾਲੇ ਫਸਵੀਂ ਟੱਕਰ ਹੋਵੇਗੀ। ਹੋਰ ਥਾਂਵਾਂ ਤੋਂ ਵੀ ਇਹੀ ਰਿਪੋਰਟਾਂ ਹਨ ਕਿ ਟਰੰਪ ਦਾ ਆਧਾਰ ਖੁਰ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਨਵੰਬਰ ਤਕ ਹੋ ਸਕਦਾ ਹੈ ਕਿ ਕਰੋਨਾ ਅਤੇ ਸਿਆਹਫਾਮ ਰੋਸ ਵਿਖਾਵਿਆਂ ਦੀ ਤੀਬਰਤਾ ਹੁਣ ਵਰਗੀ ਨਾ ਰਹੇ, ਪਰ ਆਮ ਲੋਕਾਂ ਵਿਚ ਇਹ ਗੱਲ ਘਰ ਕਰ ਰਹੀ ਹੈ ਕਿ ਟਰੰਪ ਸੰਕਟ ਨਾਲ ਸਿੱਝਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ‘ਜਸਟ ਫਾਰ ਨਿਊਜ਼’ ਵੈੱਬਸਾਈਟ ਵਾਲਾ ਸਕੌਟ ਰੈਸਮੁਜ਼ੇਨ, ਰਾਸ਼ਟਰਪਤੀ ਟਰੰਪ ਦਾ ਪਸੰਦੀਦਾ ਸਰਵੇਖਣਕਾਰ ਰਿਹਾ ਹੈ। ਉਸ ਵਲੋਂ ਲਿਆਂਦੇ ਕਈ ਅੰਕੜੇ ਟਰੰਪ ਆਪਣੇ ਭਾਸ਼ਣਾਂ ਵਿਚ ਬੋਲਦਾ ਰਿਹਾ ਹੈ। ਉਸ ਨੇ ਜਿਹੜਾ ਸਰਵੇਖਣ ਹੁਣ ਨਸ਼ਰ ਕੀਤਾ ਹੈ, ਉਹ ਟਰੰਪ ਨੂੰ ਫਿਕਰ ਪਾਉਣ ਵਾਲਾ ਹੈ। ਉਸ ਨੇ ਰਿਪੋਰਟ ਕੀਤਾ ਹੈ ਕਿ ਜੇ ਅੱਜ ਮੁਲਕ ਵਿਚ ਵੋਟਾਂ ਪੈਂਦੀਆਂ ਹਨ ਤਾਂ ਜੋਅ ਬਿਡੇਨ ਨੂੰ 48 ਫੀਸਦੀ ਅਤੇ ਡੋਨਲਡ ਟਰੰਪ ਨੂੰ ਸਿਰਫ 36 ਫੀਸਦੀ ਵੋਟਾਂ ਮਿਲਣੀਆਂ। ਮਾਹਿਰ 12 ਅੰਕਾਂ ਦੇ ਫਰਕ ਨੂੰ ਵੱਡਾ ਫਰਕ ਮੰਨਦੇ ਹਨ। ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਮੌਜੂਦਾ ਰਾਸ਼ਟਰਪਤੀ ਨੂੰ ਕਿਸੇ ਸਰਵੇਖਣ ਵਿਚ 40 ਫੀਸਦੀ ਤੋਂ ਘੱਟ ਵੋਟ ਮਿਲੇ ਹੋਣ।
ਇਨ੍ਹਾਂ ਚੋਣ ਸਰਵੇਖਣਾਂ ਦੀ ਤਸਵੀਰ ਦਾ ਦੂਜਾ ਪਾਸਾ ਵੀ ਹੈ। ਡੈਮੋਕਰੈਟਿਕ ਹਲਕਿਆਂ ਵਿਚ ਜਿਸ ਤਰ੍ਹਾਂ ਦੀ ਹਮਾਇਤ ਜੋਅ ਬਿਡੇਨ ਨੂੰ ਮਿਲ ਰਹੀ ਹੈ, ਉਸ ਨੇ ਵੀ ਟਰੰਪ ਦਾ ਫਿਕਰ ਵਧਾਇਆ ਹੈ। ਪਹਿਲਾਂ ਤਾਂ ਪਾਰਟੀ ਦੀ ਨਾਮਜ਼ਦਗੀ ਲਈ ਤਕੜਾ ਉਮੀਦਵਾਰ ਬਰਨੀ ਸੈਂਡਰਜ਼ ਜੋਅ ਬਿਡੇਨ ਦੇ ਹੱਕ ਵਿਚ ਪਿਛਾਂਹ ਹਟ ਗਿਆ। ਉਸ ਵਕਤ ਕੁਝ ਤੱਤੇ ਹਲਕਿਆਂ ਨੇ ਇਸ ਪੱਖ ਤੋਂ ਸੈਂਡਰਜ਼ ਦੀ ਨੁਕਤਾਚੀਨੀ ਵੀ ਕੀਤੀ ਕਿ ਉਹ ਸਮੇਂ ਤੋਂ ਪਹਿਲਾਂ ਹੀ ਨਾਮਜ਼ਦਗੀ ਵਾਲਾ ਮੈਦਾਨ ਛੱਡ ਗਿਆ, ਪਰ ਉਸ ਦੇ ਉਸ ਵਕਤ ਮੈਦਨ ਤੋਂ ਲਾਂਭੇ ਹੋਣ ਦਾ ਫਾਇਦਾ ਬਿਡੇਨ ਨੂੰ ਬਿਨਾ ਸ਼ੱਕ ਪਹੁੰਚਿਆ ਅਤੇ ਕਰੋਨਾ ਸੰਕਟ ਦੇ ਬਾਵਜੂਦ ਉਹ ਆਪਣੀ ਗੱਲ ਲੋਕਾਂ ਵਿਚ ਲਿਜਾਣ ਵਿਚ ਕਾਮਯਾਬ ਰਿਹਾ। ਹੁਣ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪਿਛਲੀ ਵਾਰ ਦੀ ਡੈਮੋਕਰੈਟਿਕ ਉਮੀਦਵਾਰ ਹਿਲਰੀ ਕਲਿੰਟਨ ਦੀਆਂ ਸਰਗਰਮੀਆਂ ਵੀ ਰੰਗ ਲਿਆ ਰਹੀਆਂ ਹਨ। ਚੋਣਾਂ ਭਾਵੇਂ ਅਜੇ ਦੂਰ ਹਨ ਅਤੇ ਪਤਾ ਵੀ ਨਹੀਂ ਹੁੰਦਾ ਕਿ ਕਿਸ ਮਸਲੇ ਨੇ ਚੋਣ ਨਤੀਜਿਆਂ ‘ਤੇ ਭਾਰੀ ਪੈ ਜਾਣਾ ਹੈ, ਪਰ ਡੋਨਲਡ ਟਰੰਪ ਦਾ ਗਰਾਫ ਦਰਸਾ ਰਿਹਾ ਹੈ ਕਿ ਉਸ ਦਾ ਪੈਂਡਾ ਔਖਾ ਜ਼ਰੂਰ ਹੋਵੇਗਾ। ਇਕ ਨੁਕਤਾ ਹੋਰ ਵੀ ਹੈ। ਰਿਪਬਲਿਕਨ ਪਾਰਟੀ ਆਪਣੇ ਸਿਰ ‘ਤੇ ਵਧੇਰੇ ਵੋਟਾਂ ਖਿੱਚਣ ਵਾਲੀ ਪਾਰਟੀ ਨਹੀਂ ਹੈ। ਡੈਮੋਕਰੈਟਿਕ ਪਾਰਟੀ ਦੇ ਆਧਾਰ ਨੂੰ ਲਗਦਾ ਕੋਈ ਖੋਰਾ ਹੀ ਇਸ ਪਾਰਟੀ ਦੀ ਜਿੱਤ ਦਾ ਕਾਰਨ ਬਣਦਾ ਰਿਹਾ ਹੈ। ਇਸ ਕਰ ਕੇ ਜੇ ਜੋਅ ਬਿਡੇਨ ਦੀ ਮੁਹਿੰਮ ਰਤਾ ਕੁ ਵੀ ਵੇਗ ਫੜ ਗਈ, ਜਿਸ ਬਾਰੇ ਕਿਆਸਆਰਾਈਆਂ ਲੱਗ ਰਹੀਆਂ ਹਨ, ਤਾਂ ਪਾਸੇ ਪਲਟ ਸਕਦੇ ਹਨ ਅਤੇ ਮੁਲਕ ਦੀ ਸਿਆਸਤ ਵਿਚ ਮੋੜਾ ਆ ਸਕਦਾ ਹੈ।