ਪਿਤਾ ਦਾ ਦਿਨ

ਪ੍ਰੋ. ਪਰਮਜੀਤ ਕੌਰ
ਮੈਨੂੰ ਯਾਦ ਹੈ, ਜਦੋਂ ਮੈਂ ਯੂਨੀਵਰਸਿਟੀ ‘ਚ ਪੜ੍ਹਦੀ ਸਾਂ, ਮਹੀਨੇ ਪਿਛੋਂ ਜਦੋਂ ਘਰੋਂ ਪੈਸੇ ਲੈਣ ਜਾਣਾ ਤਾਂ ਮੇਰੀ ਮਾਂ ਨੇ ਅਕਸਰ ਕਹਿਣਾ, “ਬੇਟਾ ਇਸ ਵਾਰ ਪੈਸੇ ਥੋੜ੍ਹੇ ਘੱਟ ਲੈ ਜਾ।” ਪਰ ਪਿਤਾ ਜੀ ਨੇ ਵਿਚੋਂ ਹੀ ਟੋਕ ਦੇਣਾ, “ਨਹੀਂ, ਇਸ ਨੂੰ ਪੂਰੇ ਪੈਸੇ ਦੇ ਦੇਹ, ਆਪਾਂ ਔਖੇ-ਸੌਖੇ ਗੁਜ਼ਾਰਾ ਕਰ ਲਵਾਂਗੇ।” ਭਾਵੇਂ ਮੇਰੇ ਮਾਂ-ਬਾਪ ਪ੍ਰਾਇਮਰੀ ਸਕੂਲ ਟੀਚਰ ਸਨ ਤੇ ਜ਼ਮੀਨ ਵੀ ਥੋੜ੍ਹੀ-ਬਹੁਤ ਸੀ, ਪਰ ਵੱਡਾ ਪਰਿਵਾਰ, ਸਾਰੇ ਹੀ ਭੈਣ-ਭਰਾ ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਹੋਣ ਕਾਰਨ ਅਕਸਰ ਤੰਗੀ ਤੁਰਸ਼ੀ ਵਿਚੋਂ ਵੀ ਮਾਂ-ਬਾਪ ਨੂੰ ਲੰਘਣਾ ਪੈਂਦਾ ਸੀ,

ਪਰ ਉਨ੍ਹਾਂ ਦੀ ਇਸ ਮਾਇਕ ਤੰਗੀ ਦੀ ਕਨਸੋ ਵੀ ਕਦੇ ਸਾਡੇ ਕੰਨੀਂ ਨਹੀਂ ਸੀ ਪਈ। ਪਿਤਾ ਜੀ ਤਾਂ ਖੇਤਾਂ ਵਿਚ ਵੀ ਸਖਤ ਮਿਹਨਤ ਕਰਦੇ। ਤੜਕੇ ਜਾਗਦੇ, ਘਰ ਦੇ ਕੰਮ ਨਿਪਟਾ ਸਕੂਲ ਚਲੇ ਜਾਂਦੇ ਤੇ ਸਕੂਲੋਂ ਆਉਂਦਿਆਂ ਹੀ ਖੇਤਾਂ ਦੇ ਕੰਮਾਂ ਵਿਚ ਜੁਟ ਜਾਂਦੇ। ਇਹ ਹੀ ਉਨ੍ਹਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਸੀ, ਤਾਂ ਜੋ ਉਹ ਸਾਨੂੰ ਉਚੇਰੀ ਵਿਦਿਆ ਅਤੇ ਜ਼ਿੰਦਗੀ ਦੀ ਹਰ ਸੁੱਖ ਸੁਵਿਧਾ ਦੇ ਸਕਣ। ਕਦੇ ਕਦੇ ਜਦੋਂ ਉਹ ਸਾਨੂੰ ਆਪਣੇ ਮੁਸ਼ਕਿਲਾਂ ਭਰੇ ਬਚਪਨ ਦੀਆਂ ਗੱਲਾਂ ਸੁਣਾਉਂਦੇ ਕਿ ਕਿਵੇਂ ਉਨ੍ਹਾਂ ਨੂੰ ਸਕੂਲ ਜਾਣ ਲਈ ਜੁੱਤੀ ਤਾਂ ਕੀ, ਪੂਰੇ ਕੱਪੜੇ ਵੀ ਨਸੀਬ ਨਹੀਂ ਸਨ ਹੁੰਦੇ, ਆਪ ਮੁਹਾਰੇ ਅੱਖਾਂ ਨਮ ਹੋ ਜਾਂਦੀਆਂ। ਭਾਵੇਂ ਉਸ ਸਮੇਂ ਪਿਤਾ ਦੇ ਦਿਨ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ, ਪਰ ਸਾਡੇ ਲਈ ਉਦੋਂ ਵੀ ਸਾਡੇ ਪਿਤਾ ਜੀ ਸਤਿਕਾਰਤ ਸਨ ਤੇ ਹੁਣ ਵੀ ਹਨ।
ਗੱਲ ਇਥੇ ਮੈਂ ਕਰਨੀ ਹੈ ਪਿਤਾ ਦੇ ਦਿਨ ਦੀ। ਮਾਂ ਦੇ ਦਿਨ ਵਾਂਗ ਪਿਤਾ ਦਾ ਦਿਨ ਵੀ ਆਧੁਨਿਕ ਯੁੱਗ ਦੀ ਦੇਣ ਹੈ। ਇਸ ਦੀ ਸ਼ੁਰੂਆਤ ਵੀ ਅਮਰੀਕਾ ‘ਚ ਹੋਈ। ਪਹਿਲੀ ਵਾਰ 19 ਜੂਨ 1910 ਨੂੰ ਪਿਤਾ ਦਾ ਦਿਨ ਸਪੋਕੇਨ, ਵਾਸ਼ਿੰਗਟਨ ਵਿਚ ਸੋਨੋਰਾ ਸਮਾਰਟ ਡੋਡ ਨੇ ਆਪਣੇ ਪਿਤਾ ਵਿਲੀਅਮ ਜੈਕਸਨ ਸਮਾਰਟ, ਜੋ ਇਕ ਫੌਜੀ ਸੀ ਤੇ ਜਿਸ ਨੇ ਇਕੱਲਿਆਂ ਆਪਣੇ ਛੇ ਬੱਚਿਆਂ ਨੂੰ ਪਾਲਿਆ ਸੀ, ਦੇ ਪਿਆਰ ਅਤੇ ਕੁਰਬਾਨੀ ਨੂੰ ਸਮਰਪਿਤ ਮਨਾਇਆ।
ਪਿਤਾ ਲਈ ਅਥਾਹ ਪਿਆਰ ਨੂੰ ਪ੍ਰਗਟਾਉਣ ਦਾ ਇਕ ਵਧੀਆ ਢੰਗ ਹੋਣ ਕਾਰਨ ਸਮੁੱਚੇ ਸੰਸਾਰ ਨੇ ਇਸ ਨੂੰ ਅਪਨਾ ਲਿਆ। ਬਹੁਤ ਸਾਰੇ ਦੇਸ਼ਾਂ ਵਿਚ ਪਿਤਾ ਦਾ ਦਿਨ ਜੂਨ ਦੇ ਤੀਜੇ ਹਫਤੇ ਦੇ ਐਤਵਾਰ ਨੂੰ ਮਨਾਇਆ ਜਾਂਦਾ ਹੈ, ਪਰ ਸੋਚਣ ਦੀ ਗੱਲ ਇਹ ਹੈ ਕਿ ਅਸੀਂ ਆਪਣੇ ਪਿਤਾ ਅਤੇ ਉਨ੍ਹਾਂ ਜਿਹੀਆਂ ਮਹਾਨ ਸ਼ਖਸੀਅਤਾਂ ਲਈ ਸਿਰਫ ਇਕ ਹੀ ਦਿਨ ਕਿਉਂ ਸਮਰਪਿਤ ਹੁੰਦੇ ਹਾਂ? ਜਦੋਂ ਕਿ ਉਹ ਆਪਣੀ ਸਾਰੀ ਜ਼ਿੰਦਗੀ ਸਾਡੇ ਲਈ ਕੁਰਬਾਨ ਕਰ ਦਿੰਦੇ ਹਨ। ਦੁਨੀਆਂ ਵਿਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜੋ ਸਾਰੀ ਜ਼ਿੰਦਗੀ ਜੀਅ ਕੇ ਵੀ ਜ਼ਿੰਦਗੀ ਦਾ ਅਸਲ ਮਕਸਦ ਨਹੀਂ ਸਮਝ ਪਾਉਂਦੇ। ਮਿਸਾਲ ਵਜੋਂ ਇਕ ਪਿਤਾ ਜਾਂ ਪਿਤਾ ਦੇ ਦਿਨ ਨੂੰ ਉਨੀ ਇੱਜਤ ਤੇ ਅਹਿਮੀਅਤ ਨਹੀਂ ਦਿੰਦੇ, ਜਿੰਨੀ ਮਾਂ ਦੇ ਦਿਨ ਨੂੰ। ਭਾਵੇਂ ਜ਼ਿੰਦਗੀ ਵਿਚ ਹਰੇਕ ਦਾ ਕਦੇ ਨਾ ਕਦੇ ਆਪਣਿਆਂ ਨਾਲ ਮਨ ਮੁਟਾਵ ਹੋ ਜਾਂਦਾ ਹੈ, ਪਰ ਕਦੇ ਮਾਂ ਨਾਲ ਪਿਆਰ ਵਿਚ ਕਮੀ ਨਹੀਂ ਆਉਂਦੀ। ਪਿਤਾ ਦੇ ਸੰਦਰਭ ਵਿਚ ਬਹੁਤੀ ਵਾਰ ਅਜਿਹਾ ਨਹੀਂ ਹੁੰਦਾ। ਵਿਗਿਆਨਕ ਨਜ਼ਰੀਏ ਤੋਂ ਵੇਖੀਏ ਤਾਂ ਮਰਦ ਵਿਚ ਕੁਝ ਖਾਸ ਵਿਲੱਖਣਤਾਵਾਂ ਹੁੰਦੀਆਂ ਹਨ। ਵਿਕਾਸਵਾਦੀ ਥਿਊਰੀ ਵਾਲੇ ਵੀ ਇਹੀ ਮੰਨਦੇ ਹਨ ਕਿ ਮਰਦ ਵਿਚ ਹਾਰਮੋਨਜ਼ ਕਾਰਨ ਹੀ ਗੁੱਸਾ ਅਤੇ ਅਪਰਾਧ ਬੋਧ ਵਧੇਰੇ ਹੁੰਦਾ ਹੈ। ਮਰਦ ਵਿਚ ਔਰਤ ਦੇ ਮੁਕਾਬਲੇ ਸ਼ਾਂਤ ਰਹਿਣ ਜਾਂ ਦੂਜਿਆਂ ਨੂੰ ਸ਼ਾਂਤ ਕਰਨ ਦੀ ਸਮਰੱਥਾ ਘੱਟ ਹੁੰਦੀ ਹੈ। ਜੇ ਦੁਨਿਆਵੀ ਪ੍ਰਸੰਗ ਵਿਚ ਵੀ ਵੇਖੀਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਰਦ ਵਿਚ ਆਪਣੇ ਬੱਚਿਆਂ ਸਾਹਮਣੇ ਆਪਣੀਆਂ ਭਾਵਨਾਵਾਂ ਪ੍ਰਗਟਾਉਣੀਆਂ ਬਹੁਤ ਮੁਸ਼ਕਿਲ ਹੁੰਦੀਆਂ ਹਨ। ਇਸੇ ਕਰਕੇ ਕਈ ਬੱਚੇ ਸਾਰੀ ਉਮਰ ਇਸੇ ਗਲਤਫਹਿਮੀ ਦਾ ਸ਼ਿਕਾਰ ਹੋਏ ਰਹਿੰਦੇ ਹਨ ਕਿ ਉਨ੍ਹਾਂ ਦੇ ਬਾਪ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ।
ਇਹ ਸੋਚ ਆਪਣੇ ਆਪ ਵਿਚ ਬਹੁਤ ਨਿਰਾਸ਼ਾਜਨਕ ਹੈ, ਕਿਉਂਕਿ ਸਮਾਜ ਨੇ ਵੀ ਬੱਚਿਆਂ ਦਾ ਬੋਝ ਪਿਤਾ ਸਿਰ ਪਾਇਆ ਹੈ। ਪਿਤਾ ਕਈ ਕਈ ਘੰਟਿਆਂ ਤੱਕ ਸਖਤ ਮਿਹਨਤ ਕਰਦਾ ਹੈ, ਤਾਂ ਕਿ ਬੱਚਿਆਂ ਦੀ ਹਰ ਲੋੜ ਪੂਰੀ ਕਰ ਸਕੇ। ਉਸ ਦੇ ਅੰਦਰ ਸਦਾ ਇਹ ਹੀ ਲਾਲਸਾ ਪਨਪਦੀ ਰਹਿੰਦੀ ਹੈ ਕਿ ਉਸ ਦੇ ਬੱਚੇ ਉਸ ਤੋਂ ਵੱਧ ਉਚਾ ਉਠਣ, ਉਸ ਤੋਂ ਵੱਧ ਤਰੱਕੀ ਕਰਨ, ਦੁਨੀਆਂ ਵਿਚ ਇਮਾਨਦਾਰੀ ਨਾਲ ਸਿਰ ਚੁੱਕ ਕੇ ਵਿਚਰਨ ਦੇ ਕਾਬਿਲ ਹੋ ਸਕਣ; ਪਰ ਆਪਣੇ ਬੱਚਿਆਂ ਨੂੰ ਇੰਤਹਾ ਪਿਆਰ ਕਰਨ ਵਾਲੇ ਪਿਤਾ ਨੂੰ ਪਿਆਰ ਪ੍ਰਗਟਾਉਣ ਦਾ ਢੰਗ ਨਹੀਂ ਆਉਂਦਾ।
ਇਕ ਆਦਮੀ ਤੇ ਉਸ ਦੇ ਪੁੱਤਰ ਦੇ ਜੀਵਨ ਦੀ ਇਕ ਅਹਿਮ ਘਟਨਾ ਇਹ ਸੀ, “ਪੁੱਤਰ ਆਪਣੇ ਬਾਪ ਨੂੰ ਇਹ ਯਾਦ ਕਰਾਉਂਦਾ ਰਹਿੰਦਾ ਸੀ ਕਿ ਉਸ ਦੇ ਆਉਣ ਵਾਲੇ ਜਨਮ ਦਿਨ ‘ਤੇ ਉਹ ਉਸ ਨੂੰ ਉਹ ਕਾਰ ਤੋਹਫੇ ਵਜੋਂ ਲੈ ਕੇ ਦੇਵੇ, ਜੋ ਉਸ ਨੂੰ ਬਹੁਤ ਪਸੰਦ ਸੀ; ਪਰ ਬਾਪ ‘ਚ ਕਾਰ ਖਰੀਦਣ ਦੀ ਸਮਰਥਾ ਨਹੀਂ ਸੀ। ਪੁੱਤਰ ਇਹ ਗੱਲ ਵੀ ਭਲੀਭਾਂਤ ਜਾਣਦਾ ਸੀ ਕਿ ਉਸ ਦਾ ਬਾਪ ਉਸ ਨੂੰ ਕਦੇ ਵੀ ਨਿਰਾਸ਼ ਨਹੀਂ ਕਰੇਗਾ। ਪੁੱਤਰ ਦੇ ਜਨਮ ਦਿਨ ‘ਤੇ ਪਿਤਾ ਨੇ ਉਸ ਨੂੰ ਆਪਣੇ ਦਫਤਰ ਸੱਦਿਆ, ਗਲ ਨਾਲ ਲਾਇਆ ਤੇ ਸ਼ੁਭ ਇੱਛਾਵਾਂ ਦਿੱਤੀਆਂ। ਪੁੱਤਰ ਨੇ ਸ਼ੁਭ ਇੱਛਾਵਾਂ ਤਾਂ ਕਬੂਲ ਕੀਤੀਆਂ, ਪਰ ਨਾਲ ਹੀ ਆਪਣੇ ਤੋਹਫੇ ਦੀ ਵੀ ਮੰਗ ਕਰ ਲਈ। ਪਿਤਾ ਨੇ ਹੱਸ ਕੇ ਉਸ ਨੂੰ ਤੋਹਫੇ ਵਾਲਾ ਡੱਬਾ ਫੜਾ ਦਿੱਤਾ। ਉਸ ਨੇ ਬੜੀ ਤੇਜੀ ਨਾਲ ਡੱਬੇ ਉਪਰਲਾ ਪੇਪਰ ਉਤਾਰਿਆ, ਡੱਬਾ ਖੋਲ੍ਹਿਆ। ਡੱਬੇ ਵਿਚ ‘ਸਕਾਰਾਤਮਕ ਸੋਚ’ ਸਿਰਲੇਖ ਵਾਲੀ ਕਿਤਾਬ ਸੀ। ਪੁੱਤਰ ਇਹ ਦੇਖ ਗੁੱਸੇ ਵਿਚ ਅੱਗ ਭਬੂਕਾ ਹੋ ਕਿਤਾਬ ਨੂੰ ਪਿਤਾ ਦੇ ਮੇਜ਼ ‘ਤੇ ਪਟਕਦਾ ਚਿਲਾਇਆ ਕਿ ਮੈਂ ਅਜਿਹੇ ਪਿਤਾ ਦਾ ਪੁੱਤਰ ਹੋਣ ‘ਤੇ ਬਹੁਤ ਸ਼ਰਮਿੰਦਾ ਹਾਂ। ਉਹ ਇਹ ਵੀ ਜਾਣਦਾ ਹੈ ਕਿ ਉਸ ਦਾ ਪਿਤਾ ਉਸ ਨੂੰ ਪਿਆਰ ਨਹੀਂ ਕਰਦਾ। ਉਸ ਦਿਨ ਤੋਂ ਲੈ ਕੇ ਉਹ ਆਪਣੇ ਪਿਤਾ ਨੂੰ ਕਦੇ ਨਾ ਮਿਲਿਆ।
ਇਕ ਦਿਨ ਉਸ ਨੂੰ ਉਸ ਦੀ ਮਾਂ ਦਾ ਫੋਨ ਆਇਆ ਕਿ ਉਹ ਘਰ ਆਵੇ, ਕਿਉਂਕਿ ਉਸ ਦਾ ਬਾਪ ਬਹੁਤ ਬਿਮਾਰ ਹੈ, ਪਰ ਉਸ ਨੇ ਇਹ ਕਹਿ ਕੇ ਘਰ ਆਉਣ ਤੋਂ ਨਾਂਹ ਕਰ ਦਿੱਤੀ ਕਿ ਉਸ ਦਾ ਬਾਪ ਆਪਣੇ ਆਰਾਮ ਲਈ ਆਪਣਾ ਪੈਸਾ ਵਰਤ ਲਵੇ। ਕੁਝ ਹਫਤਿਆਂ ਪਿਛੋਂ ਉਸ ਦੀ ਮਾਂ ਨੇ ਉਸ ਨੂੰ ਬਾਪ ਦੀ ਮੌਤ ਦੀ ਖਬਰ ਦਿੱਤੀ ਤੇ ਕਿਹਾ ਕਿ ਘਰ ਆ ਕੇ ਆਪਣੇ ਬਾਪ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਲਵੇ, ਪਰ ਪੁੱਤਰ ਨੇ ਇਹ ਕਹਿ ਕੇ ਘਰ ਆਉਣ ਤੋਂ ਨਾਂਹ ਕਰ ਦਿੱਤੀ ਕਿ ਪਿਤਾ ਦਾ ਪੈਸਾ ਵਰਤ ਕੇ ਉਸ ਦੀਆਂ ਆਖਰੀ ਰਸਮਾਂ ਪੂਰੀਆਂ ਕਰ ਲਵੇ। ਕੁਝ ਮਹੀਨਿਆਂ ਪਿਛੋਂ ਉਸ ਨੂੰ ਮਾਂ ਦੇ ਮਰਨ ਦੀ ਖਬਰ ਵੀ ਮਿਲ ਗਈ। ਹੁਣ ਘਰ ਖਾਲੀ ਸੀ। ਉਸ ਨੂੰ ਵੇਚਿਆ ਜਾ ਸਕਦਾ ਸੀ। ਉਸ ਨੇ ਘਰ ਜਾਣ ਦਾ ਫੈਸਲਾ ਕੀਤਾ। ਘਰ ਜਾ ਕੇ ਉਸ ਨੇ ਆਪਣੇ ਪਿਤਾ ਨਾਲ ਆਪਣੀਆਂ ਹੱਸਦਿਆਂ ਮੁਸਕਰਾਉਂਦਿਆਂ ਦੀਆਂ ਤਸਵੀਰਾਂ ਵੇਖੀਆਂ। ਇਕ ਅਜਿਹੀ ਤਸਵੀਰ ਵੀ ਉਸ ਦੀ ਨਜ਼ਰੀਂ ਪਈ, ਜਿਸ ਵਿਚ ਉਨ੍ਹਾਂ ਦੋਹਾਂ ਪਿਤਾ-ਪੁੱਤਰ ਨੇ ਇਕੋ ਜਿਹੇ ਕੱਪੜੇ ਪਾਏ ਹੋਏ ਸਨ ਤੇ ਇਕ ਦੂਜੇ ਨੂੰ ਗਲਵੱਕੜੀ ਵਿਚ ਲਿਆ ਹੋਇਆ ਸੀ। ਤਸਵੀਰ ਦੇ ਫਰੇਮ ‘ਤੇ ਲਿਖਿਆ ਸੀ, ‘ਪਿਤਾ ਤੇ ਪੁੱਤਰ, ਪਿਆਰ ਸਦਾ ਲਈ।’
ਜਦੋਂ ਉਹ ਆਪਣੇ ਪਿਤਾ ਦੇ ਦਫਤਰ ਪਹੁੰਚਿਆ ਤਾਂ ਪਿਤਾ ਦੀ ਮੇਜ ‘ਤੇ ਓਹੀ ਕਿਤਾਬ ਜਿਉਂ ਦੀ ਤਿਉਂ ਪਈ ਸੀ, ਜਿਸ ਨੂੰ ਉਹ ਆਪਣੇ ਜਨਮ ਦਿਨ ‘ਤੇ ਪਟਕ ਆਇਆ ਸੀ। ਉਹ ਕਿਤਾਬ ਚੁੱਕ ਉਸ ਤੋਂ ਧੂੜ ਸਾਫ ਕਰ ਰਿਹਾ ਸੀ ਕਿ ਅਚਨਚੇਤ ਕਿਤਾਬ ਉਸ ਹੱਥੋਂ ਛੁਟ ਕੇ ਫਰਸ਼ ‘ਤੇ ਡਿਗ ਪਈ। ਜਿਉਂ ਹੀ ਉਸ ਨੇ ਕਿਤਾਬ ਚੁੱਕੀ ਤਾਂ ਉਸ ਵਿਚੋਂ ਕਾਗਜ਼ ਵਿਚ ਲਪੇਟੀ ਕੋਈ ਚੀਜ਼ ਉਸ ਦੀ ਨਜ਼ਰੀਂ ਪਈ। ਉਹ ਇਕ ਰਸੀਦ ਸੀ, ਜਿਸ ‘ਤੇ ‘ਭੁਗਤਾਨ’ ਲਿਖਿਆ ਹੋਇਆ ਸੀ, ਨਾਲ ਇਕ ਚਾਬੀਆਂ ਦਾ ਗੁੱਛਾ ਤੇ ਇਕ ਚਿੱਠੀ ਸੀ। ਚਿੱਠੀ ਪੜ੍ਹ ਰੋਂਦਿਆਂ ਉਹ ਫਰਸ਼ ‘ਤੇ ਡਿੱਗ ਪਿਆ। ਪਛਤਾਵੇ ਦੀ ਅੱਗ ਵਿਚ ਝੁਲਸਦਿਆਂ ਅੱਜ ਉਹ ਉਸ ਵਕਤ ਨੂੰ ਵਾਪਿਸ ਲਿਆਉਣਾ ਲੋੜਦਾ ਸੀ, ਜਦੋਂ ਉਸ ਨੇ ਬਾਪ ਦੇ ਦਿੱਤੇ ਤੋਹਫੇ ਨੂੰ ਪਟਕਾ ਮਾਰਿਆ ਸੀ ਤੇ ਉਸ ਨਾਲ ਬੜਾ ਭੱਦਾ ਸਲੂਕ ਕੀਤਾ ਸੀ। ਚਿੱਠੀ ਵਿਚ ਲਿਖਿਆ ਸੀ, ਮੇਰੇ ਪੁੱਤਰ ਮੈਨੂੰ ਪਤਾ ਹੈ ਤੂੰ ਕਾਰ ਲੈਣੀ ਚਾਹੁੰਦਾ ਹੈਂ। ਮੈਂ ਪੈਸੇ ਬਚਾ ਬਚਾ ਕੇ ਤੇਰੇ ਲਈ ਉਹ ਕਾਰ ਖਰੀਦ ਲਈ ਹੈ।
ਸਦਾ ਯਾਦ ਰੱਖਣਾ, ਪਿਤਾ ਤੇਰੇ ‘ਤੇ ਮਾਣ ਕਰਦਾ ਹੈ, ਤੈਨੂੰ ਪਿਆਰ ਕਰਦਾ ਹੈ ਤੇ ਸਦਾ ਹੀ ਕਰਦਾ ਰਹੇਗਾ।”
ਬਹੁਤ ਸਾਰੇ ਬੱਚਿਆਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਪਿਤਾ ਦਾ ਉਨ੍ਹਾਂ ਦੀ ਜ਼ਿੰਦਗੀ ਵਿਚ ਕਿੰਨਾ ਅਹਿਮ ਯੋਗਦਾਨ ਹੈ। ਕਿਸੇ ਸੱਚ ਹੀ ਤਾਂ ਕਿਹਾ ਹੈ, ਪਿਤਾ ਦਾ ਹੱਥ ਘੁੱਟ ਕੇ ਫੜ ਲਵੋ, ਦੁਨੀਆਂ ਵਿਚ ਕਿਸੇ ਦੇ ਪੈਰ ਫੜਨ ਦੀ ਲੋੜ ਨਹੀਂ ਪਵੇਗੀ। ਇਕ ਪਿਤਾ ਹੈਰਾਨਕੁਨ ਸਾਧਾਰਨ ਹੋਣ ਦੇ ਨਾਲ ਨਾਲ ਮੋਹਿਤ ਕਰਨ ਵਾਲਾ ਗੁੰਝਲਦਾਰ ਵੀ ਹੁੰਦਾ ਹੈ। ਉਹ ਤੁਹਾਨੂੰ ਪੈਸੇ ਨੂੰ ਸਾਵਧਾਨੀ ਨਾਲ ਵਰਤਣ ਦੀ ਸਲਾਹ ਦੇਣ ਦੇ ਬਾਵਜੂਦ ਆਪਣੇ ਬਟੂਏ ਦਾ ਆਖਰੀ ਰੁਪਿਆ ਵੀ ਤੁਹਾਡੇ ਤੋਂ ਵਾਰ ਦਿੰਦਾ ਹੈ। ਉਹ ਤੁਹਾਨੂੰ ਦੇਰ ਰਾਤ ਬਾਹਰ ਰਹਿਣ ਤੋਂ ਰੋਕਦਾ ਹੈ, ਪਰ ਆਪ ਦੇਰ ਤੱਕ ਤੁਹਾਡੇ ਫਿਕਰ ਵਿਚ ਜਾਗਦਾ ਹੈ। ਉਹ ਤੁਹਾਨੂੰ ਚੰਗੇ ਮਨੁੱਖ ਬਣਨ ਦੇ ਰਾਹ ਦੱਸਦਾ ਹੈ, ਪਰ ਹਰ ਕਿਸੇ ਨੂੰ ਦੱਸਦਾ ਹੈ ਕਿ ਤੁਸੀਂ ਸੰਸਾਰ ਦੇ ਸਭ ਤੋਂ ਚੰਗੇ ਬੱਚੇ ਹੋ। ਉਹ ਤੁਹਾਨੂੰ ਦੱਸਦਾ ਹੈ ਕਿ ਉਸ ਨੂੰ ਬਹੁਤ ਭਾਵੁਕ ਹੋਣਾ ਪਸੰਦ ਨਹੀਂ, ਪਰ ਆਪਣਾ ਪਿਆਰ ਹਜਾਰਾਂ ਹੀ ਤਰੀਕਿਆਂ ਨਾਲ ਤੁਹਾਡੇ ਤੋਂ ਨਿਛਾਵਰ ਕਰ ਦਿੰਦਾ ਹੈ। ਪਿਤਾ ਪਰਮਾਤਮਾ ਵਲੋਂ ਦਿੱਤਾ ਉਹ ਵਡਮੁੱਲਾ ਤੋਹਫਾ ਹੈ, ਜਿਸ ਨੂੰ ਵੱਖ ਵੱਖ ਖਿੱਤਿਆਂ, ਦੇਸ਼ਾਂ ਦੇ ਲੋਕ ਅਣਗਿਣਤ ਨਾਂਵਾਂ ਨਾਲ ਮੁਖਾਤਿਬ ਹੁੰਦੇ ਹਨ-ਕੋਈ ਡੈਡੀ, ਕੋਈ ਅੱਬਾ, ਕੋਈ ਪਿਤਾ ਤੇ ਕੋਈ ਭਾਈਆ ਆਖਦਾ ਹੈ, ਪਰ ਹਰ ਨਾਮ ਵਿਚੋਂ ਇੱਜਤ ਸਤਿਕਾਰ ਝਲਕਦਾ ਹੈ।
ਕਿਹਾ ਜਾਂਦਾ ਹੈ ਕਿ ਮਾਂ ਦੇ ਪੈਰਾਂ ਥੱਲੇ ਸਵਰਗ ਹੈ, ਪਰ ਮੈਨੂੰ ਇਹ ਦਲੀਲ ਅਧੂਰੀ ਲਗਦੀ ਹੈ। ਮਾਤਾ-ਪਿਤਾ ਦੇ ਪੈਰਾਂ ਥੱਲੇ ਸਵਰਗ ਹੈ ਤਾਂ ਇਹ ਦਲੀਲ ਹੋਰ ਵੀ ਸਾਰਥਕ ਹੋ ਜਾਂਦੀ ਹੈ। ਪਿਤਾ ਹੀ ਉਹ ਸ਼ਖਸ ਹੈ, ਜੋ ਸਾਨੂੰ ਡਿਗਣ ਤੋਂ ਪਹਿਲਾਂ ਹੀ ਬੋਚ ਲੈਂਦਾ ਹੈ। ਗਲਤੀ ਕਰਨ ਤੋਂ ਪਹਿਲਾਂ ਚੇਤੰਨ ਕਰਦਾ ਹੈ। ਫੇਲ੍ਹ ਹੋਣ ‘ਤੇ ਵੀ ਸਾਡੇ ਉਤੇ ਵਿਸ਼ਵਾਸ ਰੱਖਦਾ ਹੈ। ਜ਼ਿੰਦਗੀ ਵਿਚ ਸਫਲ ਹੋਣ ਦੇ ਰਾਹ ਦੱਸਦਾ ਹੈ। ਉਹ ਹੀ ਦੱਸਦਾ ਹੈ ਕਿ ਸਫਲਤਾ ਲਈ ਨਿਸ਼ਚਿਤ ਨਹੀਂ ਕਿ ਉਹ ਇਸ ਦਿਨ ਮਿਲਣੀ ਹੈ, ਸਗੋਂ ਸਫਲਤਾ ਪ੍ਰਾਪਤੀ ਲਈ ਰਸਤੇ ‘ਤੇ ਤੁਰਨਾ ਪੈਂਦਾ ਹੈ। ਜਿਸ ਤਰ੍ਹਾਂ ਅਸਮਾਨ ਦੀ ਕੋਈ ਹੱਦ ਨਹੀਂ, ਇਵੇਂ ਹੀ ਸਾਡੇ ਲਈ ਵੀ ਕੋਈ ਹੱਦ ਨਿਰਧਾਰਤ ਨਹੀਂ। ਸਖਤ ਮਿਹਨਤ ਅਤੇ ਦ੍ਰਿੜ ਵਿਸ਼ਵਾਸ ਹੀ ਸਫਲਤਾ ਦੀ ਕੁੰਜੀ ਹੈ, ਪਰ ਅਫਸੋਸ! ਅਜੋਕੀ ਪੀੜ੍ਹੀ ਮਾਣ-ਮਰਿਆਦਾ ਬਿਲਕੁਲ ਭੁੱਲਦੀ ਜਾ ਰਹੀ ਹੈ। ਉਨ੍ਹਾਂ ਲਈ ਮਾਪਿਆਂ ਦੀ ਅਹਿਮੀਅਤ ਉਦੋਂ ਤੱਕ ਹੈ, ਜਦੋਂ ਤੱਕ ਉਨ੍ਹਾਂ ਦੀ ਲੋੜ ਹੈ, ਜਦੋਂ ਕਿ ਇਹ ਰਿਸ਼ਤਾ ਪਿਆਰ ਅਤੇ ਸਤਿਕਾਰ ਦਾ ਹੈ। ਸਾਨੂੰ ਇਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕੋਈ ਵਾਦ-ਵਿਵਾਦ ਹੋਵੇ ਵੀ ਤਾਂ ਉਸ ਨੂੰ ਭੁੱਲ ਜਾਓ। ਉਨ੍ਹਾਂ ਨੂੰ ਮਾਫ ਕਰ ਦਿਓ। ਪਰਮਾਤਮਾ ਨੇ ਸਾਨੂੰ ਪਿਤਾ ਦੀ ਬਖਸ਼ਿਸ਼ ਕੀਤੀ ਹੈ, ਉਹ ਸਾਡਾ ਸੱਚਾ ਮਿੱਤਰ ਹੈ, ਸੱਚਾ ਰਾਹ ਦਸੇਰਾ ਹੈ।
ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ
ਪਿਤਾ ਕਿਸੇ ਨੂੰ ਨਹੀਓਂ ਯਾਦ ਰਹਿੰਦਾ।
ਹੁੰਦਾ ਪਿਉ ਹੈ ਰੱਬ ਦਾ ਰੂਪ ਯਾਰੋ
ਜਿਸ ਦੇ ਸਿਰ ‘ਤੇ ਘਰ ਆਬਾਦ ਰਹਿੰਦਾ।