ਮੁੱਖ ਸਕੱਤਰ ਦੀ ਮੁਆਫੀ ਨਾਲ ਹੀ ਖੁਸ਼ ਹੋਏ ਕੈਬਨਿਟ ਮੰਤਰੀ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਮੁਆਫੀ ਮੰਗ ਲੈਣ ਮਗਰੋਂ ਤਕਰੀਬਨ ਢਾਈ ਹਫਤਿਆਂ ਤੋਂ ਚੱਲ ਰਿਹਾ ਸਿਆਸੀ ਰੇੜਕਾ ਸਿਰਫ ਦੋ ਮਿੰਟਾਂ ‘ਚ ਮੁੱਕ ਗਿਆ। ਮੰਤਰੀਆਂ ਨੇ ਇਸ ਮੁਆਫੀ ਨੂੰ ਜਮਹੂਰੀਅਤ ਦੀ ਜਿੱਤ ਦੱਸਿਆ ਹੈ। ਦੂਜੇ ਪਾਸੇ ਮੁੱਖ ਸਕੱਤਰ ਖੁਸ਼ ਹਨ ਕਿ ਮੁਆਫੀ ਨਾਲ ਹੀ ਮਸਲਾ ਨਿੱਬੜ ਗਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਮੁਖਾਤਬ ਹੁੰਦਿਆਂ ਮੀਟਿੰਗ ਸ਼ੁਰੂ ਕਰਨ ਲਈ ਆਖਿਆ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਮੁੱਚੇ ਮੰਤਰੀ ਮੰਡਲ ਤੋਂ ਮੁਆਫੀ ਮੰਗੀ ਅਤੇ ਭਰੋਸਾ ਦਿੱਤਾ ਕਿ ਭਵਿੱਖ ‘ਚ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ। ਇਸ ਤਰ੍ਹਾਂ ਮੁੱਖ ਸਕੱਤਰ ਦਾ ਮਾਮਲਾ ਪਹਿਲੇ ਦੋ-ਤਿੰਨ ਮਿੰਟਾਂ ‘ਚ ਹੀ ਮੁਕਾ ਲਿਆ ਗਿਆ।
ਵੇਰਵਿਆਂ ਅਨੁਸਾਰ ਕੈਪਟਨ ਦੀ ਦੋ ਦਿਨ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਈ ਬੈਠਕ ਮੌਕੇ ਹੀ ‘ਮੁਆਫੀਨਾਮੇ’ ਦਾ ਅਗਾਊਂ ਖਾਕਾ ਤਿਆਰ ਹੋ ਗਿਆ ਸੀ, ਜੋ ਕੈਬਨਿਟ ਮੀਟਿੰਗ ਵਿਚ ਅਮਲ ਵਿਚ ਆਇਆ। ਮੀਟਿੰਗ ਮਗਰੋਂ ਵਜ਼ੀਰਾਂ ਦੇ ਸੁਰ ਬਦਲੇ ਹੋਏ ਸਨ ਅਤੇ ਉਹ ਖੁਸ਼ ਸਨ। ਮੁੱਖ ਸਕੱਤਰ ਦੇ ਮੁਆਫੀ ਮੰਗਣ ਮਗਰੋਂ ਹੀ ਵਜ਼ੀਰਾਂ ਨੇ ਆਬਕਾਰੀ ਘਾਟੇ ਨਾਲ ਜੁੜੇ ਮਸਲੇ ਵੱਟੇ ਖਾਤੇ ਪਾ ਦਿੱਤੇ ਹਨ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੀਟਿੰਗ ਮਗਰੋਂ ਦੱਸਿਆ ਕਿ ਮੁੱਖ ਸਕੱਤਰ ਨੇ ਇਕ ਵਾਰ ਨਹੀਂ, ਤਿੰਨ ਵਾਰੀ ਮੁਆਫੀ ਮੰਗੀ ਹੈ। ਵਿਵਾਦ ਵਾਲੇ ਦਿਨ ਉਨ੍ਹਾਂ ਨੇ ਨਿੱਜੀ ਤੌਰ ‘ਤੇ ਮੁਆਫੀ ਮੰਗੀ ਤੇ ਫਿਰ ਪਿੰਡ ਬਾਦਲ ਪੁੱਜ ਕੇ ਮੁਆਫੀ ਮੰਗੀ। ਅੱਜ ਤੀਜੀ ਵਾਰ ਕੈਬਨਿਟ ‘ਚ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਤਿੰਨ ਵਾਰੀ ਮੁਆਫੀ ਮੰਗਣ ‘ਤੇ ਵੀ ਜੇਕਰ ਮੁਆਫ ਨਾ ਕੀਤਾ ਜਾਵੇ ਤਾਂ ਉਹ ਹੰਕਾਰੀ ਅਖਵਾਉਣਗੇ। ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਮੰਤਰੀ ਮੰਡਲ ਨੇ ਮੁੱਖ ਸਕੱਤਰ ਨੂੰ ਮੁਆਫ ਕਰ ਦਿੱਤਾ ਹੈ, ਜਿਸ ਨਾਲ ਇਹ ਅਧਿਆਇ ਹੁਣ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਰਾਜ ਦੀ ਜਿੱਤ ਹੈ।
ਸ੍ਰੀ ਬਾਦਲ ਨੇ ਆਬਕਾਰੀ ਘਾਟੇ ਦੇ ਸੰਦਰਭ ‘ਚ ਦੱਸਿਆ ਕਿ ਮੁੱਖ ਸਕੱਤਰ ਨੇ ਲਿਖਤੀ ਤੌਰ ਉਤੇ ਦਿੱਤਾ ਹੈ ਕਿ ਉਸ ਦੇ ਪੁੱਤਰ ਵਲੋਂ ਪੰਜਾਬ ‘ਚ ਸ਼ਰਾਬ ਦਾ ਕੋਈ ਕਾਰੋਬਾਰ ਨਹੀਂ ਕੀਤਾ ਜਾ ਰਿਹਾ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਸਕੱਤਰ ਨਾਲ ਮੁੱਖ ਰੌਲਾ ਦੋ ਸਾਥੀ ਵਜ਼ੀਰਾਂ ਦਾ ਸੀ। ਜੇਕਰ ਉਨ੍ਹਾਂ ਦੀ ਤਸੱਲੀ ਹੋ ਗਈ ਹੈ ਤਾਂ ਮਸਲਾ ਖਤਮ ਸਮਝਿਆ ਜਾਣਾ ਚਾਹੀਦਾ ਹੈ। ਤਕਨੀਕੀ ਸਿੱਖਿਆ ਚਰਨਜੀਤ ਚੰਨੀ ਨੇ ਮੀਟਿੰਗ ਮਗਰੋਂ ਕਿਹਾ ਕਿ ਮੁਆਫੀ ਮੰਗੇ ਜਾਣ ਕਰਕੇ ਮਾਮਲਾ ਖਤਮ ਹੋ ਗਿਆ ਹੈ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਿਰਫ ਏਨਾ ਕਿਹਾ ਕਿ ਵਿਵਾਦ ਮੁੱਕ ਗਿਆ ਹੈ।