ਕਰੋਨਾ ਵਾਇਰਸ ਸੰਕਟ ਬਹਾਨੇ ਘੋਲਿਆ ਫਿਰਕਾਪ੍ਰਸਤੀ ਦਾ ਵਾਇਰਸ

ਨਵੀਂ ਦਿੱਲੀ: ਕਰੋਨਾ ਵਾਇਰਸ ਦੇ ਸੰਕਟ ਦੌਰਾਨ ਵੀ ਭਾਰਤ ਵਿਚ ਫਿਰਕੂ ਹਵਾ ਨੂੰ ਠੱਲ੍ਹ ਨਾ ਪਈ। ਸਗੋਂ ਇਸ ਮਹਾਮਾਰੀ ਆਸਰੇ ਘੱਟ ਗਿਣਤੀਆਂ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਗਿਆ। ਖਾਸਕਰ ਤਬਲੀਗੀ ਜਮਾਤ ਨੂੰ ਕਰੋਨਾ ਅਤਿਵਾਦ ਨਾਲ ਜੋੜ ਕੇ ਮੁਸਲਿਮ ਭਾਈਚਾਰੇ ਨੂੰ ਇਸ ਮਹਾਮਾਰੀ ਲਈ ਜਿੰਮੇਵਾਰ ਦੱਸਿਆ ਗਿਆ।

ਇਹ ਸਿਲਸਲਾ ਅਜੇ ਵੀ ਜਾਰੀ ਹੈ। ਸਿਹਤ ਮੰਤਰੀ ਨੇ ਤਾਜ਼ਾ ਬਿਆਨ ਵਿਚ ਇਹ ਸਾਫ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਵੀ ਇਸ ਘੱਟ ਗਿਣਤੀ ਭਾਈਚਾਰੇ ਨੂੰ ਵਾਇਰਸ ਨਾਲ ਜੋੜ ਰਹੀ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਮੁੜ ਦੁਹਰਾਇਆ ਕਿ ਨਿਜ਼ਾਮੂਦੀਨ ਮਰਕਜ਼ ਘਟਨਾ ਤੋਂ ਬਾਅਦ ਕਰੋਨਾ ਵਾਇਰਸ ਦੇ ਕੇਸਾਂ ‘ਚ ਅਚਾਨਕ ਵਾਧਾ ਦਰਜ ਹੋਇਆ ਜਿਸ ਨਾਲ ਮੁਲਕ ਨੂੰ ਵੱਡਾ ਝਟਕਾ ਲੱਗਾ। ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਕੋਈ ਇਕ ਉਦਾਹਰਨ ਨਹੀਂ ਹੈ। ਵੱਖ ਵੱਖ ਸੂਬਿਆਂ ਤੋਂ ਮਿਲੀਆਂ ਖਬਰਾਂ ਅਨੁਸਾਰ ਉਥੇ ਘੱਟ ਗਿਣਤੀ ਫਿਰਕੇ ਦੇ ਲੋਕਾਂ ਵਿਰੁੱਧ ਕਈ ਤਰ੍ਹਾਂ ਦੀ ਮੁਹਿੰਮ ਚਲਾਈ ਗਈ। ਕਿਤੇ ਉਨ੍ਹਾਂ ਤੋਂ ਸਬਜ਼ੀਆਂ ਲੈਣ ਤੋਂ ਇਨਕਾਰ ਕੀਤਾ ਗਿਆ, ਕਿਤੇ ਉਨ੍ਹਾਂ ਨੂੰ ਸਮਾਜਿਕ ਬਾਈਕਾਟ ਦਾ ਸ਼ਿਕਾਰ ਹੋਣਾ ਪਿਆ।
ਇਸੇ ਤਰ੍ਹਾਂ ਦਿੱਲੀ ਪੁਲਿਸ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਕਾਰਵਾਈ ਜਾਰੀ ਰੱਖੀ ਅਤੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਆਗੂਆਂ ਨੂੰ ਗ੍ਰਿਫਤਾਰ ਕੀਤਾ। ਸੋਸ਼ਲ ਮੀਡੀਆ ‘ਤੇ ਜ਼ਹਿਰੀਲਾ ਪ੍ਰਚਾਰ ਕੀਤਾ ਗਿਆ। ਇਸੇ ਤਰ੍ਹਾਂ 23 ਮਾਰਚ ਨੂੰ ਇਕ ਵਕੀਲ ਨੂੰ ਭੂਪਾਲ ਪੁਲਿਸ ਨੇ ਇਸ ਲਈ ਕੁੱਟਿਆ ਕਿਉਂਕਿ ਪੁਲਿਸ ਅਨੁਸਾਰ ਉਨ੍ਹਾਂ ਨੇ ਇਹ ਸਮਝਿਆ ਕਿ ਉਹ ਘੱਟ ਗਿਣਤੀ ਫਿਰਕੇ ਨਾਲ ਸਬੰਧ ਰੱਖਦਾ ਹੈ ਜਦੋਂਕਿ ਉਹ ਬਹੁਗਿਣਤੀ ਫਿਰਕੇ ਦਾ ਬਾਸ਼ਿੰਦਾ ਹੈ। ਉਸ ਨੇ ਪੁਲਿਸ ਵਿਰੁੱਧ ਸ਼ਿਕਾਇਤ ਦਰਜ ਕਰਾਈ ਪਰ ਸਭ ਤੋਂ ਅਫਸੋਸਜਨਕ ਗੱਲ ਇਹ ਹੈ ਕਿ ਪੁਲਿਸ ਨੇ ਉਸ ਉੱਤੇ ਸ਼ਿਕਾਇਤ ਵਾਪਸ ਲੈਣ ਦਾ ਜ਼ੋਰ ਪਾਉਂਦਿਆਂ ਇਹ ਮੰਨਿਆ ਕਿ ਉਨ੍ਹਾਂ ਨੇ ਉਸ ਨਾਲ ਮਾਰ-ਕੁੱਟ ਸਿਰਫ ਇਸੇ ਆਧਾਰ ‘ਤੇ ਕੀਤੀ ਸੀ ਕਿ ਉਹ ਵੇਸ਼-ਭੂਸ਼ਾ ਤੋਂ ਘੱਟ ਗਿਣਤੀ ਫਿਰਕੇ ਨਾਲ ਸਬੰਧਤ ਲੱਗਦਾ ਸੀ।
ਲੌਕਡਾਊਨ ਦੇ ਅਸਰ ਕਾਰਨ ਅਜਿਹੀਆਂ ਖਬਰਾਂ ਨੂੰ ਅਖਬਾਰਾਂ ਤੇ ਟੈਲੀਵਿਜ਼ਨ ਚੈਨਲਾਂ ‘ਤੇ ਉੱਚਿਤ ਸਥਾਨ ਨਹੀਂ ਮਿਲਿਆ, ਨਾ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਨੂੰ ਇਸ ਲਈ ਵੱਡਾ ਮੁੱਦਾ ਨਹੀਂ ਬਣਾਇਆ ਕਿਉਂਕਿ ਉਹ ਬਹੁਗਿਣਤੀ ਫਿਰਕੇ ਦੇ ਲੋਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀਆਂ। ਹਿੰਦੂਤਵ ਨੂੰ ਆਪਣਾ ਆਦਰਸ਼ ਮੰਨਣ ਵਾਲੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਜਿਹੇ ਪ੍ਰਚਾਰ ‘ਚ ਵੱਡਾ ਹਿੱਸਾ ਪਾਇਆ ਹੈ।
_______________________________________
ਮੁਸਲਿਮ-ਵਿਰੋਧੀ ਕੱਟੜਤਾ ਖਿਲਾਫ ਵਚਨਬੱਧਤਾ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਮੁਸਲਮਾਨਾਂ ਵਿਰੁੱਧ ਕੱਟੜਤਾ, ਨਫਰਤ ਅਤੇ ਹਰ ਤਰ੍ਹਾਂ ਦੀ ਅਸਹਿਣਸ਼ੀਲਤਾ ਨੂੰ ਰੱਦ ਕਰਨ ਲਈ ਆਪਣੀ ‘ਸੰਪੂਰਨ ਵਚਨਬੱਧਤਾ’ ਪ੍ਰਗਟਾਈ ਹੈ। ਉਨ੍ਹਾਂ ਪੂਰੀ ਲੋਕਾਈ ਨੂੰ ਰਮਜ਼ਾਨ ਤੋਂ ਹਮਦਰਦੀ, ਆਪਸੀ ਸਤਿਕਾਰ ਅਤੇ ਇਕਜੁਟਤਾ ਦੀਆਂ ਸਿੱਖਿਆਵਾਂ ਲੈਣ ਦੀ ਅਪੀਲ ਕੀਤੀ ਹੈ। ਗੁਟੇਰੇਜ਼ ਨੇ ਇਹ ਟਿੱਪਣੀਆਂ ਇਸਲਾਮਿਕ ਕੋਆਪਰੇਸ਼ਨ ਸੰਗਠਨ ਦੇ ਮੈਂਬਰ ਮੁਲਕਾਂ ਨਾਲ ਕੋਵਿਡ-19 ਸਬੰਧੀ ਸਹਿਯੋਗ ਵਧਾਉਣ ਅਤੇ ਸਾਂਝੇ ਤੌਰ ‘ਤੇ ਜ਼ਿੰਮੇਵਾਰੀ ਲੈਣ ਬਾਰੇ ਚਰਚਾ ਕਰਦਿਆਂ ਕੀਤੀਆਂ। ਉਨ੍ਹਾਂ ਵਧ ਰਹੇ ਨਸਲੀ-ਰਾਸ਼ਟਰਵਾਦ ਤੇ ਨਫਰਤੀ ਭਾਸ਼ਣਾਂ ਖਿਲਾਫ ਇਕਜੁਟ ਹੋਣ ਦਾ ਸੱਦਾ ਦਿੱਤਾ।
_____________________________________
ਭਾਰਤ ਵਿਚ ਮੁਸਲਮਾਨਾਂ ‘ਤੇ ਜਬਰ ਦੀ ਨਿੰਦਾ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਦੀ ਰੋਕਥਾਮ ਬਾਰੇ ਵਿਸ਼ੇਸ਼ ਸਲਾਹਕਾਰ ਅੰਡਰ ਸੈਕਟਰੀ ਅਡਾਮਾ ਡੀਐਂਗ ਨੇ ਭਾਰਤ ਦੀਆਂ ਘੱਟ ਗਿਣਤੀਆਂ ਵਿਰੁੱਧ ਲਾਗੂ ਕੀਤੀਆਂ ਜਾ ਰਹੀਆਂ ਨਫਰਤੀ ਨੀਤੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਿੱਲੀ ‘ਚ ਮਸਜਿਦਾਂ ਫੂਕਣ, ਮੁਸਲਮਾਨਾਂ ਦੀ ਕੁੱਟਮਾਰ ਕਰਨ ਤੇ ਕਈਆਂ ਨੂੰ ਜਾਨੋਂ ਮਾਰਨ ਦੀ ਕਾਰਵਾਈ ਦੀ ਵੀ ਨਿੰਦਾ ਕੀਤੀ। ਕਰੋਨਾ ਲਾਗ ਫੈਲਣ ਤੋਂ ਪਹਿਲਾਂ ਜਿਸ ਢੰਗ ਨਾਲ ਸੀ.ਏ.ਏ. ਬਣਾਉਣ ਮਗਰੋਂ ਜਿਵੇਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਉਸ ਉਤੇ ਸੰਯੁਕਤ ਰਾਸ਼ਟਰ ਨਜ਼ਰਾਂ ਰੱਖ ਰਿਹਾ ਹੈ। ਸੰਯੁਕਤ ਰਾਸ਼ਟਰ ਵੱਲੋਂ ਭਾਰਤ ਵਿਚ ਮੁਸਲਮਾਨਾਂ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਦਿੱਤੇ ਗਏ ਇਸ ਬਿਆਨ ਦਾ ਸਿੱਖ ਜਥੇਬੰਦੀਆਂ ਨੇ ਸਵਾਗਤ ਕੀਤਾ ਹੈ। ਅੰਡਰ ਸੈਕਟਰੀ ਜਨਰਲ ਅਡਾਮਾ ਡੀਐਂਗ ਨੇ ਆਪਣੇ ਆਖਿਆ ਕਿ ਭਾਰਤ ‘ਚ ਨਾਗਰਿਕਤਾ ਸੋਧ ਕਾਨੂੰਨ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਕਰਦਾ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।