ਕਰੋਨਾ ਵਾਇਰਸ ਨੇ ਘਰਾਂ ‘ਚ ਬੰਦ ਕੀਤੇ ਲੋਕ, ਹਜ਼ਾਰਾਂ ਮੌਤਾਂ

ਰੋਮ (ਇਟਲੀ): ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਾਰਨ ਵਿਸ਼ਵ ਭਰ ਵਿਚ ਲੋਕ ਆਪਣੇ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਏ ਜਦਕਿ ਇਸ ਕਾਰਨ ਹੁਣ ਤੱਕ ਹਜ਼ਾਰਾਂ ਮੌਤਾਂ ਹੋ ਗਈਆਂ ਹਨ। ਇਸ ਦੌਰਾਨ ਇਟਲੀ ਵਿਚ ਫਿਰ ਨਵੇਂ ਕੇਸਾਂ ਦੀ ਰਿਕਾਰਡ ਗਿਣਤੀ ਦੌਰਾਨ ਫੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਮਹਾਮਾਰੀ ਕਾਰਨ 35 ਮੁਲਕਾਂ ਵਿਚ ਮੁਕੰਮਲ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਕਾਰਨ ਆਮ ਜਨਜੀਵਨ, ਆਵਾਜਾਈ ਤੇ ਵਪਾਰ ਵੱਡੇ ਪੱਧਰ ਉਤੇ ਪ੍ਰਭਾਵਿਤ ਹੋ ਰਹੇ ਹਨ, ਉਥੇ ਸਰਕਾਰਾਂ ਨੂੰ ਸਰਹੱਦਾਂ ਸੀਲ ਕਰਨ ਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਕਰੋੜਾਂ ਰੁਪਏ ਦੇ ਰਾਹਤ ਪੈਕੇਜਾਂ ਦਾ ਐਲਾਨ ਕਰ ਦਿੱਤਾ ਹੈ।

ਹੁਣ ਤੱਕ ਪੂਰੇ ਵਿਸ਼ਵ ਵਿਚ 3,50,000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਦੌਰਾਨ ਇਟਲੀ ਵਿਚ ਸਥਿਤੀ ਤੇਜ਼ੀ ਨਾਲ ਭਿਆਨਕ ਹੁੰਦੀ ਜਾ ਰਹੀ ਹੈ, ਜਿਥੇ ਮੌਤਾਂ ਦੀ ਗਿਣਤੀ 5 ਹਜ਼ਾਰ ਤੋਂ ਟੱਪ ਗਈ ਹੈ, ਜੋ ਹੁਣ ਤੱਕ ਕਰੋਨਾ ਵਾਇਰਸ ਕਾਰਨ ਵਿਸ਼ਵ ਭਰ ਵਿਚ ਹੋਈਆਂ ਮੌਤਾਂ ਦਾ ਤੀਜਾ ਹਿੱਸਾ ਹੈ। ਬੰਗਲਾਦੇਸ਼ ਤੋਂ ਇਥੇ ਪੁੱਜੇ 50 ਵਿਦਿਆਰਥੀਆਂ ਨੂੰ ਪਹਿਲਗਾਮ ਵਿਚ ਏਕਾਂਤਵਾਸ ‘ਚ ਰੱਖਿਆ ਗਿਆ ਹੈ। ਮੁਕੰਮਲ ਬੰਦ ਕਾਰਨ ਨਿਊ ਯਾਰਕ, ਸ਼ਿਕਾਗੋ ਅਤੇ ਲਾਸ ਏਂਜਲਸ ਦੇ ਵਸਨੀਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਅਮਰੀਕਾ ਦੇ ਬਾਕੀ ਸੂਬਿਆਂ ਵਿਚ ਵੀ ਪਾਬੰਦੀਆਂ ਜਾਰੀ ਰਹਿਣਗੀਆਂ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ, ‘ਅਸੀਂ ਵੱਡੇ ਪੱਧਰ ਉਤੇ ਜਿੱਤ ਹਾਸਲ ਕਰਾਂਗੇ।’
ਬੇਸ਼ੱਕ ਵਿਸ਼ਵ ਆਗੂਆਂ ਵਲੋਂ ਇਸ ਮਹਾਮਾਰੀ ਨੂੰ ਹਰਾਉਣ ਲਈ ਅਹਿਦ ਕੀਤੇ ਜਾ ਰਹੇ ਹਨ, ਪਰ ਕਰੋਨਾ ਵਾਇਰਸ ਕਾਰਨ ਮੌਤਾਂ ਅਤੇ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਪੇਨ ਵਿਚ ਨਵੀਆਂ ਮੌਤਾਂ ‘ਚ 35 ਫੀਸਦੀ ਵਾਧਾ ਹੋਇਆ ਹੈ, ਫਰਾਂਸ ਵਿਚ ਮੌਤਾਂ ਦੀ ਗਿਣਤੀ 600 ਹੋ ਗਈ ਹੈ। ਇਸ ਮਹਾਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦੇ ਯਤਨਾਂ ਦੌਰਾਨ ਓਲੰਪਿਕ ਦੇ ਪ੍ਰਬੰਧਕਾਂ ‘ਤੇ ਟੋਕੀਓ ਖੇਡਾਂ ਨੂੰ ਅੱਗੇ ਪਾਉਣ ਦਾ ਦਬਾਅ ਵਧਦਾ ਜਾ ਰਿਹਾ ਹੈ। ਇਸ ਮਹਾਂਮਾਰੀ ਕਾਰਨ ਆਲਮੀ ਪੱਧਰ ਉਤੇ ਸਟਾਕ ਬਾਜ਼ਾਰ ਪ੍ਰਭਾਵਿਤ ਹੋਏ ਹਨ ਜਦਕਿ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ- ਅਮਰੀਕਾ ਵਲੋਂ ਵੱਡੇ ਐਮਰਜੈਂਸੀ ਪੈਕੇਜ ਐਲਾਨੇ ਜਾਣ ਦੀ ਤਿਆਰੀ ਹੈ, ਜੋ ਹੁਣ 1 ਅਰਬ ਡਾਲਰ ਨੂੰ ਵੀ ਪਾਰ ਕਰ ਸਕਦੀ ਹੈ। ਅਮਰੀਕਾ ਵਿਚ ਕਰੋੜਾਂ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੈਂਸ ਅਤੇ ਉਨ੍ਹਾਂ ਦੀ ਪਤਨੀ ਦੇ ਕਰੋਨਾ ਵਾਇਰਸ ਦੇ ਟੈਸਟ ਨੈਗੇਟਿਵ ਆਏ ਹਨ।
ਫਰਾਂਸ, ਇਟਲੀ, ਸਪੇਨ ਅਤੇ ਦੂਜੇ ਯੂਰਪੀ ਮੁਲਕਾਂ ਨੇ ਆਪਣੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਬਰਤਾਨੀਆ ਨੇ ਪੱਬਾਂ, ਰੈਸਟੋਰੈਂਟਾਂ ਤੇ ਥੀਏਟਰਾਂ ਨੂੰ ਬੰਦ ਕਰਨ ਦੇ ਹੁਕਮ ਦੇਣ ਤੋਂ ਇਲਾਵਾ ਲੋਕਾਂ ਨੂੰ ਡਰ ਕਾਰਨ ਖਰੀਦਦਾਰੀ ਕਰਨ ਤੋਂ ਵਰਜਿਆ ਹੈ।
__________________________
ਸਿਹਤ ਮੰਤਰਾਲੇ ਵਲੋਂ ਦਿਸ਼ਾ ਨਿਰਦੇਸ਼ ਜਾਰੀ
ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਕਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਹਸਪਤਾਲਾਂ ਤੇ ਮੈਡੀਕਲ ਸਿੱਖਿਆ ਸੰਸਥਾਵਾਂ ਨੂੰ ਲੋੜੀਂਦੇ ਵੈਂਟੀਲੇਟਰ ਤੇ ਆਕਸੀਜਨ ਮਾਸਕ ਖਰੀਦ ਕੇ ਰੱਖਣ ਸਮੇਤ ਕੁਝ ਹੋਰ ਹਦਾਇਤਾਂ ਜਾਰੀ ਕੀਤੀਆਂ ਹਨ। ਮੰਤਰਾਲੇ ਦੇ ਨਾਲ ਹੀ ਆਪੋ ਆਪਣੇ ਅਦਾਰਿਆਂ ਵਿਚ ਭੀੜਾਂ ਘਟਾਉਣ, ਕੋਵਿਡ-19 ਪੀੜਤਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣ ਤੇ ਗੈਰ-ਜ਼ਰੂਰੀ ਸਰਜਰੀਆਂ ਨੂੰ ਅੱਗੇ ਪਾਉਣ ਦੀ ਹਦਾਇਤ ਕੀਤੀ ਹੈ।
ਐਡਵਾਈਜ਼ਰੀ ਵਿਚ 31 ਮਾਰਚ ਮਗਰੋਂ ਚੱਲ ਰਹੀਆਂ ਸਾਰੀਆਂ ਪ੍ਰੀਖਿਆਵਾਂ ਨਵੇਂ ਸਿਰੇ ਤੋਂ ਵਿਉਂਤਣ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਨਿਯਮਤ ਸੰਪਰਕ ਰੱਖਣ ਲਈ ਕਿਹਾ ਗਿਆ ਹੈ। ਇਹੀ ਨਹੀਂ ਸਬੰਧਤ ਸੰਸਥਾਵਾਂ ਨੂੰ ਹੈਲਪ ਲਾਈਨ ਨੰਬਰ/ਈਮੇਲਾਂ ਨੋਟੀਫਾਈ ਕਰਨ ਲਈ ਆਖਿਆ ਗਿਆ ਹੈ ਤਾਂ ਕਿ ਵਿਦਿਆਰਥੀ ਲੋੜ ਪੈਣ ਉਤੇ ਜਾਣਕਾਰੀ ਲੈ ਸਕਣ।
__________________________
ਫਰਾਂਸ ‘ਚ ਕਰੋਨਾ ਵਾਇਰਸ ਕਾਰਨ ਡਾਕਟਰ ਦੀ ਮੌਤ
ਪੈਰਿਸ: ਫਰਾਂਸ ‘ਚ ਕਰੋਨਾ ਵਾਇਰਸ ਕਾਰਨ ਇਕ ਡਾਕਟਰ ਦੀ ਮੌਤ ਹੋ ਗਈ ਹੈ। ਕਰੋਨਾ ਵਾਇਰਸ ਕਾਰਨ ਫਰਾਂਸ ‘ਚ ਕਿਸੇ ਡਾਕਟਰ ਦੀ ਮੌਤ ਹੋਣ ਦਾ ਇਹ ਪਹਿਲਾ ਮਾਮਲਾ ਹੈ। ਸ਼ਹਿਰ ਦੇ ਮੇਅਰ ਅਨੁਸਾਰ ਇਹ 67 ਸਾਲਾ ਡਾਕਟਰ ਉਤਰੀ ਪੈਰਿਸ ਦੇ ਇਕ ਹਸਪਤਾਲ ‘ਚ ਸੇਵਾਵਾਂ ਨਿਭਾਅ ਰਿਹਾ ਸੀ। ਸਿਹਤ ਮੰਤਰੀ ਓਲਿਵਰ ਵੇਰਨ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਫਰਾਂਸ ਦੇ ਕਿਸੇ ਹਸਪਤਾਲ ਦੇ ਪਹਿਲੇ ਡਾਕਟਰ ਦੀ ਮੌਤ ਹੋਈ ਹੈ।
__________________________
ਮਹਾਰਾਣੀ ਦੇ ਸਟਾਫ ਮੈਂਬਰ ਨੂੰ ਕਰੋਨਾ ਵਾਇਰਸ ਦੀ ਪੁਸ਼ਟੀ
ਲੰਡਨ: ਬਕਿੰਘਮ ਪੈਲੇਸ ਵਿਚ ਸ਼ਾਹੀ ਪਰਿਵਾਰ ਦੀ ਸੇਵਾ ਵਿਚ ਲੱਗੇ ਇਕ ਸਟਾਫ ਮੈਂਬਰ ਦਾ ਕਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ ਜਦਕਿ ਮਹਾਰਾਣੀ ਅਲਿਜ਼ਬੈੱਥ 2 ਅਜੇ ਵੀ ਆਪਣੀ ਲੰਡਨ ਸਥਿਤ ਰਿਹਾਇਸ਼ ਰਹਿ ਰਹੀ ਹੈ। ਯੂਕੇ ਮੀਡੀਆ ਰਿਪੋਰਟਾਂ ਮੁਤਾਬਕ, ਅਜੇ ਇਸ ਗੱਲ ਦਾ ਪਤਾ ਨਹੀਂ ਲੱਗਾ ਹੈ ਕਿ ਇਹ ਸਟਾਫ ਮੈਂਬਰ ਮਹਾਰਾਣੀ ਦੇ ਕਿੰਨੀ ਕੁ ਕਰੀਬ ਸੀ ਪਰ ਇਸ ਮੈਂਬਰ ਦੇ ਸੰਪਰਕ ਵਿਚ ਆਉਣ ਵਾਲੇ ਹਰ ਸਟਾਫ ਮੈਂਬਰ ਨੇ ਏਕਾਂਤਵਾਸ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ।