ਨਿਰਭਯਾ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਚਾਰੇ ਦੋਸ਼ੀ ਫਾਹੇ ਟੰਗੇ

ਨਵੀਂ ਦਿੱਲੀ: ਨਿਰਭਯਾ ਸਮੂਹਿਕ ਜਬਰ ਜਨਾਹ ਅਤੇ ਹੱਤਿਆ ਮਾਮਲੇ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ। ਦਿੱਲੀ ਦੀ 23 ਵਰ੍ਹਿਆਂ ਦੀ ਮੁਟਿਆਰ ਨਾਲ 16 ਦਸੰਬਰ, 2012 ਦੀ ਰਾਤ ਚੱਲਦੀ ਖਾਲੀ ਬੱਸ ਵਿਚ ਸਮੂਹਿਕ ਜਬਰ ਜਨਾਹ ਕਰਨ ਮਗਰੋਂ ਉਸ ਨੂੰ ਮਰਨ ਲਈ ਸੜਕ ਕਿਨਾਰੇ ਸੁੱਟਣ ਦੇ ਦੋਸ਼ੀਆਂ ਨੂੰ ਫਾਹੇ ਟੰਗੇ ਜਾਣ ਨਾਲ ਭਾਰਤ ਦੇ ਇਤਿਹਾਸ ਦੇ ਇਸ ਹੌਲਨਾਕ ਜਬਰ-ਜਨਾਹ ਕਾਂਡ ਦਾ ਅਧਿਆਏ ਮੁੱਕ ਗਿਆ ਹੈ।

ਨਿਰਭਯਾ ਕੇਸ ਦੇ ਚਾਰ ਦੋਸ਼ੀਆਂ ਮੁਕੇਸ਼ ਕੁਮਾਰ (32), ਪਵਨ ਗੁਪਤਾ (25), ਵਿਨੈ ਸ਼ਰਮਾ (26) ਅਤੇ ਅਕਸ਼ੈ ਕੁਮਾਰ ਸਿੰਘ (31) ਨੂੰ ਸਵੇਰੇ 5:30 ਵਜੇ ਫਾਹੇ ਟੰਗਿਆ ਗਿਆ। ਜੇਲ੍ਹ ਨਿਯਮਾਂ ਅਨੁਸਾਰ ਫਾਹੇ ਟੰਗੇ ਜਾਣ ਮਗਰੋਂ ਚਾਰੇ ਦੋਸ਼ੀਆਂ ਦੀਆਂ ਦੇਹਾਂ ਅੱਧੇ ਘੰਟੇ ਲਈ ਲਟਕਦੀਆਂ ਰਹੀਆਂ। ਤਿਹਾੜ ਜੇਲ੍ਹ ਵਿਚ ਪਹਿਲੀ ਵਾਰ ਚਾਰ ਜਣਿਆਂ ਨੂੰ ਇਕੱਠਿਆਂ ਫਾਂਸੀ ਦਿੱਤੀ ਗਈ ਹੈ। ਅਦਾਲਤ ਨੇ ਦੋਸ਼ੀਆਂ ਗੁਪਤਾ ਅਤੇ ਅਕਸ਼ੈ ਸਿੰਘ ਨੂੰ ਫਾਂਸੀ ਦੇ ਤਖਤੇ ‘ਤੇ ਭੇਜੇ ਜਾਣ ਤੋਂ ਪਹਿਲਾਂ ਆਪਣੇ ਪਰਿਵਾਰਕ ਜੀਆਂ ਨੂੰ ਮਿਲਣ ਸਬੰਧੀ ਕੋਈ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਫਾਂਸੀ ਲਾਏ ਜਾਣ ਤੋਂ ਪਹਿਲਾਂ ਦੋਸ਼ੀਆਂ ਨੇ ਕੋਈ ਵਿਰੋਧ ਨਹੀਂ ਕੀਤਾ ਜਦਕਿ ਦੋਸ਼ੀ ਵਿਨੈ ਸ਼ਰਮਾ ਨੇ ਰੋਣਾ ਸ਼ੁਰੂ ਕਰ ਦਿੱਤਾ। ਆਪਣੀ ਧੀ ਨੂੰ ਸੱਤ ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਮਿਲੇ ਇਨਸਾਫ ਕਾਰਨ ਰਾਹਤ ਮਹਿਸੂਸ ਕਰ ਰਹੇ ਨਿਰਭਯਾ ਦੇ ਮਾਪਿਆਂ ਨੇ ਕਿਹਾ ਕਿ ਉਹ ਭਾਰਤ ਦੀਆਂ ਧੀਆਂ ਲਈ ਲਗਾਤਾਰ ਲੜਦੇ ਰਹਿਣਗੇ। ਨਿਰਭਯਾ ਦੀ ਮਾਂ ਨੇ ਕਿਹਾ ਕਿ ਅਖੀਰ ਸਾਨੂੰ ਇਨਸਾਫ ਮਿਲ ਗਿਆ। ਅਸੀਂ ਆਪਣੀ ਲੜਾਈ ਦੇਸ਼ ਦੀਆਂ ਧੀਆਂ ਨੂੰ ਨਿਆਂ ਦਿਵਾਉਣ ਲਈ ਜਾਰੀ ਰੱਖਾਂਗੇ। ਇਨਸਾਫ ਮਿਲਣ ਵਿਚ ਦੇਰੀ ਹੋਈ, ਪਰ ਮਿਲਿਆ ਜ਼ਰੂਰ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫਾਹੇ ਟੰਗੇ ਜਾਣ ਮਗਰੋਂ ਮਹਿਲਾਵਾਂ ਲਾਜ਼ਮੀ ਤੌਰ ਉਤੇ ਸੁਰੱਖਿਅਤ ਮਹਿਸੂਸ ਕਰਨਗੀਆਂ। ਜੇਲ੍ਹ ਪ੍ਰਸ਼ਾਸਨ ਮੁਤਾਬਕ ਫਾਂਸੀ ਉਤੇ ਲਟਕਾਉਣ ਤੋਂ ਪਹਿਲਾਂ ਚਾਰੇ ਦੋਸ਼ੀ ਬੇਚੈਨ ਦਿੱਸੇ। ਮੁਕੇਸ਼ ਅਤੇ ਵਿਨੈ ਨੇ ਤਾਂ ਰਾਤ ਦਾ ਖਾਣਾ ਖਾਧਾ ਅਤੇ ਅਕਸ਼ੈ ਅਤੇ ਪਵਨ ਨੇ ਕੁਝ ਵੀ ਖਾਣ ਤੋਂ ਮਨ੍ਹਾਂ ਕਰ ਦਿੱਤਾ। ਜੇਲ੍ਹ ਪ੍ਰਸ਼ਾਸਨ ਮੁਤਾਬਕ ਚਾਰੇ ਦੋਸ਼ੀ ਬੇਚੈਨੀ ‘ਚ ਵਾਰ-ਵਾਰ ਅਦਾਲਤ ਦੇ ਫੈਸਲੇ ਬਾਰੇ ਪੁੱਛਦੇ ਰਹੇ। ਸੁਪਰੀਮ ਕੋਰਟ ਅਤੇ ਦਿੱਲੀ ਹਾਈ ਕੋਰਟ ‘ਚ ਦੋਸ਼ੀਆਂ ਦੀਆਂ ਅਰਜ਼ੀਆਂ ਉਤੇ ਸੁਣਵਾਈ ਹੋ ਰਹੀ ਸੀ। ਦੋਸ਼ੀਆਂ ਨੇ ਪਿਛਲੇ 15 ਘੰਟਿਆਂ ‘ਚ 6 ਅਰਜ਼ੀਆਂ ਲਾਈਆਂ ਸਨ। ਦਿੱਲੀ ਹਾਈ ਕੋਰਟ ‘ਚ ਦੋਸ਼ੀਆਂ ਵਲੋਂ ਲਾਈ ਪਟੀਸ਼ਨ ‘ਚ ਉਨ੍ਹਾਂ ਦੇ ਵਕੀਲ ਨੇ ਕੋਰੋਨਾਵਾਇਰਸ ਕਾਰਨ ‘ਲੋੜੀਂਦੇ ਕਾਗਜ਼ਾਤ’ ਦੀ ਘਾਟ ਦਾ ਹਵਾਲਾ ਦਿੱਤਾ ਸੀ, ਜਦ ਕਿ ਸੁਪਰੀਮ ਕੋਰਟ ‘ਚ ਪਵਨ ਵਲੋਂ ਰਹਿਮ ਦੀ ਅਪੀਲ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅਕਸ਼ੈ ਵਲੋਂ ਦੂਜੀ ਰਹਿਣ ਦੀ ਪਟੀਸ਼ਨ ਖਾਰਜ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅਤੇ ਮੁਕੇਸ਼ ਵਲੋਂ ਜਬਰ ਜਨਾਹ ਸਮੇਂ ਦਿੱਲੀ ‘ਚ ਨਾ ਹੋਣ ਦੇ ਦਾਅਵੇ ਵਾਲੀਆਂ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਗਈਆਂ। ਸੁਪਰੀਮ ਕੋਰਟ ਨੇ ਰਹਿਮ ਦੀ ਪਟੀਸ਼ਨ ਨੂੰ ਚੁਣੌਤੀ ਦੇਣ ਦੇ ਆਧਾਰ ‘ਤੇ ਹੀ ਸਵਾਲ ਉਠਾਉਂਦਿਆਂ ਕਿਹਾ ਕਿ ਜੋ ਵੀ ਆਧਾਰ ਦੱਸੇ ਜਾ ਰਹੇ ਹਨ, ਉਨ੍ਹਾਂ ਉਤੇ ਪਹਿਲਾਂ ਬਹਿਸ ਹੋ ਚੁੱਕੀ ਹੈ। ਦੂਜੇ ਪਾਸੇ ਦਿੱਲੀ ਹਾਈ ਕੋਰਟ ਨੇ ਹੋਰ ਤਲਖ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਤੁਹਾਡੇ ਮੁਵੱਕਲ ਭਗਵਾਨ ਨਾਲ ਮਿਲਣਗੇ। ਦੋਸ਼ੀਆਂ ਨੇ ਅੰਤਿਮ ਇੱਛਾ ‘ਚ ਆਪਣੇ ਹੱਕ ਦੀ ਵਰਤੋਂ ਨਹੀਂ ਕੀਤੀ। ਤਿਹਾੜ ਜੇਲ੍ਹ ਹਲਕਿਆਂ ਮੁਤਾਬਕ ਦੋਸ਼ੀ ਮੁਕੇਸ਼ ਨੇ ਆਪਣੇ ਅੰਗਦਾਨ ਲਈ ਜੇਲ੍ਹ ਪ੍ਰਸ਼ਾਸਨ ਨੂੰ ਲਿਖਤੀ ਇਜਾਜ਼ਤ ਦਿੱਤੀ ਸੀ, ਜਦ ਕਿ ਵਿਨੈ ਵਲੋਂ ਆਪਣੀ ਬਣਾਈ ਪੇਂਟਿੰਗ ਜੇਲ੍ਹ ਨੂੰ ਸੌਂਪੀ ਗਈ। ਜੇਲ੍ਹ ਪ੍ਰਸ਼ਾਸਨ ਨੇ ਚਾਰੋ ਦੋਸ਼ੀਆਂ ਵਲੋਂ ਜੇਲ੍ਹ ‘ਚ ਕਮਾਈ ਰਕਮ ਉਨ੍ਹਾਂ ਦੇ ਪਰਿਵਾਰਾਂ ਦੇ ਸਪੁਰਦ ਕਰ ਦਿੱਤੀ।
ਉਧਰ, ਇੰਟਰਨੈਸ਼ਨਲ ਕਮਿਸ਼ਨ ਆਫ ਜਿਊਰਿਸਟਸ (ਆਈ.ਸੀ.ਜੇ.) ਨੇ ਨਿਰਭਯਾ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਲਾਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਫਾਹੇ ਟੰਗੇ ਜਾਣ ਨਾਲ ਕਾਨੂੰਨ ਦੀ ਪਾਲਣਾ ਹੋਈ ਹੈ ਪਰ ਇਸ ਨਾਲ ਮਹਿਲਾਵਾਂ ਲਈ ਨਿਆਂ ਤੱਕ ਪਹੁੰਚ ਨਹੀਂ ਵਧੀ ਹੈ। ਆਈ.ਸੀ.ਜੇ. ਨੇ ਕੇਂਦਰ ਸਰਕਾਰ ਤੋਂ ਮੌਤ ਦੀ ਸਜ਼ਾ ਉਤੇ ਪਾਬੰਦੀ ਲਾਏ ਜਾਣ ਦੀ ਮੰਗ ਕਰਦਿਆਂ ਹਿੰਸਾ ਰੋਕਣ ਲਈ ਤੰਤਰ ਵਿਚ ਤਬਦੀਲੀਆਂ ਅਤੇ ਮਹਿਲਾਵਾਂ ਲਈ ਨਿਆਂ ਤੱਕ ਪਹੁੰਚ ਬਿਹਤਰ ਕੀਤੇ ਜਾਣ ਦੀ ਮੰਗ ਕੀਤੀ ਹੈ। ਅਮਨੈਸਟੀ ਇੰਟਰਨੈਸ਼ਨਲ, ਇੰਡੀਆ ਨੇ ਵੀ ਫਾਂਸੀ ਦਿੱਤੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਫਾਂਸੀ ਲਾਏ ਜਾਣਾ ਕਦੇ ਵੀ ਮਹਿਲਾਵਾਂ ਖਿਲਾਫ ਹਿੰਸਾ ਦਾ ਹੱਲ ਨਹੀਂ ਬਲਕਿ ਅਜਿਹਾ ਕਰਨਾ ਭਾਰਤ ਦੇ ਮਨੁੱਖੀ ਅਧਿਕਾਰਾਂ ਵਾਲੇ ਰਿਕਾਰਡ ਉਤੇ ‘ਧੱਬਾ’ ਹੈ।
____________________________________________
ਭਾਰਤ ਵਿਚ 2014-18 ਦੌਰਾਨ ਹੋਏ 1.75 ਲੱਖ ਬਲਾਤਕਾਰ
ਨਵੀਂ ਦਿੱਲੀ: ਕੇਂਦਰੀ ਏਜੰਸੀ ਐਨ.ਸੀ.ਆਰ.ਬੀ. ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿਚ 2014-18 ਦੌਰਾਨ ਬਲਾਤਕਾਰ ਦੇ 1.75 ਲੱਖ ਮਾਮਲੇ ਦਰਜ ਕੀਤੇ ਗਏ। ਸਾਲ 2016 ਵਿਚ ਸਭ ਤੋਂ ਵੱਧ 38,947 ਮਾਮਲੇ ਦਰਜ ਹੋਏ। ਪੰਜ ਸਾਲਾਂ ਦੌਰਾਨ ਮੱਧ ਪ੍ਰਦੇਸ਼ ਵਿਚ ਸਭ ਤੋਂ ਵੱਧ 25,259 ਮਾਮਲੇ ਦਰਜ ਹੋਏ, ਦੂਜੇ ਨੰਬਰ ਉਤੇ ਉੱਤਰ ਪ੍ਰਦੇਸ਼ ਵਿਚ 19,406 ਅਤੇ ਤੀਜੇ ਨੰਬਰ ਉਤੇ ਰਾਜਸਥਾਨ ਵਿਚ 18,542 ਮਾਮਲੇ ਦਰਜ ਕੀਤੇ ਗਏ।
__________________________________________
ਇਨਸਾਫ ਦੀ ਜਿੱਤ ਹੋਈ: ਮੋਦੀ
ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ੀਆਂ ਦੀ ਫਾਂਸੀ ਨੂੰ ‘ਇਨਸਾਫ ਦੀ ਜਿੱਤ’ ਕਰਾਰ ਦਿੱਤਾ। ਟਵਿੱਟਰ ਉਤੇ ਪਾਏ ਸੰਦੇਸ਼ ‘ਚ ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਮਾਣ ਸਨਮਾਨ ਯਕੀਨੀ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਕੱਠੇ ਮਿਲ ਕੇ ਅਜਿਹੇ ਰਾਸ਼ਟਰ ਦੀ ਉਸਾਰੀ ਕਰਨੀ ਹੋਵੇਗੀ ਜਿਥੇ ਔਰਤਾਂ ਦਾ ਸਸ਼ਕਤੀਕਰਨ ਕੇਂਦਰ ‘ਚ ਹੋਏ, ਜਿਥੇ ਬਰਾਬਰੀ ਅਤੇ ਮੌਕੇ ਉਤੇ ਧਿਆਨ ਦਿੱਤਾ ਜਾਏ।
________________________________________
1947 ਤੋਂ ਹੁਣ ਤੱਕ 720 ਲੋਕਾਂ ਨੂੰ ਹੋ ਚੁੱਕੀ ਹੈ ਫਾਂਸੀ
ਨਵੀਂ ਦਿੱਲੀ:ਨੈਸ਼ਨਲ ਲਾਅ ਯੂਨੀਵਰਸਿਟੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਆਜ਼ਾਦੀ ਤੋਂ ਬਾਅਦ ਭਾਰਤ ‘ਚ ਹੁਣ ਤੱਕ ਕੁੱਲ 720 ਲੋਕਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ, ਜਿਸ ਵਿਚੋਂ ਲਗਭਗ ਅੱਧੇ ਲੋਕ ਉਤਰ ਪ੍ਰਦੇਸ਼ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਦੀ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ ਕਿਉਂਕਿ ਸਰਕਾਰ ਕੋਲ ਇਸ ਸਬੰਧੀ ਸਹੀ ਰਿਕਾਰਡ ਮੌਜੂਦ ਨਹੀਂ ਹੈ। ਨਿਰਭਯਾ ਦੇ ਦੋਸ਼ੀਆਂ ਤੋਂ ਪਹਿਲਾਂ ਸਾਲ 2015 ਵਿਚ ਯਕੂਬ ਮੈਨਨ ਨੂੰ ਫਾਂਸੀ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਵਿਚ 354, ਹਰਿਆਣਾ ‘ਚ 90, ਮੱਧ ਪ੍ਰਦੇਸ਼ 73, ਮਹਾਰਾਸ਼ਟਰ 57, ਕਰਨਾਟਕ 36, ਪੱਛਮੀ ਬੰਗਾਲ 30, ਆਂਧਰਾ ਪ੍ਰਦੇਸ਼ 27, ਦਿੱਲੀ 24 ਅਤੇ ਪੰਜਾਬ ਵਿਚ 10, ਰਾਜਸਥਾਨ ‘ਚ 8, ਉੜੀਸਾ ਤੇ ਜੰਮੂ ਕਸ਼ਮੀਰ ‘ਚ 5-5 ਅਤੇ ਗੋਆ ‘ਚ ਇਕ ਨੂੰ ਫਾਂਸੀ ਦਿੱਤੀ।