ਪੰਜਾਬ ਬਜਟ: ਆਰਥਕ ਤੰਗੀ ਦੇ ਬਾਵਜੂਦ ਹਰ ਧਿਰ ਨੂੰ ਖੁਸ਼ ਕਰਨ ਦਾ ਯਤਨ

ਮਨਪ੍ਰੀਤ ਵਲੋਂ ਟੈਕਸ ਰਹਿਤ 7712 ਕਰੋੜ ਦੇ ਘਾਟੇ ਵਾਲਾ ਬਜਟ ਪੇਸ਼
ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2020-21 ਲਈ ਟੈਕਸ ਰਹਿਤ 7712 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼ ਕੀਤਾ ਹੈ। ਬਜਟ ਦਾ ਆਕਾਰ 1,54,805 ਕਰੋੜ ਰੁਪਏ ਦਾ ਹੈ। ਪੰਜਾਬ ਸਰਕਾਰ ਨੇ 58 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ ਦੋ ਕਿਸ਼ਤਾਂ ਵਿਚ ਸੇਵਾਮੁਕਤ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਦੀ ਇਸ ਪੇਸ਼ਕਦਮੀ ਨਾਲ ਸੂਬੇ ਦੇ ਲਗਭਗ ਛੇ ਹਜ਼ਾਰ ਮੁਲਾਜ਼ਮ ਸੇਵਾਮੁਕਤ ਹੋ ਜਾਣਗੇ।

ਮੁਲਾਜ਼ਮਾਂ ਨੂੰ ਛੇ ਫੀਸਦ ਡੀਏ ਅਤੇ ਇਸੇ ਸਾਲ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਵੀ ਫੈਸਲਾ ਕੀਤਾ ਹੈ। ਮੰਦੀ ਦੇ ਦੌਰ ਨੂੰ ਰੋਕਣ ਲਈ ਸੀ.ਐਲ਼ਯੂ. (ਚੇਂਜ ਆਫ ਲੈਂਡ ਯੂਜ਼) ਚਾਰਜਿਜ਼ ਮੁਆਫ ਕਰਨ ਦਾ ਐਲਾਨ ਕੀਤਾ ਹੈ ਜਦੋਂਕਿ ਸੀ.ਐਲ਼ਯੂ. ਫੀਸ ਬਰਕਰਾਰ ਰਹੇਗੀ। ਇਸ ਨੇ ਨਾਲ ਹੀ ਪੰਜਾਬ ਸਰਕਾਰ ਨੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ।
ਵਿੱਤ ਮੰਤਰੀ ਵਲੋਂ ਕੀਤੇ ਵੱਖ-ਵੱਖ ਐਲਾਨਾਂ ਦਾ ਹਾਕਮ ਧਿਰ (ਕਾਂਗਰਸ) ਦੇ ਮੈਂਬਰਾਂ ਨੇ ਮੇਜ਼ ਥਪਥਪਾ ਕੇ ਸਵਾਗਤ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਿਛਲੇ ਤਿੰਨ ਸਾਲ ਵਿਧਾਇਕਾਂ ਨੂੰ ਗਰਾਂਟਾਂ ਦੇਣ ‘ਚ ਕੰਜੂਸੀ ਕੀਤੀ, ਪਰ ਅਗਲੇ ਦੋ ਸਾਲ ਅਜਿਹਾ ਨਹੀਂ ਕਰਨਗੇ ਤੇ ਹਲਕਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸਾ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰੇਗੀ ਤੇ ਇਸ ਲਈ ਬਜਟ ਵਿਚ 520 ਕਰੋੜ ਰੁਪਏ ਰੱਖੇ ਗਏ ਹਨ। ਕਿਸਾਨਾਂ ਦੀ ਕਰਜ਼ਾ ਮੁਆਫੀ ਲਈ 1480 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਕਰਜ਼ਾ ਮੁਆਫੀ ਲਈ 16 ਮਾਰਚ ਨੂੰ ਸਮਾਗਮ ਕਰਵਾਇਆ ਜਾਵੇਗਾ।
ਪੰਜਾਬ ਸਰਕਾਰ ਨੇ ਬਜਟ ਵਿਚ ਇਸੇ ਸਾਲ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਲਈ ਚਾਰ ਹਜ਼ਾਰ ਕਰੋੜ ਰੁਪਏ ਰੱਖੇ ਹਨ। ਮੁਲਾਜ਼ਮਾਂ ਨੂੰ ਛੇ ਫੀਸਦੀ ਡੀਏ ਦੇਣ ਲਈ ਛੇ ਸੌ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਿਛਲੀ ਸਰਕਾਰ ਸਮੇਂ ਅਨਾਜ ਦੇ 31,000 ਕਰੋੜ ਰੁਪਏ ਦੇ ਕਰਜ਼ੇ ਕਾਰਨ ਇਸ ਸਾਲ 31 ਮਾਰਚ ਤੱਕ 10,530 ਕਰੋੜ ਰੁਪਏ ਦੀ ਅਦਾਇਗੀ ਕਰਨੀ ਪਈ ਹੈ। ਜੇਕਰ ਇਹ ਪੈਸਾ ਸਰਕਾਰ ਕੋਲ ਹੁੰਦਾ ਤਾਂ ਵਿਕਾਸ ਦੇ ਕਈ ਅਹਿਮ ਮਸਲੇ ਹੱਲ ਹੋ ਜਾਣੇ ਸਨ। ਪੰਜਾਬ ਸਰਕਾਰ ਨੂੰ ਪਿਛਲੇ ਸਾਲ ਜੀ.ਐਸ਼ਟੀ., ਵੈਟ, ਆਬਕਾਰੀ, ਅਸ਼ਟਾਮ ਅਤੇ ਰਜਿਸਟਰੀਆਂ ਤੋਂ ਅਨੁਮਾਨਤ ਮਾਲੀਆ ਨਹੀਂ ਮਿਲਿਆ, ਪਰ ਬਿਜਲੀ ਤੇ ਕਰ ਤੋਂ ਅਨੁਮਾਨਤ 2711 ਕਰੋੜ ਰੁਪਏ ਦੀ ਥਾਂ 4479.31 ਕਰੋੜ ਰੁਪਏ ਮਿਲੇ। ਇਸ ਦੇ ਨਾਲ ਪੀ.ਐਸ਼ਪੀ.ਸੀ.ਐਲ਼ ਨੇ ਪਿਛਲੇ ਸਾਲ 80 ਕਰੋੜ ਦਾ ਮੁਨਾਫਾ ਕਮਾਇਆ ਹੈ ਤੇ ਲਾਈਨ ਨੁਕਸਾਨ ਘੱਟ ਕੇ 12.04 ਫੀਸਦੀ ਰਹਿ ਗਏ ਹਨ।
ਬਜਟ ਵਿਚ ਖੇਤੀਬਾੜੀ ਅਤੇ ਸਬੰਧਤ ਸੈਕਟਰਾਂ ਲਈ 12,526 ਕਰੋੜ, ਸਿੱਖਿਆ ਲਈ 13,092 ਕਰੋੜ, ਸਿਹਤ ਲਈ 4675 ਕਰੋੜ, ਸਮਾਜਿਕ ਨਿਆਂ, ਘੱਟ ਗਿਣਤੀਆਂ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਭਲਾਈ ਲਈ ਕ੍ਰਮਵਾਰ 901 ਕਰੋੜ ਤੇ 3498 ਕਰੋੜ, ਖੇਡਾਂ ਅਤੇ ਯੁਵਕ ਸੇਵਾਵਾਂ ਲਈ 270 ਕਰੋੜ, ਪੇਂਡੂ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਲਈ ਕ੍ਰਮਵਾਰ 3830 ਕਰੋੜ ਅਤੇ 5026 ਕਰੋੜ ਰੁਪਏ, ਸੜਕਾਂ ਲਈ 2276 ਕਰੋੜ, ਪਾਣੀ ਸਪਲਾਈ ਤੇ ਸੈਨੀਟੇਸ਼ਨ ਲਈ ਕ੍ਰਮਵਾਰ 2029 ਕਰੋੜ ਅਤੇ 2510 ਕਰੋੜ ਰੁਪਏ ਰੱਖੇ ਗਏ ਹਨ। ਕਿਸਾਨਾਂ ਦੀ ਆਮਦਨ ਵਧਾਉਣ ਦੇ ਨਜ਼ਰੀਏ ਤੋਂ ਸਿਖਲਾਈ ਦੇਣ ਲਈ ਗੁਰਦਾਸਪੁਰ ਅਤੇ ਬਲਾਚੌਰ ਵਿਚ ਦੋ ਨਵੇਂ ਖੇਤੀਬਾੜੀ ਕਾਲਜ ਖੋਲ੍ਹੇ ਜਾਣਗੇ ਤੇ ਕਿਸਾਨਾਂ ਨੂੰ ਮੁਫਤ ਬਿਜਲੀ ਲਈ ਸਬਸਿਡੀ ਦਾ ਪ੍ਰਬੰਧ ਕੀਤਾ ਹੈ। ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ 200 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਪ੍ਰਧਾਨ ਮੰਤਰੀ ਕ੍ਰਿਸ਼ੀ ਯੋਜਨਾ ਤਹਿਤ 141 ਕਰੋੜ ਰੁਪਏ ਦੇ ਪ੍ਰਬੰਧ ਕੀਤਾ ਹੈ। ‘ਪਾਣੀ ਬਚਾਓ ਅਤੇ ਪੈਸਾ ਕਮਾਓ’ ਸਕੀਮ ਤਹਿਤ 40 ਕਰੋੜ ਦਾ ਪ੍ਰਬੰਧ ਕੀਤਾ ਹੈ। ਮਾਈਕਰੋ ਸਿੰਜਾਈ ਲਈ ਪਾਈਪਾਂ ਪਾਉਣ ਵਾਸਤੇ 100 ਕਰੋੜ ਰੁਪਏ, ਸੌਰ ਊਰਜਾ ਤਹਿਤ ਖੇਤੀ ਸੈਕਟਰ ਵਿਚ 11,371 ਸੌਰ ਊਰਜਾ ਟਿਊਬਵੈੱਲ ਲਾਏ ਜਾਣਗੇ। ਫਸਲੀ ਵਿਭਿੰਨਤਾ ਲਈ 200 ਕਰੋੜ ਦਾ ਪ੍ਰਬੰਧ ਕੀਤਾ ਹੈ। ਗੁਰਦਾਸਪੁਰ ਅਤੇ ਬਟਾਲਾ ਖੰਡ ਮਿਲਾਂ ਲਈ 100 ਕਰੋੜ ਰੁਪਏ ਰੱਖੇ ਹਨ। ਕਿਸਾਨਾਂ ਨੂੰ ਮਾਰਕੀਟਿੰਗ ਇੰਟੈਲੀਜੈਂਸ ਸਰਵਿਸ ਦੇਣ ਲਈ 10 ਕਰੋੜ ਰਾਖਵੇਂ ਕੀਤੇ ਹਨ।
ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ 3890 ਕਰੋੜ ਰੁਪਏ ਰੱਖੇ ਗਏ ਹਨ, ਪਰ ਕੇਂਦਰੀ ਗਰਾਂਟ ਦਾ ਪੈਸਾ ਘੱਟ ਮਿਲਣ ਕਰਕੇ ਬਜਟ ਕੁਝ ਘਟਿਆ ਹੈ, ਪਰ ਰਾਜ ਸਰਕਾਰ ਨੇ ਆਪਣੇ ਹਿੱਸੇ ਦਾ ਬਜਟ ਵਧਾਉਣ ਦਾ ਦਾਅਵਾ ਕੀਤਾ ਹੈ। ਜਲੰਧਰ ਦੇ ਬੱਲਾਂ ਪਿੰਡ ਦੇ ਵਿਕਾਸ ਉਤੇ ਪੰਜ ਕਰੋੜ ਰੁਪਏ ਖਰਚੇ ਜਾਣਗੇ। ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਲਈ 32 ਕਰੋੜ ਅਤੇ ਫਾਜ਼ਿਲਕਾ ਦੇ ਸੱਪਾਂਵਾਲੀ ਪਿੰਡ ਵਿਚ 62 ਕਰੋੜ ਦੀ ਲਾਗਤ ਨਾਲ ਵੈਟਰਨਰੀ ਕਾਲਜ ਅਤੇ ਖੋਜ ਕੇਂਦਰ ਬਣਾਇਆ ਜਾਵੇਗਾ। ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ 25 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਉਦਯੋਗਿਕ ਖੇਤਰ ਲਈ 1,000 ਏਕੜ ਜ਼ਮੀਨ ਵਿਚ ਤਿੰਨ ਮੈਗਾ ਉਦਯੋਗਿਕ ਪਾਰਕ ਲੁਧਿਆਣਾ ਤੇ ਬਠਿੰਡਾ ਵਿਚ ਵਿਕਸਤ ਕੀਤੇ ਜਾਣਗੇ।
ਵਿੱਤ ਮੰਤਰੀ ਨੇ ਸਕੂਲ ਸਿੱਖਿਆ ਵਿੱਚ ਸੁਧਾਰਾਂ ਅਤੇ ਚੰਗੇ ਨਤੀਜਿਆਂ ਲਈ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਿਫਤ ਕੀਤੀ। ਸਰਕਾਰ ਨੇ ਸਿੱਖਿਆ ਲਈ 12,488 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ, ਜੋ ਕੁੱਲ ਬਜਟ ਦਾ ਅੱਠ ਫੀਸਦ ਬਣਦਾ ਹੈ।
________________________________
ਪਹਿਲੀ ਵਾਰ ਮਾਲੀਏ ਤੇ ਖਰਚੇ ਦਾ ਖੱਪਾ ਪੂਰਿਆ: ਮਨਪ੍ਰੀਤ
ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੇ 2017 ਵਿਚ ਸੱਤਾ ਸੰਭਾਲਣ ਮੌਕੇ ਮਾਲੀਏ ਤੇ ਖਰਚ ਵਿਚ 10,700 ਕਰੋੜ ਰੁਪਏ ਦਾ ਖੱਪਾ ਸੀ, ਜੋ ਇਸ ਸਾਲ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਜੀ.ਐਸ਼ਟੀ. ਦਾ ਪੈਸਾ ਹਰੇਕ ਮਹੀਨੇ ਸਮੇਂ ਸਿਰ ਮਿਲ ਜਾਂਦਾ ਤਾਂ ਸਥਿਤੀ ਵਿਚ ਹੋਰ ਸੁਧਾਰ ਆ ਜਾਣਾ ਸੀ। ਉਨ੍ਹਾਂ ਕਿਹਾ ਫਿਰ ਵੀ ਕਾਂਗਰਸ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ ਵਿਚ ਕਦੇ ਵੀ ਡਬਲ ਓਵਰ ਡਰਾਫਟ ਨਹੀਂ ਹੋਇਆ। ਪੰਜਾਬ ਸਰਕਾਰ ਨੂੰ ਚਾਰ ਥਾਵਾਂ ਤੋਂ ਘੱਟ ਮਾਲੀਆ ਮਿਲਣ ਦੇ ਬਾਵਜੂਦ ਵਿੱਤੀ ਹਾਲਾਤ ਸੁਧਰਨ ਦੀ ਆਸ ਹੈ ਕਿਉਂਕਿ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਦਾ ਕੇਂਦਰੀ ਟੈਕਸਾਂ ਵਿਚ ਹਿੱਸਾ ਵੱਧ ਗਿਆ ਹੈ ਤੇ ਇਸ ਨਾਲ ਹੀ ਸਾਢੇ ਤਿੰਨ ਹਜ਼ਾਰ ਕਰੋੜ ਤੋਂ ਵੱਧ ਮਿਲਣਗੇ।
________________________________
ਬਜਟ ਦੇ ਅਹਿਮ ਨੁਕਤੇ
-ਬਾਰ੍ਹਵੀਂ ਤਕ ਦੇ ਸਾਰੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ
-58 ਸਾਲ ਦੇ ਮੁਲਾਜ਼ਮਾਂ ਨੂੰ ਸੇਵਾਮੁਕਤ ਕਰਨ ਦਾ ਐਲਾਨ
-ਸੇਵਾਮੁਕਤੀ ਦੇ ਲਾਭ ਦੇਣ ਲਈ ਚਾਰ ਹਜ਼ਾਰ ਕਰੋੜ ਰੁਪਏ ਰੱਖੇ
-ਛੇ ਫੀਸਦ ਡੀਏ ਦੀ ਕਿਸ਼ਤ ਅਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਫੈਸਲਾ
-ਸੀਐਲਯੂ ਫੀਸ ਰਹੇਗੀ, ਪਰ ਚਾਰਜਿਜ਼ ਮੁਆਫ ਕਰਨ ਦਾ ਐਲਾਨ
-ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ‘ਤੇ ਲੀਕ ਮਾਰਨ ਲਈ ਕ੍ਰਮਵਾਰ 1480 ਕਰੋੜ ਤੇ 572 ਕਰੋੜ ਰੁਪਏ ਦਾ ਪ੍ਰਬੰਧ
-ਗੁਰਦਾਸਪੁਰ ਅਤੇ ਬਲਾਚੌਰ ‘ਚ ਦੋ ਨਵੇਂ ਖੇਤੀਬਾੜੀ ਕਾਲਜ ਖੁੱਲ੍ਹਣਗੇ
-11,371 ਸੌਰ ਊਰਜਾ ਟਿਊਬਵੈਲ ਲਾਉਣ ਦੀ ਤਜਵੀਜ਼
-ਗੁਰਦਾਸਪੁਰ ਅਤੇ ਬਟਾਲਾ ਖੰਡ ਮਿਲਾਂ ਲਈ 100 ਕਰੋੜ ਰੁਪਏ ਰੱਖੇ
-ਫਾਜ਼ਿਲਕਾ ਦੇ ਸੱਪਾਂਵਾਲੀ ਪਿੰਡ ‘ਚ ਵੈਟਰਨਰੀ ਕਾਲਜ ਅਤੇ ਖੋਜ ਕੇਂਦਰ ਬਣਾਇਆ ਜਾਵੇਗਾ
-ਲੁਧਿਆਣਾ, ਰਾਜਪੁਰਾ ਤੇ ਬਠਿੰਡਾ ‘ਚ ਬਣਨਗੇ ਉਦਯੋਗਿਕ ਪਾਰਕ
-ਪੇਂਡੂ ਆਵਾਸ ਯੋਜਨਾ ਤਹਿਤ 10 ਹਜ਼ਾਰ ਲੋਕਾਂ ਦੇ ਮਕਾਨ ਹੋਣਗੇ ਪੱਕੇ।
________________________________
ਸੂਬੇ ਦੀ ਵਿੱਤੀ ਹਾਲਤ ਬਿਹਤਰ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤੀ ਸਾਲ 2020-21 ਲਈ ਪੇਸ਼ ਕੀਤੇ ਬਜਟ ਨੂੰ ਵਿਕਾਸਮੁਖੀ ਦੱਸਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਪਹਿਲਾਂ ਨਾਲੋਂ ਬਿਹਤਰ ਤੇ ਕਾਬੂ ਹੇਠ ਹਨ। ਉਨ੍ਹਾਂ ਅਗਲੇ ਦੋ ਸਾਲਾਂ ਦੌਰਾਨ ਪੰਜਾਬੀਆਂ ਦੇ ਜੀਵਨ ਵਿਚ ਮਹੱਤਵਪੂਰਨ ਸੁਧਾਰ ਲਿਆਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਭਵਿੱਖੀ ਬਜਟ ਯੋਜਨਾਵਾਂ ਨਾਲ ਪ੍ਰਗਤੀਸ਼ੀਲ ਰੋਡਮੈਪ ਤਿਆਰ ਕੀਤਾ ਹੈ, ਜੋ ਰਾਜ ਦੇ ਸਰਬਪੱਖੀ ਵਿਕਾਸ ਲਈ ਰਾਹ ਪੱਧਰਾ ਕਰੇਗਾ। ਬਜਟ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਲਈ ਅਕਾਲੀਆਂ ‘ਤੇ ਵਰ੍ਹਦਿਆਂ ਕੈਪਟਨ ਨੇ ਕਿਹਾ ਕਿ ਅਕਾਲੀਆਂ ਦਾ ਇਕੋ-ਇਕ ਉਦੇਸ਼ ਕਾਂਗਰਸ ਸਰਕਾਰ ਨੂੰ ਸੂਬੇ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਤੋਂ ਰੋਕਣਾ ਹੈ।