ਦੇਸ਼ ਦੇ ਕੁਚੱਜ ਦਾ ਨਮੂਨਾ ਬਣ ਗਈ ਹੈ ਦਿੱਲੀ

-ਜਤਿੰਦਰ ਪਨੂੰ
ਭਾਰਤ ਦੀ ਰਾਜਧਾਨੀ ਦਿੱਲੀ ਇਸ ਵਕਤ ਚੋਣ-ਜੰਗ ਦਾ ਅਖਾੜਾ ਬਣੀ ਪਈ ਹੈ। ਬਹੁਤ ਸਾਰੇ ਲੋਕ ਰਾਜਧਾਨੀ ਦੇ ਇਸ ਸ਼ਹਿਰ ਨੂੰ ‘ਮਿੰਨੀ ਹਿੰਦੁਸਤਾਨ’ ਕਹਿੰਦੇ ਹਨ ਅਤੇ ਉਹ ਠੀਕ ਕਹਿੰਦੇ ਹਨ। ਇਸ ਸ਼ਹਿਰ ਵਿਚ ਭਾਰਤ ਦੇ ਹਰ ਰਾਜ ਦੇ ਲੋਕ ਵੀ ਹਨ, ਹਰ ਰੰਗ ਵਾਲੇ ਅਤੇ ਹਰ ਭਾਸ਼ਾ ਬੋਲਣ ਵਾਲੇ ਵੀ। ਇਸ ਕਰ ਕੇ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਇਸ ਦੇ ਲੋਕਾਂ ਦਾ ਫਤਵਾ ਦੇਸ਼ ਦੇ ਲੋਕਾਂ ਦੀ ਸੋਚ ਨੂੰ ਪ੍ਰਗਟ ਕਰਦਾ ਹੈ। ਅਟਲ ਬਿਹਾਰੀ ਵਾਜਪਾਈ ਨੇ ਦਿੱਲੀ ਵਿਧਾਨ ਸਭਾ ਦੀ ਪਹਿਲੀ ਚੋਣ ਵਿਚ ਭਾਜਪਾ ਦੀ ਜਿੱਤ ਨੂੰ ‘ਮਿੰਨੀ ਹਿੰਦੁਸਤਾਨ’ ਜਿੱਤਣਾ ਕਿਹਾ ਸੀ। ਅਗਲੀ ਵਾਰ ਜਦੋਂ ਦਿੱਲੀ ਚੋਣਾਂ ਵਿਚ ਭਾਜਪਾ ਹਾਰ ਗਈ ਤਾਂ ਕਹਿ ਬੈਠੇ ਕਿ ਛੋਟਾ ਜਿਹਾ ਸ਼ਹਿਰ ਹੈ, ਕੋਈ ਫਰਕ ਨਹੀਂ ਪੈਂਦਾ। ਉਦੋਂ ਇੱਕ ਪੱਤਰਕਾਰ ਉਨ੍ਹਾਂ ਦਾ ਪੁਰਾਣਾ ‘ਮਿੰਨੀ ਹਿੰਦੁਸਤਾਨ’ ਵਾਲਾ ਬਿਆਨ ਕੱਢ ਲਿਆਇਆ ਸੀ। ਵਾਜਪਾਈ ਉਸ ਵੇਲੇ ਪ੍ਰਧਾਨ ਮੰਤਰੀ ਸਨ ਤੇ ਆਪਣੀ ਪਾਰਟੀ ਦੀ ਹਾਰ ਨੂੰ ‘ਹਿੰਦੁਸਤਾਨ ਦੇ ਲੋਕਾਂ ਦੀ ਸੋਚ ਦਾ ਪ੍ਰਗਟਾਵਾ’ ਮੰਨਣ ਨੂੰ ਤਿਆਰ ਨਹੀਂ ਸਨ।

ਅਸੀਂ ਇਸ ਸ਼ਹਿਰ ਵਿਚ ਕਿਸੇ ਪਾਰਟੀ ਦੀ ਹਾਰ ਜਾਂ ਜਿੱਤ ਨੂੰ ਉਸ ਪਾਰਟੀ ਦੀ ਸਾਰੇ ਦੇਸ਼ ਵਿਚ ਧੁੰਮ ਦਾ ਉਭਾਰ ਨਹੀਂ ਮੰਨਦੇ, ਪਰ ਜੋ ਕੁਝ ਉਥੇ ਚੋਣਾਂ ਵਿਚ ਹੁੰਦਾ ਰਿਹਾ ਤੇ ਇਸ ਵਾਰ ਵੀ ਹੁੰਦਾ ਪਿਆ ਹੈ, ਉਹ ਸਾਰੇ ਭਾਰਤ ਵਿਚ ਚੋਣਾਂ ਦੌਰਾਨ ਵਾਪਰਦੇ ਭੈੜੇ ਤੋਂ ਭੈੜੇ ਵਿਹਾਰ ਦਾ ਅਸਲੀ ਪ੍ਰਗਟਾਵਾ ਕਿਹਾ ਜਾ ਸਕਦਾ ਹੈ। ਇਨ੍ਹਾਂ ਅਰਥਾਂ ਵਿਚ ਦਿੱਲੀ ਇਸ ਦੇਸ਼ ਦਾ ਏਨਾ ‘ਸ਼ਾਨਦਾਰ’ ਨਮੂਨਾ ਬਣ ਚੁਕੀ ਹੈ ਕਿ ਇਸ ਨੂੰ ‘ਮਿੰਨੀ ਹਿੰਦੁਸਤਾਨ’ ਵੀ ਕਿਹਾ ਜਾ ਸਕਦਾ ਹੈ।
ਦੇਸ਼ ਦੀ ਸਭ ਤੋਂ ਪੁਰਾਣੀ ਰਾਜਸੀ ਧਿਰ ਕਾਂਗਰਸ ਪਾਰਟੀ ਇਸ ਵਕਤ ਦੇਸ਼ ਵਿਚ ਬਹੁਤ ਬੁਰੇ ਹਾਲਾਤ ਵਿਚ ਫਸ ਕੇ ਖੱਜਲ ਹੁੰਦੀ ਫਿਰਦੀ ਹੈ ਤੇ ਕੁਰਸੀਆਂ ਦਾ ਸੁਖ ਮਾਣ ਚੁਕੇ ਆਗੂ ਡੁੱਬਦੇ ਜਹਾਜ ਦੇ ਚੂਹਿਆਂ ਵਾਂਗ ਛਾਲਾਂ ਮਾਰਦੇ ਵੇਖੇ ਜਾ ਸਕਦੇ ਹਨ। ਉਹੋ ਜਿਹੇ ਆਗੂ ਦਿੱਲੀ ਵਿਚ ਵੀ ਇਹੋ ਕੁਝ ਕਰ ਰਹੇ ਹਨ। ਤਾਜ਼ਾ ਕੇਸ ਮਹਾਬਲ ਮਿਸ਼ਰਾ ਦਾ ਹੈ, ਜਿਸ ਨੇ ਪਾਰਟੀ ਨੂੰ ਡੁੱਬਦੀ ਵੇਖ ਕੇ ਉਸ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਕਰਨ ਨੂੰ ਪਹਿਲ ਦਿੱਤੀ ਹੈ, ਜਿਸ ਦੇ ਕਾਮਯਾਬ ਹੋਣ ਦੀ ਵੱਧ ਆਸ ਜਾਪਦੀ ਹੈ। ਕ੍ਰਿਸ਼ਨਾ ਤੀਰਥ ਪਹਿਲਾਂ ਭਾਜਪਾ ਵਿਚ ਜਾ ਚੁਕੀ ਸੀ। ਅਰਵਿੰਦਰ ਸਿੰਘ ਲਵਲੀ ਜਿਹਾ ਇਸ ਸ਼ਹਿਰ ਦੀ ਕਾਂਗਰਸ ਦਾ ਮੁਖੀ ਰਹਿ ਚੁਕਾ ਆਗੂ ਅਤੇ ਸਾਬਕਾ ਮੰਤਰੀ ਕਿੱਥੋਂ ਤੱਕ ਮੇਲਾ ਵੇਖ ਚੁਕਾ ਹੈ, ਇਸ ਬਾਰੇ ਹਰ ਕਿਸੇ ਨੂੰ ਪਤਾ ਹੈ। ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਆਪਣੇ ਦੋ ਬੱਚਿਆਂ ਨਾਲ ਇਸ ਪਾਰਟੀ ਦੇ ਬਾਕੀ ਬਚਦੇ ਤੀਲਿਆਂ ਨੂੰ ਜੋੜਨ ਦੇ ਯਤਨ ਕਰ ਰਹੀ ਹੈ, ਪਰ ਇਸ ਪੱਖੋਂ ਦਿੱਲੀ ਉਨ੍ਹਾਂ ਲਈ ਵੀ ‘ਮਿੰਨੀ ਹਿੰਦੁਸਤਾਨ’ ਹੈ।
ਆਮ ਆਦਮੀ ਪਾਰਟੀ ਬਾਕੀ ਦੇਸ਼ ਵਿਚ ਕਿਸੇ ਥਾਂ ਭੱਲ ਖੱਟਣ ਜੋਗੀ ਹੋ ਨਹੀਂ ਸਕੀ ਤੇ ਜਿਸ ਪੰਜਾਬ ਵਿਚ ਚਾਰ ਲੋਕ ਸਭਾ ਸੀਟਾਂ ਜਿੱਤ ਕੇ ਉਸ ਰਾਜ ਦੀ ਸਰਕਾਰ ਬਣਾਉਣ ਦਾ ਸੁਫਨਾ ਵੇਖਿਆ ਸੀ, ਉਥੇ ਸਫਲ ਨਹੀਂ ਸੀ ਹੋਈ। ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਬੇਸ਼ੱਕ ਚੋਖੀ ਭੱਲ ਖੱਟ ਲਈ, ਪਰ ਇਸ ਪਾਰਟੀ ਨੇ ਵੀ ਦਿੱਲੀ ਨੂੰ ‘ਮਿੰਨੀ ਹਿੰਦੁਸਤਾਨ’ ਬਣਾਉਣ ਦੀ ਧਾਰ ਲਈ ਜਾਪਦੀ ਹੈ। ਇਹ ਸ਼ੱਕ ਟਿਕਟਾਂ ਦੀ ਵੰਡ ਤੋਂ ਪੈਦਾ ਹੋਇਆ ਹੈ। ਜਿਸ ਲੀਡਰ ਨੂੰ ਪੰਜਾਬ ਵਿਚ ਪਾਰਟੀ ਦਾ ਭੱਠਾ ਬਿਠਾਉਣ ਦਾ ਦੋਸ਼ੀ ਮੰਨਿਆ ਜਾਂਦਾ ਸੀ ਅਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹਾਰਨ ਪਿੱਛੋਂ ਆਪਣਾ ਸਮਾਨ ਚੁੱਕਣ ਵੀ ਚੰਡੀਗੜ੍ਹ ਅੱਧੀ ਰਾਤ ਆਇਆ ਅਤੇ ਲੋਕਾਂ ਦੇ ਸੁੱਤੇ ਉਠਣ ਤੋਂ ਪਹਿਲਾਂ ਦਿੱਲੀ ਜਾ ਪੁੱਜਾ ਸੀ, ਉਸ ਨੂੰ ਇਸ ਪਾਰਟੀ ਨੇ ਇੱਕ ਪ੍ਰਮੁੱਖ ਹਲਕੇ ਤੋਂ ਉਮੀਦਵਾਰ ਬਣਾ ਲਿਆ ਹੈ।
ਪਿਛਲੀ ਵਾਰ ਸੀਟਾਂ ਭਾਵੇਂ ਇਸ ਪਾਰਟੀ ਲਈ 67 ਆ ਗਈਆਂ, ਇਸ ਦੇ ਵਿਧਾਇਕਾਂ ਵਿਚ ਵੰਨਗੀ ਬਹੁਤ ਅਜੀਬ ਸੀ। ਇੱਕ ਆਦਮੀ ਨੂੰ ਕਾਨੂੰਨ ਦੇ ਮਹਿਕਮੇ ਦਾ ਮੰਤਰੀ ਬਣਾ ਦਿੱਤਾ, ਕਿਉਂਕਿ ਉਹ ‘ਵਕੀਲ’ ਸੀ, ਪਰ ਸ਼ਿਕਾਇਤ ਹੋਈ ਤਾਂ ਉਸ ਨੇ ਜਿਹੜੇ ਕਾਲਜ ਵਿਚੋਂ ਪੜ੍ਹਾਈ ਕੀਤੀ ਦੱਸੀ ਸੀ, ਉਸ ਕਾਲਜ ਵਿਚ ਜਾ ਕੇ ਆਪਣਾ ਕਲਾਸ-ਰੂਮ ਵੀ ਨਾ ਦੱਸ ਸਕਿਆ, ਆਪਣੇ ਕਿਸੇ ਪ੍ਰੋਫੈਸਰ ਦਾ ਨਾਂ ਵੀ ਨਹੀਂ ਸੀ ਦੱਸ ਸਕਿਆ ਤੇ ਇੱਕ ਵੀ ਜਮਾਤੀ ਦਾ ਨਾਂ ਨਹੀਂ ਸੀ ਦੱਸ ਸਕਿਆ। ਡਿਗਰੀ ਝੂਠੀ ਸਾਬਤ ਹੋਈ ਤਾਂ ਉਸ ਨੂੰ ਜੇਲ੍ਹ ਜਾਣਾ ਪੈ ਗਿਆ ਸੀ। ਇਸ ਵਾਰ ਫਿਰ ਕੁਝ ਏਦਾਂ ਦੇ ਚਰਚੇ ਸੁਣੇ ਜਾ ਰਹੇ ਰਹੇ ਹਨ। ਅਜਿਹੇ ਚਰਚੇ ਭਾਵੇਂ ਗਲਤ ਵੀ ਹੋਣ ਤਾਂ ਫਰਕ ਨਹੀਂ ਪੈਂਦਾ, ਕਿਉਂਕਿ ਜਿਨ੍ਹਾਂ ਨਾਲ ਮੁਕਾਬਲਾ ਹੈ, ਉਨ੍ਹਾਂ ਝੂਠੀ ਜਾਂ ਸੱਚੀ ਕੋਈ ਡਿਗਰੀ ਪੇਸ਼ ਹੀ ਨਹੀਂ ਕਰਨੀ। ਇਸ ਕਰਕੇ ਦੋਹੀਂ ਪਾਸੀਂ ਨਿੰਦਣ-ਸਲਾਹੁਣ ਵਾਲਾ ਕੋਈ ਫਰਕ ਨਹੀਂ ਲੱਭਦਾ।
ਤੀਜੀ ਧਿਰ ਅਸਲ ਵਿਚ ਇਸ ਵਕਤ ਦਿੱਲੀ ਦੀ ਸਰਕਾਰ ਸਾਂਭ ਕੇ ਪਹਿਲੀ ਧਿਰ ਬਣਨ ਲਈ ਓਹੀ ਜ਼ੋਰ ਫਿਰ ਲਾ ਰਹੀ ਹੈ, ਜੋ ਸਾਰੇ ਦੇਸ਼ ਵਿਚ ਉਸ ਨੇ ਲਾਇਆ ਸੀ। ਜਿਸ ਤਰ੍ਹਾਂ ਪਾਰਟੀ ਦੇ ਦੋ ਮੁਖੀ ਲੀਡਰਾਂ-ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਪਾਰਲੀਮੈਂਟ ਚੋਣਾਂ ਵਿਚ ਸਿਰਫ ਲੋਕਾਂ ਨੂੰ ਦੂਜੀਆਂ ਧਿਰਾਂ ਖਿਲਾਫ ਉਕਸਾਉਣ ਦਾ ਕੰਮ ਕੀਤਾ ਸੀ ਤੇ ਇਸ ਵਿਚ ਇਹ ਨਹੀਂ ਸੀ ਵੇਖਿਆ ਕਿ ਪੇਸ਼ ਕੀਤੇ ਜਾਂਦੇ ਤੱਥ ਵੀ ਸੱਚਾਈ ਤੋਂ ਪਰੇ ਹਨ, ਉਹੀ ਕੁਝ ਅੱਜ ਦਿੱਲੀ ਦੇ ਲੋਕਾਂ ਮੂਹਰੇ ਕੀਤਾ ਜਾ ਰਿਹਾ ਹੈ।
ਦੇਸ਼ ਦੇ ਚੋਣ ਮੈਦਾਨ ਵਿਚ ਮੋਦੀ-ਸ਼ਾਹ ਜੋੜੀ ਜਿਵੇਂ ਲੋਕਾਂ ਨੂੰ ਧਰਮ ਦਾ ਨਾਂ ਵਰਤ ਕੇ ਉਕਸਾਉਣ ਵਾਲੀਆਂ ਗੱਲਾਂ ਕੁਝ ਓਹਲਾ ਰੱਖ ਕੇ ਕਰਦੀ ਸੀ, ਦਿੱਲੀ ਦੀਆਂ ਚੋਣਾਂ ਵਿਚ ਉਨ੍ਹਾਂ ਦੇ ਸਥਾਨਕ ਆਗੂ ਸਿਰੇ ਦੀ ਬੇਸ਼ਰਮੀ ਨਾਲ ਨੰਗੇ ਸ਼ਬਦਾਂ ਵਿਚ ਕਰੀ ਜਾਂਦੇ ਹਨ। ਕੇਂਦਰ ਦਾ ਮੰਤਰੀ ਭਰੇ ਜਲਸੇ ਵਿਚ ਗੰਦੀ ਗਾਲ੍ਹ ਕੱਢਵਾ ਕੇ ਆਪਣੇ ਸਾਹਮਣੇ ਬੈਠੀ ਭੀੜ ਤੋਂ ‘ਗੋਲੀ ਮਾਰੋ’ ਦੇ ਨਾਅਰੇ ਲਵਾਉਂਦਾ ਵੇਖਿਆ ਗਿਆ ਹੈ।
ਇੱਕ ਉਮੀਦਵਾਰ ਨੇ ਪਹਿਲਾਂ ਤਾਂ ਇਹ ਕਿਹਾ ਕਿ 8 ਤਰੀਕ ਨੂੰ ਦਿੱਲੀ ਵਿਚ ‘ਭਾਰਤ-ਪਾਕਿਸਤਾਨ ਮੈਚ’ ਹੋਣ ਵਾਲਾ ਹੈ, ਜਦੋਂ ਚੋਣ ਕਮਿਸ਼ਨ ਨੇ ਝਾੜ ਪਾਉਣ ਨਾਲ ਦੋ ਦਿਨ ਪ੍ਰਚਾਰ ਤੋਂ ਲਾਂਭੇ ਕੀਤਾ ਤਾਂ ਇਸ ਦੀ ਥਾਂ ਨਵਾਂ ਨਾਅਰਾ ਕੱਢ ਲਿਆਇਆ ਕਿ 8 ਫਰਵਰੀ ਨੂੰ ਇਸ ਦੇਸ਼ ਦੀ ‘ਅੱਸੀ ਤੇ ਵੀਹ ਫੀਸਦੀ’ ਆਬਾਦੀ ਦਾ ਆਪੋ ਵਿਚ ਭੇੜ ਹੋਣਾ ਹੈ। ਇਸ ਦਾ ਅਰਥ ਹੈ ਕਿ ਬਹੁ-ਗਿਣਤੀ ਭਾਈਚਾਰੇ ਦੇ ਅੱਸੀ ਫੀਸਦੀ ਲੋਕਾਂ ਨੇ ਸਾਰੀਆਂ ਘੱਟ-ਗਿਣਤੀਆਂ ਦੇ ਵੀਹ ਫੀਸਦੀ ਲੋਕਾਂ ਨਾਲ ਟੱਕਰ ਲੈਣੀ ਹੈ। ਦੇਸ਼ ਦਾ ਰਾਜ ਚਲਾ ਰਹੀ ਧਿਰ ਦਾ ਉਹ ਉਮੀਦਵਾਰ ਹੈ, ਨਾ ਇਸ ਤਰ੍ਹਾਂ ਦੀ ਬਕੜਵਾਹ ਕਰਨ ਤੋਂ ਉਸ ਨੂੰ ਕਿਸੇ ਪਾਰਟੀ ਆਗੂ ਨੇ ਰੋਕਿਆ ਹੈ ਤੇ ਨਾ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਫਰਜ਼ ਯਾਦ ਆਇਆ ਹੈ।
ਇੱਕ ਹੋਰ ਭਾਜਪਾ ਆਗੂ ਨੇ ਇਹ ਕਹਿ ਕੇ ਭਾਰਤ ਦੇ ਲੋਕਾਂ ਨੂੰ ਸੋਚਣ ਲਾ ਦਿੱਤਾ ਕਿ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਲਈ ਵੋਟਾਂ ਪੈਣ ਪਿੱਛੋਂ ਸ਼ਾਹੀਨ ਬਾਗ ਵਿਚ ਬੈਠੇ ਲੋਕਾਂ ‘ਤੇ ਸਰਜੀਕਲ ਸਟਰਾਈਕ ਕੀਤੀ ਜਾਣੀ ਹੈ। ਇੱਕ ਪਾਰਲੀਮੈਂਟ ਮੈਂਬਰ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਬਾਰਡਰਾਂ ‘ਤੇ ਅਤਿਵਾਦੀਆਂ ਨੂੰ ਲੱਭਦੇ ਫਿਰਦੇ ਹਾਂ ਤੇ ਅਤਿਵਾਦੀ ਦਿੱਲੀ ਵਿਚ ਫਿਰਦਾ ਹੈ। ਇਸ਼ਾਰਾ ਕੇਜਰੀਵਾਲ ਵੱਲ ਬੜੇ ਸਪੱਸ਼ਟ ਸ਼ਬਦਾਂ ਵਿਚ ਕਰ ਦਿੱਤਾ ਗਿਆ ਤੇ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਪੈ ਗਿਆ। ਭਾਰਤ ਦੇ ਸਮੁੱਚੇ ਚੋਣ ਮੈਦਾਨ ਵਿਚ ਇਹੋ ਸਭ ਕੁਝ ਤਾਂ ਕੀਤਾ ਜਾਂਦਾ ਹੈ, ਜੋ ‘ਮਿੰਨੀ ਹਿੰਦੁਸਤਾਨ’ ਵਿਚ ਹੋ ਰਿਹਾ ਹੈ।
ਭਾਰਤ ਦੇਸ਼ ਇਸ ਵੇਲੇ ਦਿੱਲੀ ਵਿਚ ਜਿਹੋ ਜਿਹੀ ਖੇਹ ਉਡਦੀ ਵੇਖ ਰਿਹਾ ਹੈ, ਇਸ ਨੇ ਦੇਸ਼ ਦੇ ਲੋਕਾਂ ਸਿਰ ਲੋਕਤੰਤਰ ਨੂੰ ਬਚਾਉਣ ਦੀ ਵੱਡੀ ਜਿੰਮੇਵਾਰੀ ਪਾ ਦਿੱਤੀ ਹੈ। ਇਹ ਜਿੰਮੇਵਾਰੀ ਹਰ ਜਾਗਦੇ ਸਿਰ ਵਾਲੇ ਨਾਗਰਿਕ ਦੇ ਸਿਰ ਹੈ।