ਪੰਥਕ ਧੜੇ ਏਕੇ ਲਈ ਅਹੁਲੇ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਰ ਤਰ੍ਹਾਂ ਦੀ ਰਨਣੀਤੀ ਅਪਨਾਉਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਸ਼ਿਕਸਤ ਦੇਣ ਵਿਚ ਨਾਕਾਮ ਰਹੇ ਵੱਖ-ਵੱਖ ਪੰਥਕ ਧੜੇ ਇਕ ਵਾਰ ਫਿਰ ਸਾਂਝੇ ਮੰਚ ਤੋਂ ਬਾਦਲਾਂ ਦੀ ਸਰਦਾਰੀ ਨੂੰ ਵੰਗਾਰਨ ਲਈ ਤਿਆਰੀ ਕੱਸਣ ਲੱਗੇ ਹਨ। ਪਿਛਲੇ ਸਾਲ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਧਾਨ ਸਭਾ ਚੋਣਾਂ ਵਿਚ ਪੰਥਕ ਧਿਰਾਂ ਵੱਲੋਂ ਇਕਜੁਟ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਵਿਚ ਬਹੁਤੀ ਸਫਲਤਾ ਹੱਥ ਨਹੀਂ ਸੀ ਲੱਗੀ।
ਹੁਣ ਬਾਦਲਾਂ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੀ ਝੰਡੇ ਗੱਡਣ ਮਗਰੋਂ ਪੰਥਕ ਧਿਰਾਂ ਹਾਸ਼ੀਏ ‘ਤੇ ਧੱਕੀਆਂ ਮਹਿਸੂਸ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਆਪਣੀ ਹੋਂਦ ਖਤਮ ਹੋਣ ਦਾ ਖ਼ਤਰਾ ਵੀ ਸਤਾਉਣ ਲੱਗਾ ਹੈ। ਇਹ ਸੱਚਾਈ ਹੈ ਕਿ ਆਪੋ-ਆਪਣੀ ਡਫਲੀ ਵਜਾਉਣ ਵਾਲੇ ਇਨ੍ਹਾਂ ਪੰਥਕ ਧੜਿਆਂ ਤੋਂ ਆਮ ਸਿੱਖ ਦੂਰ ਹੋਏ ਹਨ ਤੇ ਬਾਦਲ ਧੜੇ ਨੂੰ ਹੀ ਸਿੱਖਾਂ ਦੀ ਨੁਮਾਇੰਦਾ ਧਿਰ ਵਜੋਂ ਮਾਨਤਾ ਦੇਣ ਲੱਗੇ ਹਨ। ਇਹੋ ਕਾਰਨ ਹੈ ਕਿ ਇਸ ਵੇਲੇ ਸਿੱਖ ਸੰਸਥਾਵਾਂ ‘ਤੇ ਬਾਦਲਾਂ ਦਾ ਮੁਕੰਮਲ ਕਬਜ਼ਾ ਹੈ।
ਦੂਜੇ ਪਾਸੇ ਬਾਦਲਾਂ ਵੱਲੋਂ ਸਿੱਖ ਸੰਸਥਾਵਾਂ ਦੀ ਸਿਆਸੀ ਲਾਹੇ ਲਈ ਕੀਤੀ ਜਾ ਰਹੀ ਦੁਰਵਰਤੋਂ ਤੋਂ ਪੰਥਕ ਧੜੇ ਤੇ ਗਰਮ-ਖਿਆਲੀਏ ਮੌਜੂਦਾ ਵਰਤਾਰੇ ਤੋਂ ਕਾਫੀ ਔਖ ਮਹਿਸੂਸ ਕਰ ਰਹੇ ਹਨ ਜਿਸ ਕਰ ਕੇ ਇਨ੍ਹਾਂ ਧੜਿਆਂ ਵਿਚਾਲੇ ਮੁੜ ਸਾਂਝਾ ਮੰਚ ਉਸਾਰਨ ਦੀ ਗੱਲ ਤੁਰੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਹਿਲੇ ਦੌਰ ਦੀ ਗੱਲਬਾਤ ਲਈ ਇਨ੍ਹਾਂ ਧੜਿਆਂ ਦੇ ਨੇਤਾਵਾਂ ਵਿਚ ਦੋ ਮੀਟਿੰਗਾਂ ਹੋ ਚੁੱਕੀਆਂ ਹਨ। ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੰਗਾਰਨ ਲਈ ਰਣਨੀਤੀ ਤਿਆਰ ਕਰਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਦੇ ਰਲੇਵੇਂ ਤੋਂ ਬਾਅਦ ਬਾਕੀ ਦੇ ਧੜਿਆਂ ਨੂੰ ਵੀ ਨਾਲ ਜੋੜਿਆ ਜਾ ਰਿਹਾ ਹੈ। ਦਲ ਦੇ ਸਕੱਤਰ ਜਨਰਲ ਜਸਵੰਤ ਸਿੰਘ ਮਾਨ ਏਕੇ ਲਈ ਅੱਗੇ ਹੋ ਕੇ ਤੁਰੇ ਹਨ। ਪਤਾ ਲੱਗਾ ਹੈ ਕਿ ਸਾਬਕਾ ਮੰਤਰੀ ਮਨਜੀਤ ਸਿੰਘ ਕਲਕੱਤਾ, ਪਰਮਜੀਤ ਸਿੰਘ ਸਰਨਾ, ਸੰਤ ਬਲਜੀਤ ਸਿੰਘ ਦਾਦੂਵਾਲ ਤੇ ਸਾਬਕਾ ਆਈæਏæਐਸ਼ ਅਫਸਰ ਗੁਰਤੇਜ ਸਿੰਘ ਰਲ ਕੇ ਚੋਣਾਂ ਲੜਨ ਲਈ ਹਾਮੀ ਭਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਅਕਾਲੀ ਦਲ-1920 ਨਾਲ ਵੀ ਗੱਲਬਾਤ ਚੱਲ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨਾਲ ਵੀ ਸੰਪਰਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਲੌਂਗੋਵਾਲ ਦਲ ਸਾਂਝੇ ਮੋਰਚੇ ਦੀ ਭਾਈਵਾਲ ਪਾਰਟੀ ਹੈ। ਇਸ ਦੇ ਬਾਵਜੂਦ ਦਲ ਵੱਲੋਂ ਪੰਥਕ ਮੋਰਚੇ ਨਾਲ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਅਕਾਲੀ ਦਲ-1920 ਵੱਲੋਂ ਦੂਜੇ ਧੜਿਆਂ ਨਾਲ ਏਕਤਾ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਜਥੇਦਾਰ ਰਘਵੀਰ ਸਿੰਘ ਰਾਜਾਸਾਂਸੀ ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਨੂੰ ਦੂਜੇ ਪੰਥਕ ਧੜਿਆਂ ਨਾਲ ਗੱਲਬਾਤ ਕਰਨ ਦੇ ਅਖ਼ਤਿਆਰ ਦਿੱਤੇ ਗਏ ਹਨ। ਪੰਥਕ ਏਕੇ ਲਈ ਰਾਜ਼ੀ ਧੜੇ ਖ਼ਾਲਿਸਤਾਨ ਦੀ ਗੱਲ ਕਰਨ ਤੋਂ ਕੰਨੀ ਕਤਰਾ ਰਹੇ ਹਨ। ਇਸ ਦੇ ਹੱਲ ਲਈ ਪੰਥਕ ਮੋਰਚੇ ਦੀ ਵਾਗਡੋਰ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਕੀਤੀ ਜਾਣ ਦੀ ਸਹਿਮਤੀ ਬਣ ਗਈ ਹੈ। ਏਕੇ ਨੂੰ ਅੰਤਿਮ ਰੂਪ ਦੇਣ ਲਈ ਅਗਲੇ ਦਿਨਾਂ ਵਿਚ ਅੰਮ੍ਰਿਤਸਰ ਵਿਖੇ ਮੀਟਿੰਗ ਸੱਦੀ ਜਾ ਰਹੀ ਹੈ।
ਦਲ ਦੇ ਸਕੱਤਰ ਜਸਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਏਕੇ ਦੀ ਗੱਲ ਅੰਤਿਮ ਪੜਾਅ ‘ਤੇ ਹੈ ਅਤੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਂਵਾਂ ‘ਤੇ ਵੀ ਸਹਿਮਤੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ। ਹਰਿੰਦਰ ਸਿੰਘ ਖਾਲਸਾ ਨੂੰ ਫਰੀਦਕੋਟ ਤੋਂ, ਮਨਜੀਤ ਸਿੰਘ ਕਲਕੱਤਾ ਨੂੰ ਅੰਮ੍ਰਿਤਸਰ, ਅਸ਼ੋਕ ਸਿੰਘ ਗਰਚਾ ਨੂੰ ਲੁਧਿਆਣਾ, ਕਸ਼ਮੀਰ ਸਿੰਘ ਪੱਟੀ ਨੂੰ ਖਡੂਰ ਸਾਹਿਬ, ਸੁੱਚਾ ਸਿੰਘ ਛੋਟੇਪਾਰ ਨੂੰ ਗੁਰਦਾਸਪੁਰ ਤੇ ਰਵੀਇੰਦਰ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਖੜ੍ਹਾਉਣ ਬਾਰੇ ਸਹਿਮਤੀ ਬਣ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਤੇ ਪਟਿਆਲਾ ਨੂੰ ਛੱਡ ਕੇ ਬਾਕੀ ਗਿਆਰਾਂ ਹਲਕਿਆਂ ਲਈ ਨਾਂਵਾਂ ‘ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਹੈ। ਪੰਚ ਪ੍ਰਧਾਨੀ ਦੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਹੈ ਕਿ ਉਹ ਪੰਥਕ ਏਕੇ ਲਈ ਸੱਦੀ ਜਾਣ ਵਾਲੀ ਮੀਟਿੰਗ ਵਿਚ ਜਾਣਗੇ। ਅਕਾਲੀ ਦਲ-1920 ਦੇ ਰਘਵੀਰ ਸਿੰਘ ਰਾਜਾਸਾਂਸੀ ਦਾ ਕਹਿਣਾ ਹੈ ਕਿ ਪੰਜ ਮੈਂਬਰੀ ਕਮੇਟੀ ਏਕਤਾ ਲਈ ਸੋਚ ਸਮਝ ਕੇ ਅੰਤਿਮ ਫੈਸਲਾ ਲਵੇਗੀ। ਦਲ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਏਕੇ ਦੇ ਯਤਨਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਤੀਜੇ ਬਦਲ ਦੀ ਸਖ਼ਤ ਲੋੜ ਹੈ। ਜਸਵੰਤ ਸਿੰਘ ਮਾਨ ਨੇ ਕਿਹਾ ਕਿ ਬਾਦਲਾਂ ਨੂੰ ਹਾਰ ਦੇਣ ਲਈ ਖਿੰਡੀਆਂ ਪੁੰਡੀਆਂ ਪੰਥਕ ਧਿਰਾਂ ਵਿਚ ਏਕਾ ਸਮੇਂ ਦੀ ਲੋੜ ਬਣ ਗਿਆ ਹੈ।
Leave a Reply