ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਚੁਣੌਤੀ ਵਾਲਾ ਵਰ੍ਹਾ ਰਿਹਾ 2019

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਲਈ 2019 ਦਾ ਵਰ੍ਹਾ ਕਾਫੀ ਚੁਣੌਤੀਆਂ ਵਾਲਾ ਰਿਹਾ। ਖਾਸਕਰ ਸਾਲ ਦੇ ਅੰਤ ਵਿਚ ਢੀਂਡਸਾ ਪਰਿਵਾਰ ਦੀ ਬਗਾਵਤ ਵੱਡੀ ਵੰਗਾਰ ਬਣ ਕੇ ਸਾਹਮਣੇ ਆਈ। ਅਸਲ ਵਿਚ ਸਾਲ 2017 ਵਿਚ ਅਕਾਲੀ ਦਲ ਦਾ ਸਿਆਸੀ ਤੌਰ ਉਤੇ ਪੈਰ ਉਖੜਨ ਦਾ ਦੌਰ ਸ਼ੁਰੂ ਹੋਇਆ ਸੀ, ਜੋ ਸਾਲ 2019 ‘ਚ ਵੀ ਜਾਰੀ ਰਿਹਾ।

ਕੈਪਟਨ ਸਰਕਾਰ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਦਾ ਸਿਆਸੀ ਲਾਹਾ ਲੈਣ ‘ਚ ਵੀ ਅਕਾਲੀ ਕਾਮਯਾਬ ਨਹੀਂ ਹੋਏ। ਸਾਲ 2019 ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸਾਖ ਬਹਾਲੀ ਲਈ ਤਿੰਨ ਵੱਡੇ ਮੌਕੇ ਮਿਲੇ ਸਨ ਪਰ ਪਾਰਟੀ ਨੂੰ ਇਨ੍ਹਾਂ ‘ਚ ਖਾਸ ਕਾਮਯਾਬੀ ਨਹੀਂ ਮਿਲ ਸਕੀ। ਪਹਿਲਾ ਮੌਕੇ ਸੰਸਦੀ ਚੋਣਾਂ, ਦੂਜਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਤੇ ਤੀਜਾ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸ਼ਤਾਬਦੀ ਜਸ਼ਨਾਂ ਦੀ ਸ਼ੁਰੂਆਤ ਕਰਨਾ ਸੀ। ਗੁਰਦੁਆਰਾ ਸੁਧਾਰ ਲਹਿਰ ‘ਚੋਂ ਨਿਕਲੇ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਪਾਰਟੀ ਦੇ ਆਗੂਆਂ ਉਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਲੱਗੇ ਹਨ। ਇਹ ਦੋਸ਼ ਅਕਾਲੀਆਂ ‘ਤੇ ਸੱਤਾਧਾਰੀ ਹੁੰਦਿਆਂ ਲੱਗੇ, ਜੋ ਹੁਣ ਤੱਕ ਪਿੱਛਾ ਨਹੀਂ ਛੱਡ ਰਹੇ। ਅਕਾਲੀ ਦਲ ਨੇ ਜੰਮੂ ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਅਤੇ ‘ਰਿਆਸਤ’ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡਣ ਉਤੇ ਮੋਦੀ ਸਰਕਾਰ ਦੇ ਫੈਸਲੇ ਦੀ ਡਟਵੀਂ ਹਮਾਇਤ ਕੀਤੀ। ਅਕਾਲੀ ਦਲ ਨੇ ਨਾਗਰਿਕਤਾ ਸੋਧ ਕਾਨੂੰਨ ਦੀ ਵੀ ਹਮਾਇਤ ਕੀਤੀ। ਸ਼੍ਰੋਮਣੀ ਅਕਾਲੀ ਦਲ ਮੁੱਢੋਂ ਰਾਜਾਂ ਨੂੰ ਵੱਧ ਅਧਿਕਾਰਾਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਖਾਤਰ ਡਟਦਾ ਰਿਹਾ ਹੈ। ਅਕਾਲੀ ਦਲ ਦੇ ਮੂਲ ਸਿਧਾਂਤਾਂ ਤੋਂ ਪਿਛੇ ਹਟਣ ਨੂੰ ਸਿਆਸੀ ਵਿਸਲੇਸ਼ਕਾਂ ਨੇ ਪਾਰਟੀ ਲਈ ਨਾਂਹ ਪੱਖੀ ਕਰਾਰ ਦਿੱਤਾ ਹੈ।
ਸੁਖਬੀਰ ਸਿੰਘ ਬਾਦਲ ਭਾਵੇਂ ਇਸ ਨਾਗਰਿਕਤਾ ਕਾਨੂੰਨ ‘ਚ ਸੋਧ ਕਰਕੇ ਮੁਸਲਮਾਨਾਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੁੱਲ੍ਹੀ ਹਮਾਇਤ ‘ਚ ਨਿੱਤਰੇ ਹੋਏ ਹਨ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ 10 ਸੀਟਾਂ ਉਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਜਿੱਤ ਸਿਰਫ ਦੋ ਉਮੀਦਵਾਰਾਂ (ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ) ਨੂੰ ਹੀ ਨਸੀਬ ਹੋਈ। ਪੰਜਾਬ ‘ਚ ਚਾਰ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਈਆਂ, ਜਿਨ੍ਹਾਂ ‘ਚ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਜਲਾਲਾਬਾਦ ਸੀਟ ਵੀ ਪਾਰਟੀ ਕੋਲੋਂ ਖੁਸ ਗਈ। ਪਾਰਟੀ ਨੇ ਦਾਖਾ ਹਲਕੇ ਦੀ ਸੀਟ ਜਿੱਤ ਤਾਂ ਲਈ ਪਰ ਜਨਤਕ ਉਭਾਰ ਨਾ ਹੋਇਆ। ਇਸ ਵਰ੍ਹੇ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਗੁਪਤ ਸਮਝੌਤਾ ਹੋਣ ਦੇ ਦੋਸ਼ ਵੀ ਭਾਰੂ ਰਹੇ। ਸ਼੍ਰੋਮਣੀ ਅਕਾਲੀ ਦਲ ‘ਚ ਸੱਤਾਹੀਣ ਹੋਣ ਤੋਂ ਬਾਅਦ ਛਿੜਿਆ ਗ੍ਰਹਿ ਯੁੱਧ ਠੰਢਾ ਨਹੀਂ ਹੋ ਰਿਹਾ। ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਵੱਲੋਂ ਕੀਤੀ ਬਗਾਵਤ ਦਾ ਪ੍ਰਭਾਵ ਬੇਅਸਰ ਨਹੀਂ ਹੋਇਆ। ਇਸ ਦੇ ਉਲਟ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੀ ਆਪਣੇ ਪਿਤਾ ਦੇ ਰਾਹ ਚੱਲਦੇ ਦਿਖਾਈ ਦੇ ਰਹੇ ਹਨ। ਇਸ ਤਰ੍ਹਾਂ ਨਾਲ ਪਾਰਟੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।
ਅਕਾਲੀ ਦਲ ‘ਚ ਨਿਕਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਵੀ ਇਸ ਸਾਲ ਦੌਰਾਨ ਆਪਣੀਆਂ ਗਤੀਵਿਧੀਆਂ ਤੇਜ਼ ਕਰਕੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ‘ਟਕਸਾਲੀਆਂ’ ਦੀ ਇਸ ਸਾਲ ਦੌਰਾਨ ਸਭ ਤੋਂ ਵੱਡੀ ਕਾਮਯਾਬੀ ਇਹੀ ਰਹੀ ਕਿ ਅਕਾਲੀ ਦਲ ਤੋਂ ਬਾਗੀ ਚੱਲੇ ਆ ਰਹੇ ਸੁਖਦੇਵ ਸਿੰਘ ਢੀਂਡਸਾ ਨੂੰ ਆਪਣੇ ਨਾਲ ਤੋਰਨ ਵਿਚ ਕਾਮਯਾਬ ਹੋ ਗਏ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਾਲ 2017 ਤੋਂ ਬਾਅਦ ਜਿਵੇਂ ਆਪਣੀਆਂ ਸਰਗਰਮੀਆਂ ਘਟਾਈਆਂ ਗਈਆਂ ਸਨ, ਇਸ ਸਾਲ ਉਨ੍ਹਾਂ ਆਪਣੀਆਂ ਗਤੀਵਿਧੀਆਂ ਹੋਰ ਵੀ ਸੀਮਤ ਕਰ ਲਈਆਂ ਹਨ। ਪਾਰਟੀ ਦੀ ਮੁਕੰਮਲ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ। ਪਾਰਟੀ ਦੇ ਸੀਨੀਅਰ ਆਗੂ ਮੰਨਦੇ ਹਨ ਕਿ ਇਸ ਸਮੇਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਹੀ ਅਕਾਲੀ ਦਲ ਉਤੇ ਕੰਟਰੋਲ ਹੈ।
_________________________________________
ਅੰਦਰੂਨੀ ਖਿੱਚੋਤਾਣ ਵਿਚ ਘਿਰੀ ਰਹੀ ਆਮ ਆਦਮੀ ਪਾਰਟੀ
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ (ਆਪ) ਲਈ ਸਾਲ 2019 ਸਿਆਸੀ ਤੌਰ ‘ਤੇ ਘਾਟੇ ਵਾਲਾ ਹੀ ਰਿਹਾ। ਸਾਲ 2019 ‘ਚ ਦੇਸ਼ ਭਰ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੇ ਸੂਬੇ ਦੀਆਂ ਸਾਰੀਆਂ 13 ਸੰਸਦੀ ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕੀਤੇ ਸਨ ਪਰ ਇਸ ਵਿਚੋਂ ਸਿਰਫ ਭਗਵੰਤ ਮਾਨ ਹੀ ਸੰਗਰੂਰ ‘ਚੋਂ ਕਾਮਯਾਬ ਹੋ ਸਕੇ। ਸਾਲ 2019 ਦੌਰਾਨ ਸੂਬੇ ‘ਚ ਚਾਰ ਵਿਧਾਨ ਸਭਾ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ‘ਚ ਪਾਰਟੀ ਵੱਲੋਂ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਗਏ ਸਨ ਪਰ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਵਿਧਾਨ ਸਭਾ ਚੋਣਾਂ 2017 ਵਿਚ ਦਾਖਾ ਹਲਕੇ ਤੋਂ ਐਚ.ਐਸ਼ ਫੂਲਕਾ ਨੇ ਜਿੱਤ ਪ੍ਰਾਪਤ ਕੀਤੀ ਸੀ ਪਰ ਜ਼ਿਮਨੀ ਚੋਣਾਂ ਵਿਚ ਪਾਰਟੀ ਇਹ ਹਲਕਾ ਵੀ ਜਿੱਤਣ ਵਿਚ ਸਫਲ ਨਹੀਂ ਹੋ ਸਕੀ। ਵਿਧਾਨ ਸਭਾ ‘ਚੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਹਟਾਏ ਜਾਣ ਮਗਰੋਂ ਖਹਿਰਾ ਨੇ ‘ਆਪ’ ਨਾਲੋਂ ਵੱਖ ਹੋ ਕੇ ਜਨਵਰੀ 2019 ਵਿਚ ‘ਪੰਜਾਬ ਏਕਤਾ ਪਾਰਟੀ’ ਬਣਾ ਲਈ। ਇਹ ਪਾਰਟੀ ਸੂਬੇ ‘ਚ ਕੋਈ ਰੁਤਬਾ ਤਾਂ ਹਾਸਲ ਨਹੀਂ ਕਰ ਸਕੀ ਪਰ ਇਸ ਪਾਰਟੀ ਵੱਲੋਂ ਖਹਿਰਾ ਨੇ ਬਠਿੰਡਾ ਹਲਕੇ ਤੋਂ ਅਤੇ ਮਾਸਟਰ ਬਲਦੇਵ ਸਿੰਘ ਨੇ ਫਰੀਦਕੋਟ ਤੋਂ ਚੋਣ ਲੜੀ ਪਰ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸੁਖਪਾਲ ਸਿੰਘ ਖਹਿਰਾ ਨੇ ਪਹਿਲਾਂ ਤਾਂ ਐਮ.ਐਲ਼ਏ. ਵਜੋਂ ਅਸਤੀਫਾ ਦਿੱਤਾ ਤੇ ਫਿਰ ਨਾਟਕੀ ਅੰਦਾਜ਼ ਵਿਚ ਅਸਤੀਫਾ ਵਾਪਸ ਵੀ ਲੈ ਲਿਆ। ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੀ ਪਾਰਟੀ ਦੇ ਵਿਸਥਾਰ ਨੂੰ ਲੈ ਕੇ ਵਧੇਰੇ ਕਾਰਜ ਨਹੀਂ ਕਰ ਸਕੇ। ਪਾਰਟੀ ਦੇ ਹੋਰ ਸੂਬਾ ਪੱਧਰੀ ਅਹੁਦੇਦਾਰ ਵੀ ਕੋਈ ਸਰਗਰਮ ਭੂਮਿਕਾ ਨਿਭਾਉਂਦੇ ਨਜ਼ਰ ਨਹੀਂ ਦਿੱਤੇ।
ਏਨਾ ਹੀ ਨਹੀਂ ਪਾਰਟੀ ਤੋਂ ਜਿੱਤੇ ਹੋਏ ਵਿਧਾਇਕ ਵੀ ਆਪਣੇ ਹਲਕੇ ਦੇ ਲੋਕਾਂ ‘ਚ ਬਹੁਤਾ ਸਮਾਂ ਨਹੀਂ ਗੁਜ਼ਾਰਦੇ, ਜਿਸ ਕਾਰਨ ਲੋਕਾਂ ਵਿਚ ਵੀ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਕੁਝ ਸੀਟਾਂ ਉਤੇ ਜਿੱਤ ਹਾਸਲ ਕਰਨ ਦੇ ਬਾਵਜੂਦ ਪਾਰਟੀ ਆਪਣਾ ਆਧਾਰ ਬਣਾਏ ਰੱਖਣ ‘ਚ ਕਾਮਯਾਬ ਨਹੀਂ ਹੋ ਸਕੀ ਪਰ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਰਾਹੀਂ ਇਕ ਵਾਰ ਫਿਰ ‘ਆਪ’ ਨੂੰ ਕੁਝ ਆਸ ਨਜ਼ਰ ਆ ਰਹੀ ਹੈ।