ਨਵੀਂ ਦਿੱਲੀ: ਸੋਧੇ ਹੋਏ ਨਾਗਰਿਕਤਾ ਕਾਨੂੰਨ ਖਿਲਾਫ ਲੋਕ ਰੋਹ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਹੱਡ ਚੀਰਵੀਂ ਠੰਢ ਦੇ ਬਾਵਜੂਦ ਲੋਕ ਸੜਕਾਂ ਉਤੇ ਹਨ। ਵਿਰੋਧੀ ਧਿਰਾਂ ਵੱਲੋਂ ਮੋਦੀ ਸਰਕਾਰ ਖਿਲਾਫ ਖੁੱਲ੍ਹ ਕੇ ਸਾਹਮਣੇ ਆਉਣ ਪਿੱਛੋਂ ਇਸ ਸੋਧ ਖਿਲਾਫ ਸੰਘਰਸ਼ ਹੋਰ ਮਘ ਗਿਆ ਹੈ।
ਮੁਸਲਿਮ ਭਾਈਚਾਰੇ ਦੀ ਜਥੇਬੰਦੀ ਮਜਲਿਸ ਐਹਰਾਰ ਇਸਲਾਮ (ਪੰਜਾਬ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਨ ਨਾਲ ਲਿਖਿਆ ਪੱਤਰ ਭੇਜਿਆ ਹੈ। ਹਿੰਦੂ, ਸਿੱਖ, ਈਸਾਈ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਸ ਪੱਤਰ ਨੂੰ ਲਿਖਣ ਲਈ ਖੂਨ ਸਾਂਝੇ ਤੌਰ ‘ਤੇ ਦਿੱਤਾ ਹੈ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸੋਧੇ ਗਏ ਕਾਨੂੰਨ ਖਿਲਾਫ ਦੇਸ਼ ਭਰ ਵਿਚ ਰੋਸ ਵਿਖਾਵੇ ਕੀਤੇ ਜਾ ਰਹੇ ਹਨ ਤੇ ਹਿੰਸਾ ਵੀ ਹੋਈ ਹੈ। ਸਿਲਸਿਲਾ ਦੇਸ਼ ਭਰ ‘ਚ ਅਜੇ ਵੀ ਜਾਰੀ ਹੈ। ਮੁਸਲਿਮ ਜਥੇਬੰਦੀ ਨੇ ਸਾਰੇ ਧਰਮਾਂ ਦੇ ਲੋਕਾਂ ਦੇ ਖੂਨ ਨਾਲ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਸਰਕਾਰ ਨੂੰ ਇਨ੍ਹਾਂ ਫੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਤੇ ਤਿੱਖਾ ਸ਼ਬਦੀ ਹੱਲਾ ਬੋਲਦਿਆਂ ਕਿਹਾ ਕਿ ‘ਮੁਲਕ ਦੇ ਨੌਜਵਾਨ ਪਿੱਛੇ ਨਹੀਂ ਹਟਣਗੇ।’ ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਪਰੈਲ ਵਿਚ ਕਿਹਾ ਸੀ ‘ਤੁਸੀਂ ਘਟਨਾਕ੍ਰਮ ਨੂੰ ਸਮਝੋ, ਪਹਿਲਾਂ ਨਾਗਰਿਕਤਾ ਐਕਟ ਸੋਧਿਆ ਜਾਵੇਗਾ, ਫਿਰ ਐਨ.ਆਰ.ਸੀ. ਆਵੇਗਾ, ਕੇਵਲ ਬੰਗਾਲ ਲਈ ਹੀ ਨਹੀਂ ਪੂਰੇ ਮੁਲਕ ਲਈ।’ ਪ੍ਰਿਯੰਕਾ ਨੇ ਇਸੇ ਤਰਜ਼ ‘ਤੇ ਸ਼ਾਹ ‘ਤੇ ਨਿਸ਼ਾਨਾ ਸਾਧਦਿਆਂ ਹਿੰਦੀ ‘ਚ ਟਵੀਟ ਕੀਤਾ ‘ਘਟਨਾਕ੍ਰਮ ਨੂੰ ਸਮਝੋ, ਪਹਿਲਾਂ ਉਹ ਤੁਹਾਡੇ ਨਾਲ ਦੋ ਕਰੋੜ ਨੌਕਰੀਆਂ ਦਾ ਵਾਅਦਾ ਕਰਨਗੇ। ਫਿਰ ਸਰਕਾਰ ਬਣਾ ਲੈਣਗੇ। ਉਸ ਪਿਛੋਂ ਤੁਹਾਡੀਆਂ ਯੂਨੀਵਰਸਿਟੀਆਂ ਦੀ ਬਰਬਾਦੀ ‘ਤੇ ਉਤਰ ਆਉਣਗੇ, ਫਿਰ ਦੇਸ਼ ਦਾ ਸੰਵਿਧਾਨ ਤਬਾਹ ਕਰਨਗੇ। ਇਸ ਪਿਛੋਂ ਜਦ ਰੋਸ ਪ੍ਰਗਟਾਇਆ ਜਾਵੇਗਾ ਤਾਂ ਉਹ ਤੁਹਾਨੂੰ ਮੂਰਖ ਕਹਿਣਗੇ, ਪਰ ਨੌਜਵਾਨ ਹੁਣ ਬਿਲਕੁਲ ਪਿੱਛੇ ਨਹੀਂ ਹਟਣਗੇ।’ ਪ੍ਰਿਯੰਕਾ ਨੇ ਇਹ ਟਵੀਟ ਮੁਲਕ ਭਰ ‘ਚ ਨਾਗਰਿਕਤਾ ਸੋਧ ਐਕਟ ਖਿਲਾਫ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕੀਤਾ ਹੈ।
ਲੇਖਕ ਅਤੇ ਕਾਰਕੁਨ ਅਰੁੰਧਤੀ ਰੌਏ ਨੇ ਦਾਅਵਾ ਕੀਤਾ ਹੈ ਕਿ ਕੌਮੀ ਆਬਾਦੀ ਰਜਿਸਟਰ (ਐਨ. ਪੀ.ਆਰ.) ਦੇ ਅੰਕੜੇ ਐਨ.ਆਰ.ਸੀ. ਲਈ ਡੇਟਾਬੇਸ ਦਾ ਆਧਾਰ ਤਿਆਰ ਕਰਨਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਕੌਮੀ ਆਬਾਦੀ ਰਜਿਸਟਰ ਦਾ ਵਿਰੋਧ ਕਰਨ। ਦਿੱਲੀ ਯੂਨੀਵਰਸਿਟੀ ‘ਚ ਰੋਸ ਪ੍ਰਗਟਾ ਰਹੇ ਇਕੱਠ ਨੂੰ ਸੰਬੋਧਨ ਕਰਦਿਆਂ ਅਰੁੰਧਤੀ ਨੇ ਦਾਅਵਾ ਕੀਤਾ ਕਿ ਕੌਮੀ ਨਾਗਰਿਕਤਾ ਰਜਿਸਟਰ (ਐਨ. ਆਰ. ਸੀ.) ਮੁਲਕ ਦੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਲਿਆਉਣ ਦੀ ਤਿਆਰੀ ਕੀਤੀ ਗਈ ਹੈ। ਅਰੁੰਧਤੀ ਨੇ ਕਿਹਾ,”ਅਧਿਕਾਰੀ ਤੁਹਾਡੇ ਘਰਾਂ ‘ਚ ਆ ਕੇ ਤੁਹਾਡਾ ਨਾਮ, ਪਤਾ, ਫੋਨ ਨੰਬਰ ਲੈਣ ਤੋਂ ਇਲਾਵਾ ਆਧਾਰ ਅਤੇ ਡਰਾਈਵਿੰਗ ਲਾਇਸੈਂਸ ਵਰਗੇ ਦਸਤਾਵੇਜ਼ ਵੀ ਮੰਗਣਗੇ।
ਐਨ.ਪੀ.ਆਰ. ਇਸ ਤੋਂ ਬਾਅਦ ਐਨ. ਆਰ. ਸੀ. ਦਾ ਡੇਟਾਬੇਸ ਬਣ ਜਾਵੇਗਾ। ਉਹ ਜਦੋਂ ਤੁਹਾਡੇ ਘਰ ਆਉਣ ਤਾਂ ਤੁਸੀਂ ਅਸਲੀ ਦੀ ਬਜਾਏ ਕੋਈ ਦੂਜਾ ਨਾਮ ਦੱਸ ਦਿਉ। ਪਤੇ ਲਈ ਜਿਵੇਂ 7 ਰੇਸਕੋਰਸ ਰੋਡ ਲਿਖਵਾ ਦਿਉ। ਅਸੀਂ ਲਾਠੀਆਂ ਅਤੇ ਗੋਲੀਆਂ ਖਾਣ ਲਈ ਨਹੀਂ ਜਨਮੇ ਹਾਂ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਰ੍ਹਦਿਆਂ ਉਨ੍ਹਾਂ ਦੋਸ਼ ਲਾਇਆ ਕਿ ਐਤਵਾਰ ਨੂੰ ਰਾਮਲੀਲਾ ਮੈਦਾਨ ‘ਚ ਹੋਈ ਰੈਲੀ ਦੌਰਾਨ ਉਨ੍ਹਾਂ ਐਨ.ਆਰ.ਸੀ. ਦੇ ਮੁੱਦੇ ਉਤੇ ‘ਝੂਠ’ ਬੋਲਿਆ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਐਨ.ਆਰ.ਸੀ. ਦੀ ਪ੍ਰਕਿਰਿਆ ਬਾਰੇ ਕਦੇ ਵੀ ਕੁਝ ਨਹੀਂ ਕਿਹਾ ਅਤੇ ਮੁਲਕ ‘ਚ ਕੋਈ ਵੀ ਬੰਦੀ ਗ੍ਰਹਿ ਨਹੀਂ ਹੈ।
____________________________________________
ਕਿਸੇ ਦੀ ਨਾਗਰਿਕਤਾ ਨਹੀਂ ਖੁੱਸੇਗੀ: ਸ਼ਾਹ
ਸ਼ਿਮਲਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਕਾਂਗਰਸ ‘ਤੇ ਸੋਧੇ ਨਾਗਰਿਕਤਾ ਐਕਟ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਦਾ ਇਲਜ਼ਾਮ ਲਾਇਆ ਹੈ। ਸ਼ਾਹ ਨੇ ਕਿਹਾ ਕਿ ਐਕਟ ‘ਚ ਕਿਸੇ ਦੀ ਨਾਗਰਿਕਤਾ ਖੋਹਣ ਦੀ ਕੋਈ ਤਜਵੀਜ਼ ਨਹੀਂ ਹੈ। ਕਾਂਗਰਸ ਤੇ ਹੋਰ ਦਲ ਅਫਵਾਹਾਂ ਫੈਲਾ ਰਹੇ ਹਨ ਕਿ ਮੁਸਲਮਾਨਾਂ ਦੀ ਨਾਗਰਿਕਤਾ ਜਾਂਦੀ ਰਹੇਗੀ।
ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਸਰਕਾਰ ਦੇ ਦੋ ਸਾਲ ਪੂਰੇ ਹੋਣ ਮੌਕੇ ਗ੍ਰਹਿ ਮੰਤਰੀ ਨੇ ਇਤਿਹਾਸਕ ਰਿੱਜ ਮੈਦਾਨ ‘ਚ ਰੈਲੀ ਨੂੰ ਸੰਬੋਧਨ ਕੀਤਾ। ਸ਼ਾਹ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਚੁਣੌਤੀ ਦਿੱਤੀ ਕਿ ਉਹ ਐਕਟ ‘ਚ ਇਕ ਵੀ ਸਤਰ ਅਜਿਹੀ ਦੱਸਣ ਜਿਹੜੀ ਕਹਿੰਦੀ ਹੋਵੇ ਕਿ ਕਿਸੇ ਦੀ ਨਾਗਰਿਕਤਾ ਖਤਮ ਹੋ ਸਕਦੀ ਹੈ। ਲੋਕਾਂ ਨੂੰ ਗੁਮਰਾਹ ਕਰਨਾ ਤੇ ਐਕਟ ਦੇ ਨਾਂ ‘ਤੇ ਵੰਡਣ ਤੋਂ ਗੁਰੇਜ ਕੀਤਾ ਜਾਵੇ।
_____________________________________
ਕੌਮੀ ਨਾਗਰਿਕਤਾ ਰਜਿਸਟਰ ਬਾਰੇ ਸਟੈਂਡ ਸਪੱਸ਼ਟ ਕਰਨ ਅਕਾਲੀ: ਕੈਪਟਨ
ਚੰਡੀਗੜ੍ਹ: ਕੌਮੀ ਨਾਗਰਿਕਤਾ ਰਜਿਸਟਰ ਅਤੇ ਸੰਵਿਧਾਨਕ ਸੋਧ ਕਾਨੂੰਨ ਦੇ ਮੁੱਦੇ ‘ਤੇ ਅਕਾਲੀਆਂ ਵੱਲੋਂ ਦੂਹਰਾ ਮਾਪਦੰਡ ਅਪਣਾਉਣ ਦੀ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਭਾਜਪਾ ਦਾ ਸਮਰਥਨ ਕਰਨ ਦੇ ਸਟੈਂਡ ਨੂੰ ਸਪੱਸ਼ਟ ਕਰਨ ਲਈ ਆਖਿਆ ਹੈ ਜਿਸ ਨਾਲ ਉਹ ਕੇਂਦਰ ਸਰਕਾਰ ਵਿਚ ਭਾਈਵਾਲ ਹੈ।
ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਉਤੇ ਲੋਕਾਂ ਨੂੰ ਗੁਮਰਾਹ ਕੀਤੇ ਜਾਣ ਲਈ ਅਕਾਲੀਆਂ ‘ਤੇ ਵਰ੍ਹਦਿਆਂ ਕੈਪਟਨ ਨੇ ਕਿਹਾ ਕਿ ਅਕਾਲੀ ਦਲ ਨੇ ਸੰਸਦ ਵਿੱਚ ਸੱਤਾਧਾਰੀ ਐਨ.ਡੀ.ਏ. ਵੱਲੋਂ ਪੇਸ਼ ਕੀਤੇ ਨਾਗਰਿਕਤਾ ਸੋਧ ਐਕਟ ਦੀ ਹਮਾਇਤ ਕੀਤੀ ਪਰ ਹੁਣ ਇਸ ਕਾਨੂੰਨ ਅਤੇ ਕੌਮੀ ਨਾਗਰਿਕਤਾ ਰਜਿਸਟਰ ਦੇ ਮੁੱਦਿਆਂ ਉਤੇ ਆਪਾ ਵਿਰੋਧੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।