ਹਰਪਾਲ ਸਿੰਘ ਪੰਨੂ
ਫੋਨ: 91-94642-51454
ਦੌਲਤਮੰਦ ਮਾਇਨੇ ਅਮੀਰ, ਤੇ ਅਮੀਰ ਮਾਇਨੇ? ਅਮੀਰ ਮਾਇਨੇ ਪ੍ਰਭੁਤਾ ਵਾਲਾ, ਬਾਦਸ਼ਾਹ, ਸਰਦਾਰ, ਧਨੀ। ਅਮਰ ਮਾਇਨੇ ਹੁਕਮ; ਸੋ ਅਮੀਰ ਉਹ, ਜਿਸ ਦਾ ਹੁਕਮ ਮੰਨਿਆ ਜਾਏ। ਅਮੀਰੀ ਮਾਇਨੇ ਸਰਦਾਰੀ ਅਤੇ ਉਦਾਰਤਾ-ਦੋਵੇਂ ਵੀ ਹਨ। ਉਦਾਰ ਨਹੀਂ ਤਾਂ ਅਮੀਰੀ ਕਿਸ ਅਰਥ? ਲਫਜ਼ ਦੌਲਤ ਮਾਇਨੇ ਹਕੂਮਤ, ਰਾਜ ਅਤੇ ਧਨ।
ਸਿੱਖ ਅਰਦਾਸ ਵਿਚ ਇਕ ਵਾਕ ਹੈ, ‘ਖਾਲਸਾ ਜੀ ਦੇ ਬੋਲ ਬਾਲੇ।’ ਵਾਹਿਗੁਰੂ ਤੋਂ ਇਸ ਵਾਕ ਰਾਹੀਂ ਵਰਦਾਨ ਮੰਗਿਆ ਹੈ, ਸਿੱਖਾਂ ਦੇ ਵਾਕ ਏਨੇ ਮਜ਼ਬੂਤ ਹੋਣ ਕਿ ਮੰਨੇ ਜਾਣ। ਬਾਲਾ ਮਾਇਨੇ ਬਲਵਾਨ। ਫਾਰਸੀ ਦਸਤ ਮਾਇਨੇ ਹੱਥ, ਇਸ ਤੋਂ ਬਣਿਆ ਦਸਤਕਾਰੀ। ਬਾਲਾਦਸਤੀ ਮਾਇਨੇ ਹੱਥਾਂ ਨਾਲ ਜੋਰ ਜਬਰ, ਕੁੱਟਮਾਰ।
ਇਰਾਨ ਵਿਚ ਮੈਥੋਂ ਅਕਸਰ ਪੁੱਛਿਆ ਜਾਂਦਾ, ਤੁਹਾਡੀ ਦਾਨਿਸ਼ਗਾਹ (ਯੂਨੀਵਰਸਿਟੀ) ਦਾ ਸਰਦਾਰ ਕੌਣ ਹੈ? ਇਸ ਵਕਤ ਪੰਜਾਬ ਦਾ ਸਰਦਾਰ ਕੌਣ ਹੈ? ਮੈਂ ਉਲਝਣ ਵਿਚ ਪੈ ਜਾਣਾ, ਕੀ ਜਵਾਬ ਦਿਆਂ? ਫਿਰ ਇਰਾਨੀਆਂ ਨੇ ਦੱਸਿਆ ਕਿ ਸਰਦਾਰ ਮਾਇਨੇ ਚੀਫ। ਇਹ ਪੁੱਛ ਰਹੇ ਨੇ ਵਾਈਸ ਚਾਂਸਲਰ ਕੌਣ ਹੈ? ਮੁੱਖ ਮੰਤਰੀ ਕੌਣ ਹੈ? ਅਸੀਂ ਹਾਂ ਦੁਨੀਆਂ ਦੇ ਉਹ ਵਿਚਿੱਤਰ ਸਰਦਾਰ, ਜਿਨ੍ਹਾਂ ਨੂੰ ਆਪਣੇ ਰੁਤਬੇ ਦਾ ਪਤਾ ਨਹੀਂ।
ਇਸ ਲਿਖਤ ਵਿਚ ਅਸੀਂ ਉਸ ਅਮੀਰ ਦੀ ਸਾਖੀ ਸੁਣਾਉਣੀ ਹੈ, ਜਿਸ ਦੀ 550ਵੀਂ ਜਨਮ ਸ਼ਤਾਬਦੀ ਦੁਨੀਆਂ ਵਿਚ ਮਨਾਈ ਜਾ ਰਹੀ ਹੈ। ਖਰੇ ਸੌਦੇ ਦੁਆਲੇ ਘੁੰਮਦੀ, ਪਰਿਕਰਮਾ ਕਰਦੀ ਇਹ ਸਾਖੀ ਦੂਰ ਚਲੀ ਜਾਏਗੀ। ਖਰੇ ਸੌਦੇ ਦੀ ਸਾਖੀ ਨੂੰ ਅੱਜ ਕੱਲ੍ਹ ਸੱਚੇ ਸੌਦੇ ਦੀ ਸਾਖੀ ਨਾਲ ਜਾਣਿਆਂ ਜਾਂਦਾ ਹੈ। ਸਾਖੀ ਨਹੀਂ ਸੁਣਾਉਣੀ, ਸਾਖੀ ਬਚਪਨ ਤੋਂ ਸੁਣਦੇ ਸੁਣਾਉਂਦੇ ਆਏ ਹਾਂ। ਸਾਖੀ ਦੇ ਆਲੇ-ਦੁਆਲੇ ਪਰਿਕਰਮਾ ਕਰਦੇ ਕੁਝ ਮਹਿਕਦੇ ਵਾਕ ਮਾਹੌਲ ਨੂੰ ਮੰਗਲਮਈ ਬਣਾ ਰਹੇ ਹਨ। ਉਨ੍ਹਾਂ ਵਾਕਾਂ ਨੂੰ ਦੇਖੀਏ। ਸਨਾਤਨੀ ਵੈਦਿਕ ਵਿਦਵਾਨ ਇਹ ਨਹੀਂ ਕਹਿੰਦੇ ਸਨ ਕਿ ਰਿਸ਼ੀਆਂ ਨੇ ਵੇਦ ਵਾਕ ਲਿਖੇ ਜਾਂ ਕਹੇ, ਜਾਂ ਰਚੇ; ਕਿਹਾ ਕਰਦੇ ਸਨ ਕਿ ਰਿਸ਼ੀਆਂ ਨੇ ਵਾਕ ਦੇਖੇ, ਰਿਸ਼ੀ ਮੰਤਰ-ਦ੍ਰਸ਼ਟਾ ਹਨ। ਰਚੈਤਾ ਬ੍ਰਹਮ ਆਪ ਹੈ।
ਪਿਤਾ ਮਹਿਤਾ ਕਲਿਆਣ ਰਾਇ ਨੂੰ ਖਬਰ ਮਿਲੀ ਕਿ ਦਿੱਤੇ ਪੈਸਿਆਂ ਨਾਲ ਦੁਕਾਨ ਲਈ ਸੌਦਾ ਨਹੀਂ ਲਿਆਂਦਾ, ਰਕਮ ਦਾ ਕੁਝ ਹੋਰ ਕਰ ਦਿੱਤਾ ਹੈ। ਘਰ ਆਏ। ਪੁੱਛਿਆ, ਨਾਨਕ ਹੈ ਕਿੱਥੇ ਇਸ ਵਕਤ? ਉਤਰ ਮਿਲਿਆ, ਪਿੰਡ ਬਾਹਰ ਛੱਪੜ ਕਿਨਾਰੇ ਕਰਤਾਰ ਦਾ ਨਾਮ ਲੈ ਰਿਹਾ ਹੈ। ਤੇਜ਼ ਕਦਮੀ ਪਿਤਾ ਘਰੋਂ ਬਾਹਰ ਨਿਕਲਿਆ। ਗੁਸੈਲੇ ਪਿਤਾ ਪਿੱਛੇ ਨਾਨਕੀ ਵੀ ਤੇਜ਼ ਕਦਮੀਂ ਤੁਰੀ।
ਪਿਤਾ ਨੂੰ ਆਉਂਦਿਆਂ ਦੇਖ, ਬੈਠਾ ਨਾਨਕ ਅਦਬ ਨਾਲ ਉਠਿਆ, ਖਲੋ ਗਿਆ। ਸਾਹਮਣੇ ਖਲੋਤੇ ਪਿਤਾ ਨੇ ਪੁੱਛਿਆ, ਕੀ ਕੀਤੋਸੁ ਬੀਸ ਰੁਪਈਆਂ ਦਾ? ਨਾਨਕ ਨੇ ਕਿਹਾ, ਖਰਾ ਸੌਦਾ ਕਰਨ ਲਈ ਕਹਿਆ ਸੀ ਨਾ ਪਿਤਾ ਜੀ, ਖਰਾ ਸੌਦਾ ਕਰ ਆਇਆ ਹਾਂ। ਭੁੱਖੇ ਸਾਧੂਆਂ ਨੇ ਖਾਣਾ ਮੰਗਿਆ, ਸੋ ਭੋਜਨ ਕਰਾ ਦਿੱਤਾ।
ਸੱਜੇ ਹੱਥ ਨਾਲ ਖੱਬੀ ਗੱਲ੍ਹ ਉਤੇ, ਖੱਬੇ ਹੱਥ ਨਾਲ ਸੱਜੀ ਗੱਲ੍ਹ ਉਤੇ ਦੋ ਥੱਪੜ ਰਸੀਦ ਕੀਤੇ। ਹੰਝੂਆਂ ਦੀਆਂ ਕੁਝ ਬੂੰਦਾਂ ਤਲਵੰਡੀ ਪਿੰਡ ਦੇ ਛੱਪੜ ਕਿਨਾਰੇ ਡਿੱਗੀਆਂ। ਨਾਨਕੀ ਨੇ ਪਿਤਾ ਦਾ ਹੱਥ ਫੜ ਕੇ ਕਿਹਾ, ਪਿਤਾ ਜੀ ਘਰ ਚੱਲੀਏ। ਬੇਬੇ ਨਾਨਕੀ ਦਾ ਇਹ ਵਾਕ ਪੜ੍ਹ ਕੇ ਮੈਂ ਰੁਕਿਆ, ਯਾਦ ਆਇਆ ਦੁਨੀਆਂ ਦੇ ਸਾਰੇ ਧਰਮ-ਗ੍ਰੰਥਾਂ ਵਿਚ ਲਿਖਿਆ ਹੈ, ਇਹ ਦੁਨੀਆਂ ਸਾਡਾ ਘਰ ਨਹੀਂ, ਸਰਾਂ ਹੈ। ਘਰ ਕਿਤੇ ਹੋਰ ਹੈ। ਕੋਈ ਕੋਈ ਕਰਮਾਂ ਵਾਲਾ ਨਿੱਜ ਘਰ ਪੁਜਦਾ ਹੈ। ਪਿਤਾ ਜੀ ਨਹੀਂ ਪੁੱਜ ਸਕੇ। ਸਾਖੀਕਾਰ ਨੇ ਬੇਬੇ ਨਾਨਕੀ ਦਾ ਮਹਾਂਵਾਕ ਰਿਕਾਰਡ ਕਰਕੇ ਉਪਕਾਰ ਕੀਤਾ ਹੈ।
ਕੁਝ ਪ੍ਰਚਾਰਕ ਆਖਦੇ ਹਨ, ਲੰਗਰ ਦੀ ਪ੍ਰਥਾ ਸਾਧੂਆਂ ਨੂੰ ਭੋਜਨ ਛਕਾਉਣ ਤੋਂ ਚੱਲੀ। ਬਿਲਕੁਲ ਨਹੀਂ। ਬਿਗਾਨੀ ਰਕਮ ਨਾਲ ਲੰਗਰ ਨਹੀਂ ਚਲਾਇਆ। ਰਕਮ ਦੇ ਮਾਲਕ ਨੂੰ ਨਾਰਾਜ਼ ਕਰਕੇ ਇਹ ਅਮਰ ਪ੍ਰਥਾ ਨਹੀਂ ਚੱਲੀ। ਕਰਤਾਰਪੁਰ ਖੇਤੀ ਕੀਤੀ, ਉਸ ਵਿਚੋਂ ਦਸਵੰਧ ਕੱਢ ਕੇ ਨਹੀਂ, ਸਾਰੀ ਉਪਜ ਵਿਚੋਂ ਲੰਗਰ ਚਲਾਇਆ। ਕਰਤਾਰਪੁਰ ਵਿਚ ਦੋ ਦੋ ਚੁੱਲ੍ਹੇ ਨਹੀਂ ਸਨ ਕਿ ਆਪਣੇ ਲਈ ਖਾਣਾ ਹੋਰ, ਸੰਗਤ ਲਈ ਹੋਰ। ਕੁੱਲ ਦੁਨੀਆਂ ਉਨ੍ਹਾਂ ਦਾ ਪਰਿਵਾਰ ਸੀ।
ਰਾਇ ਬੁਲਾਰ ਖਾਨ ਵੱਡੇ ਰਈਸ ਸਨ, ਦਰਜਨ ਪਿੰਡਾਂ ਦੇ ਮਾਲਕ। ਪਿਤਾ ਜੀ ਮੁਰੱਬਿਆਂ ਦਾ ਬੰਦੋਬਸਤ ਕਰਨ ਹਿਤ ਪਟਵਾਰੀ ਵਜੋਂ ਉਨ੍ਹਾਂ ਦੇ ਮੁਲਾਜ਼ਮ ਸਨ। ਰਾਇ ਮਾਇਨੇ ਰਾਜਾ। ਰਾਇ ਬੁਲਾਰ ਨੂੰ ਇਸ ਘਟਨਾ ਦਾ ਪਤਾ ਲੱਗਾ, ਉਦਾਸ ਹੋਏ। ਨੌਕਰ ਭੇਜਿਆ, ਮਹਿਤਾ ਜੀ ਨੂੰ ਹਵੇਲੀ ਬੁਲਾਓ। ਨੌਕਰ ਗਿਆ, ਖਾਲੀ ਵਾਪਸ ਆਉਂਦਿਆਂ ਕਿਹਾ, ਜੀ ਘਰ ਨਹੀਂ ਹਨ। ਰਾਇ ਨੇ ਕਿਹਾ, ਕਿੱਡਾ ਕੁ ਹੈ ਤਲਵੰਡੀ ਪਿੰਡ? ਦੋ ਨੌਕਰ ਭੇਜਦਿਆਂ ਕਿਹਾ, ਜਿੱਥੇ ਵੀ ਹੋਣ, ਬੁਲਾ ਕੇ ਲਿਆਓ। ਨਾਨਕ ਜੀ ਨੂੰ ਵੀ ਲਿਆਵਣਾ।
ਪਿਤਾ-ਪੁੱਤਰ ਹਵੇਲੀ ਪੁੱਜੇ। ਰਾਇ ਬੁਲਾਰ ਨੇ ਬਾਬੇ ਨੂੰ ਹਿੱਕ ਨਾਲ ਲਾਇਆ। ਪਿਤਾ ਵਲ ਰੁਖ ਕਰਕੇ ਬੋਲੇ, ਮਹਿਤਾ ਜੀ ਤੁਸਾਂ ਨੂੰ ਸਖਤ ਤਾਕੀਦ ਕੀਤੀ ਸੀ ਕਿ ਏਸ ਬੱਚੇ ਨਾਲ ਗੱਲ ਕਰਨ ਵੇਲੇ ਉਚੀ ਸੁਰ ਵਿਚ ਨਹੀਂ ਬੋਲਣਾ। ਅੱਜ ਤੁਸੀਂ ਵਧੀਕੀ ਕੀਤੀ ਹੈ। ਪਿਤਾ ਨੇ ਕਿਹਾ, ਜੀ ਪੜ੍ਹਨ ਭੇਜਿਆ, ਪੜ੍ਹਿਆ ਨਹੀਂ; ਪਸੂ ਚਾਰਨ ਲਾਇਆ, ਪਸੂਆਂ ਵਿਚ ਧਿਆਨ ਨਹੀਂ। ਸੋਚਿਆ ਕਿਸੇ ਕੰਮ ਦਾ ਨਹੀਂ, ਸੋ ਹੱਟੀ ਖੁਲ੍ਹਵਾ ਦਿੰਦਾ ਹਾਂ। ਸੌਦਾ ਖਰੀਦਣ ਭੇਜਿਆ, ਵੀਹ ਰੁਪਏ ਉਜਾੜ ਆਇਆ।
ਰਾਇ ਸਾਹਿਬ ਨੇ ਨੌਕਰ ਨੂੰ ਕਿਹਾ, ਹਵੇਲੀ ਅੰਦਰ ਜਾਓ, ਬੇਗਮ ਸਾਹਿਬਾ ਪਾਸੋਂ ਬੀਸ ਰੁਪਏ ਲੈ ਕੇ ਆਓ। ਨੌਕਰ ਵੀਹ ਰੁਪਏ ਲੈ ਕੇ ਆ ਗਿਆ। ਰਕਮ ਪਿਤਾ ਨੂੰ ਫੜਾਉਂਦਿਆਂ ਬੋਲੇ, ਲਓ ਮਹਿਤਾ ਜੀ, ਅਸੀਂ ਤੁਸਾਂ ਦਾ ਘਾਟਾ ਪੂਰਾ ਕਰਦੇ ਹਾਂ। ਪਿਤਾ ਨੇ ਪੈਸੇ ਲੈਣ ਤੋਂ ਨਾਂਹ ਕਰਦਿਆਂ ਕਿਹਾ, ਰਾਇ ਜੀ, ਪੈਸੇ ਤੁਸਾਂ ਦੇ ਹੋਏ ਕਿ ਅਸਾਂ ਦੇ, ਇਸ ਵਿਚ ਕੋਈ ਫਰਕ ਨਹੀਂ ਕਿਉਂਕਿ ਤੁਸੀਂ ਅਸਾਂ ਦੇ ਹੋ, ਅਸੀਂ ਤੁਸਾਂ ਦੇ। ਪੈਸਿਆਂ ਦੀ ਕੀ ਗੱਲ?
ਰਾਇ ਬੁਲਾਰ ਨੇ ਕਿਹਾ, ਜੇ ਪੈਸਿਆਂ ਦੀ ਕੋਈ ਗੱਲ ਨਹੀਂ ਤਾਂ ਜ਼ੁਲਮ ਕਾਸ ਲਈ ਕੀਤਾ ਸਾਈ ਅੱਜ ਫਰਿਸ਼ਤੇ ਉਪਰ? ਪਿਤਾ ਨੇ ਕਿਹਾ, ਜੀ ਅੱਜ ਵੀਹ ਰੁਪਿਆਂ ਦਾ ਨੁਕਸਾਨ ਕੀਤਾ, ਕੱਲ੍ਹ ਨੂੰ ਵੱਡਾ ਨੁਕਸਾਨ ਕਰੇਗਾ। ਪਿਤਾ ਹੋਣ ਦੇ ਨਾਤੇ ਆਪਣੀ ਔਲਾਦ ਨੂੰ ਜਿੰਮੇਵਾਰੀ ਸਿੱਖਾਉਣ ਦਾ ਵੀ ਅਸਾਂ ਨੂੰ ਕੋਈ ਹੱਕ ਨਹੀਂ? ਰਾਇ ਬੁਲਾਰ ਨੇ ਕਿਹਾ, ਜੋ ਤੁਸਾਂ ਨੂੰ ਦਿਸਦਾ ਨਹੀਂ, ਅਸਾਂ ਨੂੰ ਸਾਫ ਨਜ਼ਰ ਆਵੰਦਾ ਹੈ, ਕੁੱਲ ਦੁਨੀਆਂ ਦੀ ਦੌਲਤ ਦਾ ਦਰਿਆ ਏਸ ਬੱਚੇ ਦੇ ਹੱਥਾਂ ਥਾਣੀ ਵਗਦਾ ਆਵੰਦਾ ਸਾਫ ਦਿਖਾਈ ਦਿੰਦਾ।
ਦੂਜਾ ਵਾਕ: ਤੁਸੀਂ ਹਿੰਦੂ ਹੋ ਮਹਿਤਾ ਜੀ, ਅਰ ਮੈਂ ਮੁਸਲਮਾਨ, ਇਸ ਕਰਕੇ ਚੁੱਪ ਹਾਂ ਕਿ ਤੁਸਾਂ ਦਾ ਭਾਈਚਾਰਾ ਚਰਚਾ ਕਰੇਗਾ, ਨਹੀਂ ਤਾਂ ਕਈ ਵਾਰ ਦਿਲ ਵਿਚ ਆਇਆ, ਇਸ ਬੱਚੇ ਨੂੰ ਤੁਸਾਂ ਦੇ ਘਰੋਂ ਆਪਣੀ ਹਵੇਲੀ ਲੈ ਆਵਾਂ।
ਤੀਜਾ ਵਾਕ: ਤੁਸੀਂ ਇਸ ਨੂੰ ਪੁੱਤਰ ਕਰਕੇ ਜਾਣਦੇ ਹੋ, ਅਸੀਂ ਜਾਣਦੇ ਹਾਂ ਜੁ ਖੁਦਾਇ ਇਸ ਰਾਹੀਂ ਅਸਾਂ ਨਾਲ ਗੱਲਾਂ ਕਰਨ ਧਰਤੀ ਉਪਰ ਉਤਰਿਆ ਹੈ।
ਚੌਥਾ ਵਾਕ: ਬਾਬਾ ਨਾਨਕ ਸਦਕਾ ਮੇਰੀ ਤਲਵੰਡੀ ਵਸਦੀ ਹੈ, ਮਹਿਤਾ ਜੀ। ਹੋਸ਼ ਕਰੋ।
ਗੁਰੂ ਜੀ ਸੁਲਤਾਨਪੁਰ ਮੋਦੀਖਾਨੇ ਮੈਨੇਜਰ ਵਜੋਂ ਨੌਕਰੀ ਕਰਨ ਲੱਗੇ। ਕਈ ਮਹੀਨੇ ਬੀਤੇ, ਮਾਪੇ ਤਲਵੰਡੀ ਤੋਂ ਮਿਲਣ ਗਏ। ਨਾਨਕੀ ਖੁਸ਼ ਹੋ ਮਾਪਿਆਂ ਨੂੰ ਮਿਲੀ। ਗੱਲਾਂ ਕਰਦਿਆਂ ਪਿਤਾ ਨੇ ਧੀ ਨੂੰ ਪੁੱਛਿਆ, ਨਾਨਕ ਹੁਣ ਕੁਝ ਜੋੜਦਾ ਵੀ ਹੈ ਕਿ ਸਾਰਾ ਉਜਾੜ ਦਿੰਦਾ ਹੈ? ਬੇਬੇ ਨਾਨਕੀ ਕਿਹਾ, ਕਮਾਂਵਦਾ ਹੈ ਤਾਂ ਉਜਾੜਦਾ ਹੈ। ਤੁਸਾਂ ਦਾ ਕੁਝ ਨਹੀਂ ਉਜਾੜਦਾ। ਤੁਸਾਂ ਦੀਆਂ ਇਹ ਗੱਲਾਂ ਅਸਾਂ ਨੂੰ ਭਲੀਆਂ ਨਹੀਂ ਲਗਦੀਆਂ ਪਿਤਾ ਜੀ।
ਵਿਜ਼ਿਟਿੰਗ ਪ੍ਰੋਫੈਸਰ ਹੋਣ ਕਰਕੇ ਇਰਾਨ ਜਾਂਦਾ-ਆਉਂਦਾ ਰਹਿੰਦਾ ਹਾਂ। ਰਾਜਧਾਨੀ ਤਹਿਰਾਨ ਵਿਖੇ ਇਤਿਹਾਸਕ ਗੁਰਦੁਆਰਾ ਹੈ, ਜਿੱਥੇ ਮਹਾਰਾਜ ਭਾਈ ਮਰਦਾਨਾ ਸਮੇਤ ਇਕ ਰਾਤ ਠਹਿਰੇ ਸਨ। ਗੁਰੂਘਰ ਸੋਹਣਾ ਹੋਣਾ ਈ ਸੀ। ਅੱਧੇ ਕਿਲੋਮੀਟਰ ਦੂਰ ਮੈਟਰੋ ਸਟੇਸ਼ਨ ਤੋਂ ਸੜਕ ਆ ਰਹੀ ਹੈ। ਸਟੇਸ਼ਨ ਵਾਲੇ ਪਾਸੇ ਏਨਾ ਸ਼ਾਨਦਾਰ ਗੇਟ ਕਿ ਮੈਂ ਦੰਗ ਹੀ ਰਹਿ ਗਿਆ। ਸੰਗਤ ਨੇ ਦੱਸਿਆ, ਅਸੀਂ ਗੁਰੂਘਰ ਉਸਾਰ ਲਿਆ ਤਾਂ ਇਰਾਨੀ ਭਰਾ ਆਏ, ਕਹਿਣ ਲੱਗੇ, ਅਸੀਂ ਆਪਣੇ ਡਿਜ਼ਾਈਨ ਦਾ ਆਪਣੇ ਖਰਚ ‘ਤੇ ਗੇਟ ਉਸਾਰ ਕੇ ਤੁਹਾਨੂੰ ਗਿਫਟ ਦੇਣਾ ਚਾਹੁੰਦੇ ਹਾਂ। ਆਗਿਆ ਮਿਲੇਗੀ? ਆਗਿਆ ਮਿਲੀ। ਗੇਟ ਤਾਮੀਰ ਹੋ ਗਿਆ।
ਇਰਾਨੀਆਂ ਨੇ ਕਿਹਾ, ਇਸ ਦਾ ਨਾਂ ਰੱਖਣਾ ਹੈ, ਕੀ ਰੱਖੀਏ? ਕਈ ਨਾਮ ਸੁਝਾਏ, ਪਸੰਦ ਨਾ ਆਏ। ਇਰਾਨੀਆਂ ਨੇ ਕਿਹਾ, ਆਪਣੇ ਪਹਿਲੇ ਨਬੀ ਦੀਆਂ ਸਿਫਤਾਂ/ਸਾਖੀਆਂ ਸੁਣਾਉ, ਉਥੋਂ ਨਾਂ ਲੱਭਾਂਗੇ। ਸਾਖੀਆਂ ਸੁਣਾਉਂਦਿਆਂ ਸਿੱਖਾਂ ਨੇ ਦੱਸਿਆ ਕਿ ਸਾਡੇ ਪਹਿਲੇ ਨਬੀ ਨੇ ਸਾਰੀ ਉਮਰ ਆਪਣੀ ਜੇਬ ਵਿਚ ਪੈਸਾ ਨਹੀਂ ਰੱਖਿਆ।
ਇਰਾਨੀਆਂ ਨੇ ਕਿਹਾ, ਨਾਂ ਮਿਲ ਗਿਆ। ਜਿਸ ਮਹਾਂਪੁਰਖ ਨੇ ਤਾਉਮਰ ਆਪਣੀ ਜੇਬ ਨੇੜੇ ਪੈਸਾ ਨਹੀਂ ਲੱਗਣ ਦਿੱਤਾ, ਉਸ ਜਿਹਾ ਦੌਲਤਮੰਦ ਹੋਰ ਕੋਈ ਨਹੀਂ। ਗੇਟ ਦਾ ਨਾਂ ਰੱਖਿਆ, ਦਰਵਾਜ਼ਾ-ਇ-ਦਉਲਤ। ਗੇਟ ਉਪਰ ਗੁਰਮੁਖੀ ਅਤੇ ਫਾਰਸੀ ਵਿਚ ਇਹੋ ਨਾਮ ਉਕਰਿਆ ਹੋਇਆ ਹੈ।
ਮਹਾਰਾਜ ਕੁਝ ਲੈਣ ਵਾਸਤੇ ਨਹੀਂ, ਦੇਣ ਵਾਸਤੇ ਆਏ ਸਨ, ਉਹ ਦਾਤੇ ਸਨ, ਸੰਸਾਰ ਮੰਗਤਾ। ਬਾਣੀ, ਕੀਰਤਨ, ਲੰਗਰ, ਘਰ ਘਰ ਅੰਦਰ ਧਰਮਸਾਲ, ਦਾਤਾਂ ਹੀ ਦਾਤਾਂ।