ਚੰਡੀਗੜ੍ਹ: ਪ੍ਰਚੂਨ ਵਿਚ 150 ਤੋਂ 180 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਹੇ ਪਿਆਜ਼ ਨੇ ਲੋਕਾਂ ਦੀਆਂ ਅੱਖਾਂ ਵਿਚ ਪਾਣੀ ਲਿਆ ਦਿੱਤਾ ਹੈ। ਲੋਕਾਂ ਦੀ ਰਸੋਈ ਦਾ ਇਕੱਲੇ ਪਿਆਜ਼ ਨੇ ਹੀ ਬਜਟ ਵਿਗਾੜ ਦਿੱਤਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਪਿਆਜ਼ 200 ਰੁਪਏ ਤੋਂ ਪਾਰ ਹੋ ਗਿਆ ਹੈ।
ਵਧੀਆਂ ਕੀਮਤਾਂ ਦੇ ਮੱਦੇਨਜ਼ਰ ਅਟਾਰੀ-ਵਾਹਗਾ ਸਰਹੱਦ ਰਾਹੀਂ ਅਫਗਾਨਿਸਤਾਨ ਤੋਂ ਪਿਆਜ਼ਾਂ ਦੇ ਭਰੇ ਕਰੀਬ 10-15 ਟਰੱਕ ਰੋਜ਼ਾਨਾ ਭਾਰਤ ਪੁੱਜ ਰਹੇ ਹਨ। ਹਰ ਟਰੱਕ ਵਿਚ 35 ਮੀਟ੍ਰਿਕ ਟਨ ਪਿਆਜ਼ ਹੈ। ਪੰਜਾਬ ਤੇ ਦਿੱਲੀ ਦੇ ਵਪਾਰੀ ਅਫਗਾਨਿਸਤਾਨ ਤੋਂ ਪਿਆਜ਼ ਮੰਗਵਾ ਰਹੇ ਹਨ ਤੇ ਇਨ੍ਹਾਂ ਨੂੰ ਉਤਰੀ ਖਿੱਤੇ ਦੀਆਂ ਮੰਡੀਆਂ ਵਿਚ ਪਹੁੰਚਾਇਆ ਜਾ ਰਿਹਾ ਹੈ। ਅਟਾਰੀ-ਵਾਹਗਾ ਸਰਹੱਦ ਰਾਹੀਂ ਹਾਲਾਂਕਿ ਭਾਰਤ-ਪਾਕਿ ਵਪਾਰ ਠੱਪ ਹੈ, ਪਰ ਪਾਕਿ-ਅਫਗਾਨ ਦੁਵੱਲੇ ਟਰਾਂਜ਼ਿਟ ਵਪਾਰ ਸਮਝੌਤੇ ਤਹਿਤ ਅਫਗਾਨਿਸਤਾਨ ਤੋਂ ਪਿਆਜ਼ ਆ ਰਿਹਾ ਹੈ। ਕੇਂਦਰ ਸਰਕਾਰ ਦੀ ਕੰਪਨੀ ਐਮ.ਐਮ.ਟੀ.ਸੀ. ਨੇ 4,000 ਟਨ ਪਿਆਜ਼ਾਂ ਦੀ ਦਰਾਮਦ ਲਈ ਤੁਰਕੀ ਨੂੰ ਆਰਡਰ ਦਿੱਤਾ ਹੈ। ਸਰਕਾਰ ਮੁਤਾਬਕ ਇਹ ਜਨਵਰੀ ਦੇ ਅੱਧ ਤੱਕ ਪਹੁੰਚ ਜਾਣਗੇ। ਇਸ ਤੋਂ ਪਹਿਲਾਂ ਵੀ 17,090 ਟਨ ਪਿਆਜ਼ ਮੰਗਵਾਏ ਗਏ ਹਨ। ਕਰੀਬ 6,090 ਟਨ ਪਿਆਜ਼ ਮਿਸਰ ਤੇ 11,000 ਟਨ ਤੁਰਕੀ ਤੋਂ ਹੀ ਮੰਗਵਾਏ ਗਏ ਹਨ।
ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਕਾਂਗਰਸ ਨੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਦਕਿ ਲੋਕ ਸਭਾ ‘ਚ ਵੀ ਇਹ ਮਾਮਲਾ ਗੂੰਜਿਆ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪਿਆਜ਼ਾਂ ਦੀ ਟੋਕਰੀ ਭਰ ਕੇ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ ਪਿਆਜ਼ਾਂ ਦਾ ਭਾਅ ਘਟਾ ਕੇ ਗਰੀਬਾਂ ਨੂੰ ਪਰੇਸ਼ਾਨ ਕਰਨਾ ਬੰਦ ਕਰੇ। ਉਨ੍ਹਾਂ ਹੱਥਾਂ ‘ਚ ਬੈਨਰ ਵੀ ਫੜੇ ਹੋਏ ਸਨ ਜਿਨ੍ਹਾਂ ਉਤੇ ‘ਕੈਸਾ ਹੈ ਮੋਦੀ ਰਾਜ, ਮਹਿੰਗਾ ਰਾਸ਼ਨ, ਮਹਿੰਗਾ ਪਿਆਜ਼’, ‘ਮਹਿੰਗਾਈ ਕੀ ਪਿਆਜ਼ ਪਰ ਮਾਰ, ਚੁੱਪ ਕਿਉਂ ਹੈ ਮੋਦੀ ਸਰਕਾਰ’ ਆਦਿ ਨਾਅਰੇ ਲਿਖੇ ਹੋਏ ਸਨ। ਮਹਾਤਮਾ ਗਾਂਧੀ ਦੇ ਬੁੱਤ ਕੋਲ ਪ੍ਰਦਰਸ਼ਨ ਕਰਦਿਆਂ ਕਾਂਗਰਸ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ। ਇਸ ਦੌਰਾਨ ਸਿਆਸੀ ਟਿੱਪਣੀਕਾਰ ਤਹਿਸੀਨ ਪੂਨਾਵਾਲਾ ਨੇ ਪਿਆਜ਼ ਦਾ ਭਾਅ ਵਧਣ ਉਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਖਿਲਾਫ ਇਕੱਲਿਆਂ ਹੀ ਵਿਜੈ ਚੌਕ ‘ਤੇ ਸੰਸਦ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲਿਸ ਉਸ ਨੂੰ ਘੇਰ ਕੇ ਜੰਤਰ-ਮੰਤਰ ਲੈ ਗਈ ਅਤੇ ਉਥੇ ਛੱਡ ਦਿੱਤਾ।
__________________________________
ਵਿਰੋਧੀ ਧਿਰ ਨੂੰ ਪਿਆਜ਼ਾਂ ਦੇ ਟਰੱਕ ਦੀ ਪੇਸ਼ਕਸ਼
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਇਕ ਮੈਂਬਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪਣੇ ਹਲਕੇ ਤੋਂ 25 ਰੁਪਏ ਕਿਲੋ ਦੇ ਹਿਸਾਬ ਨਾਲ ਇਕ ਟਰੱਕ ਪਿਆਜ਼ਾਂ ਨਾਲ ਭਰ ਕੇ ਦੇਣ ਦੀ ਪੇਸ਼ਕਸ਼ ਕੀਤੀ। ਉੱਤਰ ਪ੍ਰਦੇਸ਼ ਦੇ ਬਲੀਆ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਵਿਰੇਂਦਰ ਸਿੰਘ ਮਸਤ ਨੇ ਪਿਆਜ਼ਾਂ ਦੀਆਂ ਵਧੀਆਂ ਕੀਮਤਾਂ ਉਤੇ ਸਰਕਾਰ ਨੂੰ ਘੇਰ ਰਹੀ ਵਿਰੋਧੀ ਧਿਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਮਹਾਰਾਸ਼ਟਰ ਤੇ ਗੁਜਰਾਤ ਦੀ ਤਰ੍ਹਾਂ ਉੱਤਰ ਪ੍ਰਦੇਸ਼ ‘ਚ ਵੀ ਪਿਆਜ਼ ਦੀ ਪੈਦਾਵਾਰ ਹੁੰਦੀ ਹੈ ਤੇ ਸਭ ਤੋਂ ਵਧੀਆ ਪਿਆਜ਼ ਉਨ੍ਹਾਂ ਦੇ ਹਲਕੇ ਦੇ ਸ਼ਹਿਰ ਮੁਹੰਮਦਾਬਾਦ ‘ਚ ਹੁੰਦਾ ਹੈ। ਉਹ ਆਪਣੇ ਹਲਕੇ ਤੋਂ 25 ਰੁਪਏ ਕਿੱਲੋ ਦੇ ਹਿਸਾਬ ਨਾਲ ਪਿਆਜ਼ਾਂ ਦਾ ਟਰੱਕ ਭਰ ਕੇ ਵਿਰੋਧੀ ਧਿਰ ਨੂੰ ਦੇਣ ਲਈ ਤਿਆਰ ਹਨ।
_________________________________
ਸੀਤਾਰਾਮਨ ਦੀ ਪਿਆਜ਼ ਬਾਰੇ ਟਿੱਪਣੀ ਦਾ ਉਡਿਆ ਮਖੌਲ
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪਿਆਜ਼ ਅਤੇ ਲਸਣ ਦੀ ਵੱਧ ਵਰਤੋਂ ਨਾ ਕੀਤੇ ਜਾਣ ਦੇ ਬਿਆਨ ਮਗਰੋਂ ਟਵਿੱਟਰ ਉਤੇ ਕਈ ਮਜ਼ਾਹੀਆ ਟਿੱਪਣੀਆਂ ਦੇਖਣ ਨੂੰ ਮਿਲੀਆਂ। ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਸਵਾਲ ਕੀਤਾ ਕਿ ਕੀ ਉਹ ਪਿਆਜ਼ ਦੀ ਥਾਂ ਉਤੇ ਐਵਾਕੈਡੋਜ਼ ਖਾਂਦੇ ਹਨ। ਇਕ ਵੀਡੀਓ ਕਲਿੱਪ ‘ਚ ਵਿਅਕਤੀ ਭੋਜਨ ਕਰਦੇ ਸਮੇਂ ਪਿਆਜ਼, ਲਸਣ ਅਤੇ ਟਮਾਟਰ ਨੂੰ ਚਟਦਾ ਹੋਇਆ ਨਜ਼ਰ ਆਇਆ।
ਇਕ ਤਸਵੀਰ ‘ਚ ਸੀਤਾਰਾਮਨ ਅਤੇ ਉਨ੍ਹਾਂ ਦੀ ਕੈਬਨਿਟ ਸਾਥੀ ਸਮ੍ਰਿਤੀ ਇਰਾਨੀ ਦੀ ਪੁਰਾਣੀ ਤਸਵੀਰ ਪਾਈ ਗਈ ਹੈ ਜਿਸ ‘ਚ ਉਹ ਵਿਰੋਧੀ ਧਿਰ ‘ਚ ਰਹਿੰਦਿਆਂ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਇਕ ਹੋਰ ਤਸਵੀਰ ‘ਚ ਪਿਆਜ਼ਾਂ ਦੀ ਟੋਕਰੀ ਦੇ ਨਾਲ ਟਿੱਪਣੀ ਕੀਤੀ ਗਈ, ”ਅੱਜ ਭਾਰਤੀ ਪਿਆਜ਼ ਅਮਰੀਕੀ ਡਾਲਰ ਨਾਲੋਂ ਮਜ਼ਬੂਤ ਹਨ।” ਇਕ ਹੋਰ ਪੋਸਟ ‘ਚ ਫਿਲਮ ਦਾ ਦ੍ਰਿਸ਼ ਪਾਉਂਦਿਆਂ ਕੈਪਸ਼ਨ ਲਿਖੀ ਹੈ ਕਿ ਪਿਆਜ਼ ਹੁਣ ਸੁਨਿਆਰਿਆਂ ਵੱਲੋਂ ਵੇਚੇ ਜਾਣਗੇ।