ਲਾਹੌਰ ‘ਵਰਸਿਟੀ ‘ਚ ਬਣੇਗੀ ਗੁਰੂ ਨਾਨਕ ਚੇਅਰ

ਜਲੰਧਰ: ਲਾਹੌਰ ਦੀ ਪੰਜਾਬ ਯੂਨੀਵਰਸਿਟੀ ਵਿਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਗੁਰੂ ਨਾਨਕ ਚੇਅਰ ਸਥਾਪਤ ਕੀਤੀ ਜਾਵੇਗੀ, ਜਿਸ ਵਿਚ ਬਣਨ ਵਾਲੇ ਰਿਸਰਚ ਸੈਂਟਰ ‘ਚ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਫਲਸਫੇ ਉਤੇ ਖੋਜ ਕਰਨ ਦੇ ਨਾਲ-ਨਾਲ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮੇਂ-ਸਮੇਂ ਸਿਰ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਅਤੇ ਦੁਬਈ ਦੇ ਕਾਰੋਬਾਰੀ ਐਸ਼ਪੀ. ਸਿੰਘ ਓਬਰਾਏ ਨੇ ਲਹਿੰਦੇ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਤੇ ਉਨ੍ਹਾਂ ਦੀ ਬੇਗਮ ਨਾਲ ਮੀਟਿੰਗ ਕਰਨ ਤੋਂ ਬਾਅਦ ਕੀਤਾ।

ਪਾਕਿਸਤਾਨ ਦਾ ਦੌਰਾ ਕਰ ਕੇ ਪਰਤੇ ਐਸ਼ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਗੁਰੂ ਨਾਨਕ ਚੇਅਰ ਲਈ ਨਿਸ਼ਚਿਤ ਰਕਮ ਬੈਂਕ ਵਿਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ, ਜਿਸ ਦਾ ਸਾਲਾਨਾ ਵਿਆਜ ਕਰੀਬ 35 ਤੋਂ 40 ਲੱਖ ਰੁਪਏ ਬਣੇਗਾ। ਵਿਆਜ ਵਾਲੀ ਰਕਮ ਨੂੰ ਹੀ ਇਸ ਕਾਰਜ ਤੋਂ ਇਲਾਵਾ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਖਰਚ ਕੀਤਾ ਜਾਵੇਗਾ, ਜਿਸ ਦਾ ਸਾਰਾ ਲੇਖਾ-ਜੋਖਾ ਯੂਨੀਵਰਸਿਟੀ ਵੱਲੋਂ ਟਰੱਸਟ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਹੁਤ ਹੀ ਜਲਦ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਚ ਲੰਗਰ ਦੀ ਸਹੂਲਤ ਲਈ ਆਟਾ ਗੁੰਨਣ, ਪੇੜੇ ਕਰਨ ਤੇ ਪ੍ਰਸ਼ਾਦੇ ਪਕਾਉਣ ਵਾਲੀ ਦੁਬਈ ‘ਚ ਤਿਆਰ ਹੋਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨ ਤੋਂ ਇਲਾਵਾ ਬਰਤਨ ਸਾਫ ਕਰਨ ਵਾਲੀ ਮਸ਼ੀਨ ਵੀ ਭੇਜੀ ਜਾਵੇਗੀ। ਟਰੱਸਟ ਵੱਲੋਂ ਛੇਤੀ ਹੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਵਿਚ ਵੀ ਇਹ ਮਸ਼ੀਨਾਂ ਦਿੱਤੀਆਂ ਜਾਣਗੀਆਂ।
ਡਾ. ਓਬਰਾਏ ਨੇ ਦੱਸਿਆ ਕਿ ਪਾਕਿਸਤਾਨ ਵਿਚ ਉਥੋਂ ਦੀ ਪੰਜਾਬ ਸਰਕਾਰ ਵੱਲੋਂ ਪ੍ਰਮੁੱਖ 8 ਧਰਮਾਂ ਦੇ ਸਥਾਪਤ ਕੀਤੇ ਜਾ ਰਹੇ ਮਿਊਜ਼ੀਅਮ ਵਿਚ ਬਣਨ ਵਾਲੀਆਂ ਗੈਲਰੀਆਂ ਵਿਚ ਜੋ ਸਿੱਖ ਧਰਮ ਦੀ ਗੈਲਰੀ ਬਣੇਗੀ, ਉਸ ਵਿਚ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜ਼ੋ-ਸਾਮਾਨ ਦਾ ਸਮੁੱਚਾ ਖਰਚ ਵੀ ਇਸ ਚੈਰੀਟੇਬਲ ਟਰੱਸਟ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਭ ਕਾਰਜਾਂ ਲਈ ਉਨ੍ਹਾਂ ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਤੋਂ ਇਲਾਵਾ ਚੇਅਰਮੈਨ ਗੁਰਦੁਆਰਾ ਸੁਧਾਰ ਕਮੇਟੀ, ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਲਾਹੌਰ, ਸੈਕਟਰੀ ਇਨਫਾਰਮੇਸ਼ਨ, ਟੂਰਿਜ਼ਮ ਅਤੇ ਆਈਟੀ, ਜੁਆਇੰਟ ਸੈਕਟਰੀ ਪੀ.ਟੀ.ਆਈ. ਫਾਰੂਕ ਅਰਸ਼ਦ ਸਮੇਤ ਹੋਰ ਸੀਨੀਅਰ ਉੱਚ ਅਧਿਕਾਰੀਆਂ ਨਾਲ ਮੁਲਾਕਾਤਾਂ ਕਰ ਕੇ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਹੈ।
________________________________________
ਜੀ.ਐਨ.ਡੀ.ਯੂ. ਸੰਭਾਲੇਗੀ ਨਾਨਕ ਸਿੰਘ ਦੀਆਂ ਕਿਰਤਾਂ ਤੇ ਹੱਥ ਲਿਖਤਾਂ
ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਿੰਡੀਕੇਟ ਦੀ ਵਿਸ਼ੇਸ਼ ਬੈਠਕ ਵਿਚ ਉੱਘੇ ਨਾਵਲਕਾਰ ਨਾਨਕ ਸਿੰਘ ਦੀਆਂ ਕਿਰਤਾਂ, ਇਤਿਹਾਸਕ ਦਸਤਾਵੇਜ਼ ਅਤੇ ਹੋਰ ਹੱਥ ਲਿਖਤਾਂ ਨੂੰ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਇਕ ਮਿਊਜ਼ੀਅਮ ਸਥਾਪਤ ਕਰਕੇ ਸਾਂਭਣ ਦਾ ਫੈਸਲਾ ਲਿਆ ਗਿਆ। ਸਿੰਡੀਕੇਟ ਵੱਲੋਂ ਯੂਨੀਵਰਸਿਟੀ ਦੀ 46ਵੀਂ ਸਾਲਾਨਾ ਕਨਵੋਕੇਸ਼ਨ ਮੌਕੇ ਸਰਜਨ ਅਤੇ ਮੇਦਾਂਤਾ ਹਾਰਟ ਇੰਸਟੀਚਿਊਟ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਡਾ. ਨਰੇਸ਼ ਤ੍ਰੇਹਨ ਅਤੇ ਫਿਲਮ ਅਦਾਕਾਰ ਅਤੇ ਥੀਏਟਰ ਸ਼ਖਸੀਅਤ ਸ੍ਰੀ ਪੰਕਜ ਕਪੂਰ ਨੂੰ ‘ਆਨਰਜ਼ ਆਫ ਕਾਜ਼ਾ’ ਡਿਗਰੀ ਨਾਲ ਸਨਮਾਨਿਤ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਵਾਸਤੇ ਯੂਨੀਵਰਸਿਟੀ ਵੱਲੋਂ ਤਕਨਾਲੋਜੀ, ਸਾਇੰਸ, ਆਰਟਸ ਅਤੇ ਪ੍ਰਬੰਧ ਜਿਹੇ ਖੇਤਰਾਂ ‘ਚ ਕੀਤੇ ਖੋਜ ਕਾਰਜਾਂ ਨੂੰ ਪੇਟੈਂਟ ਕੀਤਾ ਜਾਵੇਗਾ।