ਸ਼ਹੀਦੀ ਯਾਦਗਾਰ ਬਾਰੇ ਵਿਵਾਦ ਭਖਿਆ

ਦੋਵੇਂ ਧਿਰਾਂ ਆਪੋ-ਆਪਣੇ ਪੈਂਤੜਿਆਂ ‘ਤੇ ਅੜੀਆਂ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ‘ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਨਾਂ ਉਕਰਨ ਬਾਰੇ ਪੈਦਾ ਹੋਇਆ ਵਿਵਾਦ ਗੰਭੀਰ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਆਹਮੋ-ਸਾਹਮਣੇ ਹੋ ਗਈਆਂ ਹਨ। ਦੂਜੇ ਬੰਨ੍ਹੇ ਸ਼੍ਰੋਮਣੀ ਅਕਾਲੀ ਦਲ ਆਪਣੀ ਭਾਈਵਾਲ ਪਾਰਟੀ ਭਾਜਪਾ ਦੇ ਦਬਾਅ ਦੇ ਬਾਵਜੂਦ ਸਿੱਧੇ ਰੂਪ ਵਿਚ ਦਖ਼ਲ ਦੇਣ ਤੋਂ ਟਾਲਾ ਵੱਟ ਰਿਹਾ ਹੈ। ਉਧਰ, ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਗਈ ਹੈ ਕਿ ਯਾਦਗਾਰ ਦੇ ਨਾਂ ‘ਤੇ ਇਤਿਹਾਸ ਬਾਰੇ ਬੋਰਡਾਂ ਨੂੰ ਜਿਵੇਂ ਦਾ ਤਿਵੇਂ ਰੱਖਿਆ ਜਾਵੇ। ਇਸ ਮਾਮਲੇ ਨੂੰ ਵਿਚਾਰਨ ਲਈ ਜਥੇਦਾਰ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 15 ਮਈ ਨੂੰ ਸੱਦ ਲਈ ਹੈ।
ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਦਮਦਮੀ ਟਕਸਾਲ ਨੇ ਆਪਣੇ ਪੱਧਰ ‘ਤੇ ਅਜਿਹਾ ਕਰ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਮਾਮਲਿਆਂ ਵਿਚ ਸਿੱਧੀ ਦਖ਼ਲਅੰਦਾਜ਼ੀ ਕੀਤੀ ਹੈ। ਉਂਜ ਵੀ ਇਥੇ ਯਾਦਗਾਰ ਨੂੰ ਸਿਰਫ ਗੁਰਦੁਆਰੇ ਦੇ ਰੂਪ ਵਿਚ ਬਣਾਉਣਾ ਤੈਅ ਹੋਇਆ ਸੀ ਜੋ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੋਵੇਗੀ। ਇਸ ਲਈ ਇਹ ਯਾਦਗਾਰ ਕਿਸੇ ਇਕ ਸ਼ਹੀਦ ਦੇ ਨਾਂ ‘ਤੇ ਹੋਣਾ ਜਾਇਜ਼ ਨਹੀਂ। ਇਸ ਮਾਮਲੇ ਨੂੰ ਲੈ ਕੇ ਹੁਣ ਦੋਵੇਂ ਧਿਰਾਂ ਆਪੋ-ਆਪਣੇ ਸਟੈਂਡ ‘ਤੇ ਕਾਇਮ ਹਨ।
ਮਾਮਲੇ ਨੂੰ ਹੱਲ ਕਰਨ ਲਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮੱਲ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਇਸ ਬਾਰੇ ਹੋਈ ਮੀਟਿੰਗ ਬੇਸਿੱਟਾ ਰਹੀ। ਲੰਘੇ ਦਿਨੀਂ ਚੌਕ ਮਹਿਤਾ ਸਥਿਤ ਦਮਦਮੀ ਟਕਸਾਲ ਦੇ ਹੈਡ-ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸੰਤ ਸਮਾਜ ਦੀ ਹੋਈ ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਨੇ ਯਾਦਗਾਰ ਦੇ ਨਾਂ ਅਤੇ ਇਤਿਹਾਸ ਵਿਚ ਕੋਈ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨਾਲ ਪੰਥ ਵਿਚ ਦੋਫੇੜ ਪੈਦਾ ਹੋਵੇਗਾ ਤੇ ਉਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ਼ਿੰਮੇਵਾਰ ਹੋਣਗੇ।
ਇਸ ਮੀਟਿੰਗ ਮਗਰੋਂ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ (ਧੁੰਮਾ) ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਸੌਂਪਿਆ।
ਬਾਬਾ ਹਰਨਾਮ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੰਗ ਪੱਤਰ ਦੇ ਕੇ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਸਿੱਖ ਕੌਮ ਨੂੰ ਦੁਫੇੜ ਤੋਂ ਬਚਾਉਣ ਲਈ ਸ਼ਹੀਦੀ ਯਾਦਗਾਰ ਦੇ ਨਾਂਵਾਂ ਵਾਲੇ ਬੋਰਡ ਤੇ ਇਤਿਹਾਸ ਦੀ ਜਾਣਕਾਰੀ ਦੇਣ ਵਾਲਾ ਬੋਰਡ ਜਿਵੇਂ ਦਾ ਤਿਵੇਂ ਕਾਇਮ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਯਾਦਗਾਰ ਦਾ ਨਾਂ ਰੱਖਣ ਤੇ ਇਤਿਹਾਸ ਬੋਰਡ ਲਾਉਣ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ। ਅਜਿਹਾ ਹੀ ਫੈਸਲਾ ਯਾਦਗਾਰ ਸਬੰਧੀ ਬਣਾਈ ਗਈ ਸਬ ਕਮੇਟੀ ਵੱਲੋਂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਨ੍ਹਾਂ ਮਤਿਆਂ ਦੀਆਂ ਕਾਪੀਆਂ ਵੀ ਮੰਗ ਪੱਤਰ ਦੇ ਨਾਲ ਨੱਥੀ ਕੀਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਯਾਦਗਾਰ ਦੇ ਮਾਮਲੇ ਵਿਚ ਭਾਜਪਾ ਅਤੇ ਕਾਂਗਰਸ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਬੇਲੋੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਉਂਜ, ਇਹ ਵੀ ਪਤਾ ਲੱਗਾ ਹੈ ਕਿ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦਾ ਦਮਦਮੀ ਟਕਸਾਲ ਵੱਲੋਂ ਰੱਖਿਆ ਗਿਆ ਨਾਂ ‘ਗੁਰਦੁਆਰਾ ਸ਼ਹੀਦੀ ਯਾਦਗਾਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ’ ਹੀ ਕਾਇਮ ਰਹਿਣ ਦੀ ਸੰਭਾਵਨਾ ਹੈ। ਇਸ ਮਾਮਲੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਕ ਪਾਸੇ ਪੰਜ ਸਿੰਘ ਸਾਹਿਬਾਨ ਕੋਲ ਪੁੱਜ ਗਿਆ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਕੋਲ ਵੀ ਪੁੱਜਾ ਹੈ। ਕੋਰ ਕਮੇਟੀ ਦੀ ਲੰਘੇ ਦਿਨ ਚੰਡੀਗੜ੍ਹ ਹੋਈ ਮੀਟਿੰਗ ਵਿਚ ਭਾਵੇਂ ਪ੍ਰਮੁੱਖਤਾ ਨਾਲ ਸਿੱਖ ਕਤਲੇਆਮ ਦਾ ਮਾਮਲਾ ਵਿਚਾਰਿਆ ਗਿਆ ਪਰ ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਸ਼ਹੀਦੀ ਯਾਦਗਾਰ ਸਬੰਧੀ ਵਿਵਾਦ ਦੇ ਮਾਮਲੇ ਨੂੰ ਆਪਸੀ ਗੱਲਬਾਤ ਨਾਲ ਜਲਦੀ ਨਿਬੇੜਨ ਲਈ ਵੀ ਆਖਿਆ ਗਿਆ।
ਉਧਰ ਜਥੇਦਾਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਲਦੀ ਹੀ ਆਪਸੀ ਸਹਿਮਤੀ ਨਾਲ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਯਾਦਗਾਰ ਦਾ ਨਾਂ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਦੀ ਭਾਵਨਾ ਮੁਤਾਬਕ ਹੀ ਹੋਵੇਗਾ। ਉਨ੍ਹਾਂ ਦੇ ਇਸ ਕਥਨ ਤੋਂ ਸਪੱਸ਼ਟ ਹੈ ਕਿ ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲਿਆਂ ਦੇ ਨਾਂ ‘ਤੇ ਹੀ ਰਹਿਣ ਦਿੱਤਾ ਜਾਵੇਗਾ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਵਿਚ ਇਹ ਸਪੱਸ਼ਟ ਹੈ ਕਿ ਸ਼ਹੀਦੀ ਯਾਦਗਾਰ ਇਕ ਗੁਰਦੁਆਰੇ ਦੇ ਰੂਪ ਵਿਚ ਹੋਵੇਗੀ ਤੇ ਇਹ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਸ਼ਹੀਦ ਹੋਏ ਹੋਰ ਸਿੰਘਾਂ ਤੇ ਸਿੰਘਣੀਆਂ ਨੂੰ ਸਮਰਪਿਤ ਹੋਵੇਗੀ।
ਸੰਤ ਭਿੰਡਰਾਂਵਾਲੇ ਦੀ ਫੋਟੋ ਵਾਲੀ ਕੰਧ ਘੜੀ ਵੀ ਉਤਾਰੀ: ਸ਼੍ਰੋਮਣੀ ਕਮੇਟੀ ਨੇ ਸਾਕਾ ਨੀਲਾ ਤਾਰਾ ਯਾਦਗਾਰ ਦੇ ਅੰਦਰ ਲੱਗੀ ਕੰਧ ਘੜੀ ਜਿਸ ਵਿਚ ਸੰਤ ਭਿੰਡਰਾਂਵਾਲਾ ਦੀ ਤਸਵੀਰ ਸੀ, ਹਟਾ ਦਿੱਤੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਯਾਦਗਾਰ ਦੇ ਅੰਦਰ ਰੱਖੀ ਗੋਲਕ ਜਿਸ ਉਪਰ ਸੰਤ ਭਿੰਡਰਾਂਵਾਲਾ ਦਾ ਨਾਂ ਲਿਖਿਆ ਹੋਇਆ ਸੀ, ਵੀ ਹਟਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਦਮਦਮੀ ਟਕਸਾਲ ਨੂੰ ਇਥੇ ਯਾਦਗਾਰ ਵਿਖੇ ਅਖੰਡ ਪਾਠ ਬੁੱਕ ਕਰਨ ਤੇ ਯਾਦਗਾਰ ਦੀ ਕਾਰ ਸੇਵਾ ਲਈ ਮਾਲੀ ਮਦਦ ਇਕੱਠੀ ਕਰਨ ਤੋਂ ਵਰਜ ਦਿੱਤਾ ਗਿਆ ਹੈ।
ਭਾਜਪਾ ਆਪਣੇ ਸਟੈਂਡ ‘ਤੇ ਬਜ਼ਿੱਦ: ਭਾਰਤੀ ਜਨਤਾ ਪਾਰਟੀ ਨੇ ਸਾਕਾ ਨੀਲਾ ਤਾਰਾ ਦੀ ਯਾਦਗਾਰ ਦੇ ਬਾਹਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਨ੍ਹਾਂ ਦੇ ਸਾਥੀਆਂ ਦੇ ਨਾਂ ਲਿਖੇ ਜਾਣ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਅਤਿਵਾਦ ਦੀ ਭੇਟ ਚੜ੍ਹੇ ਮਾਸੂਮਾਂ ਦੀ ਵੀ ਯਾਦ ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਬਲਰਾਮਜੀ ਦਾਸ ਟੰਡਨ ਨੇ ਕਿਹਾ ਹੈ ਕਿ ਭਾਜਪਾ ਉਨ੍ਹਾਂ ਵਿਅਕਤੀਆਂ ਦੀ ਯਾਦਗਾਰ ਬਣਾਉਣ ਦੇ ਖਿਲਾਫ਼ ਹੈ ਜਿਨ੍ਹਾਂ ਕਾਰਨ ਸੂਬਾ ਦੋ ਦਹਾਕੇ ਅਤਿਵਾਦ ਦੀ ਭੱਠੀ ਵਿਚ ਭੁੱਜਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕਰਕੇ ਇਸ ਮੁੱਦੇ ‘ਤੇ ਰੁਖ਼ ਸਪੱਸ਼ਟ ਕੀਤਾ ਜਾ ਚੁੱਕਾ ਹੈ। ਸ੍ਰੀ ਟੰਡਨ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਅਤਿਵਾਦ ਦੇ ਕਾਲੇ ਦੌਰ ਦੌਰਾਨ ਜਿਨ੍ਹਾਂ 25 ਹਜ਼ਾਰ ਨਿਰਦੋਸ਼ਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ, ਉਨ੍ਹਾਂ ਦੀ ਢੁਕਵੀਂ ਯਾਦਗਾਰ ਬਣਨੀ ਚਾਹੀਦੀ ਹੈ।

‘ਪੰਥਕ ਇਕੱਤਰਤਾ ਵਿਚ ਹੋਵੇ ਫੈਸਲਾ’
ਚੰਡੀਗੜ੍ਹ: ਦਲ ਖਾਲਸਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਂ ‘ਤੇ ਬਣੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਦਾ ਮਸਲਾ ਸੁਲਝਾਉਣ ਲਈ ਪੰਥਕ ਇਕੱਤਰਤਾ ਸੱਦਣ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਥ ਗਹਿਰੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਸਮੇਂ ਦੇ ਹਾਕਮ ਆਪਣੀ ਸੱਤਾ ਦੇ ਜ਼ੋਰ ਨਾਲ ਸੰਤ ਜਰਨੈਲ ਸਿੰਘ ਖਾਲਸਾ ਦਾ ਨਾਂ ਸ਼ਹੀਦੀ ਯਾਦਗਾਰ ਤੋਂ ਮਿਟਾਉਣ ਤੇ ਸ਼ਹੀਦੀ ਯਾਦਗਾਰ ਨੂੰ ਦਰਸਾਉਂਦੇ ਸਾਈਨ ਬੋਰਡ ਤੇ ਇਤਿਹਾਸ ਬੋਰਡ ਨੂੰ ਹਟਾਉਣ ਦੀਆਂ ਵਿਉਂਤਾਂ ਬਣਾ ਰਹੇ ਹਨ।
ਬੁਲਾਰੇ ਨੇ ਕਿਹਾ ਕਿ ਪੰਥ ਦੇ ਅੰਦਰੂਨੀ ਮਾਮਲਿਆਂ ਵਿਚ ਸਰਕਾਰੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੇ ਨਾਜ਼ੁਕ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮੁੱਚੇ ਪੰਥ ਨੂੰ ਇਕਜੁੱਟ ਰੱਖਣ ਅਤੇ ਧਾਰਮਿਕ ਮਾਮਲਿਆਂ ਵਿਚ ਸਰਕਾਰੀ ਦਖਲਅੰਦਾਜ਼ੀ ਨੂੰ ਰੋਕਣ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਨੂੰ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਜੂਨ 2003 ਵਿਚ ਸ਼ਹੀਦ ਦੇ ਰੁਤਬੇ ਨਾਲ ਨਿਵਾਜਿਆ ਗਿਆ ਸੀ ਤੇ ਯਾਦਗਾਰ ਉਨ੍ਹਾਂ ਦੇ ਨਾਂ ‘ਤੇ ਹੀ ਰਹਿਣੀ ਚਾਹੀਦੀ ਹੈ।

Be the first to comment

Leave a Reply

Your email address will not be published.