ਯੁਨਾਨ, ਨਾ ਸੱਚ ਗਰੀਸ, ਨਾ ਸੱਚ…

ਬਲਜੀਤ ਬਾਸੀ
ਸਕੂਲੀ ਦਿਨਾਂ ਵਿਚ ਪੜ੍ਹਨ ਨੂੰ ਮਿਲਿਆ ਕਿ ਅੱਜ ਤੋਂ ਕੋਈ ਢਾਈ ਹਜ਼ਾਰ ਸਾਲ ਪਹਿਲਾਂ ਮਕਦੂਨੀਆਂ ਵਿਚ ਜਨਮੇ ਸਮਰਾਟ ਸਿਕੰਦਰ ਨੇ ਸਾਰੀ ਦੁਨੀਆਂ ਫਤਿਹ ਕਰਨ ਦੀ ਠਾਣੀ ਤੇ ਵੱਡੀਆਂ ਫੌਜਾਂ ਲੈ ਕੇ ਪੂਰਬ ਵੱਲ ਚੜ੍ਹਾਈ ਕੀਤੀ। ਉਹ ਫਾਰਸ, ਤੁਰਕੀ ਤੇ ਹੋਰ ਅੱਗੇ ਮਾਰੋ ਮਾਰ ਕਰਦਾ ਅਜੋਕੇ ਪਾਕਿਸਤਾਨ-ਅਫਗਾਨਿਸਤਾਨ ਤੱਕ ਪਹੁੰਚ ਗਿਆ, ਜਿਥੋਂ ਉਹ ਹੋਰ ਅੱਗੇ ਨਾ ਵਧ ਸਕਿਆ।

ਸਿਕੰਦਰ ਤੇ ਯੁਨਾਨ-ਦੋਵੇਂ ਸ਼ਬਦ ਉਦੋਂ ਪਹਿਲੀ ਵਾਰੀ ਮੇਰੇ ਮੱਥੇ ਲੱਗੇ। ਮਿਡਲ ਕਲਾਸ ਵਿਚ ਜਾ ਕੇ ਸਮਾਜਕ (ਅਧਿਐਨ) ਦਾ ਅਧਿਆਪਕ ਸਾਨੂੰ ਮਿੱਟੀ ਦੇ ਮਾਧੋਆਂ ਨੂੰ ਸਫਲਤਾ ਦੀਆਂ ਕੁੰਜੀਆਂ ਤੋਂ ਰੋਮ, ਸਿੰਧ ਘਾਟੀ, ਮੈਸੋਪੋਟਾਮੀਆ ਤੇ ਯੁਨਾਨ ਦੀਆਂ ਪ੍ਰਾਚੀਨ ਸਭਿਅਤਾਵਾਂ ਬਾਰੇ ਘੋਟਾ ਲਾਉਣ ਲਈ ਆਖਦਾ। ਮਾਸਟਰ ਨੇ ਇਨ੍ਹਾਂ ਦੇਸ਼ਾਂ ਜਾਂ ਸਭਿਅਤਾ ਦੇ ਸੰਕਲਪ ਬਾਰੇ ਸਾਨੂੰ ਕਦੇ ਕੁਝ ਨਾ ਸਮਝਾਇਆ।
ਪਿਛਲੇ ਦਹਾਕਿਆਂ ਤੋਂ ਬੇਰੁਜ਼ਗਾਰੀ ਦੇ ਸਤਾਏ ਪੰਜਾਬ ਦੇ ਨੌਜਵਾਨ ਧੜਾਧੜ ਬਾਹਰਲੇ ਦੇਸ਼ਾਂ ਵੱਲ ਪਰਵਾਸ ਕਰਨ ਲੱਗੇ ਤਾਂ ਇਕ ਦੇਸ਼ ਗਰੀਸ ਵੀ ਉਨ੍ਹਾਂ ਦਾ ਟਿਕਾਣਾ ਬਣ ਗਿਆ। ਅਜਿਹੇ ਕਈ ਨੌਜਵਾਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਹੁਣ ਗਰੀਸ ਵਜੋਂ ਆਮ ਜਾਣਿਆ ਜਾਣ ਵਾਲਾ ਦੇਸ਼ ਘੋਟੇ ਲੱਗਾ ਯੁਨਾਨ ਹੀ ਹੈ। ਅੱਜ ਕਲ੍ਹ ਪੰਜਾਬ ਤੇ ਪੰਜਾਬੀ ਵਿਚ ਗਰੀਸ ਗਰੀਸ ਹੀ ਹੁੰਦੀ ਹੈ, ਪਤਾ ਨਹੀਂ ਸਮਾਜ ਵਿਗਿਆਨ ਦੀਆਂ ਕਿਤਾਬਾਂ ਵਿਚ ਕਿਹੜਾ ਸ਼ਬਦ ਚਲਦਾ ਹੈ!
ਕਿਸੇ ਦੇਸ਼ ਦੇ ਨਾਂ ਦੋ ਤਰ੍ਹਾਂ ਦੇ ਹੋ ਸਕਦੇ ਹਨ। ਇਕ ਉਹ, ਜੋ ਉਥੋਂ ਦੇ ਵਸਨੀਕ ਧਰਦੇ ਜਾਂ ਬੋਲਦੇ ਹਨ ਅਤੇ ਦੂਜਾ, ਜੋ ਬਾਹਰਲੇ ਲੋਕ ਉਸ ਨੂੰ ਸੱਦਦੇ ਹਨ। ਦੂਰ ਕੀ ਜਾਣਾ, ਸਾਡੇ ਦੇਸ਼ ਦਾ ਨਾਂ ਹਿੰਦੁਸਤਾਨ ਗਵਾਂਢੀ ਅਰਬਾਂ ਨੇ ਧਰਿਆ ਹੈ, ਭਾਵੇਂ ਅੱਜ ਅਸੀਂ ਇਸ ਨੂੰ ਅਪਨਾ ਲਿਆ ਹੈ। ਇੰਡੀਆ ਵੀ ਇਸ ਦੀ ਹੀ ਇੱਕ ਵੰਨਗੀ ਹੈ, ਜੋ ਮੁਢਲੇ ਤੌਰ ‘ਤੇ ਹਿੰਦ ਨੂੰ ਯੁਨਾਨੀਆਂ ਨੇ ਵਿਗਾੜ ਕੇ ਬਣਾਇਆ। ਅੱਜ ਭਾਰਤ ਤਾਂ ਵਿਚਾਰਾ ਸਹਿਕਦਾ ਹੀ ਰਹਿੰਦਾ ਹੈ, ਬਹੁਤੀ ਇੰਡੀਆ ਇੰਡੀਆ ਹੀ ਹੁੰਦੀ ਹੈ। ਜਰਮਨੀ ਨੂੰ ਜਰਮਨੀ ਦੂਜੇ ਦੇਸ਼ਾਂ ਵਾਲੇ ਹੀ ਕਹਿੰਦੇ ਹਨ, ਉਥੋਂ ਦੇ ਵਾਸੀਆਂ ਲਈ ਇਹ ਡਿਊਸਲੈਂਡ ਹੈ। ਮਿਸਰੀ ਲੋਕਾਂ ਦੇ ਮਿਸਰ ਦਾ ਨਾਂ ਇਜਿਪਟ ਵੀ ਪੁਰਾਣੇ ਯੁਨਾਨੀਆਂ ਨੇ ਰੱਖਿਆ। ਯੁਨਾਨ ਸ਼ਬਦ ਇਸੇ ਗੇੜ ਵਿਚ ਆਉਂਦਾ ਹੈ, ਪਰ ਗਰੀਸ ਵੀ ਯੁਨਾਨੀਆ ਦਾ ਆਪਣਾ ਧਰਿਆ ਨਾਂ ਨਹੀਂ। ਵੱਡੇ ਘਰ ਦੀਆਂ ਵੱਡੀਆਂ ਮਿਰਚਾਂ, ਦੁਨੀਆਂ ਭਰ ਨੂੰ ਫਲਸਫੇ ਤੇ ਗਿਆਨ ਨਾਲ ਭਰਪੂਰ ਕਰਨ ਵਾਲੇ ਗਰੀਸ ਦੇ ਸਿਰਫ ਦੋ ਨਾਂ ਹੀ ਕਿਵੇਂ ਹੋ ਸਕਦੇ ਹਨ!
ਯੁਨਾਨ ਅਤੇ ਇਸ ਨਾਲ ਮਿਲਦੇ-ਜੁਲਦੇ ਸ਼ਬਦਾਂ ਨੂੰ ਅਸੀਂ ਤਿੰਨ ਪੱਖਾਂ ਤੋਂ ਵਿਚਾਰ ਸਕਦੇ ਹਾਂ। ਭਾਰਤ ਦੀਆਂ ਪੁਰਾਣੀਆਂ ਇਤਿਹਾਸਕ, ਮਿਥਿਹਾਸਕ ਲਿਖਤਾਂ ਤੇ ਮਹਾਭਾਰਤ, ਰਾਮਾਇਣ ਵਿਚ ‘ਯਵਨ’ ਸ਼ਬਦ ਦਾ ਜ਼ਿਕਰ ਆਉਂਦਾ ਹੈ। ਇਹ ਸ਼ਬਦ ਭਾਰਤ ਤੋਂ ਬਾਹਰ ਹੋਰ ਕਈ ਦੇਸ਼ਾਂ ਤੇ ਲੋਕਾਂ ਲਈ ਵਰਤਿਆ ਮਿਲਦਾ ਹੈ। ਪੁਰਾਣੀਆਂ ਲਿਖਤਾਂ ਵਿਚ ਸਿੰਧੂ, ਮਾਦਰ, ਕੇਕਯ, ਗੰਧਾਰ, ਕੰਬੋਜ ਆਦਿ ਦੇ ਨਾਲ ਨਾਲ ਯਵਨਾਂ ਦਾ ਵੀ ਜ਼ਿਕਰ ਹੈ। ਸਿਕੰਦਰ ਸਪਤ-ਸਿੰਧੂ ਪੁੱਜਾ ਤੇ ਬਾਅਦ ਵਿਚ ਦੇਸ਼ ਦੇ ਉਤਰ-ਪੱਛਮੀ ਹਿੱਸੇ ‘ਤੇ ਕੋਈ 200 ਈਸਾ ਪੂਰਵ ਤੋਂ ਗਰੀਸ ਦੀ ਪ੍ਰਭੂਸੱਤਾ ਆਧਾਰਤ ਕਈ ਰਾਜ ਸਥਾਪਤ ਹੋਏ। ਉਸ ਸਮੇਂ ਗਰੀਸ ਤੋਂ ਆਏ ਇਨ੍ਹਾਂ ਲੋਕਾਂ ਨੂੰ ਯਵਨ ਕਿਹਾ ਜਾਂਦਾ ਸੀ ਤੇ ਇਨ੍ਹਾਂ ਰਾਜਾਂ ਨੂੰ ਹਿੰਦ-ਯਵਨ ਨਾਂ ਮਿਲਿਆ।
ਮਹਾਭਾਰਤ ਵਿਚ ‘ਪਰਮ ਯੋਨ’ ਨਾਂ ਦੇ ਦੇਸ਼ ਦਾ ਵੀ ਜ਼ਿਕਰ ਆਉਂਦਾ ਹੈ, ਪਰ ਇਸ ਵਿਚਲਾ ਸ਼ਬਦ ਯੋਨ ਵੀ ਦਰਅਸਲ ਯਵਨ ਦਾ ਹੀ ਇਕ ਪ੍ਰਾਕ੍ਰਿਤ/ਪਾਲੀ ਰੁਪਾਂਤਰ ਹੈ। ਸਮਰਾਟ ਅਸ਼ੋਕ ਦੇ ਸ਼ਿਲਾਲੇਖਾਂ ਵਿਚ ਯੋਨ ਸ਼ਬਦ ਉਕਰਿਆ ਮਿਲਦਾ ਹੈ। ਇਸ ਸਮੇਂ ਵਿਚ ਗਰੀਕ ਜੋਤਿਸ਼ ਦੀ ਇਕ ਕਿਤਾਬ ਦਾ ਅਨੁਵਾਦ ਵੀ ਹੋਇਆ ਸੀ, ਜਿਸ ਦਾ ਨਾਂ ਹੈ, ਯਵਨਜਾਤਕ। ਦੂਰ ਦੇਸ਼ ਤੋਂ ਆਏ ਲੋਕ ਬੇਪਛਾਣ ਹੋਣ ਕਾਰਨ ਓਪਰੇ ਓਪਰੇ ਲਗਦੇ ਹਨ। ਇਸ ਲਈ ਹੌਲੀ ਹੌਲੀ ਯਵਨ ਸ਼ਬਦ ਕਿਸੇ ਵੀ ਗੈਰ-ਭਾਰਤੀ ਜਾਂ ਗੈਰ-ਹਿੰਦੂ ਲਈ ਵੀ ਵਰਤਿਆ ਜਾਣ ਲੱਗਾ, ਜਿਵੇਂ ਬਾਅਦ ਵਿਚ ਫਰੰਗੀ। ਅਰਬਾਂ, ਤੁਰਕਾਂ ਤੇ ਹੋਰ ਅੱਗੇ ਮੁਸਲਮਾਨਾਂ ਨੂੰ ਵੀ ਯਵਨ ਕਿਹਾ ਜਾਣ ਲੱਗਾ। ਪ੍ਰਾਚੀਨ ਅੰਤਰਮੁਖੀ ਭਾਰਤੀ ਵਿਦੇਸ਼ੀਆਂ ਨੂੰ ਅਕਸਰ ਹਿਕਾਰਤ ਦੀ ਨਜ਼ਰ ਨਾਲ ਹੀ ਦੇਖਦੇ ਸਨ। ਇਸ ਲਈ ਯਵਨ ਸ਼ਬਦ ਦੀ ਹੋਰ ਅਵਨਤੀ ਹੋ ਕੇ ਇਹ ਬਰਬਰ, ਮਲੇਛ ਦਾ ਸਮਾਨਅਰਥੀ ਵੀ ਹੋ ਗਿਆ।
ਲਗਦੇ ਹੱਥ ਸੰਸਕ੍ਰਿਤ ਵਿਚ ਮਿਲਦੇ ਯਵਨ ਤੋਂ ਬਣੇ ਕੁਝ ਸ਼ਬਦ ਜਾਣ ਲਈਏ। ਸੰਸਕ੍ਰਿਤ ਸਾਹਿਤ ਵਿਚ ਅਲੈਗਜ਼ੈਂਦਰੀਆ/ਸਿਕੰਦਰੀਆ ਲਈ ਯਵਨਪੁਰ ਅਤੇ ਯਵਨਾਂ ਦੇ ਦੇਸ਼ ਲਈ ਯਵਨਦੇਸ਼ ਸ਼ਬਦ ਵਰਤੇ ਮਿਲਦੇ ਹਨ। ਯਵਨਾਂ ਨੂੰ ਬੇਪਸੰਦ ਚੀਜ਼ਾਂ ਜਿਵੇਂ ਗੁੱਗਲ ਨੂੰ ਯਵਨ-ਦਵਿਸ਼ਟ ਕਿਹਾ ਗਿਆ ਹੈ; ਉਨ੍ਹਾਂ ਦੀ ਪਸੰਦ ਅਨੁਸਾਰ ਮਿਰਚ ਨੂੰ ਯਵਨ-ਪ੍ਰਿਆ ਬਿਆਨਿਆ ਗਿਆ ਹੈ। ਯਵਨਾਂ ਨੂੰ ਸੁਆਦ ਲਗਦੇ ਗੰਢਿਆਂ ਜਾਂ ਲਸਣ ਨੂੰ ਯਵਨੇਸ਼ਟ ਕਿਹਾ ਗਿਆ। ਜੋਤਿਸ਼ ਦੇ ਮਾਹਰ ਲਈ ਯਵਨਾਚਾਰੀਆ ਸ਼ਬਦ ਵੀ ਵਰਤਿਆ ਗਿਆ। ਭਾਰਤ ਵਿਚ ਵਿਸ਼ਨੂੰ ਅਤੇ ਉਸ ਦੇ ਅਵਤਾਰ ਕ੍ਰਿਸ਼ਨ ਨੂੰ ਦੁਸ਼ਮਣਾਂ ਦਾ ਸਰਵਨਾਸ ਕਰਨ ਵਾਲੇ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਯਵਨਾਰਿ ਅਰਥਾਤ ਯਵਨ-ਦੁਸ਼ਮਣ ਦੀ ਉਪਾਧੀ ਦਿੱਤੀ ਗਈ।
ਯਵਨ ਸ਼ਬਦ ਦੇ ਟਾਕਰੇ ਪੁਰਾਣੀ ਫਾਰਸੀ ਅਤੇ ਇਸ ਦੇ ਆਸ-ਪਾਸ ਦੀਆਂ ਜ਼ਬਾਨਾਂ ਵਿਚ ਯੁਨਾਨ ਸ਼ਬਦ ਪ੍ਰਚਲਿਤ ਹੋਇਆ। ਪਹਿਲੀਆਂ ਵਿਚ ਅਨਾਤੋਲੀਆ ਕਹਾਉਂਦੇ ਅਜੋਕੇ ਦੇਸ਼ ਤੁਰਕੀ ਦੇ ਪੱਛਮੀ ਤਟ ਦੇ ਪ੍ਰਦੇਸ਼ਾਂ ਅਤੇ ਟਾਪੂਆਂ ਨੂੰ ਆਇਓਨੀਆ ਕਿਹਾ ਜਾਂਦਾ ਹੈ। ਅੱਜ ਕੱਲ ਵੀ ਪੱਛਮੀ ਗਰੀਸ ਦੇ ਇਕ ਸਾਗਰ ਦਾ ਨਾਂ ਆਇਓਨੀਅਨ ਸਾਗਰ ਹੈ। ਅੱਜ ਤੋਂ ਕੋਈ ਢਾਈ ਹਜ਼ਾਰ ਸਾਲ ਪਹਿਲਾਂ ਇਸ ਪ੍ਰਦੇਸ਼ ਵਿਚ ਮੂਲਭੂਮੀ ਗਰੀਸ ਤੋਂ ਆਏ ਆਇਓਨੀਅਨ ਕਬੀਲਿਆਂ ਨੇ ਰਾਜ ਸਥਾਪਤ ਕਰ ਲਿਆ। ਇਨ੍ਹਾਂ ਕਬੀਲਿਆਂ ਦਾ ਆਪਣਾ ਇਤਿਹਾਸ ਹੋਰ ਬਹੁਤ ਪੁਰਾਣਾ ਹੋਵੇਗਾ, ਜੋ ਮਿਥਿਹਾਸ ਦੀ ਧੁੰਦ ਵਿਚ ਲਿਪਟਿਆ ਪਿਆ ਹੈ; ਪਰ ਸਾਡਾ ਸਰੋਕਾਰ ਅਇਓਨੀਆ ਨਾਲ ਹੈ, ਜੋ ਇਕ ਤਰ੍ਹਾਂ ਪੂਰਬੀ ਗਰੀਸ ਹੀ ਹੈ।
ਸਭ ਤੋਂ ਪਹਿਲਾਂ ਫਾਰਸ ਅਤੇ ਮੱਧ ਸਾਗਰ ਦੇ ਤਟਵਰਤੀ ਦੇਸ਼ਾਂ ਅਤੇ ਹੋਰ ਲੋਕਾਂ ਦਾ ਵਾਹ ਇਨ੍ਹਾਂ ਆਇਓਨੀਅਨਾਂ ਨਾਲ ਹੀ ਪਿਆ। ਇਸ ਖਿੱਤੇ ਦੇ ਲੋਕਾਂ ਨੇ ਇਸ ਸ਼ਬਦ ਨੂੰ ਆਪਣੇ ਧੁਨੀ ਪ੍ਰਬੰਧ ਅਨੁਸਾਰ ਢਾਲ ਕੇ ਯੁਨਾਨ ਵਜੋਂ ਉਚਾਰਿਆ ਤੇ ਪ੍ਰਚਲਿਤ ਕੀਤਾ। ਪੁਰਾਣੀ ਫਾਰਸੀ ਵਿਚ ਇਸ ਨੂੰ ਯੌਨਾ ਵਜੋਂ ਵੀ ਲਿਖਿਆ ਮਿਲਦਾ ਹੈ। ਗੱਲ ਕੀ, ਪੂਰਬ ਦੇ ਲੋਕਾਂ ਲਈ ਇਹ ਸ਼ਬਦ ਗਰੀਸ ਲਈ ਵਰਤਿਆ ਜਾਣ ਲੱਗਾ। ਤੁਰਕਿਸਤਾਨ ਵਿਚ ਯੁਨਾਨ ਨੂੰ ਯੁਨਾਨਿਸਤਾਨ ਕਿਹਾ ਜਾਂਦਾ ਹੈ।
ਪੁਰਾਣੀਆਂ ਭਾਰਤੀ ਲਿਖਤਾਂ ਵਿਚ ਇਸੇ ਸ਼ਬਦ ਦਾ ਇਕ ਰੁਪਾਂਤਰ ‘ਜਵਨ’ ਤੇ ਅੱਗੇ ‘ਜੌਨ’ ਵੀ ਮਿਲਦਾ ਹੈ। ਹੋਰ ਤਾਂ ਹੋਰ, ਕਈ ਪੁਰਾਣੀਆਂ ਅੰਗਰੇਜ਼ੀ ਰਚਨਾਵਾਂ ਵਿਚ ਵੀ ਜਵਨ ਸ਼ਬਦ ਮੌਜੂਦ ਹੈ। ਮਿਲਟਨ ਦੇ ਮਹਾਂਕਾਵਿ ‘ਸਵਰਗ ਗਵਾਚਾ’ ਵਿਚ ਜਵਨ ਸ਼ਬਦ ਦੀ ਟੋਹ ਹੈ, ਜਿਸ ਦਾ ਜ਼ਿਕਰ ‘ਮਹਾਨ ਕੋਸ਼’ ਵਿਚ ਵੀ ਹੈ। ਦਰਅਸਲ ਪੁਰਾਣੀ ਹਿਬਰੂ ਭਾਸ਼ਾ ਵਿਚ ਵੀ ਯਵਨ ਸ਼ਬਦ ਚਲਦਾ ਸੀ ਤੇ ਇਸੇ ਦਾ ਇਕ ਰੁਪਾਂਤਰ ਜਵਨ ਬਣਿਆ। ਹਿਬਰੂ ਭਾਸ਼ਾ ਦੀ ਬਾਈਬਲ ਦੀ ਮੁਢਲੀ ਪੋਥੀ ਦੇ ਦਸਵੇਂ ਅਧਿਆਇ ਵਿਚ ਨੂਹ ਦੀਆਂ ਪੀੜ੍ਹੀਆਂ ਦਾ ਜ਼ਿਕਰ ਹੈ। ਨੂਹ ਦੇ ਪੁੱਤਰ ਜੈਸਪਥ/ਯਾਫਥ ਦੇ ਚੌਥੇ ਪੁੱਤਰ ਦਾ ਨਾਂ ਜਵਨ ਦੱਸਿਆ ਗਿਆ ਹੈ। ਨੂਹ ਦੇ ਹੜ੍ਹ ਪਿਛੋਂ ਇਨ੍ਹਾਂ ਦੀਆਂ ਸੰਤਾਨਾਂ ਨੇ ਹੀ ਅੱਗੇ ਮਨੁੱਖ ਜਾਤੀ ਤੋਰੀ। ਮਿਥਾਂ ਅਨੁਸਾਰ ਅਇਓਨੀਆ ਕਬੀਲੇ ਦਾ ਨਾਂ ਇਸੇ ਨਾਂ ਤੋਂ ਪਿਆ। ਪਾਠਕਾਂ ਦੀ ਦਿਲਚਸਪੀ ਲਈ ਬਾਈਬਲ ਦੇ ਇੱਕ ਪੰਜਾਬੀ ਅਨੁਵਾਦ ਵਿਚ ਇਸ ਪ੍ਰਸੰਗ ਦਾ ਹਵਾਲਾ ਦਿੰਦੇ ਹਾਂ। ਇਥੇ ਯਾਵਾਨ ਸ਼ਬਦ ਵੱਲ ਧਿਆਨ ਦਿਓ,
1. ਨੂਹ ਦੇ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫਥ। ਹੜ੍ਹ ਤੋਂ ਮਗਰੋਂ ਇਨ੍ਹਾਂ ਤਿੰਨਾਂ ਆਦਮੀਆਂ ਨੇ ਬਹੁਤ ਸਾਰੇ ਪੁੱਤਰਾਂ ਨੂੰ ਜਨਮ ਦਿੱਤਾ। ਸ਼ੇਮ, ਹਾਮ ਅਤੇ ਯਾਫਥ ਦੇ ਪੁੱਤਰਾਂ ਦੀ ਸੂਚੀ ਇਹ ਹੈ।
ਯਾਫਥ ਦੇ ਉਤਰਾਧਿਕਾਰੀ
2. ਯਾਫਥ ਦੇ ਪੁੱਤਰ ਸਨ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮਸੱਕ ਅਤੇ ਤੀਰਾਸ।
3. ਗੋਮਰ ਦੇ ਪੁੱਤਰ ਸਨ: ਅਸ਼ਕਨਜ਼, ਰੀਫਤ ਅਤੇ ਤੋਂਗਰਮਾਹ।
4. ਯਾਵਾਨ ਦੇ ਪੁੱਤਰ ਸਨ: ਅਲੀਸ਼ਾਹ, ਤਰਸ਼ੀਸ, ਕਿੱਤੀਮ ਅਤੇ ਦੋਦਾਨੀਮ।
5. ਉਹ ਸਾਰੇ ਲੋਕ ਜੋ ਸਮੁੰਦਰੀ ਤਟ ਦੀ ਜ਼ਮੀਨ ਦੇ ਆਲੇ-ਦੁਆਲੇ ਰਹਿੰਦੇ ਹਨ, ਉਹ ਯਾਫਥ ਦੇ ਇਨ੍ਹਾਂ ਪੁੱਤਰਾਂ ਦੇ ਉਤਰਾਧਿਕਾਰੀ ਹੀ ਹਨ। ਹਰ ਪੁੱਤਰ ਦੀ ਆਪਣੀ ਜ਼ਮੀਨ ਸੀ। ਹਰ ਪਰਿਵਾਰ ਵੱਧ ਕੇ ਅਲੱਗ ਕੌਮ ਬਣ ਗਿਆ। ਹਰੇਕ ਕੌਮ ਦੀ ਆਪਣੀ ਭਾਸ਼ਾ ਸੀ…।
ਆਇਓਨੀਅਨ ਕਬੀਲੇ ਦਾ ਨਾਂ ਅਪੋਲੋ ਦੇਵਤੇ ਦੇ ਪੁੱਤਰ ਅਇਓ ਦੇ ਨਾਂ ‘ਤੇ ਪਿਆ ਵੀ ਦੱਸਿਆ ਜਾਂਦਾ ਹੈ। ਇੱਕ ਹੋਰ ਕਿਆਸ-ਅਰਾਈਂ ਪੜ੍ਹਨ ਨੂੰ ਮਿਲਦੀ ਹੈ। ਇਸ ਨੂੰ ਸੰਸਕ੍ਰਿਤ ਸ਼ਬਦ ਯੋਨੀ ਨਾਲ ਜੋੜਿਆ ਗਿਆ ਹੈ। ਸੰਸਕ੍ਰਿਤ ਵਿਚ ਔਰਤ ਦੀ ਬੱਚੇਦਾਨੀ ਜਾਂ ਜਣਨ-ਅੰਗ ਨੂੰ ਯੋਨੀ ਕਿਹਾ ਜਾਂਦਾ ਹੈ। ਖਿਆਲ ਹੈ ਕਿ ਇਸ ਪਰਦੇਸ ਦੇ ਲੋਕ ਦੇਵੀ-ਪੂਜ ਹੋਣ ਕਾਰਨ ਉਨ੍ਹਾਂ ਨੂੰ ਇਹ ਨਾਂ ਦਿੱਤਾ ਗਿਆ, ਜੋ ਮੱਧ ਸਾਗਰ ਦੇ ਦੇਸ਼ਾਂ ਤੋਂ ਲੈ ਕੇ ਹਿੰਦੁਸਤਾਨ ਤੱਕ ਫੈਲ ਗਿਆ। ਜਵਨ ਸ਼ਬਦ ਮੋਟੇ ਤੌਰ ‘ਤੇ ਪੁਰਾਣੀ ਗਰੀਸ ਨਾਲ ਜੋੜਿਆ ਜਾਂਦਾ ਹੈ, ਜਦ ਕਿ ਜਵਨ ਦੇ ਪੁੱਤਰਾਂ ਦੇ ਨਾਂ ਮੱਧ ਸਾਗਰ ਅਤੇ ਅਨਾਤੋਲੀਆ ਦੇ ਆਸਪਾਸ ਦੇ ਖਿਤਿਆਂ ਦੇ ਨਾਂਵਾਂ ਨਾਲ ਜੋੜੇ ਜਾਂਦੇ ਹਨ। ਮਿਲਟਨ ਦੇ ‘ਗਵਾਚਾ ਸਵਰਗ’ ਵਿਚ ਜਵਨ ਜੈਸਪਥ ਦੇ ਪੁੱਤਰ ਦੇ ਨਾਂ ਵਜੋਂ ਹੀ ਆਉਂਦਾ ਹੈ। ਸਾਰ ਇਹ ਕਿ ਭਾਵੇਂ ਸੰਸਕ੍ਰਿਤ ਵਿਚ ਯਵਨ, ਯੌਨ ਆਦਿ ਨਾਂ ਪ੍ਰਚਲਿਤ ਸਨ, ਪਰ ਮੁਸਲਿਮ ਹਕੂਮਤ ਦੌਰਾਨ ਭਾਰਤ ਵਿਚ ਫਾਰਸੀ ਵਿਚ ਪ੍ਰਚਲਿਤ ਸ਼ਬਦ ਯੁਨਾਨ ਹੀ ਪ੍ਰਸਿੱਧ ਹੋਇਆ।
ਹੈਰਾਨੀ ਦੀ ਗੱਲ ਹੈ ਕਿ ਯੁਨਾਨ ਦਾ ਅਜੋਕਾ ਪ੍ਰਚਲਿਤ ਨਾਂ ਗਰੀਸ ਵੀ ਇਸ ਦੇਸ਼ ਵਿਚ ਨਹੀਂ ਚਲਦਾ। ਰੋਮਨ ਸਾਮਰਾਜ ਦੀ ਚੜ੍ਹਤ ਸਮੇਂ ਯੂਰਪ ਵਿਚ ਲਾਤੀਨੀ ਭਾਸ਼ਾ ਭਾਰੂ ਹੋ ਗਈ। ਇਸ ਲਈ ਯੂਰਪੀ ਭਾਸ਼ਾਵਾਂ ਵਿਚ ਬਹੁਤ ਸਾਰੇ ਗਰੀਕ ਸ਼ਬਦਾਂ ਦੇ ਲਾਤੀਨੀ ਬਦਲ ਹੀ ਪ੍ਰਚਲਿਤ ਹੋਏ। ਅਸੀਂ ਦੇਖਿਆ ਸੀ ਕਿ ਅਫਲਾਤੂਨ ਲਈ ਅੰਗਰੇਜ਼ੀ ਸ਼ਬਦ ਲਾਤੀਨੀ ਪਲੈਟੋ ਤੋਂ ਆਇਆ। ਪ੍ਰਾਚੀਨ ਰੋਮ ਵਿਚ ਇਸ ਦੇਸ਼ ਨੂੰ ਗਰੇਸ਼ਿਆ ਕਹਿੰਦੇ ਸਨ, ਜੋ ਅੱਗੋਂ ਗਰੀਕ ਭਾਸ਼ਾ ਦੇ ਸ਼ਬਦ ਘਰਇਕੋਸ ਤੋਂ ਬਣਿਆ ਹੈ। ਇੱਕ ਮਤ ਅਨੁਸਾਰ ਇਹ ਤਟ ਕਿਨਾਰੇ ਇਕ ਨਗਰ ਦੇ ਨਾਂ ਪਿਛੇ ਪਿਆ, ਜਿਸ ਦਾ ਅਰਥ ਘਰਅੇ ਅਰਥਾਤ ਸਲੇਟੀ ਹੈ। ਸ਼ਾਇਦ ਤਟ ਸਲੇਟੀ ਰੰਗ ਦਾ ਸੀ। ਗਰੀਸ ਦੇ ਲੋਕ ਤੇ ਸਰਕਾਰ ਆਪਣੇ ਦੇਸ਼ ਨੂੰ ਹਿਲਾਸ (੍ਹeਲਲਅਸ) ਜਾਂ ਇੱਲਾਦਾ ਕਹਿੰਦੇ ਹਨ, ਜੋ ਇਸੇ ਨਾਂ ਦੇ ਇਕ ਨਗਰ ਤੋਂ ਪਿਆ ਦੱਸਿਆ ਜਾਂਦਾ ਹੈ।