ਹਿੰਦੂ ਏਕਿਆ ਵੇਦੀ

ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-8
ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ਼ ਐਸ਼) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਇਸੇ ਤਰ੍ਹਾਂ ਆਰ. ਐਸ਼ ਐਸ਼ ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਵੱਖ-ਵੱਖ ਸੂਬਿਆਂ ਵਿਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਆਧਾਰ ਬਣੀਆਂ ਜਥੇਬੰਦੀਆਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ।

ਇਸ ਕਿਸ਼ਤ ਵਿਚ ਕੇਰਲਾ ਵਿਚ ਆਰ. ਐਸ਼ ਐਸ਼ ਦੇ ਪੈਰ ਜਮਾਉਣ ਵਾਲੀ ਜਥੇਬੰਦੀ ‘ਹਿੰਦੂ ਏਕਿਆ ਵੇਦੀ’ ਦੇ ਬਣਨ ਅਤੇ ਉਸ ਦੇ ਕਾਰਿਆਂ ਬਾਰੇ ਖੁਲਾਸੇ ਕੀਤੇ ਗਏ ਹਨ। -ਸੰਪਾਦਕ

ਧੀਰੇਂਦਰ ਕੁਮਾਰ ਝਾਅ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਕਾਲੀ ਚਾਹ ਦੀ ਇਕ ਹੋਰ ਚੁਸਕੀ। ਥੋੜ੍ਹਾ ਠਹਿਰਾਓ। ਫਿਰ ਉਸ ਦੇ ਨਾਲ ਬੈਠਾ ਸ਼ਖਸ ਮਲਿਆਲਮ ਵਿਚ ਘੁਸਰ-ਮੁਸਰ ਕਰਦਿਆਂ ਉਸ ਨੂੰ ਕੁਝ ਸਮਝਾਉਂਦਾ ਹੈ। ਫਿਰ ਅਧਿਆਪਕਾ ਕੇ. ਪੀ. ਸ਼ਸ਼ੀਕਲਾ ਦੀ ਆਵਾਜ਼ ਗੂੰਜਦੀ ਹੈ, ਜੋ ਹਿੰਦੂ ਏਕਿਆ ਵੇਦੀ (ਐਚ. ਏ. ਵੀ.) ਦੀ ਪ੍ਰਧਾਨ ਹੈ, “ਪਿਛਲੀਆਂ ਸਦੀਆਂ ‘ਚ ਬਹੁਤਾ ਸਮਾਂ ਕੇਰਲਾ ਦੇ ਹਿੰਦੂਆਂ ਨੂੰ ਮੁਸੀਬਤ ਝਾਕਣੀ ਪਈ ਹੈ, ਕਿਉਂਕਿ ਉਨ੍ਹਾਂ ਦਾ ਸਫਾਇਆ ਕਰਨ ਦੀ ਗਿਣੀ-ਮਿਥੀ ਕੋਸ਼ਿਸ਼ ਹੋ ਰਹੀ ਸੀ। ਪਹਿਲਾਂ ਇਹ ਸਭ ਕੁਝ ਮੁਸਲਮਾਨ ਅਤੇ ਇਸਾਈ ਤਲਵਾਰਾਂ ਦੇ ਜ਼ੋਰ ਕਰਦੇ ਸਨ, ਹੁਣ ਉਹ ਚਿਹਰੇ ‘ਤੇ ਮੁਸਕਰਾਹਟ ਲਿਆ ਕੇ ਕਰ ਰਹੇ ਹਨ।”
ਉਹ ਫਿਰ ਥੋੜ੍ਹਾ ਰੁਕਦੀ ਹੈ, ਵਾਹ ਵਾਹ ਦੀ ਉਡੀਕ ਵਿਚ; ਤੇ ਵਾਹ ਵਾਹ ਤਾਂ ਹਮੇਸ਼ਾ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਯਕੀਨ ਹੈ ਕਿ ਉਹ ਆਪਣੇ ਉਪਦੇਸ਼ਾਂ ਰਾਹੀਂ ਕੇਰਲਾ ਨੂੰ ਉਨ੍ਹਾਂ ਦੀ ਸਿਆਸਤ ਲਈ ਮੁਆਫਕ ਬਣਾ ਸਕਦੀ ਹੈ।
ਹਿੰਦੂ ਏਕਿਆ ਵੇਦੀ ਕੇਰਲਾ ਵਿਚ ਭਾਜਪਾ ਦੀ ਸਿਆਸਤ ਲਈ ਜ਼ਮੀਨ ਤਿਆਰ ਕਰਨ ਲਈ ਬਣਾਇਆ ਗਿਆ ਆਰ. ਐਸ਼ ਐਸ਼ ਦਾ ਵਿੰਗ ਹੈ। ਸ਼ਸ਼ੀਕਲਾ ਦੀ ਜਾਦੂਮਈ ਭਾਸ਼ਣ ਕਲਾ ਦਾ ਕੋਈ ਮੁਕਾਬਲਾ ਨਹੀਂ; ਪਰ ਜਦੋਂ ਕਿਸੇ ਰਸਮੀ ਇੰਟਰਵਿਊ ਦੌਰਾਨ ਔਖੇ ਸਿਆਸੀ ਸਵਾਲਾਂ ਨਾਲ ਨਜਿੱਠਣਾ ਪਵੇ ਤਾਂ ਉਸ ਨੂੰ ਲਗਾਤਾਰ ਮਦਦ ਦੀ ਲੋੜ ਪੈਂਦੀ ਹੈ। ਜੋ ਸ਼ਖਸ ਉਸ ਦੇ ਗੱਲਬਾਤ ਕਰਨ ਦੌਰਾਨ ਲਗਾਤਾਰ ਵਾਹ ਵਾਹ ਕਰਦੇ ਹਨ, ਇਹ ਉਸ ਦੀ ਇਸ ਕੰਮ ਵਿਚ ਮਦਦ ਕਰਨ ਵਾਲੇ ਆਰ. ਐਸ਼ ਐਸ਼ ਦੇ ਵਿਸ਼ਵਾਸਪਾਤਰ ਕਾਰਕੁਨ ਹਨ। ਉਹ ਉਸ ਕੋਲ ਬੈਠੇ ਰਹਿੰਦੇ ਅਤੇ ਜਿਉਂ ਹੀ ਉਹ ਕਿਸੇ ਸਵਾਲ ਦੇ ਜਵਾਬ ਲਈ ਇਧਰ ਉਧਰ ਝਾਕਣ ਲੱਗਦੀ ਹੈ, ਉਹ ਉਸ ਦੇ ਕੰਨ ਵਿਚ ਘੁਸਰ-ਮੁਸਰ ਕਰਨੀ ਸ਼ੁਰੂ ਕਰ ਦਿੰਦੇ। ਮੰਚ ‘ਤੇ ਉਹ ਪੂਰੀ ਤਰ੍ਹਾਂ ਬਦਲ ਜਾਂਦੀ ਹੈ, ਇਥੇ ਉਹ ਬੇਰੋਕ-ਟੋਕ ਹਿੰਦੂਤਵੀ ਏਜੰਡੇ ਦੇ ਪ੍ਰਚਾਰ ਵਿਚ ਜੁਟ ਜਾਂਦੀ ਹੈ ਅਤੇ ਇਸ ਨੂੰ ਪੂਰੀ ਦ੍ਰਿੜਤਾ ਨਾਲ ਅੱਗੇ ਵਧਾਉਂਦੀ ਹੈ।
ਸ਼ਸ਼ੀਕਲਾ ਦੀ ਅਡੰਬਰੀ ਅਲਫਾਜ਼ੀ ਅਤੇ ਵਿਚ-ਵਿਚ ਨਾਟਕੀ ਢੰਗ ਨਾਲ ਠਹਿਰਾਓ, ਖਾਸ ਕਰਕੇ ਜਦੋਂ ਉਹ ਬਾਕਾਇਦਾ ਗੱਲਬਾਤ ਦੌਰਾਨ ਬੋਲਦੀ ਹੈ, ਅਕਸਰ ਸੂਝਵਾਨ ਪੇਸ਼ਕਾਰੀ ਦਾ ਪ੍ਰਭਾਵ ਦਿੰਦਾ ਹੈ। ਸਾਫ ਪਤਾ ਲੱਗਦਾ ਹੈ ਕਿ ਇਹ ਕਵਾਇਦ ਉਹ ਪਹਿਲਾਂ ਵੀ ਕਈ ਵਾਰ ਕਰ ਚੁਕੀ ਹੋਵੇਗੀ। ਉਸ ਦੇ 2003 ਵਿਚ ਹਿੰਦੂ ਏਕਿਆ ਵੇਦੀ ਵਿਚ ਸ਼ਾਮਲ ਹੋਣ ਤੋਂ ਲੈ ਕੇ ਉਸ ਦੀ ਜਨਤਕ ਜ਼ਿੰਦਗੀ ਅਜਿਹੀ ਝਾਕੀ ਵਾਂਗ ਚੱਲ ਰਹੀ ਹੈ, ਜੋ ਆਰ. ਐਸ਼ ਐਸ਼ ਦੀ ਲਿਖੀ ਪਟਕਥਾ ‘ਤੇ ਆਧਾਰਿਤ ਹੈ। ਉਸ ਨੇ ਇਸੇ ਲਈ ਉਸ ਨੂੰ ਪ੍ਰਧਾਨਗੀ ਨਾਲ ਨਿਵਾਜਿਆ। ਇਸ ਨੂੰ ਉਸ ਦੀ ਕੇਰਲਾ ਦੇ ਸਮਾਜ ਨੂੰ ਚਕਨਾਚੂਰ ਕਰ ਦੇਣ ਦੀ ਕਾਬਲੀਅਤ ‘ਤੇ ਡੂੰਘਾ ਭਰੋਸਾ ਸੀ, ਤਾਂ ਜੋ ਭਾਜਪਾ ਅਜਿਹੇ ਰਾਜ ਵਿਚ ਫੈਲ ਸਕੇ, ਜੋ ਹੁਣ ਤਕ ਆਪਣੀ ਦੋ-ਪਾਰਟੀ ਸਿਆਸਤ ਲਈ ਮਸ਼ਹੂਰ ਰਿਹਾ ਹੈ-ਮਾਰਕਸੀ (ਸੀ. ਪੀ. ਐਮ.) ਅਗਵਾਈ ਵਾਲਾ ਖੱਬਾ ਮੁਹਾਜ ਅਤੇ ਕਾਂਗਰਸ ਦੀ ਅਗਵਾਈ ਵਾਲਾ ਯੂਨਾਈਟਿਡ ਡੈਮੋਕਰੈਟਿਕ ਫਰੰਟ।
ਇਸੇ ਦਾ ਨਤੀਜਾ ਹੈ ਕਿ ਹਿੰਦੂਤਵੀ ਗੁੱਟਾਂ ਵੱਲੋਂ ਕੇਰਲਾ ਵਿਚ ਕੀਤੇ ਜਾਣ ਵਾਲੇ ਹਰ ਇਕੱਠ ਵਿਚ ਉਸ ਦੀ ਮੰਗ ਸਭ ਤੋਂ ਵੱਧ ਹੁੰਦੀ ਹੈ; ਜਦਕਿ ਸਥਾਨਕ ਵਾਸੀ ਹੋਣ ਕਾਰਨ ਉਹ ਦੱਖਣੀ ਮਾਲਾਬਾਰ ਦੇ ਜਿਲਿਆਂ-ਪਾਲਾਕਡ, ਤ੍ਰਿਸੁਰ ਅਤੇ ਮੱਲਾਪੁਰਮ ਵਿਚ ਵੱਧ ਧਿਆਨ ਕੇਂਦ੍ਰਿਤ ਕਰਨ ਨੂੰ ਪਹਿਲ ਦਿੰਦੀ ਹੈ।
1981 ਵਿਚ ਸ਼ਸ਼ੀਕਲਾ ਪਾਲਾਕਡ ਜਿਲੇ ਦੀ ਸਬ ਤਹਿਸੀਲ ਪਟਾਂਬੀ ਵਿਚ ਪ੍ਰਾਇਮਰੀ ਸਕੂਲ ਅਧਿਆਪਕਾ ਨਿਯੁਕਤ ਹੋਈ। 1993 ਵਿਚ ਤਰੱਕੀ ਕਰ ਕੇ ਉਹ ਸਰਕਾਰੀ ਹਾਈ ਸਕੂਲ ਵਿਚ ਅਧਿਆਪਕਾ ਬਣ ਗਈ, ਜਿਥੇ ਉਸ ਨੇ ਸਮਾਜਿਕ ਵਿਗਿਆਨ ਪੜ੍ਹਾਇਆ (ਇਤਿਹਾਸ ਉਸ ਦਾ ਮਨਪਸੰਦ ਵਿਸ਼ਾ ਸੀ)। ਸ਼ਸ਼ੀਕਲਾ ਹਿੰਦੂ ਏਕਿਆ ਵੇਦੀ ਵਿਚ ਸ਼ਾਮਲ ਹੋ ਕੇ 2003 ਵਿਚ ਇਸ ਦੀ ਮੀਤ ਪ੍ਰਧਾਨ ਬਣੀ। ਜਦੋਂ ਇਸ ਜਥੇਬੰਦੀ ਨੂੰ ਮੁੜ ਸੁਰਜੀਤ ਕਰਕੇ ਆਰ. ਐਸ਼ ਐਸ਼ ਵਲੋਂ ਇਸ ਦਾ ਢਾਂਚਾ ਮੁੜ ਬਣਾਇਆ ਗਿਆ ਤਾਂ 2007 ਵਿਚ ਉਸ ਨੂੰ ਪ੍ਰਧਾਨ ਬਣਾਇਆ ਗਿਆ, ਹੁਣ ਤੱਕ ਇਹ ਅਹੁਦਾ ਉਸੇ ਕੋਲ ਹੈ।
ਸ਼ਸ਼ੀਕਲਾ ਦੇ ਭਾਸ਼ਣ ਜਾਹਰਾ ਤੌਰ ‘ਤੇ ਸਮਾਜ ਵਿਚ ਫਿਰਕੂ ਪਾੜਾ ਪਾਉਣ ਵਾਲੇ ਹੁੰਦੇ ਹਨ। ਉਹ ਦਾਅਵੇ ਨਾਲ ਕਹਿੰਦੀ ਹੈ ਕਿ ਉਹ ਤਾਂ ਆਪਣੀ ਭਾਸ਼ਣ ਕਲਾ ਹਿੰਦੂਆਂ ਨੂੰ ‘ਜਗਾਉਣ’ ਲਈ ਵਰਤ ਰਹੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਭਾਸ਼ਣ ਦੇਣ ਵੇਲੇ ਉਹ ਵਾਲੂਵਨਾਦਨ ਉਪ-ਬੋਲੀ ਬੋਲਦੀ ਹੈ, ਜੋ ਮੁੱਖ ਤੌਰ ‘ਤੇ ਵਾਲੂ ਵਨਾਦੂ ਇਲਾਕੇ ਦੇ ਬ੍ਰਾਹਮਣਾਂ ਅਤੇ ਹੋਰ ਉਚ ਜਾਤੀਆਂ ਦੀ ਪ੍ਰਚਲਿਤ ਬੋਲੀ ਹੈ। ਇਹ ਖੇਤਰ ਪਾਲਾਕਡ, ਤ੍ਰਿਸੁਰ ਅਤੇ ਮੱਲਾਪੁਰਮ ਜਿਲਿਆਂ ਦੇ ਹਿੱਸਿਆਂ ਦਾ ਬਣਿਆ ਹੋਇਆ ਹੈ। ਉਸ ਦੇ ਆਲੋਚਕ ਮਹਿਸੂਸ ਕਰਦੇ ਹਨ ਕਿ ਉਸ ਦੇ ਭਾਸ਼ਣਾਂ ਦਾ ਮਜ਼ਮੂਨ ਅਤੇ ਬੋਲੀ-ਸ਼ੈਲੀ ਉਚ ਜਾਤੀਆਂ, ਖਾਸ ਕਰ ਬ੍ਰਾਹਮਣਾਂ ਵਲੋਂ ਆਪਣੀ ਰਾਜਸੀ ਧੌਂਸ ਮੁੜ ਜਮਾਉਣ ਦੇ ਯਤਨਾਂ ਦੀ ਨੁਮਾਇੰਦਗੀ ਕਰਦੇ ਹਨ, ਜਿਵੇਂ ਕਦੇ ਅਤੀਤ ਵਿਚ ਉਨ੍ਹਾਂ ਦਾ ਸਿੱਕਾ ਚਲਦਾ ਸੀ।
ਸ਼ਸ਼ੀਕਲਾ ਦਾ ਹਰ ਭਾਸ਼ਣ ਹੀ ਭਾਵੇਂ ਫਿਰਕੂ ਪਾੜਾ ਪਾਉਣ ਵਾਲਾ ਹੁੰਦਾ ਹੈ, ਕਈ ਵਾਰ ਤਾਂ ਉਹ ਨਿਹਾਇਤ ਘਿਨਾਉਣੇ ਤਰੀਕੇ ਨਾਲ ਵਾਰ ਕਰਦੀ ਹੈ। ਕੇਰਲਾ ਦੇ ਸਹਿਕਾਰਤਾ ਮੰਤਰੀ ਜੀ. ਸੁਧਾਕਰਨ ਨੂੰ ਨਿਸ਼ਾਨਾ ਬਣਾਉਣ ਵਾਲੇ ਉਸ ਦੇ ਭਾਸ਼ਣ ਦੀ ਮਿਸਾਲ ਲੈ ਲਓ, ਜਿਸ ਨੇ ਮਸ਼ਹੂਰ ਗੁਰੂ ਵਾਯੁਰ ਮੰਦਿਰ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਕੇ ਮਸ਼ਹੂਰ ਇਸਾਈ ਗਾਇਕ ਕੇ. ਜੇ. ਯੇਸੂਦਾਸ ਨੂੰ ਮੰਦਿਰ ਵਿਚ ਜਾਣ ਦੀ ਇਜਾਜ਼ਤ ਦੇਣ ਬਾਰੇ ਸੋਚ-ਵਿਚਾਰ ਕਰਨ ਦੀ ਗੁਜ਼ਾਰਿਸ਼ ਕੀਤੀ ਸੀ। ਜਦੋਂ ਸ਼ਸ਼ੀਕਲਾ ਹਿੰਦੂ ਏਕਿਆ ਵੇਦੀ ਦੀ ਪ੍ਰਧਾਨ ਬਣੀ ਹੀ ਸੀ, ਉਸ ਨੇ ਵਿਵਾਦਪੂਰਨ ਭਾਸ਼ਣ ਦਿੰਦਿਆਂ ਸਵਾਲ ਕੀਤਾ ਸੀ, “ਕੀ ਉਹ ਅਜਿਹੀ ਚਿੱਠੀ ਸਾਊਦੀ ਅਰਬ ਦੇ ਅਧਿਕਾਰੀਆਂ ਨੂੰ ਵੀ ਲਿਖਣਗੇ ਕਿ ਉਹ ਮੱਕਾ ਵਿਖੇ ਯੇਸੂਦਾਸ ਦਾ ਜਾਣਾ ਯਕੀਨੀ ਬਣਾਉਣ? ਕੀ ਉਹ ਅਜਿਹਾ ਕਰਨ ਦਾ ਜੇਰਾ ਕਰੇਗਾ?”
ਇਕ ਹੋਰ ਮਿਸਾਲ ਦੇ ਲਓ, “1921 ਵਿਚ ਜਦੋਂ ਮੁਲਾਣਿਆਂ (ਮੋਪਲਾ) ਦੀ ਟੋਲੀ ਨੇ ਮਾਲਾਬਾਰ ਵਿਚ ਸਾੜ੍ਹਸਤੀ ਮਚਾਈ ਤਾਂ ਹਿੰਦੂ ਆਪਣਾ ਸਭ ਕੁਝ ਛੱਡ ਕੇ ਭੱਜ ਗਏ ਸਨ, ਆਪਣੇ ਘਰ-ਬਾਰ, ਧਨ-ਦੌਲਤ ਅਤੇ ਆਪਣੇ ਮੰਦਿਰ। ਇਹ ਕੇਰਲਾ ਦੇ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਘਟਨਾ ਸੀ। ਹੁਣ ਜ਼ਮਾਨਾ ਬਦਲ ਗਿਆ ਹੈ। ਮਰਾੜ ਵਿਚ ਜਦੋਂ ਅੱਠ ਲੋਕਾਂ ਦਾ ਕਤਲ ਕੀਤਾ ਗਿਆ ਅਤੇ ਪੰਦਰਾਂ ਹੋਰ ਗੰਭੀਰ ਜ਼ਖਮੀ ਹੋਏ ਤਾਂ ਹਿੰਦੂ ਭੱਜੇ ਨਹੀਂ, ਡਟੇ ਰਹੇ। ਇਹ ਹੌਸਲਾ ਆਪਣੇ ਆਪ ਨਹੀਂ ਆਇਆ। ਇਹ ਆਰ. ਐਸ਼ ਐਸ਼ ਦੇ ਅਨੁਸ਼ਾਸਤ ਅਤੇ ਬੱਝਵੇਂ ਯਤਨ ਸਨ, ਜਿਨ੍ਹਾਂ ਨੇ ਹਿੰਦੂਆਂ ਵਿਚ ਇਹ ਹੌਸਲਾ ਭਰਿਆ। ਇਸੇ ਤਰ੍ਹਾਂ ਜਦ 1950ਵਿਆਂ ਵਿਚ ਇਸਾਈ ਮੂਲਵਾਦੀਆਂ ਨੇ ਸ਼ਬਰੀਮਾਲਾ ਮੰਦਿਰ ਸਾੜ ਕੇ ਸੁਆਹ ਕਰ ਦਿੱਤਾ, ਹਿੰਦੂ ਕੁਝ ਨਹੀਂ ਸੀ ਕਰ ਸਕੇ। ਉਹ ਸਿਰਫ ਭਗਵਾਨ ਅਯੱਪਾ ਅੱਗੇ ਪ੍ਰਾਰਥਨਾਵਾਂ ਕਰਦੇ ਰਹੇ ਕਿ ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ, ਉਨ੍ਹਾਂ ਦੇ ਹੱਥ ਵੱਢ ਦਿਓ। ਉਸ ਵਕਤ ਉਹ ਪ੍ਰਾਰਥਨਾਵਾਂ ਹੀ ਕਰ ਸਕਦੇ ਸਨ, ਕਿਉਂਕਿ ਉਸ ਸਮੇਂ ਆਰ. ਐਸ਼ ਐਸ਼ ਨੇ ਕੇਰਲਾ ਵਿਚ ਸਰਗਰਮੀਆਂ ਸ਼ੁਰੂ ਹੀ ਕੀਤੀਆਂ ਸਨ; ਪਰ 1980ਵਿਆਂ ਵਿਚ ਜਦ ਸ਼ਬਰੀਮਾਲਾ ਦੇ ਜੰਗਲਾਂ ਵਿਚ ਅਚਾਨਕ ਇਕ ਇਸਾਈ ਨਿਸ਼ਾਨ ਪ੍ਰਗਟ ਹੋਇਆ ਤਾਂ ਹਿੰਦੂਆਂ ਨੇ ਉਸ ਅੱਗੇ ਅੱਥਰੂ ਨਹੀਂ ਕੇਰੇ। ਉਨ੍ਹਾਂ ਨੇ ਭਗਵਾਨ ਅਯੱਪਾ ਅੱਗੇ ਪ੍ਰਾਰਥਨਾਵਾਂ ਕੀਤੀਆਂ, ਖੁਦ ਜਥੇਬੰਦ ਹੋਏ ਅਤੇ ਇਸਾਈ ਨਿਸ਼ਾਨ ਨੂੰ ਪੱਟ ਕੇ ਵਗਾਹ ਮਾਰਿਆ। ਮੁੜ ਇਹ ਹੌਸਲਾ ਸਾਲਾਂ ਬਾਅਦ ਆਪਣੇ ਆਪ ਨਹੀਂ ਆਇਆ। ਇਹ ਆਰ. ਐਸ਼ ਐਸ਼ ਵਲੋਂ ਹਿੰਦੂ ਸਵੈਭਿਮਾਨ ਦੀ ਰਾਖੀ ਲਈ ਕੀਤੇ ਜਥੇਬੰਦਕ ਕੰਮ ਦਾ ਨਤੀਜਾ ਸੀ।”
ਇਤਿਹਾਸ ਦੀ ਅਧਿਆਪਕਾ ਹੋਣ ਦੇ ਬਾਵਜੂਦ ਸ਼ਸ਼ੀ ਕਲਾ ਇਤਿਹਾਸਕ ਤੱਥਾਂ ਨਾਲ ਛੇੜ-ਛਾੜ ਕਰਕੇ, ਉਨ੍ਹਾਂ ਨੂੰ ਜਜ਼ਬਾਤ ਭੜਕਾਉਣ ਲਈ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੀ। ਮਿਸਾਲ ਵਜੋਂ ਮਾਲਾਬਾਰ ਵਿਚ ਫਿਰਕੂ ਦੰਗੇ ਨਹੀਂ ਸੀ ਹੋਏ। ਇਹ ਤਾਂ ਅਸਲ ਵਿਚ ਕਿਸਾਨ ਬਗਾਵਤ ਸੀ। ਖੋਜਕਾਰਾਂ ਦੀ ਖੋਜ ਕਹਿੰਦੀ ਹੈ ਕਿ 1921 ਵਿਚ ਇਸ ਖੇਤਰ ਦੇ ਮੁਸਲਿਮ ਕਿਸਾਨਾਂ, ਜਿਨ੍ਹਾਂ ਨੂੰ ਮੋਪਲਾ ਕਿਹਾ ਜਾਂਦਾ ਸੀ, ਨੇ ਜਗੀਰਦਾਰ ਭੋਇੰਪਤੀਆਂ ਵਿਰੁਧ ਬਗਾਵਤ ਕੀਤੀ ਸੀ, ਜੋ ਨੰਬੂਦਰੀ ਅਤੇ ਨਾਇਰ ਬ੍ਰਾਹਮਣ ਸਨ। ਇਸ ਉਚ ਜਾਤੀ ਜਗੀਰੂ ਲੁੱਟ-ਖਸੁੱਟ ਖਿਲਾਫ ਉਠੀ ਕਿਸਾਨ ਬਗਾਵਤ ਨੂੰ ਅੰਗਰੇਜ਼ ਹਕੂਮਤ ਨੇ ਕੁਚਲ ਦਿੱਤਾ ਅਤੇ ਇਸ ਨੂੰ ਫਿਰਕੂ ਰੰਗ ਦਿੱਤਾ ਗਿਆ।
ਸ਼ਸ਼ੀਕਲਾ ਦੇ ਭਾਸ਼ਣਾਂ ਨੇ ਕਈ ਪ੍ਰਸ਼ੰਸਕ ਬਣਾ ਲਏ, ਜੋ ਉਸ ਨੂੰ ‘ਝਾਂਸੀ ਕੀ ਰਾਨੀ’ ਕਹਿੰਦੇ ਹਨ; ‘ਝਾਂਸੀ ਕੀ ਰਾਨੀ’ ਇਕ ਜਾਂਬਾਜ਼ ਔਰਤ, ਜਿਸ ਨੇ ਅੰਗਰੇਜ਼ ਰਾਜ ਨਾਲ ਟੱਕਰ ਲਈ; ਪਰ ਬਹੁਤੇ ਮਲਿਆਲੀ ਲੋਕ ਉਸ ਨੂੰ ਵਿਸ਼ਕਲਾ ਸਮਝਦੇ ਹਨ, ਕਿਉਂਕਿ ਆਪਣੇ ਭਾਸ਼ਣਾਂ ਦੌਰਾਨ ਉਹ ‘ਵਿਸ਼’ ਜਾਂ ਜ਼ਹਿਰ ਹੀ ਉਗਲਦੀ ਹੈ।
ਲੈਕਚਰ ਸਟੈਂਡ ਤੋਂ ਦੂਰ ਹੋਣ ਸਮੇਂ ਅਤੇ ਸਰੋਤਿਆਂ ਦੀ ਅਣਹੋਂਦ ਵਿਚ ਉਹ ਪ੍ਰਭਾਵਸ਼ਾਲੀ ਵਕਤਾ ਨਹੀਂ ਹੈ। ਜੇ ਉਸ ਨੂੰ ਚੋਣ ਲੜਨ ਬਾਰੇ ਸਵਾਲ ਪੁੱਛਿਆ ਜਾਵੇ ਤਾਂ ਉਸ ਦੀ ਜ਼ਬਾਨ ਥਥਲਾ ਜਾਂਦੀ ਹੈ: “ਨਹੀਂ, ਨਹੀਂ, ਨਹੀਂ! ਮੈਂ ਸਿਆਸਤ ਦੇ ਫਿਟ ਨਹੀਂ ਹਾਂ।” ਉਹਦਾ ਇਹੀ ਜਵਾਬ ਹੁੰਦਾ ਹੈ ਅਤੇ ਫਿਰ ਰੁਕ ਕੇ ਆਲੇ-ਦੁਆਲੇ ਦੇਖਦੀ ਹੈ, ਜਿਵੇਂ ਉਸ ਦੇ ਜਵਾਬ ਵਿਚ ਕੋਈ ਗੱਲ ਰਹਿ ਗਈ ਹੋਵੇ। ਜਦੋਂ ਉਸ ਨੂੰ ਕਿਸੇ ਆਰ. ਐਸ਼ ਐਸ਼ ਵਾਲੇ ਸਹਿਯੋਗੀ ਦੀ ਘੁਸਰ-ਮੁਸਰ ਤੋਂ ਕੋਈ ਵਿਆਖਿਆ-ਨੁਮਾ ਸੰਕੇਤ ਮਿਲ ਜਾਂਦਾ ਹੈ ਤਾਂ ਉਹ ਤੁਰੰਤ ਕਹਿੰਦੀ ਹੈ, “ਮੈਂ ਆਰ. ਐਸ਼ ਐਸ਼ ਦੀ ਅਨੁਸ਼ਾਸਿਤ ਸਿਪਾਹੀ ਹਾਂ। ਜਦ ਸੰਘ ਨੇ ਮੈਨੂੰ ਹਿੰਦੂ ਏਕਿਆ ਵੇਦੀ ਲਈ ਕੰਮ ਕਰਨ ਲਈ ਕਿਹਾ, ਮੈਂ ਬਿਨਾ ਸਵਾਲ ਕੀਤੇ ਇਸ ਕੰਮ ਵਿਚ ਜੁੱਟ ਗਈ। ਜੇ ਸੰਘ ਮੈਨੂੰ ਚੋਣ ਲੜਨ ਲਈ ਕਹੇਗਾ, ਮੈਂ ਉਹ ਵੀ ਕਰਾਂਗੀ। ਮੈਂ ਤਾਂ 1996 ਵਿਚ ਵੀ ਭਾਜਪਾ ਵਲੋਂ ਪਟੰਬੀ ਤੋਂ ਚੋਣ ਲੜੀ ਸੀ, ਉਦੋਂ ਮੈਂ ਭਾਜਪਾ ਦੀ ਮੈਂਬਰ ਵੀ ਨਹੀਂ ਸਾਂ। ਮੈਂ ਚੋਣ ਲੜੀ, ਕਿਉਂਕਿ ਸੰਘ ਨੇ ਮੈਨੂੰ ਅਜਿਹਾ ਕਰਨ ਲਈ ਕਿਹਾ ਸੀ। ਮੈਂ ਉਦੋਂ ਵੀ ਸਿਆਸਤ ਵਿਚ ਨਹੀਂ ਸੀ, ਜਿਵੇਂ ਹੁਣ ਵੀ ਮੈਂ ਸਿਆਸਤ ਵਿਚ ਨਹੀਂ ਹਾਂ।” ਉਹ ਪਟੰਬੀ ਚੋਣ ਬੁਰੀ ਤਰ੍ਹਾਂ ਹਾਰ ਗਈ ਸੀ ਅਤੇ ਉਸ ਨੇ ਮੁੜ ਚੋਣ ਲੜਨ ਤੋਂ ਤੌਬਾ ਕਰ ਲਈ ਸੀ।

ਕੇਰਲਾ ਦੀ ਸਾਰੀ ਹਿੰਦੂਤਵੀ ਸਿਆਸਤ, ਉਹ ਭਾਵੇਂ ਹਿੰਦੂ ਏਕਿਆ ਵੇਦੀ ਦੀ ਹੋਵੇ ਜਾਂ ਸੰਘ ਦੇ ਕਿਸੇ ਹੋਰ ਵਿੰਗ ਦੀ, ਸੰਘ ਦੇ ਕੋਚੀ ਵਾਲੇ ਸਦਰ-ਮੁਕਾਮ ਤੋਂ ਹੀ ਚੱਲਦੀ ਹੈ। ਇਹ ਗੱਲ ਮੈਨੂੰ ਹਿੰਦੂ ਏਕਿਆ ਵੇਦੀ ਦੇ ਜਨਰਲ ਸਕੱਤਰ ਕੁਮਾਨਮ ਰਾਜਸ਼ੇਖਰਨ ਨੇ ਆਰ. ਐਸ਼ ਐਸ਼ ਦੇ ਦਫਤਰ ਵਿਚ ਲੰਮੀ ਗੱਲਬਾਤ ਦੌਰਾਨ ਦੱਸੀ। ਰਾਜਸ਼ੇਖਰਨ, ਜਿਸ ਦਾ ਚਿਹਰਾ-ਮੋਹਰਾ ਅਤੇ ਆਵਾਜ਼ ਵੀ ਇਸੇ ਤਰ੍ਹਾਂ ਕੂਲੀ ਹੈ, ਇਸ ਜਥੇਬੰਦੀ ਦਾ ਧੁਰਾ ਹੈ, ਜੋ ਸ਼ਸ਼ੀਕਲਾ ਨੂੰ ਇਸ ਦੇ ਚਿਹਰੇ ਦੇ ਤੌਰ ‘ਤੇ ਉਭਾਰ ਰਿਹਾ ਹੈ। ਹਿੰਦੂ ਏਕਿਆ ਵੇਦੀ ਦੇ ਇਨ੍ਹਾਂ ਦੋਹਾਂ ਆਗੂਆਂ ਵਿਚ ਭਾਵੇਂ ਬਹੁਤਾ ਕੁਝ ਸਾਂਝਾ ਨਹੀਂ, ਪਰ ਇਹ ਇਨ੍ਹਾਂ ਦੇ ਆਪਸੀ ਸੁਖਾਵੇਂ ਰਿਸ਼ਤੇ ਵਿਚ ਅੜਿੱਕਾ ਵੀ ਨਹੀਂ ਬਣਿਆ। ਉਨ੍ਹਾਂ ਦੋਹਾਂ ਵਿਚ ਘੱਟ ਗਿਣਤੀਆਂ ਪ੍ਰਤੀ ਇਕੋ ਜਿਹੇ ਤੁਅੱਸਬ ਹਨ ਅਤੇ ਦੋਹਾਂ ਦੀ ਸੰਘ ਪਰਿਵਾਰ ਪ੍ਰਤੀ ਵਫਾਦਾਰੀ ਵੀ ਬਰਾਬਰ ਹੈ।
ਰਾਜਸ਼ੇਖਰਨ ਲੱਛੇਦਾਰ ਭਾਸ਼ਣ ਨਹੀਂ ਦੇ ਸਕਦਾ, ਪਰ ਸ਼ਸ਼ੀਕਲਾ ਤੋਂ ਉਲਟ ਉਹ ਪਰਪੱਕ ਸਿਆਸਤਦਾਨ ਹੈ, ਜੋ ਹਰ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦੇ ਸਕਦਾ ਹੈ। ਸ਼ਾਇਦ ਇਸੇ ਕਰਕੇ ਆਰ. ਐਸ਼ ਐਸ਼ ਨੇ ਉਸ ਨੂੰ ‘ਗੈਰਸਿਆਸੀ’ ਜਥੇਬੰਦੀ ਬਣਾ ਕੇ ਚਲਾਉਣ ਦੀ ਜ਼ਿੰਮਂਵਾਰੀ ਸੌਪੀ ਤਾਂ ਜੋ ਕੇਰਲਾ ਵਿਚ ਭਾਜਪਾ ਦੀਆਂ ਸਿਆਸੀ ਜੜ੍ਹਾਂ ਲੱਗ ਸਕਣ।
ਇਹ 1992 ਦੀ ਗੱਲ ਹੈ, ਜਦੋਂ ਤਿਰੂਵਨੰਤਪੁਰਮ ਨੇੜੇ ਪੂੰਥੁਰਾ ਵਿਖੇ ਫਿਰਕੂ ਦੰਗੇ ਹੋ ਕੇ ਹਟੇ ਸਨ। ਕੋਟਿਯਮ ਜਿਲੇ ਦੇ ਵਾਸੀ ਰਾਜਸ਼ੇਖਰਨ ਨੇ ਆਪਣਾ ਜੀਵਨ ਪੰਧ ਪੱਤਰਕਾਰ ਵਜੋਂ ਅਰੰਭਿਆ। 1976 ਵਿਚ ਉਸ ਨੂੰ ਸਰਕਾਰੀ ਅਦਾਰੇ ਐਫ਼ ਸੀ. ਆਈ. ਵਿਚ ਨੌਕਰੀ ਮਿਲ ਗਈ। ਉਸ ਮੁਤਾਬਕ “1987 ਵਿਚ ਮੈਂ ਨੌਕਰੀ ਛੱਡ ਕੇ ਆਰ. ਐਸ਼ ਐਸ਼ ਦੇ ਪ੍ਰਚਾਰਕ ਦਾ ਕੰਮ ਸੰਭਾਲ ਲਿਆ। ਉਦੋਂ ਤੋਂ ਹੀ ਮੈਂ ਪ੍ਰਚਾਰਕ ਵਜੋਂ ਕੰਮ ਕਰ ਰਿਹਾ ਹਾਂ।”
ਜੁਲਾਈ 1992 ਦੇ ਪੂੰਥੁਰਾ ਦੰਗਿਆਂ ਸਮੇਂ 5 ਜਾਨਾਂ ਗਈਆਂ। ਇਹ ਦੰਗੇ ਸਿੱਧੇ ਤੌਰ ‘ਤੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਝਗੜੇ ਨਾਲ ਸਬੰਧਤ ਸਨ। ਰਿਪੋਰਟਾਂ ਇਹ ਹਨ ਕਿ ਮੁਸਲਿਮ ਮੂਲਵਾਦੀ ਜਥੇਬੰਦੀ ‘ਇਸਲਾਮਿਕ ਸੇਵਕ ਸੰਘ’ (ਆਈ. ਐਸ਼ ਐਸ਼) ਅਤੇ ਆਰ. ਐਸ਼ ਐਸ਼ ਨੇ ਪੂੰਥੁਰਾ ਦੰਗਿਆਂ ਵਿਚ ਮੁੱਖ ਭੂਮਿਕਾ ਨਿਭਾਈ। ਦੰਗਿਆਂ ਪਿਛੋਂ ਬਣੇ ਭੈਅ ਦੇ ਮਾਹੌਲ ਦਾ ਅਹਿਮ ਨਤੀਜਾ ਇਹ ਹੋਇਆ ਕਿ ‘ਇਸਲਾਮਿਕ ਸੇਵਕ ਸੰਘ’ ਨੇ ‘ਮੁਸਲਿਮ ਏਕਿਆ ਵੇਦੀ’ (ਮੁਸਲਿਮ ਯੂਨਿਟੀ ਫੋਰਮ) ਅਤੇ ਕਈ ਮੁਸਲਿਮ ਮੂਲਵਾਦੀ ਜਥੇਬੰਦੀਆਂ ਬਣਾਈਆਂ। ਆਰ. ਐਸ਼ ਐਸ਼ ਨੇ ਹਿੰਦੂ ਏਕਿਆ ਵੇਦੀ ਬਣਾਈ। ਦੋਹਾਂ ਹੀ ਜਥੇਬੰਦੀਆਂ ਨੂੰ ਕੋਈ ਬਹੁਤਾ ਹੁੰਗਾਰਾ ਨਾ ਮਿਲਿਆ। ‘ਮੁਸਲਿਮ ਏਕਿਆ ਵੇਦੀ’ ਤਾਂ ਬਣਨ ਤੋਂ ਛੇਤੀ ਬਾਅਦ ਹੀ ਦ੍ਰਿਸ਼ ਤੋਂ ਲਾਂਭੇ ਹੋ ਗਈ। ‘ਹਿੰਦੂ ਏਕਿਆ ਵੇਦੀ’ ਜਿਉਂਦੀ ਰਹੀ, ਭਾਵੇਂ ਬੈਨਰ ਦੇ ਤੌਰ ‘ਤੇ ਹੀ, ਜਿਸ ਦਾ ਸੰਚਾਲਕ ਆਰ. ਐਸ਼ ਐਸ਼ ਦਾ ਸਰਗਨਾ ਰਾਜਸ਼ੇਖਰਨ ਸੀ।
ਰਾਜਸ਼ੇਖਰਨ ਦੱਸਦਾ ਹੈ, “ਪੂੰਥੁਰਾ ਦੰਗਿਆਂ ਤੋਂ ਤੁਰੰਤ ਬਾਅਦ ਆਰ. ਐਸ਼ ਐਸ਼ ਨੇ ਤਿਰੂਵਨੰਤਪੁਰਮ ਵਿਚ ਤਮਾਮ ਹਿੰਦੂ ਧਾਰਮਿਕ ਜਥੇਬੰਦੀਆਂ ਤੇ ਸੰਨਿਆਸੀਆਂ ਦੀ ਮੀਟਿੰਗ ਬੁਲਾਈ ਅਤੇ ਹਿੰਦੂ ਏਕਿਆ ਵੇਦੀ ਬਣਾਉਣ ਦਾ ਫੈਸਲਾ ਕੀਤਾ।”
ਸਵਾਮੀ ਸਤਿਆਨੰਦ ਸਰਸਵਤੀ, ਜੋ ‘ਸਿਰੀਰਾਮ ਦੇਸ਼ਮ’ ਸੰਸਥਾ ਨਾਲ ਜੁੜਿਆ ਹੋਇਆ ਸੀ, ਨੂੰ ਜਥੇਬੰਦੀ ਦਾ ਚੇਅਰਪਰਸਨ ਬਣਾਇਆ ਗਿਆ ਅਤੇ ਸੀਨੀਅਰ ਆਰ. ਐਸ਼ ਐਸ਼ ਪ੍ਰਚਾਰਕ ਜੈ ਸ਼ਿਸ਼ੂਪਾਲਨ ਨੂੰ ਕਨਵੀਨਰ ਤੇ ਕੁਮਾਨਮ ਰਾਜਸ਼ੇਖਰਨ ਨੂੰ ਸਹਾਇਕ ਕਨਵੀਨਰ ਥਾਪਿਆ ਗਿਆ।
ਰਾਜਸ਼ੇਖਰਨ ਅਨੁਸਾਰ, “1990ਵਿਆਂ ਦੌਰਾਨ ਅਤੇ 21ਵੀਂ ਸਦੀ ਦੇ ਸ਼ੁਰੂ ਵਿਚ ਹਿੰਦੂ ਏਕਿਆ ਵੇਦੀ ਦੀ ਮੁੱਖ ਯੁੱਧਨੀਤੀ ਵੱਖੋ-ਵੱਖਰੀਆਂ ਹਿੰਦੂਤਵੀ ਜਥੇਬੰਦੀਆਂ ਅਤੇ ਵਿਅਕਤੀਆਂ ਵਿਚ ਤਾਲਮੇਲ ਰੱਖਣ ਦੀ ਸੀ, ਪਰ ਮਰਾੜ ਵਿਚ ਮਈ 2003 ਵਿਚ ਹੋਈ ਫਿਰਕੂ ਹਿੰਸਾ ਨੇ ਜਥੇਬੰਦੀ ਨੂੰ ਨਵਾਂ ਮੋੜ ਦੇ ਦਿੱਤਾ।”
ਮਰਾੜ ਵਿਚ 9 ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਜੋ ਕੋਜ਼ੀਕੋਡ ਜਿਲੇ ਦਾ ਸਮੁੰਦਰੀ ਕੰਢੇ ‘ਤੇ ਵਸਿਆ ਪਿੰਡ ਹੈ। ਜਸਟਿਸ ਥਾਮਸ ਪੀ. ਜੋਸਫ ਕਮਿਸ਼ਨ ਦੀ ਰਿਪੋਰਟ ਅਨੁਸਾਰ ਮਈ 2003 ਵਿਚ ਹੋਏ ਦੰਗੇ ਮੂਲ ਰੂਪ ਵਿਚ ਜਨਵਰੀ 2002 ਵਿਚ ਸਿਆਸੀ ਮੁਫਾਦ ਤਹਿਤ ਕਰਵਾਏ ਪੰਜ ਲੋਕਾਂ ਦੇ ਕਤਲਾਂ ਕਾਰਨ ਅਤੇ ਨਾਲ ਹੀ ਕਾਂਗਰਸ ਦੀ ਅਗਵਾਈ ਵਾਲੀ ਯੂ. ਡੀ. ਐਫ਼ ਸਰਕਾਰ ਵਲੋਂ ਮੁਜਰਮਾਂ ਦੀ ਗ੍ਰਿਫਤਾਰੀ ਲਈ ਕੀਤੀ ‘ਨਾਵਾਜਬ ਦੇਰੀ’ ਕਾਰਨ ਵਾਪਰੇ ਸਨ। 2006 ਵਿਚ ਜਾਰੀ ਕੀਤੀ ਰਿਪੋਰਟ ਅਨੁਸਾਰ 115 ਕੇਸਾਂ ਵਿਚ ਜਿਨ੍ਹਾਂ 393 ਲੋਕਾਂ ਖਿਲਾਫ ਰਿਪੋਰਟ ਆਈ, ਉਨ੍ਹਾਂ ਵਿਚੋਂ 213 ਆਰ. ਐਸ਼ ਐਸ਼-ਭਾਜਪਾ ਦੇ ਸਰਗਰਮ ਕਾਰਕੁਨ ਸਨ, ਜਦਕਿ ਬਾਕੀ ਮੁਸਲਿਮ ਲੀਗ, ਸੀ. ਪੀ. ਐਮ., ਇੰਡੀਅਨ ਨੈਸ਼ਨਲ ਲੀਗ ਅਤੇ ਨੈਸ਼ਨਲ ਡੈਮੋਕਰੇਟਿਕ ਫਰੰਟ ਨਾਲ ਸਬੰਧਤ ਸਨ। ਇਸ ਨੇ ਨਤੀਜਾ ਕੱਢਿਆ ਕਿ ਮੁਜਰਮਾਂ ਖਿਲਾਫ ਮੁਕੱਦਮਾ ਚਲਾਉਣ ਵਿਚ ਦੇਰੀ ਨੂੰ ਬਾਅਦ ਵਿਚ ਮੁਸਲਿਮ ਮੂਲਵਾਦੀਆਂ, ਦਹਿਸ਼ਤਗਰਦਾਂ ਅਤੇ ਹੋਰ ਤਾਕਤਾਂ ਵਲੋਂ ਮੁਸਲਿਮ ਪੀੜਤਾਂ ਦੇ ਸਕੇ-ਸਬੰਧੀਆਂ ਦੇ ਗੁੱਸੇ ਨੂੰ ਮਰਾੜ ਦੇ ਹਿੰਦੂਆਂ ਖਿਲਾਫ ਬਦਲਾ-ਲਊ ਹਿੰਸਾ ਭੜਕਾਉਣ ਲਈ ਵਰਤਿਆ ਗਿਆ।
ਜਦੋਂ ਕੇਰਲਾ ਆਪਣੇ ਇਤਿਹਾਸ ਦੀਆਂ ਸਭ ਤੋਂ ਮਾੜੀਆਂ ਅਤੇ ਫਿਰਕੂ ਘਟਨਾਵਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਹਿੰਦੂ ਏਕਿਆ ਵੇਦੀ ਨੇ ਲੋਹਾ ਗਰਮ ਦੇਖ ਕੇ ਰਾਜ ‘ਚ ਆਪਣਾ ਜਥੇਬੰਦਕ ਢਾਂਚਾ ਬਣਾਉਣ ਦੀ ਨੀਂਹ ਰੱਖੀ।
ਰਾਜਸ਼ੇਖਰਨ ਦੱਸਦਾ ਹੈ, “2003 ਦੇ ਮਰਾੜ ਦੰਗਿਆਂ ਤੋਂ ਬਾਅਦ ਹਿੰਦੂ ਏਕਿਆ ਵੇਦੀ ਜਨਤਕ ਜਥੇਬੰਦੀ ਦਾ ਰੂਪ ਧਾਰ ਗਈ। ਹੁਣ ਅਸੀਂ ਪੂਰੇ ਰਾਜ ਵਿਚ ਜਿਲਾ ਪੱਧਰ ਦੀਆਂ ਕਮੇਟੀਆਂ ਬਣਾ ਲਈਆਂ। ਨਾਲ ਹੀ ਅਸੀਂ ਜਥੇਬੰਦੀ ਦਾ ਮੁਢਲੇ ਪੱਧਰ ਤੱਕ ਵਿਸਥਾਰ ਕਰਨ ਵਿਚ ਜੁਟ ਗਏ ਅਤੇ ਪਿੰਡਾਂ ਤੇ ਤਾਲੁਕਾ ਵਿਚ ਵੀ ਕਮੇਟੀਆਂ ਬਣਾ ਲਈਆਂ।”
ਛੇ ਸਾਲ ਕੋਈ ਵੀ ਵੱਡਾ ਜਜ਼ਬਾਤੀ ਮੁੱਦਾ ਹੱਥ ਨਾ ਲੱਗਾ, ਜੋ ਹਿੰਦੂ ਏਕਿਆ ਵੇਦੀ ਦੀ ਕਿਸਮਤ ਚਮਕਾਉਣ ਦਾ ਸੰਦ ਬਣ ਸਕੇ। ਫਿਰ ਵੀ ਉਹ ਰਾਜ ਦੇ ਬਹੁਤ ਸਾਰੇ ਹਿੱਸਿਆਂ ਵਿਚ ਸਥਾਨਕ ਅੰਦੋਲਨ ਚਲਾਉਣ ਵਿਚ ਜੁਟੇ ਰਹੇ। ਸੋਕੇ ਦਾ ਇਹ ਮੌਸਮ 2009 ਦੇ ਦਸੰਬਰ ਵਿਚ ਖਤਮ ਹੋ ਗਿਆ, ਜਦੋਂ ‘ਕੌਮੀ ਧਾਰਮਿਕ ਤੇ ਭਾਸ਼ਾਈ ਘੱਟਗਿਣਤੀ ਕਮਿਸ਼ਨ’ ਦੇ ਚੇਅਰਮੈਨ ਜਸਟਿਸ ਰੰਗਾਨਾਥ ਮਿਸ਼ਰਾ ਨੇ ਪਾਰਲੀਮੈਂਟ ਵਿਚ ਆਪਣੀ ਰਿਪੋਰਟ ਪੇਸ਼ ਕੀਤੀ। ਕਮਿਸ਼ਨ ਨੇ ਹੋਰ ਮੁੱਦਿਆਂ ਦੇ ਨਾਲ-ਨਾਲ ਇਹ ਸਿਫਾਰਸ਼ ਵੀ ਕੀਤੀ ਕਿ ਧਰਮ ਬਦਲ ਚੁਕੇ ਦਲਿਤ ਮੁਸਲਮਾਨਾਂ ਅਤੇ ਦਲਿਤ ਇਸਾਈਆਂ ਨੂੰ ਵੀ ਸੂਚੀਦਰਜ ਜਾਤਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇ। ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਨੇ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਦਾ ਸਵਾਗਤ ਕੀਤਾ। ਹਿੰਦੂ ਏਕਿਆ ਵੇਦੀ ਅਤੇ ਆਰ. ਐਸ਼ ਐਸ਼ ਦੀਆਂ ਜਥੇਬੰਦੀਆਂ ਨੇ ਇਸ ਖਿਲਾਫ ਦੇਸ਼-ਵਿਆਪੀ ਮੁਹਿੰਮ ਵਿੱਢ ਦਿੱਤੀ।
ਆਰ. ਐਸ਼ ਐਸ਼ ਦੇ ਸੀਨੀਅਰ ਪ੍ਰਚਾਰਕ ਐਮ. ਰਾਧਾ ਕ੍ਰਿਸ਼ਨਨ, ਜੋ 2002 ਤੋਂ 2007 ਤੱਕ ਹਿੰਦੂ ਏਕਿਆ ਵੇਦੀ ਦਾ ਜਥੇਬੰਦਕ ਸਕੱਤਰ ਰਿਹਾ, ਦੱਸਦਾ ਹੈ, “ਇਹ ਰਿਪੋਰਟ ਸਾਡੇ ਲਈ ਅਹਿਮ ਮੋੜ ਸਾਬਤ ਹੋਈ। ਅਸੀਂ ਦਲੀਲ ਦਿੱਤੀ ਕਿ ਜੇ ਸਰਕਾਰ ਨੇ ਇਹ ਸਿਫਾਰਸ਼ ਮਨਜ਼ੂਰ ਕਰ ਲਈ ਤਾਂ ਧਰਮ ਬਦਲਣ ਤੋਂ ਬਾਅਦ ਇਸਾਈ ਅਤੇ ਮੁਸਲਮਾਨ, ਸੂਚੀਦਰਜ ਸੀਟਾਂ ਤੋਂ ਚੋਣ ਲੜਨ ਦੇ ਯੋਗ ਹੋ ਜਾਣਗੇ, ਜੋ ਸੂਚੀਦਰਜ ਜਾਤਾਂ ਲਈ ਰਾਖਵੀਂਆਂ ਹਨ। ਇਸ ਨਾਲ ਧਰਮ ਬਦਲ ਕੇ ਮੁਸਲਮਾਨ ਅਤੇ ਇਸਾਈ ਬਣੇ ਲੋਕਾਂ ਨੂੰ ਸੂਚੀਦਰਜ ਜਾਤਾਂ ਦੇ ਲੋਕਾਂ ਲਈ ਸਿੱਖਿਆ ਸੰਸਥਾਵਾਂ ਅਤੇ ਸਰਕਾਰੀ ਨੌਕਰੀਆਂ ਵਿਚ ਰਾਖਵੇਂ ਰੋਜ਼ਗਾਰ ਦੇ ਮੌਕਿਆਂ ਵਿਚ ਹਿੱਸੇਦਾਰ ਬਣਨ ਦੀ ਇਜਾਜ਼ਤ ਮਿਲ ਜਾਵੇਗੀ, ਜਿਸ ਨਾਲ ਅਸਲ ਅਨੁਸੂਚਿਤ ਜਾਤੀਆਂ ਨੂੰ ਨੁਕਸਾਨ ਝੱਲਣਾ ਪਵੇਗਾ।”
ਇਉਂ ਬਹਿਸ ਭੜਕਾਏ ਜਾਣ ਨਾਲ ਹਿੰਦੂ ਏਕਿਆ ਵੇਦੀ ਨੂੰ ਦਲਿਤਾਂ ਅਤੇ ਹੋਰ ਪੱਛੜੀਆਂ ਜਾਤਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਰਾਬਤਾ ਬਣਾਉਣ ਦਾ ਪਹਿਲਾ ਅਸਲ ਮੌਕਾ ਮਿਲਿਆ, ਜੋ ਇਨ੍ਹਾਂ ਸਿਫਾਰਸ਼ਾਂ ਨੂੰ ਜਨਤਕ ਕੀਤੇ ਜਾਣ ਪਿਛੋਂ ਆਪਣੇ ਭਵਿਖ ਨੂੰ ਲੈ ਕੇ ਜਾਹਰਾ ਤੌਰ ‘ਤੇ ਫਿਕਰਮੰਦ ਸਨ। ਰਾਧਾ ਕ੍ਰਿਸ਼ਨਨ ਦੱਸਦਾ ਹੈ, “ਇਹ ਸਾਡਾ ਵੱਡਾ ਹਾਸਲ ਸੀ। ਨੀਵੀਆਂ ਜਾਤਾਂ ਦੀਆਂ ਕਈ ਜਥੇਬੰਦੀਆਂ ਨੇ ਹਿੰਦੂ ਏਕਿਆ ਵੇਦੀ ਦੀਆਂ ਦਲੀਲਾਂ ਸੁਣ ਕੇ ਇਸ ਦਾ ਪ੍ਰਭਾਵ ਕਬੂਲਣਾ ਸ਼ੁਰੂ ਕਰ ਦਿੱਤਾ। ਨੀਵੀਆਂ ਜਾਤਾਂ ਦੀਆਂ ਜਥੇਬੰਦੀਆਂ ਜਿਵੇਂ ਕੇਰਲਾ ਪੁਲਿਆਰ ਮਹਾਂ ਸਭਾ, ਸਿੱਧਾਨਰ ਸਰਵਿਸ ਸੁਸਾਇਟੀ, ਕੇਰਲਾ ਚੇਰਮਾਰ ਹਿੰਦੂ ਮਹਾਂ ਸਭਾ, ਵਿਸ਼ਵਕਰਮਾ ਸਭਾ ਆਦਿ ਦੇ ਆਗੂਆਂ ਨੇ ਸਾਡੇ ਪ੍ਰੋਗਰਾਮਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ। ਅਸੀਂ ਮੁੱਢ ਤੋਂ ਹੀ ਇਨ੍ਹਾਂ ਜਾਤ ਆਧਾਰਤ ਜਥੇਬੰਦੀਆਂ ਨਾਲ ਰਿਸ਼ਤਾ ਬਣਾਉਣ ਦੀ ਤਾਕ ਵਿਚ ਸਾਂ।”
ਰਾਧਾ ਕ੍ਰਿਸ਼ਨਨ ਮੰਨਦਾ ਹੈ ਕਿ ਹਿੰਦੂ ਏਕਿਆ ਵੇਦੀ ਨੇ ਰੰਗਾਨਾਥ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਪਿਛੋਂ ਚੋਖੀਆਂ ਮੱਲਾਂ ਮਾਰੀਆਂ, ਪਰ ਇਨ੍ਹਾਂ ਨੀਵੀਆਂ ਜਾਤਾਂ ਨਾਲ ਮੇਲ-ਮਿਲਾਪ ਦੇ ਸਿਆਸੀ ਨਤੀਜੇ ਨਿਕਲਣ ਨੂੰ ਅਜੇ ਦੇਰ ਲੱਗੇਗੀ। ਦਲਿਤ ਜਥੇਬੰਦੀਆਂ ਦੇ ਨਾਲ-ਨਾਲ ਮੱਧ ਵਰਗੀ ਅਤੇ ਉਚ ਜਾਤੀ ਜਥੇਬੰਦੀਆਂ ਨੇ ਵੀ ਕੇਰਲਾ ਦੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਈ।
(ਚਲਦਾ)