ਪਾਸਪੋਰਟ ਬਣਾਉਣ ‘ਚ ਉਤਰੀ ਭਾਰਤ ‘ਚੋਂ ਪੰਜਾਬ ਦਾ ਪਹਿਲਾ ਨੰਬਰ
ਚੰਡੀਗੜ੍ਹ: ਪਾਸਪੋਰਟ ਬਣਾਉਣ ‘ਚ ਪੰਜਾਬੀ ਹੁਣ ਦੇਸ਼ ਵਿਚੋਂ ਪੰਜਵੇਂ ਨੰਬਰ ਉਤੇ ਹਨ। ਉੱਤਰੀ ਭਾਰਤ ਵਿਚੋਂ ਪੰਜਾਬ ਦਾ ਨੰਬਰ ਪਹਿਲਾ ਹੈ। ਪੰਜਾਬ ਜਨਵਰੀ 2017 ਤੋਂ ਪਾਸਪੋਰਟਾਂ ਦੀਆਂ ਪੰਡਾਂ ਬੰਨ੍ਹਣ ਲੱਗਾ ਹੈ। ਨਾਲੋਂ ਨਾਲ ਕਿਸਾਨੀ ਕਰਜ਼ੇ ਦੀ ਪੰਡ ਵੀ ਬੋਝਲ ਹੋਣ ਲੱਗੀ ਹੈ। ਸਟੱਡੀ ਵੀਜ਼ੇ ਦੇ ਜਦੋਂ ਤੋਂ ਬੰਨ੍ਹ ਖੁੱਲ੍ਹੇ ਹਨ, ਉਦੋਂ ਤੋਂ ਪੰਜਾਬ ਦੇ ਪਿੰਡਾਂ ਦੇ ਮੁੰਡੇ ਵਿਦੇਸ਼ ਦੇ ਸੁਪਨੇ ਵੇਖਣ ਲੱਗੇ ਹਨ। ਇਕੱਲੇ ਪਾਸਪੋਰਟਾਂ ਦੇ ਖਰਚ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ ਪਹਿਲੀ ਜਨਵਰੀ 2014 ਤੋਂ ਅਗਸਤ 2019 ਤੱਕ (ਪੌਣੇ ਛੇ ਵਰ੍ਹਿਆਂ) ਤੱਕ ਕਰੀਬ 914æ45 ਕਰੋੜ ਰੁਪਏ ਖਰਚੇ ਹਨ।
ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਦੇਸ਼ ਭਰ ‘ਚ ਪਹਿਲੀ ਜਨਵਰੀ 2014 ਤੋਂ ਅਗਸਤ 2019 ਤੱਕ 5æ81 ਕਰੋੜ ਪਾਸਪੋਰਟ ਜਾਰੀ ਕੀਤੇ ਗਏ ਹਨ। ਪੰਜਾਬ ਵਿਚ ਇਸੇ ਸਮੇਂ ਦੌਰਾਨ (ਪੌਣੇ ਛੇ ਵਰ੍ਹਿਆਂ) 45æ72 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਲੰਘੇ ਢਾਈ ਸਾਲਾਂ (1 ਜਨਵਰੀ 2017 ਤੋਂ ਅਗਸਤ 2019 ਤੱਕ) ਪੰਜਾਬ ਵਿਚ 26æ99 ਲੱਖ ਪਾਸਪੋਰਟ ਬਣੇ ਹਨ। ਵੱਡੀ ਗਿਣਤੀ ਸਟੱਡੀ ਵੀਜ਼ੇ ਵਾਲੇ ਵਿਦਿਆਰਥੀਆਂ ਦੀ ਹੈ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੈ। ਢਾਈ ਵਰ੍ਹਿਆਂ ਦੀ ਔਸਤਨ ਦੇਖੀਏ ਤਾਂ ਪੰਜਾਬ ਵਿਚ ਰੋਜ਼ਾਨਾ ਕਰੀਬ 2800 ਪਾਸਪੋਰਟ ਬਣ ਰਹੇ ਹਨ। ਹਰ ਵਰ੍ਹੇ ਪਾਸਪੋਰਟਾਂ ਦਾ ਰਿਕਾਰਡ ਟੁੱਟ ਰਿਹਾ ਹੈ। ਕਿੰਨੇ ਪਾਸਪੋਰਟਾਂ ‘ਤੇ ਵੀਜ਼ੇ ਦਾ ਠੱਪਾ ਲੱਗਦਾ ਹੈ, ਇਹ ਵੱਖਰੀ ਗੱਲ ਹੈ।
ਤੱਥਾਂ ਅਨੁਸਾਰ ਪੰਜਾਬ ‘ਚ ਸਾਲ 2017 ਵਿਚ 9æ73 ਲੱਖ ਪਾਸਪੋਰਟ ਜਾਰੀ ਹੋਏ ਜਦੋਂ ਕਿ ਸਾਲ 2018 ਵਿਚ ਇਹ ਗਿਣਤੀ ਵਧ ਕੇ 10æ69 ਲੱਖ ਹੋ ਗਈ। ਚਾਲੂ ਸਾਲ ਦੇ ਅੱਠ ਮਹੀਨਿਆਂ ਵਿਚ 6æ55 ਲੱਖ ਪਾਸਪੋਰਟ ਬਣੇ ਹਨ। ਪਿਛਾਂਹ ਨਜ਼ਰ ਮਾਰੀਏ ਤਾਂ ਸਾਲ 2014 ਵਿਚ 5æ48 ਲੱਖ, ਸਾਲ 2015 ਵਿਚ 6æ65 ਲੱਖ ਅਤੇ ਸਾਲ 2016 ਵਿਚ 6æ59 ਲੱਖ ਪਾਸਪੋਰਟ ਬਣੇ ਹਨ। ਪਾਸਪੋਰਟਾਂ ਦਾ ਇਹ ਰੁਝਾਨ ਪੰਜਾਬ ਦੇ ਭਵਿੱਖ ਨੂੰ ਤਸਦੀਕ ਕਰਦਾ ਹੈ ਅਤੇ ਪਰਵਾਸ ਦੇ ਨਾਗ ਵਲ ਨੂੰ ਵੀ। ਲੰਘੇ ਢਾਈ ਸਾਲਾਂ ‘ਚ ਦੇਸ਼ ਭਰ ਵਿਚ ਤਿੰਨ ਕਰੋੜ ਪਾਸਪੋਰਟ ਬਣੇ ਹਨ ਜਿਸ ਦਾ ਕਰੀਬ 9 ਫੀਸਦੀ ਇਕੱਲੇ ਪੰਜਾਬ ‘ਚ ਬਣੇ ਪਾਸਪੋਰਟਾਂ ਦਾ ਹੈ। ਬਾਕੀ ਸੂਬਿਆਂ ਦਾ ਰੁਝਾਨ ਦੇਖੀਏ ਤਾਂ ਦੇਸ਼ ‘ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਹੈ, ਜਿਥੇ ਪੌਣੇ ਛੇ ਸਾਲਾਂ ਵਿਚ 68æ38 ਲੱਖ ਪਾਸਪੋਰਟ ਬਣੇ ਹਨ ਅਤੇ ਕੇਰਲ 64æ52 ਲੱਖ ਪਾਸਪੋਰਟਾਂ ਨਾਲ ਦੂਜੇ ਨੰਬਰ ਉਤੇ ਹੈ। ਤੀਜੇ ਨੰਬਰ ਵਾਲੇ ਤਾਮਿਲਨਾਡੂ ਵਿਚ 57æ70 ਲੱਖ ਤੇ ਚੌਥੇ ਨੰਬਰ ‘ਤੇ ਉੱਤਰ ਪ੍ਰਦੇਸ਼ ਹੈ, ਜਿਥੇ 56æ69 ਲੱਖ ਪਾਸਪੋਰਟ ਬਣੇ ਹਨ।
ਉੱਤਰੀ ਭਾਰਤ ‘ਚੋਂ ਪੰਜਾਬ ਨੇ ਇਸ ਫਰੰਟ ਉਤੇ ਬੱਲੇ ਬੱਲੇ ਕਰਾਈ ਹੈ। ਹਰਿਆਣਾ ਵਿਚ ਪੌਣੇ ਛੇ ਸਾਲਾਂ ‘ਚ 17æ86 ਲੱਖ ਅਤੇ ਰਾਜਸਥਾਨ ਵਿਚ 18æ42 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ 2æ79 ਲੱਖ ਪਾਸਪੋਰਟ ਜਾਰੀ ਹੋਏ ਹਨ। ਦਿੱਲੀ ਵਿਚ 24æ46 ਲੱਖ ਅਤੇ ਚੰਡੀਗੜ੍ਹ ਵਿਚ 1æ74 ਲੱਖ ਪਾਸਪੋਰਟ ਬਣੇ ਹਨ। ਪੰਜਾਬ ਦਾ ਪੰਜਵਾਂ ਨੰਬਰ ਹੈ ਅਤੇ ਯੂਪੀ ਨਾਲ ਪੰਜਾਬ ਟੱਕਰ ਲੈਣ ਲੱਗਾ ਹੈ। ਹਵਾ ਇਹੋ ਰਹੀ ਤਾਂ ਪੰਜਾਬ ਲਈ ਦਿੱਲੀ ਦੂਰ ਨਹੀਂ। ਇਸ ਤੋਂ ਬਿਨਾਂ ਪੰਜਾਬ ਦਾ ਸਰਮਾਇਆ ਵੀ ਉਡਾਣ ਭਰ ਰਿਹਾ ਹੈ। ਗੱਲ ਕਰੀਏ ਤਾਂ ਇਕੱਲੇ ਪਾਸਪੋਰਟ ਬਣਾਉਣ ‘ਤੇ 914 ਕਰੋੜ ਪੌਣੇ ਛੇ ਵਰ੍ਹਿਆਂ ਵਿਚ ਪੰਜਾਬੀਆਂ ਨੇ ਖਰਚ ਕੀਤੇ ਹਨ।
ਪਾਸਪੋਰਟ ਬਣਾਉਣ ਦੀ 1500 ਰੁਪਏ ਸਰਕਾਰੀ ਫੀਸ ਹੈ ਅਤੇ ਬਾਕੀ ਖਰਚਿਆਂ ਸਮੇਤ ਪਾਸਪੋਰਟ ਉਤੇ ਔਸਤਨ ਦੋ ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਪੰਜਾਬੀ ਰੋਜ਼ਾਨਾ ਔਸਤਨ 56 ਲੱਖ ਰੁਪਏ ਪਾਸਪੋਰਟ ਬਣਾਉਣ ‘ਤੇ ਖਰਚਦੇ ਹਨ। ਪੰਜਾਬ ਪੁਲਿਸ ਨੂੰ ਪਾਸਪੋਰਟਾਂ ਦੀ ਵੈਰੀਫਿਕੇਸ਼ਨ ਤੋਂ ਪੌਣੇ ਛੇ ਵਰ੍ਹਿਆਂ ‘ਚ 91æ44 ਕਰੋੜ ਦੀ ਕਮਾਈ ਹੋਈ ਹੈ। ਪੁਲਿਸ ਦੇ ਜੋ ਆਪਣੇ ਸਾਂਝ ਕੇਂਦਰ ਹਨ, ਉਨ੍ਹਾਂ ਦੀ ਫੀਸ 100 ਰੁਪਏ ਪ੍ਰਤੀ ਪਾਸਪੋਰਟ ਵੱਖਰੀ ਹੁੰਦੀ ਹੈ। ਪੰਜਾਬ ਵਿਚ ਇਸ ਵੇਲੇ 14 ਪਾਸਪੋਰਟ ਸੇਵਾ ਕੇਂਦਰ ਕੰਮ ਕਰ ਰਹੇ ਹਨ। ਮਾਲਵੇ ਦੇ ਸ਼ਹਿਰਾਂ ਵਿਚ ਵੀ ਰੁਝਾਨ ਨੂੰ ਦੇਖਦੇ ਹੋਏ ਇਹ ਸੇਵਾ ਕੇਂਦਰ ਖੋਲ ਦਿੱਤੇ ਗਏ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਜਾਰੀ ਕਰਨ ਲਈ 7 ਤੋਂ 11 ਦਿਨ ਦਾ ਸਮਾਂ ਲਿਆ ਜਾ ਰਿਹਾ ਹੈ। ਸਾਲ 2015 ਵਿਚ ਪਾਸਪੋਰਟ ਲਈ 21 ਦਿਨ ਲੱਗ ਜਾਂਦੇ ਸਨ। ਹੁਣ ਧੜਾਧੜ ਪਾਸਪੋਰਟ ਜਾਰੀ ਹੋ ਰਹੇ ਹਨ।