ਇਸਲਾਮਾਬਾਦ: ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀ ਪੰਜਵੀਂ ਅਧਿਕਾਰਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਦਰਿਆ ਰਾਵੀ ‘ਤੇ ਪੁਲ, ਜ਼ੀਰੋ ਪੁਆਇੰਟ ਤੋਂ ਗੁਰਦੁਆਰਾ ਸਾਹਿਬ ਤੱਕ ਸੜਕ ਆਦਿ ਦੀ ਉਸਾਰੀ 100 ਫੀਸਦੀ ਮੁਕੰਮਲ ਕਰ ਲਈ ਗਈ ਹੈ, ਜਦਕਿ ਗੁਰਦੁਆਰਾ ਸਾਹਿਬ ਦੇ ਵਿਹੜੇ ‘ਚ ਤਿਆਰ ਕੀਤੇ ਗਏ 16 ਆਰ.ਸੀ.ਸੀ. ਪੈਨਲਾਂ ‘ਚੋਂ 12 ਪੈਨਲਾਂ ‘ਤੇ ਸੰਗਮਰਮਰ ਲਗਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਰਹਿੰਦਾ ਕੰਮ ਅਗਲੇ 8-10 ਦਿਨ ‘ਚ ਮੁਕੰਮਲ ਕਰ ਲਿਆ ਜਾਵੇਗਾ।
ਲਗਭਗ 10 ਏਕੜ ‘ਚ ਲਗਾਇਆ ਜਾਣ ਵਾਲਾ ਇਹ ਚਿੱਟਾ ਸੰਗਮਰਮਰ ਅਤੇ ਗ੍ਰੇਨਾਈਟ ਇਕੋ ਡਿਜ਼ਾਈਨ ਤੇ ਕੁਆਲਿਟੀ ਦਾ ਮੰਗਵਾਇਆ ਗਿਆ ਹੈ। ਲਾਂਘੇ ਦੀ ਉਸਾਰੀ ਕਰਵਾ ਰਹੀ ਕੰਪਨੀ ਦੇ ਸੀਨੀਅਰ ਇੰਜੀਨੀਅਰ ਖਾਸ਼ਿਫ ਅਲੀ ਨੇ ਦੱਸਿਆ ਕਿ ‘ਡਿਵੈਲਪਮੈਂਟ ਆਫ ਕਰਤਾਰਪੁਰ ਕਾਰੀਡੋਰ’ ਪ੍ਰਾਜੈਕਟ ਅਧੀਨ 28 ਦਸੰਬਰ ਨੂੰ ਸ਼ੁਰੂ ਕੀਤੀ ਲਾਂਘੇ ਦੀ ਉਸਾਰੀ ਨਿਰਵਿਘਨ ਤਿੰਨ ਸ਼ਿਫਟਾਂ ‘ਚ ਦਿਨ-ਰਾਤ ਜਾਰੀ ਹੈ ਅਤੇ ਇਸ ਕਾਰਜ ਲਈ ਵੱਖ-ਵੱਖ ਕੰਸਟਰੱਕਸ਼ਨ ਕੰਪਨੀਆਂ ਦੇ 70 ਤੋਂ ਵਧੇਰੇ ਠੇਕੇਦਾਰ ਆਪਣੀਆਂ ਸੇਵਾਵਾਂ ਦੇ ਹਨ। ਉਸਾਰੀ ਦੇ ਚਲਦਿਆਂ ਇਮਾਰਤੀ ਉਸਾਰੀ, ਦੋ ਮੰਜ਼ਲਾਂ 70 ਤੋਂ 80 ਫੁਟ ਉੱਚੀ ਦਰਸ਼ਨੀ ਡਿਓੜੀ, ਲੰਗਰ ਭਵਨ, ਮੁਸਾਫਰ ਖਾਨਾ, ਅਜਾਇਬ-ਘਰ, ਲਾਇਬ੍ਰੇਰੀ, ਪ੍ਰਸ਼ਾਸਨਿਕ ਬਲਾਕ ਅਤੇ ਬਾਥਰੂਮ ਆਦਿ ਸਮੇਤ ਸੀਵਰੇਜ, ਪਾਣੀ ਸਪਲਾਈ ਤੇ ਨਿਕਾਸੀ, ਗੈਸ ਲਾਈਨ ਅਤੇ ਬਿਜਲੀ ਦੀਆਂ ਤਾਰਾਂ ਦੀ ਫਿਟਿੰਗ ਦਾ ਕੰਮ 90 ਫੀਸਦੀ ਤੋਂ ਵਧੇਰੇ ਕੰਮ ਮੁਕੰਮਲ ਕਰ ਲਿਆ ਗਿਆ ਹੈ।
ਉਕਤ ਇੰਜੀਨੀਅਰ ਅਨੁਸਾਰ ਗੁਰਦੁਆਰਾ ਸਾਹਿਬ ਦੇ ਪਾਸ ਬਣਾਏ ਜਾ ਰਹੇ ਸਰੋਵਰ ‘ਚ ਸਿਰਫ ਟਾਈਲਾਂ ਅਤੇ ਸੰਗਮਰਮਰ ਦਾ ਹੀ ਕੰਮ ਬਕਾਇਆ ਰਹਿ ਗਿਆ ਹੈ, ਜੋ ਆਉਂਦੇ ਇਕ-ਦੋ ਹਫਤਿਆਂ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਹੱਦ ‘ਤੇ ਕੰਡੇਦਾਰ ਸੁਰੱਖਿਆ ਤਾਰ ਲਗਾਉਣ ਦਾ ਕੰਮ 70 ਫੀਸਦੀ ਤੋਂ ਵਧੇਰੇ ਮੁਕੰਮਲ ਕਰ ਲਿਆ ਗਿਆ ਹੈ, ਜਦਕਿ ਮੈਡੀਕਲ ਸੈਂਟਰ ਦੀ ਉਸਾਰੀ ਅਤੇ ਬਾਰਡਰ ਟਰਮੀਨਲ ਤੇ ਇੰਮੀਗ੍ਰੇਸ਼ਨ ਕਾਊਂਟਰਾਂ ‘ਤੇ ਟਾਈਲ ਤੇ ਸੰਗਮਰਮਰ ਦਾ ਕੰਮ ਅਜੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁਸਾਫਰਖਾਨਾ ‘ਚ ਪੱਖੇ ਲਗਾਉਣ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ, ਜਦਕਿ ਏ.ਸੀ. ਲਗਾਉਣ ਦਾ ਕੰਮ ਇਸ ਹਫਤੇ ‘ਚ ਖਤਮ ਕੀਤਾ ਜਾਵੇਗਾ। ਇੰਜੀਨੀਅਰ ਅਲੀ ਨੇ ਇਹ ਵੀ ਦੱਸਿਆ ਕਿ ਭਾਰਤੀ ਸਰਹੱਦ ਤੋਂ ਗੁਰਦੁਆਰਾ ਸਾਹਿਬ ਆਉਣ ਲਈ ਤਿੰਨ ਦਰਸ਼ਨੀ ਡਿਓੜੀਆਂ ਉਸਾਰੀਆਂ ਗਈਆਂ ਹਨ। ਜਿਨ੍ਹਾਂ ਦੇ ਅੰਦਰੂਨੀ ਹਿੱਸੇ ਦਾ 100 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ, ਜਦਕਿ ਮੀਨਾਰਾਂ ਅਤੇ 15-16 ਗੁੰਬਦਾਂ ਦੀ ਉਸਾਰੀ ਅਜੇ ਬਕਾਇਆ ਹੈ। ਉਧਰ ਉਕਤ ਵੀਡੀਓ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਤਿੰਨੋਂ ਇਤਿਹਾਸਕ ਖੂਹਾਂ ਅਤੇ ਮਜ਼ਾਰ ਸਾਹਿਬ ਆਦਿ ਨਾਲ ਬਿਨਾਂ ਕੋਈ ਛੇੜ-ਛਾੜ ਕੀਤੇ ਉਨ੍ਹਾਂ ਦੇ ਰੱਖ-ਰਖਾਅ ਲਈ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਪਾਕਿਸਤਾਨੀ ਖੋਜਕਰਤਾ ਸ਼ਾਹਿਦ ਸ਼ਬੀਰ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਸਰਹੱਦ ਤੋਂ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਵਿਸ਼ੇਸ਼ ਪ੍ਰਬੰਧ ਕਰਦਿਆਂ ਭਾਰਤੀ ਸਰਹੱਦ ਵਾਲੇ ਪਾਸੇ ਕਿਸੇ ਪ੍ਰਕਾਰ ਦੀ ਕੋਈ ਉਸਾਰੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯਾਤਰੂਆਂ ਦੀ ਵੱਡੀ ਗਿਣਤੀ ਨੂੰ ਵੇਖਦਿਆਂ ਲੰਗਰ ਘਰ ‘ਚ ਪ੍ਰਸ਼ਾਦੇ ਬਣਾਉਣ ਲਈ ਦੋ ਆਟੋਮੈਟਿਕ ਪਲਾਂਟ ਵੀ ਲਗਾਏ ਜਾ ਰਹੇ ਹਨ।
____________________________________
ਸ਼੍ਰੋਮਣੀ ਕਮੇਟੀ ਸਥਾਪਤ ਕਰੇਗੀ ‘ਹੈਲਪ ਡੈਸਕ’
ਅੰਮ੍ਰਿਤਸਰ: ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਕਰਤਾਰਪੁਰ ਲਾਂਘਾ ਖੋਲ੍ਹਣ ਵਾਸਤੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿਚ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਲਾਂਘਾ ਖੁੱਲ੍ਹਣ ਮਗਰੋਂ ਦਰਸ਼ਨਾਂ ਲਈ ਜਾਣ ਵਾਸਤੇ ਕਿਸ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ, ਬਾਰੇ ਜਾਣਕਾਰੀ ਨਾ ਹੋਣ ਕਾਰਨ ਸਿੱਖ ਸ਼ਰਧਾਲੂਆਂ ਵਿਚ ਨਿਰਾਸ਼ਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਸਿੱਖ ਸੰਸਥਾ ਜਲਦੀ ਹੀ ਯਾਤਰਾ ਵਿਭਾਗ ਵਿਚ ‘ਇਕ ਹੈਲਪ ਡੈਸਕ’ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਦੋਵਾਂ ਸਰਕਾਰਾਂ ਵਿਚ ਸਮਝੌਤੇ ‘ਤੇ ਸਹੀ ਪੈਣ ਮਗਰੋਂ ਪੁਖਤਾ ਜਾਣਕਾਰੀ ਹਾਸਲ ਹੋ ਸਕੇਗੀ।
____________________________________
‘ਜਜ਼ੀਆ’ ਲਾਉਣ ਦਾ ਪ੍ਰਸਤਾਵ ਵਾਪਸ ਲਵੇ ਪਾਕਿ: ਕੈਪਟਨ
ਡੇਰਾ ਬਾਬਾ ਨਾਨਕ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਉਤੇ ਸਰਵਿਸ ਚਾਰਜ ਲਾਉਣਾ ਗਲਤ ਹੈ, ਪਾਕਿਸਤਾਨ ਸਰਕਾਰ ਇਸ ਪ੍ਰਸਤਾਵ ਨੂੰ ਤੁਰਤ ਵਾਪਸ ਲਵੇ। ਉਨ੍ਹਾਂ ਇਸ ਦੀ ਤੁਲਨਾ ਮੁਗਲ ਕਾਲ ਦੌਰਾਨ ਗੈਰ-ਮੁਸਲਿਮਾਂ ਉਤੇ ਲਾਏ ਜਾਂਦੇ ‘ਜਜ਼ੀਆ’ ਟੈਕਸ ਨਾਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਪਹਿਲਾਂ ਵੀ ਇਸ ਮੁੱਦੇ ਉਤੇ ਦਖਲ ਦੀ ਮੰਗ ਕੀਤੀ ਗਈ ਹੈ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਦੋਵਾਂ ਦੇਸ਼ਾਂ ਦੀ ਹੋਣ ਵਾਲੀ ਮੀਟਿੰਗ ਦੌਰਾਨ ਵਿਦੇਸ਼ ਮੰਤਰਾਲਾ ਇਸ ਮਾਮਲੇ ਨੂੰ ਚੁੱਕੇ।