ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਆਂ ਸਿਖਰਾਂ ‘ਤੇ ਲਿਜਾਣ ਦਾ ਅਹਿਦ

ਹਿਊਸਟਨ: ਹਿਊਸਟਨ ਦੇ ਐਨ.ਆਰ.ਜੀ. ਸਟੇਡੀਅਮ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੌਜੂਦਗੀ ਵਿਚ 50 ਹਜ਼ਾਰ ਤੋਂ ਵੱਧ ਭਾਰਤੀ ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਟਰੰਪ ਦੇ ਰੂਪ ਵਿਚ ਅਮਰੀਕੀ ਵ੍ਹਾਈਟ ਹਾਊਸ ਵਿਚ ਭਾਰਤ ਦਾ ਸੱਚਾ ਮਿੱਤਰ ਮੌਜੂਦ ਹੈ।

‘ਅਬ ਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਟਰੰਪ ਕਿਸੇ ਤੁਆਰਫ ਦੇ ਮੁਥਾਜ ਨਹੀਂ ਹਨ ਤੇ ਆਲਮੀ ਸਿਆਸਤ ਵਿਚ ਅਮਰੀਕੀ ਸਦਰ ਦੀ ਵੱਡੀ ਮੌਜੂਦਗੀ ਹੈ ਅਤੇ ਹਰ ਪਾਸੇ ਉਨ੍ਹਾਂ ਦਾ ਜ਼ਿਕਰ ਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਟਰੰਪ ਵਿਚ ਆਪਣਾਪਣ ਵਿਖਾਈ ਦਿੰਦਾ ਹੈ। ਅਮਰੀਕੀ ਅਰਥਚਾਰੇ ਨੂੰ ਮਜ਼ਬੂਤ ਬਣਾਉਣ ਲਈ ਟਰੰਪ ਦੀ ਤਾਰੀਫ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2017 ਵਿਚ ਸ੍ਰੀ ਟਰੰਪ ਨੇ ਪਹਿਲੀ ਵਾਰ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਾਇਆ ਸੀ, ਤੇ ਅੱਜ ਉਨ੍ਹਾਂ (ਮੋਦੀ ਨੂੰ) ਨੂੰ ਅਮਰੀਕੀ ਸਦਰ ਨੂੰ ਆਪਣੇ ਪਰਿਵਾਰ (ਭਾਰਤੀ-ਅਮਰੀਕੀ) ਨਾਲ ਮਿਲਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੋਵਾਂ ਮੁਲਕਾਂ ਦੇ ਸਬੰਧ ਨਵੀਆਂ ਬੁਲੰਦੀਆਂ ਉਤੇ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਨ ਦਾ ਵਿਸ਼ੇਸ਼ ਤੌਰ ਉਤੇ ਕੀਤਾ ਜ਼ਿਕਰ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਨਾਂ ਨਾਂ ਲਏ ਕਿਹਾ ਕਿ ਜਿਨ੍ਹਾਂ ਤੋਂ ਆਪਣਾ ਮੁਲਕ ਨਹੀਂ ਸੰਭਲਿਆ, ਉਨ੍ਹਾਂ ਨੂੰ ਭਾਰਤ ਦੇ ਇਸ ਫੈਸਲੇ ਤੋਂ ਦਿੱਕਤ ਹੈ। ਉਨ੍ਹਾਂ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਕਿਹਾ, ‘9/11 ਅਤੇ 26/11 ਦੇ ਹਮਲਿਆਂ ਦੇ ਸਾਜ਼ਿਸ਼ੀ ਤੁਹਾਨੂੰ ਕਿਥੇ ਮਿਲਦੇ ਨੇ।’ ਸ੍ਰੀ ਮੋਦੀ ਨੇ ਕਿਹਾ ਕਿ ਅਤਿਵਾਦ ਵਿਰੁੱਧ ਟਰੰਪ ਸਾਡੇ ਨਾਲ ਹੈ ਅਤੇ ਅਤਿਵਾਦ ਵਿਰੁੱਧ ਫੈਸਲਾਕੁੰਨ ਲੜਾਈ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਸ੍ਰੀ ਟਰੰਪ ਨੂੰ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਦਿੱਤਾ। ਮੋਦੀ ਨੇ ਸਮਾਗਮ ‘ਚ ਹਾਜ਼ਰ ਲੋਕਾਂ ਨੂੰ ਕਿਹਾ ਕਿ ਉਹ ਧਾਰਾ 370 ਹਟਾਉਣ ਦੇ ਫੈਸਲੇ ਦੇ ਮੋਹਰ ਲਾਉਣ ਲਈ ਭਾਰਤੀ ਸੰਸਦ ਮੈਂਬਰਾਂ ਦੀ ਖੜ੍ਹੇ ਹੋ ਕੇ ਸ਼ਲਾਘਾ ਕਰਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਆਖਿਆ, ”ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਸਾਡੇ ਉਦਾਰ ਅਤੇ ਜਮਹੂਰੀ ਸਮਾਜ ਦੀ ਪਛਾਣ ਹਨ। ਵਿਭਿੰਨਤਾ ਸਾਡੀ ਜਮਹੂਰੀਅਤ ਦਾ ਆਧਾਰ ਹੈ। ਹਾਲ ਹੀ ਵਿਚ ਹੀ ਹੋਈਆਂ ਚੋਣਾਂ ਨੇ ਸਮੁੱਚੇ ਵਿਸ਼ਵ ਨੂੰ ਭਾਰਤ ਦੀ ਮਹਾਨਤਾ ਦੇ ਦਰਸ਼ਨ ਕਰਵਾਏ ਹਨ।
ਇਨ੍ਹਾਂ ਚੋਣਾਂ ਵਿਚ ਅਮਰੀਕਾ ਦੀ ਵਸੋਂ ਤੋਂ ਦੁੱਗਣੇ 61 ਕਰੋੜ ਲੋਕਾਂ ਨੇ ਵੋਟਾਂ ਦੇ ਅਮਲ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ, ‘ਭਾਰਤ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਦਿਨ-ਰਾਤ ਇਕ ਕਰ ਰਿਹਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੂਜੀ ਵਾਰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਮੋਦੀ ਨੂੰ ਵਿਸ਼ਵ ਦਾ ਮਹਾਨ ਤੇ ਦੂਰਅੰਦੇਸ਼ੀ ਸੋਚ ਵਾਲਾ ਆਗੂ ਦੱਸਿਆ। ਉਨ੍ਹਾਂ ਅਮਰੀਕਾ ਦੀ ਤਰੱਕੀ ਵਿਚ ਭਾਰਤੀ ਭਾਈਚਾਰੇ ਵੱਲੋਂ ਪਾਏ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਭਾਰਤੀ-ਅਮਰੀਕੀ ਕੰਪਨੀਆਂ ਵਿਚ ਵੀ ਅਮਰੀਕੀ ਨਾਗਰਿਕ ਨੌਕਰੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਦੋਵਾਂ ਮੁਲਕਾਂ ਦੇ ਸਬੰਧ ਬਹੁਤ ਮਜ਼ਬੂਤ ਹਨ ਅਤੇ ਉਹ ਮੋਦੀ ਨਾਲ ਮਿਲ ਕੇ ਇਨ੍ਹਾਂ ਨੂੰ ਨਵੀਆਂ ਬੁਲੰਦੀਆਂ ਉਤੇ ਲਿਜਾਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੇ ਸੰਵਿਧਾਨ ਵਿਚ ਇਹ ਗੱਲ ਸਾਂਝੀ ਹੈ ਕਿ ਸਰਕਾਰਾਂ ਲੋਕਾਂ ਦੀ ਬਿਹਤਰੀ ਲਈ ਹਨ। ਵਿਸ਼ਵ ਵਿਚ ਭਾਰਤ ਤੇ ਅਮਰੀਕਾ ਦੇ ਨਾਗਰਿਕ ਖੁਸ਼ਹਾਲ ਹੋ ਰਹੇ ਹਨ ਅਤੇ ਦੋਵਾਂ ਮੁਲਕਾਂ ਦੀ ਅਰਥਵਿਵਸਥਾ ਬਿਹਤਰ ਹੋਈ ਹੈ। ਇਸ ਮੌਕੇ ਮੰਚ ‘ਤੇ ਵੱਖ ਵੱਖ ਅਮਰੀਕੀ ਰਾਜਾਂ ਦੇ ਦੋ ਦਰਜਨ ਗਵਰਨਰਾਂ ਤੋਂ ਇਲਾਵਾ ਅਮਰੀਕੀ ਕਾਂਗਰਸ ਦੇ ਨੁਮਾਇੰਦੇ ਵੀ ਮੌਜੂਦ ਸਨ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਸ੍ਰੀ ਮੋਦੀ ਦਾ ਸਵਾਗਤ ਕਰਦਿਆਂ ਸਮਾਗਮ ਦੀ ਅਹਿਮੀਅਤ ‘ਤੇ ਚਾਨਣਾ ਪਾਇਆ। ਟਰਨਰ ਨੇ ਕਿਹਾ ਕਿ ਹਿਊਸਟਨ ਸ਼ਹਿਰ ਦੇ ਵਿਕਾਸ ਵਿਚ ਭਾਰਤੀਆਂ ਦਾ ਅਹਿਮ ਯੋਗਦਾਨ ਰਿਹਾ ਹੈ।
__________________________
ਸਿੱਖ ਭਾਈਚਾਰੇ ਵੱਲੋਂ ਕਾਲੀ ਸੂਚੀ ਖਤਮ ਕਰਨ ਲਈ ਧੰਨਵਾਦ
ਹਿਊਸਟਨ: ਇਥੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ‘ਚ ਵਸੇ ਤਕਰੀਬਨ 50 ਸਿੱਖਾਂ ਦਾ ਇਕ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਤੇ 300 ਤੋਂ ਵੱਧ ਸਿੱਖਾਂ ਦੇ ਨਾਂ ਕਾਲੀ ਸੂਚੀ ‘ਚੋਂ ਕੱਢਣ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਪਿਛਲੇ ਹਫਤੇ 312 ਸਿੱਖ ਵਿਦੇਸ਼ੀ ਨਾਗਰਿਕਾਂ ਦੇ ਨਾਂ ਕਾਲੀ ਸੂਚੀ ‘ਚੋਂ ਹਟਾ ਦਿੱਤੇ ਸਨ। ਸਿੱਖ ਵਫਦ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਿਰੋਪਾਉ ਨਾਲ ਸਨਮਾਨ ਵੀ ਕੀਤਾ। ਸਿੱਖ ਵਫਦ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਆਉਂਦੇ ਕੁਝ ਦਿਨਾਂ ਤੱਕ ਮੇਰੇ ਕੋਲ ਸਿੱਖ ਭਾਈਚਾਰੇ ਲਈ ਖੁਸ਼ਖਬਰੀ ਹੈ, ਜਿਸ ਲਈ ਉਨ੍ਹਾਂ ਥੋੜ੍ਹਾ ਇੰਤਜ਼ਾਰ ਕਰਨ ਦੀ ਅਪੀਲ ਕੀਤੀ। ਬਾਅਦ ‘ਚ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਹਿਊਸਟਨ ਵਿਚ ਮੇਰੀ ਸਿੱਖ ਭਾਈਚਾਰੇ ਨਾਲ ਬਹੁਤ ਸ਼ਾਨਦਾਰ ਗੱਲਬਾਤ ਹੋਈ। ਮੈਂ ਉਨ੍ਹਾਂ ਦਾ ਭਾਰਤ ਦੇ ਵਿਕਾਸ ਪ੍ਰਤੀ ਜਨੂਨ ਦੇਖ ਕੇ ਬਹੁਤ ਖੁਸ਼ ਹੋਇਆ।