ਡਰੱਗ ਕੇਸ ‘ਚ ਰਿਪੋਰਟਾਂ ਤੋਂ ਇਲਾਵਾ ਵੀ ਬੜਾ ਕੁਝ: ਹਾਈਕੋਰਟ

ਚੰਡੀਗੜ੍ਹ: ਪੰਜਾਬ ਵਿਚ ਨਸ਼ੇ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਮੰਨਣਾ ਹੈ ਕਿ ਇਸ ਮਾਮਲੇ ‘ਚ ਅਦਾਲਤ ਵਿਚ ਦਾਖਲ ਸੀਲਬੰਦ ਰਿਪੋਰਟਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਅਹਿਮ ਮੁੱਦੇ ਹਨ। ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਦੀ ਬੈਂਚ ਨੇ ਕਿਹਾ ਹੈ ਕਿ ਇਸ ਵੱਡੇ ਮਾਮਲੇ ਨੂੰ ਇਕੱਲੀ ਰਿਪੋਰਟਾਂ ਨਾਲ ਜੋੜ ਕੇ ਹੀ ਨਹੀਂ ਦੇਖਿਆ ਜਾ ਸਕਦਾ, ਹੋਰ ਵੀ ਕਈ ਅਹਿਮ ਪਹਿਲੂ ਇਸ ਮਾਮਲੇ ਨਾਲ ਜੁੜੇ ਹੋਏ ਹਨ।

ਦਰਅਸਲ, ਐਸ.ਐਸ.ਪੀ. ਰਹੇ ਰਾਜਜੀਤ ਸਿੰਘ ਵਿਰੁੱਧ ਨਸ਼ੇ ਦੇ ਇਕ ਮਾਮਲੇ ‘ਚ ਲੱਗੇ ਇਲਜ਼ਾਮਾਂ ਦੀ ਜਾਂਚ ਦੀ ਰਿਪੋਰਟ ਹਾਈਕੋਰਟ ‘ਚ ਦਾਖਲ ਕੀਤੀ ਗਈ ਸੀ, ਜਿਹੜੀ ਕਿ ਅਜੇ ਤੱਕ ਨਹੀਂ ਖੋਲ੍ਹੀ ਗਈ ਹੈ। ਇਸੇ ਰਿਪੋਰਟ ਨੂੰ ਖੋਲ੍ਹਣ ਲਈ ਰਾਜਜੀਤ ਸਿੰਘ ਵੱਲੋਂ ਅਰਜ਼ੀ ਦਾਖਲ ਕੀਤੀ ਗਈ ਸੀ ਤੇ ਇਸ ਕੇਸ ਦੀ ਵਾਰੀ ਆਉਂਦਿਆਂ ਸਾਰ ਉਨ੍ਹਾਂ ਦੇ ਵਕੀਲ ਨੇ ਬੈਂਚ ਮੂਹਰੇ ਬੇਨਤੀ ਕੀਤੀ ਕਿ ਰਿਪੋਰਟ ਖੋਲ੍ਹੀ ਜਾਵੇ ਪਰ ਚੀਫ ਜਸਟਿਸ ਨੇ ਟਿੱਪਣੀ ਕੀਤੀ ਕਿ ਇਸ ਮਾਮਲੇ ਨੂੰ ਰਿਪੋਰਟਾਂ ਨਾਲ ਹੀ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਤੇ ਰਿਪੋਰਟਾਂ ਖੋਲ੍ਹਣ ਬਾਰੇ ਬਾਅਦ ‘ਚ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉਤੇ ਲੱਗੇ ਇਲਜ਼ਾਮਾਂ ਸਬੰਧੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਿਪੋਰਟ ਵੀ ਸੀਲਬੰਦ ਪਈ ਹੈ ਤੇ ਇਕ ਰਿਪੋਰਟ ਐਸ.ਟੀ.ਐਫ. ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਵੀ ਦਾਖਲ ਕੀਤੀ ਹੋਈ ਹੈ।
ਇਸ ਤੋਂ ਇਲਾਵਾ ਬੀ.ਐਸ.ਐਫ. ਤੇ ਆਰਮੀ ਆਦਿ ਵੱਲੋਂ ਦਾਖਲ 10 ਹੋਰ ਰਿਪੋਰਟਾਂ ਵੀ ਖੋਲਖ਼ਣ ਲਈ ਪਈਆਂ ਹਨ। ਕੇਂਦਰ ਸਰਕਾਰ ਵੱਲੋਂ ਅਜੇ 10 ਹੋਰ ਰਿਪੋਰਟਾਂ ਦਾਖਲ ਕੀਤੇ ਜਾਣ ਦੀ ਸੰਭਾਵਨਾ ਹੈ। ਅਜਿਹੇ ‘ਚ ਰਾਜਜੀਤ ਸਿੰਘ ਦੀ ਅਰਜ਼ੀ ‘ਤੇ ਹਾਈਕੋਰਟ ਨੇ ਕਿਹਾ ਹੈ ਕਿ ਰਿਪੋਰਟਾਂ ਨਾਲੋਂ ਅਹਿਮ ਹੋਰ ਕਈ ਮੁੱਦੇ ਇਸ ਮਾਮਲੇ ਨਾਲ ਜੁੜੇ ਹੋਏ ਹਨ।
_______________________
ਬੱਚਿਆਂ ‘ਚ ਨਸ਼ਿਆਂ ਦਾ ਰੁਝਾਨ ਵਧਿਆ
ਚੰਡੀਗੜ੍ਹ: ਬੱਚਿਆਂ ਅਤੇ ਨੌਜਵਾਨਾਂ ‘ਚ ਪੈਟਰੋਲ, ਪੇਂਟ ਅਤੇ ਪਾਲਿਸ਼ ਸੁੰਘ ਕੇ ਨਸ਼ਾ ਕਰਨ ਦੇ ਰੁਝਾਨ ‘ਚ ਵਾਧਾ ਹੋ ਰਿਹਾ ਹੈ। ਇਸ ਤਰ੍ਹਾਂ ਦੇ ਨਸ਼ੇ ਕਰਨ ਨਾਲ ਸਿਹਤ ਅਤੇ ਦਿਮਾਗ ਉਤੇ ਤਾਂ ਬੁਰਾ ਅਸਰ ਪੈਂਦਾ ਹੀ ਹੈ, ਇਸ ਦੇ ਨਾਲ ਹੀ ਬੱਚਿਆਂ ਦਾ ਪੜ੍ਹਾਈ ‘ਚ ਮਨ ਨਾ ਲੱਗਣਾ, ਭੁੱਖ ਨਾ ਲੱਗਣਾ ਅਤੇ ਸੜਕ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਪੀ.ਜੀ.ਆਈ. ਚੰਡੀਗੜ੍ਹ ਦੇ ਮਾਨਸਿਕ ਰੋਗ ਵਿਭਾਗ ‘ਚ ਅਜਿਹੇ ਬੱਚਿਆਂ ਅਤੇ ਨੌਜਵਾਨਾਂ ਦੇ ਇਲਾਜ ਕਰਵਾਉਣ ਦੇ ਮਾਮਲਿਆਂ ਵਿਚ ਵਾਧਾ ਹੋਣ ਲੱਗਾ ਹੈ ਜੋ ਕਿ ਪੈਟਰੋਲ, ਪੇਂਟ ਅਤੇ ਪਾਲਿਸ਼ ਸੁੰਘ ਕੇ ਨਸ਼ਾ ਕਰਨ ਦੇ ਸ਼ਿਕਾਰ ਹਨ। ਪੀ.ਜੀ.ਆਈ. ‘ਚ ਉਕਤ ਨਸ਼ਿਆਂ ਦੇ ਸ਼ਿਕਾਰ ਜ਼ਿਆਦਾਤਰ ਬੱਚੇ ਅਤੇ ਨੌਜਵਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹਖ਼ ਨਾਲ ਲੱਗਦੇ ਇਲਾਕਿਆਂ ਤੋਂ ਇਲਾਜ ਲਈ ਆਉਂਦੇ ਹਨ। ਪੀ.ਜੀ.ਆਈ. ਦੇ ਮਾਨਸਿਕ ਰੋਗ ਵਿਭਾਗ ‘ਚ ਉਕਤ ਤਰ੍ਹਾਂ ਦੇ ਨਸ਼ਿਆਂ ਦੇ ਸ਼ਿਕਾਰ ਲਗਭਗ 50 ਬੱਚੇ ਇਲਾਜ ਲਈ ਹਰ ਸਾਲ ਆਉਂਦੇ ਹਨ। ਜਦ ਕਿ ਹੋਰਨਾਂ ਨਸ਼ਿਆਂ ‘ਚ ਪਹਿਲਾ ਨੰਬਰ ਤੰਬਾਕੂ ਦਾ ਸੇਵਨ ਕਰਨ ਦੇ ਆਦੀ ਮਰੀਜ਼ਾਂ ਦਾ ਆਉਂਦਾ ਹੈ ਜੋ ਕਿ ਪੀ.ਜੀ.ਆਈ. ‘ਚ ਇਲਾਜ ਲਈ ਆਉਂਦੇ ਹਨ। ਇਸੇ ਤਰ੍ਹਾਂ ਅਫੀਮ, ਭੁੱਕੀ, ਚਿੱਟਾ, ਹੈਰੋਈਨ ਅਤੇ ਨਸ਼ੇ ਦੀਆਂ ਦਵਾਈਆਂ ਦਾ ਸ਼ਿਕਾਰ ਮਰੀਜ਼ ਮਾਨਸਿਕ ਰੋਗ ਵਿਭਾਗ ‘ਚ ਇਲਾਜ ਲਈ ਆਉਂਦੇ ਹਨ।