ਕਾਨਪੁਰ ਸਿੱਖ ਕਤਲੇਆਮ ਸਬੰਧੀ ਕੇਸਾਂ ਦੀਆਂ ਅਹਿਮ ਫਾਈਲਾਂ ਗਾਇਬ

ਕਾਨਪੁਰ: ਕਾਨਪੁਰ ਵਿਚ 1984 ਦੇ ਸਿੱਖ ਕਤਲੇਆਮ ਸਬੰਧੀ ਕੇਸਾਂ ਦੀਆਂ ਅਹਿਮ ਫਾਈਲਾਂ ਸਰਕਾਰੀ ਰਿਕਾਰਡ ਵਿਚੋਂ ਗਾਇਬ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਇਸ ਉਦਯੋਗਿਕ ਸ਼ਹਿਰ ‘ਚ ਦੰਗਿਆਂ ਦੌਰਾਨ 125 ਸਿੱਖ ਮਾਰੇ ਗਏ ਸਨ, ਜੋ ਕਿ ਦਿੱਲੀ ਤੋਂ ਬਾਅਦ ਘੱਟ ਗਿਣਤੀਆਂ ਦੀ ਹੱਤਿਆ ਦੀ ਦੂਜੀ ਵੱਡੀ ਘਟਨਾ ਸੀ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਵਾਪਰੀ ਸੀ।

ਸੂਬਾ ਸਰਕਾਰ ਵੱਲੋਂ ਫਰਵਰੀ 2019 ਵਿਚ 1984 ਦੇ ਦੰਗਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਸੀ, ਜਿਸ ਨੇ ਜਾਂਚ ‘ਚ ਪਾਇਆ ਹੈ ਕਿ ਹੱਤਿਆ ਤੇ ਡਕੈਤੀ ਸਬੰਧੀ ਅਹਿਮ ਫਾਈਲਾਂ ਗੁੰਮ ਹੋ ਗਈਆਂ ਹਨ। ਕਈ ਕੇਸਾਂ ‘ਚ ਸਿੱਟ ਐਫ.ਆਈ.ਆਰ. ਤੇ ਕੇਸ ਡਾਇਰੀਆਂ ਵੀ ਨਹੀਂ ਲੱਭ ਸਕੀ, ਜਿਸ ਕਾਰਨ ਸਿੱਖਾਂ ਦੇ ਹੋਏ ਇਸ ਕਤਲੇਆਮ ਦੀ ਜਾਂਚ ਸਬੰਧੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਸਿੱਟ ਦੇ ਚੇਅਰਮੈਨ ਤੇ ਪੁਲਿਸ ਦੇ ਸਾਬਕਾ ਡੀ.ਜੀ.ਪੀ. ਅਤੁਲ ਨੇ ਦੱਸਿਆ ਕਿ ਇਨ੍ਹਾਂ ਫਾਈਲਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਅਸੀਂ ਤੱਥਾਂ ਦਾ ਪਤਾ ਲਗਾਉਣਾ ਚਾਹੁੰਦੇ ਹਾਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੀ ਪੁਲਿਸ ਨੇ ਠੋਸ ਸਬੂਤਾਂ ਦੀ ਘਾਟ ਕਾਰਨ ਹੱਤਿਆ ਦੇ ਮਾਮਲਿਆਂ ਨੂੰ ਬੰਦ ਕਰ ਦਿੱਤਾ ਜਾਂ ਉਨ੍ਹਾਂ ਨੇ ਮਾਮਲਿਆਂ ‘ਚ ਦੋਸ਼ ਪੱਤਰ ਦਾਖਲ ਕੀਤੇ। ਉਨ੍ਹਾਂ ਕਿਹਾ ਕਿ ਫਿਲਹਾਲ ਮੈਂ ਹੱਤਿਆ ਦੇ ਕਈ ਕੇਸਾਂ ਬਾਰੇ ਵਿਸਥਾਰ ਨਾਲ ਨਹੀਂ ਦੱਸ ਸਕਦਾ, ਕਿਉਂਕਿ ਇਨ੍ਹਾਂ ਸਬੰਧੀ ਫਾਈਲਾਂ ਅਜੇ ਲੱਭੀਆਂ ਜਾ ਰਹੀਆਂ ਹਨ। ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕਾਨਪੁਰ ‘ਚ ਹੱਤਿਆ, ਹੱਤਿਆ ਦੀ ਕੋਸ਼ਿਸ਼, ਡਕੈਤੀ, ਹੱਥੋਪਾਈ ਤੇ ਜਾਨ ਨੂੰ ਖਤਰੇ ਸਬੰਧੀ 1250 ਤੋਂ ਵੱਧ ਕੇਸ ਦਰਜ ਕੀਤੇ ਗਏ ਸਨ।
ਲਾਪਤਾ ਫਾਈਲਾਂ ਹੱਤਿਆ ਤੇ ਡਕੈਤੀ ਵਰਗੇ ਗੰਭੀਰ ਅਪਰਾਧਾਂ ਨਾਲ ਸਬੰਧਤ ਹਨ। ਸੂਤਰਾਂ ਅਨੁਸਾਰ ਸਿੱਟ ਨੇ ਸ਼ੁਰੂਆਤ ‘ਚ 38 ਗੰਭੀਰ ਅਪਰਾਧਾਂ ਦੀ ਪਛਾਣ ਕੀਤੀ। ਇਨ੍ਹਾਂ ਵਿਚੋਂ 26 ਦੀ ਜਾਂਚ ਪੁਲਿਸ ਵੱਲੋਂ ਬੰਦ ਕਰ ਦਿੱਤੀ ਗਈ ਸੀ। ਸਿੱਟ ਇਨ੍ਹਾਂ ਮਾਮਲਿਆਂ ਦੀ ਦੁਬਾਰਾ ਜਾਂਚ ਕਰ ਰਹੀ ਹੈ, ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਦੋਸ਼ੀਆਂ ਨੂੰ ਬਚਾਇਆ ਨਾ ਗਿਆ ਹੋਵੇ। ਹਾਲਾਂਕਿ ਜਦੋਂ ਸਿੱਟ ਦੇ ਐਸ.ਪੀ. ਬਾਲੇਂਦੂ ਭੂਸ਼ਨ ਨੇ ਫਾਈਲਾਂ ਦੀ ਜਾਂਚ ਕੀਤੀ ਤਾਂ ਉਸ ਨੂੰ ਸਭ ਤੋਂ ਅਹਿਮ ਕੇਸ ਡਾਇਰੀਆਂ ਗਾਇਬ ਮਿਲੀਆਂ, ਜਿਸ ਤੋਂ ਬਾਅਦ ਐਸ.ਪੀ. ਨੇ ਅਧਿਕਾਰੀਆਂ ਨੂੰ ਫਾਈਲਾਂ ਲੱਭਣ ਲਈ ਚੌਕਸ ਕੀਤਾ। ਉਨ੍ਹਾਂ ਇਨ੍ਹਾਂ ਕੇਸਾਂ ਨਾਲ ਸਬੰਧਤ ਪੀੜਤ ਸਿੱਖਾਂ ਨੂੰ ਵੀ ਅੱਗੇ ਆ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ। ਉਧਰ ਕਾਨਪੁਰ ਦੇ ਐਸ.ਐਸ.ਪੀ. ਅਨੰਤ ਦਿਓ ਨੇ ਕਿਹਾ ਕਿ ਇਹ ਮਾਮਲਾ 35 ਸਾਲ ਤੋਂ ਵੱਧ ਸਮਾਂ ਪੁਰਾਣਾ ਹੈ। ਮੈਂ ਇਸ ਸਬੰਧੀ ਕੋਈ ਟਿੱਪਣੀ ਕਰਨ ਦੀ ਸਥਿਤੀ ‘ਚ ਨਹੀਂ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇਹ ਦੇਖਣਾ ਹੋਵੇਗਾ ਕਿ ਇਹ ਫਾਈਲਾਂ ਹੋਰ ਦਸਤਾਵੇਜ਼ਾਂ ਦੀ ਤਰ੍ਹਾਂ ਨਸ਼ਟ ਨਾ ਕਰ ਦਿੱਤੀਆਂ ਗਈਆਂ ਹੋਣ, ਜਿਨ੍ਹਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਇਕ ਖਾਸ ਸਮਾਂ ਸੀਮਾ ਤੋਂ ਬਾਅਦ ਨਸ਼ਟ ਕਰ ਦਿੱਤਾ ਜਾਂਦਾ ਹੈ। ਫਿਰ ਵੀ ਅਸੀਂ ਫਾਈਲਾਂ ਦੇ ਮਹੱਤਵ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਲੱਭਣ ਵਿਚ ਸਿੱਟ ਨਾਲ ਪੂਰਾ ਸਹਿਯੋਗ ਕਰਾਂਗੇ।
ਦੱਸ ਦਈਏ ਕਿ ਕੌਮੀ ਰਾਜਧਾਨੀ ਦਿੱਲੀ ਮਗਰੋਂ ਕਾਨਪੁਰ ਦੂਜਾ ਸ਼ਹਿਰ ਸੀ, ਜਿਥੇ ਘੱਟ ਗਿਣਤੀਆਂ ਨੂੰ ਇੰਨੀ ਵੱਡੀ ਗਿਣਤੀ ‘ਚ ਕਤਲ ਕੀਤਾ ਗਿਆ। ਯੂਪੀ ਸਰਕਾਰ ਨੇ ਇਸ ਸਾਲ ਫਰਵਰੀ ਵਿਚ 1984 ਦੇ ਦੰਗਿਆਂ ਨਾਲ ਸਬੰਧਤ ਕੇਸਾਂ ਦੀ ਮੁੜ ਜਾਂਚ ਲਈ ਸਿੱਟ ਦਾ ਗਠਨ ਕੀਤਾ ਸੀ। ਸਿੱਟ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਕਤਲ ਤੇ ਲੁੱਟ ਨਾਲ ਸਬੰਧਤ ਕਈ ਅਹਿਮ ਫਾਈਲਾਂ ਗੁੰਮ ਹਨ। ਕਈ ਕੇਸਾਂ ਵਿਚ ਤਾਂ ਸਿੱਟ ਨੂੰ ਐਫ.ਆਈ.ਆਰ. ਤੇ ਕੇਸ ਡਾਇਰੀਆਂ ਵੀ ਨਹੀਂ ਮਿਲੀਆਂ।
____________________________
ਫਾਈਲਾਂ ਗੁੰਮ ਹੋਣਾ ਮੰਦਭਾਗਾ: ਲੌਂਗੋਵਾਲ
ਅੰਮ੍ਰਿਤਸਰ: ਫਾਈਲਾਂ ਗੁੰਮ ਹੋਣ ਨੂੰ ਮੰਦਭਾਗਾ ਦੱਸਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਤੋਂ ਵੱਡੀ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸਰਕਾਰੀ ਰਿਕਾਰਡ ‘ਚੋਂ ਅਹਿਮ ਫਾਈਲਾਂ ਹੀ ਗੁੰਮ ਹੋ ਜਾਣ। ਉਨ੍ਹਾਂ ਇਸ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ 1984 ‘ਚ ਦਿੱਲੀ ਤੋਂ ਬਾਅਦ ਕਾਨਪੁਰ ‘ਚ ਸਿੱਖ ਕਤਲੇਆਮ ਨੇ ਸਿੱਖ ਮਾਨਸਿਕਤਾ ਨੂੰ ਡੂੰਘੇ ਜਖਮ ਦਿੱਤੇ ਹਨ, ਜਿਸ ਦਾ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੇਸਾਂ ਦਾ ਰਿਕਾਰਡ ਤੇ ਸਬੂਤ ਨਸ਼ਟ ਕਰਨ ਵਾਲਿਆਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।