ਸੁੰਨ ਦੀ ਸੰਵੇਦਨਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਤਿੱਤਰਖੰਭੀ ਦੇ ਹਵਾਲੇ ਨਾਲ ਮਨੁੱਖੀ ਸ਼ਖਸੀਅਤ ਦੇ ਵੱਖੋ ਵੱਖ ਪੱਖਾਂ ਦਾ ਵਿਖਿਆਨ ਕਰਦਿਆਂ ਕਿਹਾ ਸੀ, “ਤਿੱਤਰਖੰਭੀ ਵਾਂਗ ਹੀ ਜਿੰLਦਗੀ ਵੀ ਦੁੱਖਾਂ ਤੇ ਸੁੱਖਾਂ ਦਾ ਸੰਗਮ, ਹਾਸਿਆਂ ਤੇ ਹੰਝੂਆਂ ਦੀ ਸਾਂਝ, ਸਫਲਤਾਵਾਂ ਤੇ ਨਾਕਾਮੀਆਂ ਵਿਚਲਾ ਅਸਾਵਾਂਪਣ ਅਤੇ ਪਨਪਦੇ ਸਬੰਧਾਂ ਤੇ ਤਿੜਕਦੇ ਰਿਸ਼ਤਿਆਂ ਦਾ ਨਾਮ-ਕਰਣ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੁੰਨ ਦੀਆਂ ਪਰਤਾਂ ਫਰੋਲੀਆਂ ਹਨ।

ਉਹ ਕਹਿੰਦੇ ਹਨ, “ਘਰ ਦੀ ਉਹ ਸੁੰਨ ਸਭ ਤੋਂ ਖਤਰਨਾਕ ਜਿਸ ਵਿਚ ਸੁਪਨਿਆਂ ਨੂੰ ਅੱਖ ਖੋਲ੍ਹਣ ਦੀ ਮਨਾਹੀ ਹੋਵੇ। ਬੋਲਾਂ ਦੇ ਮੂੰਹ ਵਿਚ ਘੁੰਗਣੀਆਂ। ਕਦਮਾਂ ਨੂੰ ਜ਼ੰਜ਼ੀਰਾਂ। ਕੰਧਾਂ ਵੀ ਹੁੰਗਾਰਾ ਬਣਨ ਤੋਂ ਤ੍ਰਹਿਣ। ਘਰ ਨੂੰ ਆਪਣੇ ਅਰਥਾਂ ਤੋਂ ਕੋਫਤ ਹੋਵੇ।…ਜੋ ਲੋਕ ਕਿਸੇ ਦੀ ਸੁੰਨ ਨਹੀਂ ਸਮਝਦੇ, ਉਨ੍ਹਾਂ ਲਈ ਸ਼ਬਦਾਂ ਦੇ ਕੋਈ ਅਰਥ ਨਹੀਂ ਹੁੰਦੇ, ਬੋਲ-ਬਾਣੀ ਕੋਈ ਮਾਅਨੇ ਨਹੀਂ ਰੱਖਦੀ। ਸੁੰਨ ਨੂੰ ਸਮਝਣ ਦੀ ਜਾਚ ਵਿਰਲਿਆਂ ਦਾ ਕਰਮ। ਇਹ ਕਰਮ ਕਮਾ ਕੇ ਹੀ ਕਰਮਯੋਗੀ ਬਣਿਆ ਜਾ ਸਕਦਾ।” –ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸੁੰਨ, ਸੁੰਨਯ ਪਲਾਂ ਦਾ ਪਹਿਰ, ਖਾਮੋਸ਼ੀ ਦੀ ਵਾੜ, ਬੋਲਾਂ ਨੂੰ ਚੁੱਪ ਰਹਿਣ ਦਾ ਆਦੇਸ਼, ਖੁਦ ਦੀ ਗੁੰਗੀ ਵਰੇਸ ਅਤੇ ਇਸ ‘ਚੋਂ ਝਰਦਾ ਜੀਵਨ ਦਾ ਭੇਤ।
ਸੁੰਨ, ਸਮਿਆਂ ਦੀ ਸਰਦਲ ‘ਤੇ ਉਨ੍ਹਾਂ ਪਲਾਂ ਦੀ ਅਜ਼ਾਰੇਦਾਰੀ ਜਦ ਬੋਲ ਖੁਦਕੁਸ਼ੀ ਕਰਦੇ, ਹਰਫਾਂ ਨੂੰ ਸਿਸਕਣ ਦੀ ਸਜ਼ਾ ਅਤੇ ਅਰਥ ਬਣਦੇ ਆਪਣੀ ਹੀ ਅੰਤਿਮ-ਅਰਦਾਸ।
ਸੁੰਨ, ਖੁਦ ਦਾ ਖੁਦ ਸੰਗ ਸੰਵਾਦ। ਆਪੇ ਸੰਗ ਰਾਬਤਾ। ਖੁਦ ਦੀਆਂ ਕਰਨੀਆਂ, ਕਮੀਨਗੀਆਂ, ਕੁਤਾਹੀਆਂ ਤੇ ਕੀਰਤੀਆਂ ਨੂੰ ਕਰਮ-ਰੇਖਾ ਵਿਚੋਂ ਉਕਰਨਾ ਅਤੇ ਇਸ ਦੇ ਸੁਚੱਜ ਅਤੇ ਸੁੱਚਮ ਦੀ ਨਿਸ਼ਾਨਦੇਹੀ ਕਰਨੀ। ਅੰਤਰ-ਆਤਮਾ ਨੂੰ ਚਾਨਣ ਨਾਲ ਭਰਨਾ ਅਤੇ ਸ਼ੁਭ-ਕਰਮਨ ਦੀ ਆਸਥਾ ਨੂੰ ਕਰਮ-ਧਰਮ ਦੇ ਨਾਮ ਕਰਨਾ।
ਸੁੰਨ, ਆਲੇ-ਦੁਆਲੇ ਪਸਰੀ। ਵੱਖ-ਵੱਖ ਰੂਪ, ਅੰਦਾਜ਼ ਅਤੇ ਰਾਜ਼। ਬਹੁਤ ਸਾਰੇ ਸਰੋਕਾਰ ਤੇ ਸਮ-ਦ੍ਰਿਸ਼ਟਾਵਾਂ। ਅਨੇਕਾਂ ਪਰਤਾਂ ਅਤੇ ਇਨ੍ਹਾਂ ਪਰਤਾਂ ਵਿਚੋਂ ਜ਼ਿੰਦਗੀ ਦੇ ਅਨੇਕਾਂ ਰੂਪ ਦ੍ਰਿਸ਼ਮਾਨ। ਕਿਸ ਨਾਲ ਮੂਕ ਸੰਵਾਦ ਰਚਾਉਣਾ? ਕਿਸ ਨੂੰ ਆਪਣੀ ਹਿੱਕ ਵਿਚ ਸਮਾਉਣਾ ਤੇ ਧੁਖਧੁਖੀ ਬਣਾਉਣਾ? ਕਿਸ ਨਾਲ ਖੁਦ ਨੂੰ ਜਲਾਉਣਾ ਅਤੇ ਕਿਸ ਨੂੰ ਤਰਕੀਬਾਂ ਤੇ ਤਦਬੀਰਾਂ ਰਾਹੀਂ ਤਕਦੀਰ-ਰੇਖਾਂਵਾਂ ਨੂੰ ਰੁਸ਼ਨਾਉਣਾ? ਇਹ ਮਨੁੱਖ ‘ਤੇ ਨਿਰਭਰ ਅਤੇ ਹਰ ਮਨੁੱਖ ਲਈ ਵਿਭਿੰਨ।
ਸੁੰਨ ਨਾਲ ਸੰਵਾਦ ਰਚਾਉਣਾ, ਸਭ ਤੋਂ ਔਖਾ। ਇਸ ਨੂੰ ਉਲਥਾਉਣਾ, ਜੀਵਨ-ਜੋਖਮ। ਇਸ ਦੀ ਰੰਗਤਾ ਵਿਚ ਛੁਪੀ ਕਰੂਰਤਾ, ਕਰੂਪਤਾ ਜਾਂ ਸਰੂਪਤਾ ਵਿਚੋਂ ਕਿਹੜੇ ਰੰਗ ਨਾਲ ਜੀਵਨ ਨੂੰ ਲਬਰੇਜ਼ ਕਰਨਾ, ਇਹ ਹਰੇਕ ਦੇ ਸੁਭਾਅ ‘ਤੇ ਨਿਰਭਰ।
ਸੁੰਨ, ਮਨੁੱਖ ‘ਤੇ ਭਾਰੂ ਹੋ ਜਾਂਦੀ ਤਾਂ ਮਨੁੱਖ ਚੁੱਪ ਹੋ ਜਾਂਦਾ। ਖੁਦ ਨਾਲ ਗੱਲ ਕਰਨ ਤੋਂ ਮੁਨਕਰ। ਆਪਣਾ ਹੀ ਹੁੰਗਾਰਾ ਭਰਨ ਤੋਂ ਨਾਬਰ। ਇਸ ਨਾਬਰੀ ਵਿਚੋਂ ਹੀ ਮਨੁੱਖੀ ਸਿਹਤ ਨੂੰ ਆਂਚ ਆਉਂਦੀ। ਇਹ ਭਾਵੇਂ ਮਾਨਸਿਕ ਜਾਂ ਸਰੀਰਕ ਹੋਵੇ।
ਕਦੇ ਸਿਵਿਆਂ ਦੀ ਸੁੰਨ ਨੂੰ ਮੁਖਾਤਬ ਹੋਵੋ ਤਾਂ ਹੱਥੀਂ ਅੱਗ ਦੇ ਹਵਾਲੇ ਕੀਤੇ ਆਪਣਿਆਂ ਦੇ ਹਾਵ-ਭਾਵ, ਉਨ੍ਹਾਂ ਦੀਆਂ ਗੱਲਾਂ, ਮੱਤਾਂ, ਸਲਾਹਾਂ, ਸਮਝੌਤੀਆਂ ਅਤੇ ਉਨ੍ਹਾਂ ਸੰਗ ਮਾਣੇ ਸਫਰ ਦੀ ਦਾਸਤਾਨ ਨੈਣਾਂ ਨੂੰ ਸਿੱਲਾ ਕਰਦੀ। ਤੁਹਾਡੀ ਕਰਮਯੋਗਤਾ ਦੇ ਸਾਹਵੇਂ ਇਹ ਵੀ ਕਰਦੀ ਕਿ ਸਮਾਜਕ ਫਰਜ਼ਾਂ ਨੂੰ ਕਿੰਨੀ ਕੁ ਤਨਦੇਹੀ ਨਾਲ ਨਿਭਾਇਆ? ਮਾਪਿਆਂ ਨਾਲ ਕਿਸ ਤਰ੍ਹਾਂ ਦਾ ਧਰਮ ਨਿਭਾਇਆ? ਉਨ੍ਹਾਂ ਦੀਆਂ ਆਂਦਰਾਂ ਨੂੰ ਤਪਾਇਆ ਜਾਂ ਠੰਢਕ ਪਹੁੰਚਾਈ? ਉਨ੍ਹਾਂ ਨੂੰ ਉਦਾਸੀਨ ਪਲ ਜਿਉਣ ਲਈ ਮਜਬੂਰ ਕੀਤਾ ਜਾਂ ਉਨ੍ਹਾਂ ਦੀ ਜ਼ਿੰਦਗੀ ਦੀ ਸ਼ਾਮ ਨੂੰ ਸੰਦਲੀ ਜਿਹੀ ਭਾਅ ਨਾਲ ਲਬਰੇਜ਼ ਕੀਤਾ? ਡੁੱਬਦੇ ਸੂਰਜ ਨੂੰ ਆਖਰੀ ਅਲਵਿਦਾ ਕਹਿਣ ਲਈ ਤਾਂ ਅੰਬਰ ਵੀ ਸੂਹਾ ਹੋ ਜਾਂਦਾ। ਉਨ੍ਹਾਂ ਦੇ ਸੁਪਨਿਆਂ ਨੂੰ ਕਿੰਨਾ ਕੁ ਪੂਰਾ ਜਾਂ ਅਧੂਰਾ ਰੱਖਿਆ? ਉਨ੍ਹਾਂ ਦੀ ਆਖਰੀ ਇੱਛਾ ‘ਤੇ ਫੁੱਲ ਚੜ੍ਹਾਏ ਜਾਂ ਉਨ੍ਹਾਂ ਦੇ ਫੁੱਲ ਪਾਉਣ ਤੀਕ ਹੀ ਸੀਮਤ ਰਹੇ? ਸਿਵਿਆਂ ਦੀ ਸੁੰਨ ਚੌਗਿਰਦੇ ਵਿਚ ਫੈਲੀ ਬਿਰਖਾਂ ਤੇ ਪਰਿੰਦਿਆਂ ਨੂੰ ਆਪਣੀ ਲਪੇਟ ਵਿਚ ਲੈਂਦੀ। ਇਸ ਸੁੰਨ ਨੂੰ ਤੋੜਨ ਲਈ ਕਬਰਾਂ ‘ਤੇ ਫੁੱਲ ਅਰਪਿਤ ਕਰਨ ਜਾਂ ਫੁੱਲ ਬੂਟੇ ਲਾਉਣੇ ਚਾਹੀਦੇ ਤਾਂ ਕਿ ਸੁੰਨ, ਫੁੱਲਾਂ ਨੂੰ ਹਾਕ ਮਾਰੇ ਅਤੇ ਖਿੜਿਆ ਚਮਨ ਇਸ ਦਾ ਹੁੰਗਾਰਾ ਬਣੇ।
ਕਦੇ ਬਗੀਚੀ ਵਿਚ ਫੁੱਲਾਂ ‘ਤੇ ਮੰਡਰਾਉਂਦੀ ਉਸ ਸੂਖਮ ਸੁੰਨ ਨੂੰ ਮਹਿਸੂਸ ਕਰਨਾ, ਜਿਸ ਵਿਚ ਰੰਗਾਂ ਤੇ ਮਹਿਕਾਂ ਦੀ ਬਹੁਤਾਤ। ਇਸ ਸੁੰਨ ਨੂੰ ਤੋੜਨ ਲਈ ਭੌਰੇ ਤੇ ਤਿਤਲੀਆਂ ਰਾਗ ਗਾਉਂਦੇ। ਬਗੀਚੀ ਦੀ ਇਸ ਸੁੰਨ ਨਾਲ ਜਦ ਨੰਨੇ-ਮੁੰਨੇ ਬੱਚੇ ਕਹਾਣੀਆਂ ਪਾਉਂਦੇ ਤਾਂ ਚੁੱਪ ਨੂੰ ਆਪਣੀ ਹੋਂਦ ‘ਤੇ ਮਾਣ ਮਹਿਸੂਸ ਹੁੰਦਾ। ਇਹ ਸੁੰਨ ਹੀ ਹੁੰਦੀ, ਜੋ ਬਿਰਖਾਂ ਨਾਲ ਗੱਲਾਂ ਕਰਨ ਅਤੇ ਕੁਝ ਚੰਗਾ ਚਿੱਤਰਨ, ਉਕਰਨ ਜਾਂ ਲਿਖਣ ਵੰਨੀਂ ਉਤੇਜਿਤ ਤੇ ਪੇ੍ਰਰਿਤ ਹੁੰਦੇ। ਸਰਸਰਾਉਂਦੀ ਹਵਾ ਬਿਰਖਾਂ ਦੀ ਸੁੰਨ ਨੂੰ ਤੋੜਨ ਵਿਚ ਸਹਾਈ।
ਆਲ੍ਹਣਿਆਂ ਵਿਚ ਉਸ ਸੁੰਨ ਨੂੰ ਮੁਖਾਤਬ ਹੋਣਾ, ਜੋ ਬੋਟਾਂ ਦੀ ਭੁੱਖ ਵਿਚ ਚਸਕਦੀ, ਖਿਲਰੇ ਤੀਲਿਆਂ ਵਿਚ ਲਿਪਟੀ ਪਰਿੰਦਿਆਂ ਨੂੰ ਉਡੀਕਦੀ ਤਾਂ ਕਿ ਬੋਟਾਂ ਨੂੰ ਚੋਗ ਅਤੇ ਆਲ੍ਹਣੇ ਨੂੰ ਘਰ ਬਣ ਕੇ ਚਹਿਕਣ ਦਾ ਵਰ ਮਿਲੇ। ਆਲ੍ਹਣਾ ਆਪਣੇ ਸਮੁੱਚ ਵਿਚ ਰਾਤ ਨੂੰ ਅਲਵਿਦਾ ਕਹੇ ਅਤੇ ਸਵੇਰ ਨੂੰ ਖੁਸ਼-ਆਮਦੀਦ ਕਹਿਣ ਲਈ ਆਪਣੀ ਭਰੀ ਭਕੁੰਨਤਾ ਬਿਰਖ ਦੇ ਨਾਮ ਕਰੇ, ਤਾਂ ਹੀ ਆਲ੍ਹਣੇ ਦੀ ਹੋਂਦ ਬਿਰਖ ਦਾ ਮਾਣ ਬਣਦੀ।
ਘਰ ਦੀ ਉਹ ਸੁੰਨ ਸਭ ਤੋਂ ਖਤਰਨਾਕ ਜਿਸ ਵਿਚ ਸੁਪਨਿਆਂ ਨੂੰ ਅੱਖ ਖੋਲ੍ਹਣ ਦੀ ਮਨਾਹੀ ਹੋਵੇ। ਬੋਲਾਂ ਦੇ ਮੂੰਹ ਵਿਚ ਘੁੰਗਣੀਆਂ। ਕਦਮਾਂ ਨੂੰ ਜ਼ੰਜ਼ੀਰਾਂ। ਕੰਧਾਂ ਵੀ ਹੁੰਗਾਰਾ ਬਣਨ ਤੋਂ ਤ੍ਰਹਿਣ। ਘਰ ਨੂੰ ਆਪਣੇ ਅਰਥਾਂ ਤੋਂ ਕੋਫਤ ਹੋਵੇ। ਘਰ ਦੀਆਂ ਦੀਵਾਰਾਂ, ਦਰਵਾਜਿਆਂ ਅਤੇ ਰੌਸ਼ਨਦਾਨਾਂ ਨੂੰ ਹੁੰਮਸ, ਹੁੱਸੜ ਅਤੇ ਹਨੇਰੇ ਨਾਲ ਹੀ ਹਮਰੁੱਬਾ ਬਣਨ ਲਈ ਮਜਬੂਰ ਹੋਣਾ ਪਵੇ। ਘਰ ਦੀਆਂ ਤਿੜਕੀਆਂ ਬਰੂਹਾਂ ਜਦ ਡੋਲੇ ਪਾਣੀ ਜਾਂ ਚੋਏ ਜਾਣ ਵਾਲੇ ਤੇਲ ਤੋਂ ਵਿਰਵੀਆਂ ਹੁੰਦੀਆਂ ਤਾਂ ਘਰ ਦੀ ਸੁੰਨ ਬਹੁਤ ਕੁਝ ਆਪਣੇ ਵਿਚ ਸਮਾਉਂਦੀ। ਘਰ ਦੀ ਹੋਂਦ ਨੂੰ ਖੁਰਨ ਤੋਂ ਬਚਾਉਣ ਦੀ ਵਾਹ ਤਾਂ ਲਾਉਂਦੀ, ਪਰ ਅਜਿਹੇ ਹਾਲਾਤ ਵਿਚ ਘਰ ਨੂੰ ਕਿਵੇਂ ਭੁਰਭੁਰੇਪਣ ਤੇ ਜ਼ਰਜ਼ਰੇਪਣ ਤੋਂ ਬਚਾਇਆ ਜਾ ਸਕਦਾ, ਜੋ ਖੁਦ ਹੀ ਆਪਣੀ ਅਰਥੀ ਚੁੱਕੀ ਫਿਰੇ। ਘਰ, ਘਰ ਦੇ ਸੁੱਚੇ ਅਰਥਾਂ ਨੂੰ ਪ੍ਰਣਾਇਆ ਰਹੇ ਤਾਂ ਸੁੰਨ ਸਮਾਧੀ ਬਣ ਕੇ ਅੰਤਰੀਵ ਵਿਚ ਚਾਨਣ ਦਾ ਵਣਜ ਕਰਦੀ।
ਡੂੰਘੀ ਰਾਤ ਨੂੰ ਅੰਬਰ ਵਿਚ ਪਸਰੀ ਉਸ ਸੁੰਨ ਨੂੰ ਕੀ ਕਹੋਗੇ, ਜਿਸ ਨੂੰ ਕੋਈ ਚਕੋਰੀ ਦੀ ਅਵਾਜ਼ ਤੋੜੇ ਜਾਂ ਬਿਮਾਰ ਦੀ ਹੂੰਗਰ ਸੁੰਨਤਾ ਨੂੰ ਭੰਗ ਕਰੇ।
ਪਰ ਰਾਤ ਦੀ ਸੁੰਨ ਨੂੰ ਸਰਘੀ ਦਾ ਵਰਦਾਨ ਵੀ ਮਿਲਦੈ, ਜਦ ਸੂਰਜ ਦਸਤਕ ਦਿੰਦੈ, ਪੰਛੀ ਦੇ ਪਰਾਂ ਵਿਚ ਪਰਵਾਜ਼ ਭਰੀ ਜਾਂਦੀ, ਬੋਟ ਚਹਿਚਹਾਉਂਦੇ ਅਤੇ ਪੱਤਿਆਂ ‘ਤੇ ਡਲਕਦੀ ਤ੍ਰੇਲ ਨੂੰ ਆਪਣੀ ਸਤਰੰਗੀ ‘ਤੇ ਮਾਣ ਹੁੰਦਾ। ਕੂਲੀਆਂ ਲਗਰਾਂ, ਟਾਹਣੀਆਂ ‘ਤੇ ਸਜ ਕੇ ਕਾਇਨਾਤ ਨੂੰ ਹੋਰ ਸੁੰਦਰ ਬਣਾਉਂਦੀਆਂ। ਕੁਦਰਤ ਵਿਹੜੇ ਵਿਚ ਸੁੰਦਰਤਾ ਦਾ ਪੀਹੜਾ ਡਾਹੁੰਦੀਆਂ। ਇਕ ਸੁੰਨ ਤੋਂ ਦੂਜੀ ਸੁੰਨ ਤੀਕ ਦਾ ਇਹ ਸਫਰ ਬਹੁਤ ਕੁਝ ਮਨੁੱਖ ਦੇ ਅਚੇਤ ਵਿਚ ਧਰ ਜਾਂਦਾ ਕਿ ਸੁੰਨ ਕਦੇ ਵੀ ਸਦੀਵ ਨਹੀਂ ਰਹਿੰਦੀ। ਮਨੁੱਖੀ ਫਿਤਰਤ ਤੇ ਚਾਹਨਾ, ਮਨ ਵਿਚਲਾ ਸਿਰੜ ਤੇ ਕੁਝ ਪ੍ਰਾਪਤ ਕਰਨ ਦੀ ਧਾਰਨਾ। ਇਕ ਸੁੰਨ ਟੁੱਟ ਕੇ ਦੂਜੀ ਸੁੰਨ ਦਾ ਰਾਹ ਵੀ ਬਣਦੀ, ਜੋ ਜ਼ਿੰਦਗੀ ਵੱਲ ਜਾਂਦਾ ਤੇ ਜ਼ਿੰਦਗੀ ਜਿਉਣਾ ਸਿੱਖਾਉਂਦਾ। ਇਸ ਦੀ ਝੋਲੀ ਵਿਚ ਰਹਿਮਤਾਂ ਅਤੇ ਬਰਕਤਾਂ ਦਾ ਨਿਉਂਦਾ ਪਾਉਂਦਾ। ਹਰ ਸਾਹ ਨੂੰ ਸੁਗੰਧੀ ਅਤੇ ਸਰਗਮ ਸੰਗ ਭਿਉਂ ਕੇ ਜੀਵਨੀ ਸਾਰਥਕਤਾ ਨੂੰ ਹਰ ਸਾਹ ਦੇ ਨਾਮ ਲਾਉਂਦਾ।
ਕਦੇ-ਕਦਾਈਂ ਉਸ ਸੁੰਨ ਨੂੰ ਬੋਲ-ਬੀਹੀ ਵਿਚ ਉਪਜਾਉਣਾ, ਜੋ ਵਕਤ-ਸਫਿਆਂ ਵਿਚ ਖਾਮੋਸ਼ ਏ, ਜੋ ਚੀਖ ਬਣ ਕੇ ਵਾਕਾਂ ਵਿਚ ਸਮਾਈ ਏ, ਜੋ ਹਾਅ ਬਣ ਕੇ ਅਰਥਾਂ ਦਾ ਹਉਕਾ ਏ, ਜਿਸ ਦੀ ਇਬਾਰਤ ਵਿਚ ਘੁਟਣ ਦੀ ਘਿੱਗੀ ਏ, ਜਿਸ ਨੂੰ ਸੋਗ ਦੀ ਸਿਉਂਕ ਨੇ ਖਾ ਲਿਆ ਏ ਅਤੇ ਜੋ ਸੁਰਖ-ਸੰਵੇਦਨਾ ਤੋਂ ਮਹਿਰੂਮ ਹੋਈ ਆਪਣੀ ਮਾਸੂਮੀਅਤ ਨੂੰ ਕੋਂਹਦੀ ਵੈਣ-ਵਿਰਲਾਪਾਂ ਵਿਚ ਹੀ ਉਲਝੀ ਹੋਈ ਏ। ਸ਼ਬਦਾਂ ਵਿਚ ਅਜਿਹੀ ਸੁੱਚਮ ਭਰੋ ਕਿ ਹਉਕਿਆਂ ਨੂੰ ਹਾਸੇ, ਦੁੱਖ ਨੂੰ ਸੁੱਖ, ਵਿਛੋੜੇ ਨੂੰ ਮਿਲਾਪ ਅਤੇ ਛਿਣ-ਭੰਗਰਤਾ ਨੂੰ ਸਦੀਵਤਾ ਦਾ ਵਰਦਾਨ ਮਿਲੇ ਤਾਂ ਹੀ ਇਸ ਸੁੰਨ ਨੂੰ ਆਪਣੀ ਉਪਭੋਗਤਾ ਤੇ ਉਪਕਾਰ ਦਾ ਅਹਿਸਾਸ ਹੋਵੇਗਾ। ਹਰਫਾਂ ਨੂੰ ਪੜ੍ਹਨ, ਇਨ੍ਹਾਂ ਨੂੰ ਸਮਝਣ ਅਤੇ ਇਸ ਰਾਹੀਂ ਜੀਵਨ-ਜਾਚ ਬਣਾਉਣ ਦੀ ਸੋਝੀ ਆ ਜਾਵੇ ਤਾਂ ਵਰਕਿਆਂ ਨੂੰ ਕਦੇ ਵੀ ਸੁੰਨ ਦੇ ਜੰਗਲ ਵਿਚ ਵਾਸ ਨਹੀਂ ਕਰਨਾ ਪਵੇਗਾ। ਕਿਤਾਬਾਂ ਹੁੰਗਾਰਾ ਭਰਦੀਆਂ ਨੇ। ਜੀਵਨ-ਸ਼ੈਲੀ ਸਿਰਜਦੀਆਂ ਨੇ। ਇਨ੍ਹਾਂ ਨੂੰ ਆਪਣੇ ਕਮਰਿਆਂ ਜਾਂ ਬੈਡ ਦੇ ਸਿਰਹਾਣੇ ਰੱਖੋਗੇ ਤਾਂ ਇਨ੍ਹਾਂ ਨਾਲ ਗੱਲਾਂ ਕਰਨ ਦੀ ਚੇਸ਼ਟਾ ਪੈਦਾ ਹੋਵੇਗੀ, ਜਿਸ ਵਿਚੋਂ ਸੁਖਨ, ਸਕੂਨ ਤੇ ਸੰਵੇਦਨਾ, ਮਸਤਕ-ਬਰੂਹਾਂ ਨੂੰ ਧੰਨਭਾਗ ਬਖਸ਼ੇਗੀ।
ਜੇ ਲੋਥਾਂ ਵਿਚ ਘਿਰੀ ਸੁੰਨ, ਅਨਾਥ ਬਾਲ ਦੇ ਸੰਘ ਵਿਚ ਅੜ ਜਾਵੇ ਤਾਂ ਵਕਤ ਵੀ ਸਹਿਮ ਜਾਂਦਾ। ਦਰਿੰਦਗੀ ਵੀ ਖੁਦ ‘ਤੇ ਸ਼ਰਮਿੰਦਾ। ਪੀੜਾ ਨੂੰ ਆਪਣੀ ਹੋਂਦ ‘ਤੇ ਨਮੋਸ਼ੀ। ਅਜਿਹੀ ਸੁੰਨ ਵਿਚ ਜਦ ਅੱਖ ਨਮ ਨਾ ਹੋਵੇ ਜਾਂ ਕਿਸੇ ਦਾ ਮਨ ਨਾ ਪਸੀਜੇ ਤਾਂ ਸਮਝੋ ਮਨੁੱਖ ਮਰ ਗਿਆ ਏ। ਮਾਨਵਤਾ ਨੇ ਕਰ ਲਈ ਏ ਖੁਦਕੁਸ਼ੀ। ਰਹਿਮ-ਭਾਵਨਾ ਨੂੰ ਦੈਂਤ ਨੇ ਨਿਗਲ ਲਿਆ ਏ। ਅਜਿਹੇ ਦ੍ਰਿਸ਼ ਜਦ ਹਰ ਰੋਜ਼ ਹੀ ਅਖਬਾਰਾਂ ਦੇ ਕਾਲੇ ਹਾਸ਼ੀਏ ਬਣਦੇ ਤਾਂ ਅੱਖਰਾਂ ਵਿਚੋਂ ਚੋਂਦੀ ਰੱਤ ਵਿਚ ਲਹੂ-ਲੁਹਾਣ ਹੋਈ ਬੰਦਿਆਈ ਤੇ ਚੰਗਿਆਈ ਦੇ ਮਨ ਵਿਚ ਕੁਝ ਚੰਗੇਰਾ ਕਰਨ ਦੀ ਚਾਹਨਾ ਪੈਦਾ ਹੁੰਦੀ। ਇਸ ਚਾਹਨਾ ਵਿਚੋਂ ਹੀ ਕੁਝ ਕੁ ਸਮਾਜ ਸੇਵੀ ਸੰਸਥਾਵਾਂ ਅਬਲਾ ਦੇ ਸਿਰ ਦੀ ਚੁੰਨੀ, ਰੋਂਦੇ ਬਾਲ ਲਈ ਗੋਦ ਅਤੇ ਭੁੱਖੇ ਢਿੱਡ ਲਈ ਟੁੱਕ ਬਣਦੇ। ਅਜਿਹੀ ਨੇਕ-ਨੀਤੀ ਕਾਰਨ ਹੀ ਮਨੁੱਖ ਦੀ ਨਸਲਕੁਸ਼ੀ ਨਹੀਂ ਹੋਈ।
ਟੁੱਕ ‘ਤੇ ਉਕਰੀ ਉਸ ਸੁੰਨ ਨੂੰ ਕਿਹੜਾ ਉਪਨਾਮ ਦੇਵੋਗੇ, ਜੋ ਕਿਸੇ ਬਦਨਸੀਬ ਦਾ ਨਸੀਬ ਬਣਨ ਦੀ ਥਾਂ ਪੈਰਾਂ ਵਿਚ ਮਸਲੀ ਜਾਵੇ ਜਾਂ ਟੁੱਕ ਲਈ ਖੁਦ ਨੂੰ ਨਿਲਾਮ ਹੋਣਾ ਪਵੇ। ਜਿਸਮ-ਨਿਲਾਮੀ ਵਿਚੋਂ ਮਿਲੀ ਬੁਰਕੀ ਜਦ ਪੇਟ ਵਿਚ ਜਾ ਕੇ ਖੌਰੂ ਪਾਉਂਦੀ ਤਾਂ ਸੋਚ-ਭੁਚਾਲ ਪੈਦਾ ਹੁੰਦਾ; ਪਰ ਮਜਬੂਰੀ ਕਰਕੇ ਇਹ ਉਬਾਲ ਆਪਣੀ ਮੌਤੇ ਹੀ ਮਰ ਜਾਂਦਾ ਅਤੇ ਅਗਲੇ ਦਿਨ ਫਿਰ ਨਿਲਾਮੀ ਲਈ ਜਿਸਮ ਚੌਰਾਹੇ ਵਿਚ ਖੜਾ ਹੁੰਦਾ। ਕਦੇ ਇਸ ਸੁੰਨ ਨੂੰ ਸਮਝਣ ਅਤੇ ਇਸ ਦੀ ਸੰਵੇਦਨਾ ਵਿਚੋਂ ਸੁਚੇਤਨਾ ਨੂੰ ਆਪਣੀ ਸਮਝ ਦੇ ਨਾਮ ਲਾਉਣਾ, ਮਨੁੱਖ ਨੂੰ ਦਰਿੰਦਾ ਕਹਿਣ ਦੀ ਦਲੇਰੀ ਸ਼ਾਇਦ ਮਨ ਵਿਚ ਪੈਦਾ ਹੋਵੇ।
ਸੁੰਨ ਜਦ ਬਸਤਿਆਂ ਵਿਚ ਸ਼ਹਿ ਜਾਵੇ, ਪੂਰਨਿਆਂ ਨੂੰ ਪੂੰਝ ਦੇਵੇ, ਕਲਮ ਨੂੰ ਕਤਲ ਕਰ ਦੇਵੇ ਜਾਂ ਨਿੱਕੇ ਨਿੱਕੇ ਸੁਪਨਿਆਂ ਨੂੰ ਪੁੰਗਰਨ ਤੋਂ ਪਹਿਲਾਂ ਹੀ ਕਤਲਗਾਹ ਵਲ ਤੋਰ ਲਵੇ ਤਾਂ ਇਹ ਸੁੰਨ ਕਾਤਲ-ਜਨਨੀ ਅਖਵਾਵੇ। ਅੱਖਰ-ਗਿਆਨ ਤੋਂ ਕੋਰੇ ਲੋਕ ਕਿਵੇਂ ਇਸ ਸੁੰਨ ਵਿਚ ਉਤਰਨਗੇ? ਇਸ ਦੀਆਂ ਪਰਤਾਂ ਫਰੋਲਣਗੇ? ਇਸ ਦੇ ਮੁਖੌਟਿਆਂ ਵਿਚੋਂ ਅਸਲੀਅਤ ਵੰਨੀਂ ਝਾਕਣਗੇ ਅਤੇ ਇਸ ਵਿਚੋਂ ਆਪਣੀ ਖੁਦੀ ਨੂੰ ਕਿਆਸਣਗੇ? ਲੋੜ ਹੈ, ਗਿਆਨ ਦੇ ਦੀਵੇ ਨੂੰ ਹਨੇਰੀਆਂ ਤੋਂ ਬਚਾਇਆ ਜਾਵੇ। ਚਿਰਾਗ ਵਿਚ ਹਮਦਰਦੀ ਅਤੇ ਲੋਕ-ਭਲਾਈ ਦਾ ਤੇਲ ਪਾਇਆ ਜਾਵੇ। ਅਪਣੱਤ ਰੂਪੀ ਹੱਥਾਂ ਦੀ ਓਟ ਕਰੀਏ ਅਤੇ ਜਗਦੀ ਜੋਤ ਦਾ ਦਮ ਭਰੀਏ ਤਾਂ ਹੀ ਅੱਖਰਾਂ ਵਿਚੋਂ ਛਣਦਾ ਗਿਆਨ ਮਸਤਕ ਧਰਾਤਲ ਨੂੰ ਰੁਸ਼ਨਾ ਕੇ ਕੁਝ ਸੁਚੇਤ ਤੇ ਸੁਥਰਾ ਕਰਨ ਦਾ ਚਾਅ ਮਨ ਵਿਚ ਪੈਦਾ ਕਰੇਗਾ ਅਤੇ ਸਮਿਆਂ ਦੀ ਸੁਭੋਗਤਾ ਨੂੰ ਉਮਰ ਦੇ ਨਾਮ ਕਰੇਗਾ।
ਮਰਨਹਾਰੀ ਸੁੰਨ ਜਦ ਹਵਾ, ਪਾਣੀ ਅਤੇ ਧਰਤ ਦੇ ਨਾਮ ਕਰ ਦਿਤੀ ਜਾਵੇ, ਇਨ੍ਹਾਂ ਦੀ ਹੋਂਦ ਹੀ ਪ੍ਰਸ਼ਨ ਬਣ ਜਾਵੇ ਤਾਂ ਮਨੁੱਖ ਨੂੰ ਰਹਿਮਤਾਂ ਬਖਸ਼ਣ ਵਾਲਿਆਂ ਪ੍ਰਤੀ ਉਸ ਦੀ ਕਮੀਨਗੀ ਨੂੰ ਕਿੰਜ ਕਿਆਸੋਗੇ? ਅਕ੍ਰਿਤਘਣ ਮਨੁੱਖ ਨੇ ਆਪਣੇ ਅਮਲ ਵਿਚੋਂ ਹੀ ਮੌਤ ਦੇ ਪੈਗਾਮ ਨੂੰ ਆਪਣੇ ਮੱਥੇ ਤੇ ਚਿਪਕਾਉਣਾ ਸ਼ੁਰੂ ਕਰ ਦਿਤਾ ਏ। ਇਸ ਦੇ ਬਚਣ ਦੀ ਉਮੀਦ ਕਿਵੇਂ ਰੱਖੋਗੇ?
ਸੁੰਨ ਕਦੇ ਵੀ ਬੇਹਰਫੀ, ਅਬੋਲ, ਬੇਅਰਥੀ, ਬੇਵਜ੍ਹਾ, ਬੇਤਕੱਲਫੀ ਜਾਂ ਬੇਗਾਨੀ ਨਹੀਂ ਹੁੰਦੀ। ਇਸ ਵਿਚ ਬਹੁਤ ਕੁਝ ਹੁੰਦਾ, ਜਿਸ ਨੂੰ ਜ਼ੁਬਾਨ ਵੀ ਦੇਣੀ ਹੁੰਦੀ, ਸ਼ਬਦ ਵੀ ਪਰੋਸਣੇ ਹੁੰਦੇ, ਅਰਥ ਵੀ ਅਰਪਣੇ ਹੁੰਦੇ ਤੇ ਸਰਬ-ਹਿੱਤਕਾਰੀ ਵੀ ਬਣਾਉਣਾ ਹੁੰਦਾ। ਸੁੰਨ ਦੀ ਅਵਸਥਾ ਉਦੋਂ ਤਾਰੀ ਹੁੰਦੀ, ਜਦ ਬੋਲ ਬੇਵਫਾ ਹੁੰਦੇ। ਹਰਫ ਹਉਕਾ ਹੋ ਜਾਂਦੇ। ਦ੍ਰਿਸ਼ਟੀ, ਦਿਸ਼ਾਹੀਣ ਹੋਣ ਲੱਗਦੀ ਜਾਂ ਵਿਚਾਰਾਂ ਵਿਚਲੀ ਖੜੋਤ ਅੰਤਰੀਵ ਹਲੂਣਦੀ।
ਜੋ ਲੋਕ ਕਿਸੇ ਦੀ ਸੁੰਨ ਨਹੀਂ ਸਮਝਦੇ, ਉਨ੍ਹਾਂ ਲਈ ਸ਼ਬਦਾਂ ਦੇ ਕੋਈ ਅਰਥ ਨਹੀਂ ਹੁੰਦੇ, ਬੋਲ-ਬਾਣੀ ਕੋਈ ਮਾਅਨੇ ਨਹੀਂ ਰੱਖਦੀ। ਸੁੰਨ ਨੂੰ ਸਮਝਣ ਦੀ ਜਾਚ ਵਿਰਲਿਆਂ ਦਾ ਕਰਮ। ਇਹ ਕਰਮ ਕਮਾ ਕੇ ਹੀ ਕਰਮਯੋਗੀ ਬਣਿਆ ਜਾ ਸਕਦਾ।
ਸੁੰਨ ਵਿਚ ਉਤਰ ਕੇ ਬੁੱਧ ਨੇ ਸਮਾਧੀ ਰਾਹੀਂ ਖੁਦ ਨੂੰ ਪਾਇਆ, ਯੋਗੀ ਰਿਸ਼ੀ-ਮੁਨੀ ਹਮੇਸ਼ਾ ਅਜਿਹੀ ਸੁੰਨ ਦੀ ਭਾਲ ਵਿਚ ਰਹਿੰਦੇ, ਪਰ ਬਾਹਰੀ ਸੁੰਨ ਜਦ ਅੰਦਰਲੀ ਸੁੰਨ ਨੂੰ ਮੁਖਾਤਿਬ ਹੁੰਦੀ ਤਾਂ ਸੁੰਨ ਹਾਸਲ ਬਣਦੀ। ਬਾਹਰੀ ਸਵਾਲਾਂ ਦਾ ਜਵਾਬ ਇਹ ਸੁੰਨ ਹੀ ਹੁੰਦੀ, ਜੋ ਤੁਹਾਡੇ ਮੁਖੜੇ ਦੀ ਆਭਾ ਬਣ ਕੇ ਚੁਫੇਰੇ ਨੂੰ ਰੁਸ਼ਨਾਉਂਦੀ। ਇਕ ਆਭਾ-ਮੰਡਲ ਸਿਰਜਿਆ ਜਾਂਦਾ।
ਸੁੰਨ ਅਜਿਹਾ ਸੱਚ, ਜੋ ਮਨੁੱਖ ਜੀਅ ਕੇ ਹੀ ਸਮਝਦਾ ਕਿ ਜੀਵਨ ਕੀ ਏ? ਇਸ ਨੂੰ ਸਹੀ ਅਰਥਾਂ ਵਿਚ ਕਿਵੇਂ ਜੀਵਿਆ ਜਾ ਸਕਦਾ? ਕਿਵੇਂ ਇਸ ਦੇ ਹਰ ਪਲ ‘ਤੇ ਖੁਸ਼ੀਆਂ ਤੇ ਖੇੜਿਆਂ ਦੀ ਪਿਉਂਦ ਲਾ ਕੇ ਮਨ ਨੂੰ ਹਰਾ-ਭਰਾ ਕੀਤਾ ਜਾ ਸਕਦਾ।
ਕਲਮ ਦੀ ਨੋਕ ‘ਤੇ ਜਦ ਸੁੰਨ ਪਸਰ ਜਾਂਦੀ ਤਾਂ ਕਲਮ ਵਿਲਕਦੀ:
ਚਾਰੇ ਪਾਸੇ ਸੁੰਨ ਹੀ ਸੁੰਨ ਹੈ
ਤੇ ਸੁੰਨ ਦਾ ਪਹਿਰ-ਪਸਾਰਾ
ਸੁੰਨ ਦਾ ਅਰਘ ਚੜ੍ਹਾਵਣ ਲੱਗਿਆਂ
ਸੌਂ ਜਾਂਦਾ ਸੰਸਾਰਾ
ਘਰ ‘ਚ ਸੁੱਤੀ ਸੁੰਨ ਨਾ ਛੇੜੀਂ
ਪੈਣੀਆਂ ਜਾਗ ਉਡੀਕਾਂ
ਕੰਧਾਂ ਨੇ ਵੀ ਸੋLਰ ਮਚਾਉਣਾ
ਮਸਾਂ ਸੁਆਈਆਂ ਲੀਕਾਂ
ਇਕ ਸੁੰਨ ਬੈਠੀ ਸਾਹ-ਸੁਰੰਗੀ
ਸਰਗਮ ਚੁੱਪ ਕਰਾਵੇ
ਤੇ ਸੋਚਾਂ ਦੀ ਉਖੜੀ ਬਿਰਤੀਏ
ਸੁੰਨ-ਸਮਾਧ ਧਰ ਜਾਵੇ
ਇਕ ਸੁੰਨ ਖੇਤਾਂ ਦੇ ਵਿਚ ਉਗਦੀ
ਚੀਖ-ਚਿਹਾੜਾ ਪਾਵੇ
ਖੁਦਕੁਸ਼ੀਆਂ ਦੀ ਫਸਲ ਉਗਾ ਕੇ
ਕੁਲਹਿਣਾ ਸ਼ੋਰ ਮਚਾਵੇ
ਇਕ ਸੁੰਨ ਫੁੱਲਾਂ ਪਿੰਡੇ ਜਨਮੇ
ਜੀਵੇ ‘ਤੇ ਮਰ ਜਾਵੇ
ਪਰ ਇਸ ਦੀ ਸੂਹੀ ਰੰਗਤ
ਜੀਣ ਦੀ ਜੁਗਤ ਸਿੱਖਾਵੇ
ਇਕ ਸੁੰਨ ਜਿਹੜੀ ਅੰਤਰ ਜੂਹੇ
ਰੌਸ਼ਨ ਹੋਣਾ ਚਾਹਵੇ
ਪਰ ਧੂਣੀ ਦਾ ਧੂੰਆਂ ਬਣ ਕੇ
ਅੰਦਰ ਜੀਰਦੀ ਜਾਵੇ
ਇਹ ਸੁੰਨ ਹੀ ਖੁਦ ‘ਚੋਂ ਖੁਦ ਦਾ
ਕਰਦੀ ਲੇਖਾ-ਜੋਖਾ
ਆਖੇ ਮੈਨੂੰ ਅੰਦਰ ਵਸਾ ਲੈ
ਬੋਲਿਆ ਭਲਿਆ ਲੋਕਾ
ਇਕ ਸੁੰਨ ਝਾਕੇ ਸੁੰਗੜੇ ਨੈਣੀਂ
ਸੁਪਨੇ ਕਿਸ ਸਰਾਪੇ
ਇਸ ਸੁੰਨ ਦੀ ਭੀੜ ਦੇ ਅੰਦਰ
ਬੰਦਾ ‘ਕੱਲਾ ਜਾਪੇ
ਇਕ ਸੁੰਨ ਉਜੜੇ ਆਲ੍ਹਣੇ ਬਹਿ ਕੇ
ਬੋਟਾਂ ਨੂੰ ਵਰਚਾਵੇ
ਪਰ ਖਿਲਰੇ ਤੀਲਿਆਂ ਦੀ ਹੋਣੀ
ਚੋਗ ਕਿੰਜ ਬਣ ਜਾਵੇ
ਭਰੀ ਹੋਈ ਆ ਸੁੰਨ ਦੀ ਬਗਲੀ
ਕਤਲ, ਕਰੋਧ ਵਿਨਾਸ਼ਾਂ
ਆਪਣੀ ਮੌਤ ਵਿਹਾਜਣ ਤੁਰੀਆਂ
ਤੁਰਦੀਆਂ ਫਿਰਦੀਆਂ ਲਾਸ਼ਾਂ
ਗਮਵੇਤਾ ਦੀ ਵੇਦੀ ਚੜ੍ਹੀਆਂ
ਚਿੰਤਾ, ਫਿਕਰ, ਅਰਦਾਸਾਂ
ਤੇ ਹੱਥੀਂ ਕੀਤੇ ਵੀਰਾਨ ਚਮਨ ਨੂੰ
ਕਿੰਜ ਬੰਨਾਵਾਂ ਆਸਾਂ
ਇਕ ਸੁੰਨ ਘਰ ਦੀ ਸਰਦਲ ਬਹਿ ਕੇ
ਮੰਗਦੀ ਆਪਣੀ ਖੈਰ
ਘਰ ਵਾਲਾ ਹੀ ਘਰ ਰਹਿੰਦਿਆਂ
ਬਣ ਜਾਂਦਾ ਏ ਗੈਰ
ਤੇ ਮੋਹ ਦੇ ਚਿੱਟੇ ਅੰਬਰ-ਜੂਹੇ
ਉਠਦੀ ਗਾੜ੍ਹੀ ਗਹਿਰ।

ਇਕ ਸੁੰਨ ਹੋਵੇ ਪੁੰਨਿਆ ਰਾਤੇ
ਤੇ ਤਾਰੇ ਬੈਠਣ ਕੋਲ
ਚਾਨਣ ਦੀ ਜੂਹ ਵਿਚ ਬਹਿ ਕੇ
ਦੇਵਾਂ ਮਨ ਫਰੋਲ
ਇਕ ਸੁੰਨ ਹੋਵੇ ਸਰਘੀ ਉਤਰੀ
ਪਾ ਤ੍ਰੇਲ ਦਾ ਬਾਣਾ
ਤੇ ਹੌਲੀ ਹੌਲੀ ਉਤਰੀ ਧੁੱਪ ਦਾ
ਪੰਛੀਆਂ ਨੇ ਗੀਤ ਗਾਣਾ
ਇੱਕ ਸੁੰਨ ਹੁੰਦੀ ਪੀਰ-ਦਰਗਾਹੇ
ਅੰਦਰ ਧੱਸਦੀ ਜਾਵੇ
ਪਿੰਡੇ ਉਤੇ ਲੀਰਾਂ ਚਾਦਰ
ਹੌਲੀ ਹੌਲੀ ਲਾਹਵੇ
ਇਕ ਸੁੰਨ ਜਿਹੜੀ ਬੋਲ-ਬਰੂਹੀਂ
ਰੋਜ਼ ਤੇਲ ਚੋਅ ਜਾਵੇ
ਉਸ ਦਾ ਰੂਪ ਹੀ ਵਰਕਿਆਂ ਉਤੇ
ਇਬਾਰਤ ਰੂਪ ਹੰਢਾਵੇ
ਇਕ ਸੁੰਨ ਹੁੰਦੀ ਰੂਹ ਦੀ ਸਿਰਜੀ
ਤੇ ਸੱਖਣੀ ਰੂਹ ਦਾ ਰੱਜ
ਇਸ ਸੁੰਨ ਵਿਚੋਂ ਹੀ ਰੌਸ਼ਨ ਹੁੰਦਾ
ਪਲ ਪਲ ਲੰਘਦਾ ਅੱਜ
ਇਸ ਸੁੰਨ ਦੀ ਸ਼ਰਣੀਂ ਆ ਜਾ
ਬਣ ਸੁਖਨ ਦਾ ਹਾਣੀ
ਇਸ ਸੁੰਨ ਵਿਚੋਂ ਹੀ ਹਰ ਯੁੱਗ ਨੇ
ਆਪਣੀ ਔਕਾਤ ਪਛਾਣੀ
ਤੇ ਇਸ ਵਿਚ ਹੀ ਖਤਮ ਹੋ ਕੇ
ਤੁਰਦੀ ਨਵੀਂ ਕਹਾਣੀ।
ਅੱਜ ਕੱਲ ਇਕ ਮਾਰੂ ਸੁੰਨ ਖੇਤਾਂ ਵਿਚ ਦਨਦਨਾਉਂਦੀ ਫਿਰਦੀ ਏ, ਜੋ ਖੁਦਕੁਸ਼ੀਆਂ ਨੂੰ ਜਨਮਦੀ, ਜ਼ਹਿਰ ਉਗਲਦੀ ਹਰੇਕ ਪ੍ਰਾਣੀ ਨੂੰ ਮੌਤ ਮੰਨਤ ਨਾਲ ਵਰਸਾਉਂਦੀ ਖੇਤ, ਆੜ, ਔਲੂਆਂ, ਬੰਨਿਆਂ ਅਤੇ ਕਿਆਰਿਆਂ ਦੇ ਨਾਮ ਮਾਤਮ ਲਾਉਂਦੀ ਤੇ ਕਲਯੁੱਗ ਵਰਤਾਉਂਦੀ ਹਰ ਪਿੰਡ ਦੀ ਜੂਹ ਨੂੰ ਕੁਲਹਿਣੀ ਬਣਾ ਰਹੀ ਏ। ਜੇ ਅਸੀਂ ਇਸ ਸੁੰਨ ਨੂੰ ਨਾ ਤੋੜਿਆ ਤਾਂ ਬਹੁਤ ਕੁਝ ਸਮੇਂ ਦੇ ਗਰਭ ਵਿਚ ਗੁਆਚ ਜਾਵੇਗਾ, ਜੋ ਕਦੇ ਮਨੁੱਖ ਦਾ ਹਾਸਲ ਹੁੰਦਾ ਸੀ। ਇਹ ਮਨੁੱਖ ਨੇ ਆਪਣੇ ਹੱਥੀਂ ਹੀ ਗਵਾ ਲਿਆ। ਜਦ ਮਨੁੱਖ ਹੀ ਆਪਣੀ ਕਬਰ ਖੋਦਣ ਲੱਗੇ, ਅਰਥੀ ਢੋਣ ਲੱਗੇ, ਕੀਰਨਿਆਂ ਤੇ ਵਿਰਲਾਪਾਂ ਨੂੰ ਗਾਉਣ ਲੱਗੇ ਅਤੇ ਸਿਖਰ ਦੁਪਹਿਰੇ ਹੀ ਸੂਰਜ ਡੁੱਬ ਜਾਣ ਦੀਆਂ ਬਾਤਾਂ ਪਾਉਣ ਲੱਗ ਪਵੇ ਤਾਂ ਕਾਲੀ-ਬੋਲੀ ਹਨੇਰੀ ਦਸਤਕ ਤਾਂ ਦੇਵੇਗੀ ਹੀ।
ਸੁੰਨ ਨੂੰ ਸਿਰੜ, ਸਾਧਨਾ, ਸਾਦਗੀ ਅਤੇ ਸਮਰਪਣ ਨਾਲ ਤੋੜੋ ਕਿ ਇਸ ਦੀ ਕਰਮ-ਜਾਚਨਾ ਵਿਚੋਂ ਸੁਹਜ, ਸਹਿਜ, ਸਮਰੱਥਾ, ਸਫਲਤਾ ਅਤੇ ਸ਼ਿਲਾਲੇਖ ਸਮਿਆਂ ਦਾ ਹਸਲ ਬਣੇ।
ਸੁੰਨ ਵਿਚ ਕਦੇ ਵੀ ਟੁੱਟੇ ਕਲੀਰੇ, ਤਿੱੜਕੀਆਂ ਵੰਗਾਂ, ਪੂੰਝੇ ਸੰਧੂਰ ਜਾਂ ਲੀਰਾਂ-ਲਿਬਾਸ ਨਾ ਧਰੋ, ਸਗੋਂ ਇਸ ਨੂੰ ਅੰਤਰੀਵੀ ਸੁੰਦਰਤਾ, ਸਿਆਣਪ ਅਤੇ ਸੁਘੜ-ਸੰਵੇਦਨਾ ਸੰਗ ਵਰੋ ਤਾਂ ਇਸ ਦੀਆਂ ਬਰੂਹਾਂ ਵਿਚ ਬੋਲਾਂ ਨੂੰ ਗੁਟਕਣੀ, ਹਾਕ ਨੂੰ ਹੁੰਗਾਰਾ, ਕੋਰੇ ਵਰਕਿਆਂ ਨੂੰ ਹਰਫ-ਦਾਨ, ਚੁੱਪ ਨੂੰ ਰੌਣਕ, ਠੰਢੇ ਚੁੱਲਿ੍ਹਆਂ ਨੂੰ ਚੁਗਲੀਆਂ ਕਰਦੀ ਅੱਗ ਅਤੇ ਨੀਰ-ਹੀਣਾਂ ਨੂੰ ਆਬ-ਸੌਗਾਤ ਦਾ ਸ਼ਰਫ ਹਾਸਲ ਹੋਵੇ। ਕਮਰਿਆਂ ਵਿਚ ਬੱਚਿਆਂ ਦਾ ਸ਼ੋਰ-ਓ-ਗੁੱਲ ਮਚਲਦਾ ਫਿਰੇ, ਕੰਧਾਂ ਨੂੰ ਮਾਰੀਆਂ ਲੀਕਾਂ ਵਿਚਲੀ ਉਮੀਦ ਨਜ਼ਰ ਆਵੇ, ਅਲਮਾਰੀਆਂ ‘ਚ ਸਹਿਮੇ ਖਿਡੌਣਿਆਂ ਨੂੰ ਨਿੱਕੇ ਜਿਹੇ ਹੱਥਾਂ ਦੀ ਕੋਮਲ ਛੋਹ ਮਹਿਸੂਸ ਹੋਵੇ ਅਤੇ ਕਮਰਿਆਂ ਨੂੰ ਘਰ ਦਾ ਨਸੀਬ ਮਿਲੇ।
ਉਸ ਸੁੰਨ ਨੂੰ ਕਦੇ ਵੀ ਪ੍ਰਗਟਾਇਆ ਨਹੀਂ ਜਾ ਸਕਦਾ, ਜੋ ਬਹੁਤ ਹੀ ਪਿਆਰੇ ਨੂੰ ਮਿਲਣ ‘ਤੇ ਨਾਜ਼ਲ ਹੁੰਦੀ। ਅਹਿਮ ਪ੍ਰਾਪਤੀ ਦੇ ਮੌਕੇ ਬੋਲਾਂ ਵਿਚ ਉਤਰਦੀ। ਅਸੀਮ ਖੁਸ਼ੀ ਦੇ ਪਲਾਂ ਵਿਚ ਮਨ-ਮਸਤਕ ‘ਤੇ ਤਾਰੀ ਹੁੰਦੀ। ਬਚਪਨੀ-ਸ਼ਰਾਰਤਾਂ ਵਿਚ ਗਵਾਚੇ ਬੱਚੇ ਦਾ ਕਰਮ-ਭਾਗ ਬਣਦੀ। ਮਮਤਾ ਨੈਣੀਂ ਉਤਰ ਕੇ ਲਾਡ ਲਡਾਉਂਦੀ ਜਾਂ ਬਾਪ ਦੀ ਤੱਕਣੀ ਵਿਚ ਪ੍ਰਗਟਦੀ, ਜਦ ਲਾਡਲੇ ਦੀ ਪ੍ਰਾਪਤੀ ਉਸ ਦੇ ਸ਼ਮਲੇ ਨੂੰ ਹੋਰ ਉਚੇਰਾ ਕਰਦੀ। ਅਜਿਹੀ ਸੁੰਨ ਸਦਕਾ ਹੀ ਸਮਿਆਂ ਦੀ ਬੀਹੀ ਵਿਚ ਜੀਵਨ-ਨਾਦ ਗੂੰਜਦਾ। ਇਸ ‘ਚੋਂ ਹੀ ਜੀਵਨ ਨੂੰ ਬਰਕਤਾਂ ਭਰਪੂਰ ਜੀਵਨ-ਯਾਤਰਾ ਹਾਸਲ ਹੁੰਦੀ, ਜੋ ਤੁਰ ਜਾਣ ਪਿਛੋਂ ਵੀ ਲੋਕ-ਯਾਦ ਦਾ ਹਿੱਸਾ ਬਣ ਕੇ ਸਦਾ ਜਿਉਂਦੀ ਰਹਿੰਦੀ।
ਅਜਿਹੀ ਯਾਦ ਬਣਨ ਦੀ ਕਾਮਨਾ ਤਾਂ ਕਲਮ ਹਮੇਸ਼ਾ ਹੀ ਕਰਦੀ ਰਹੇਗੀ।