18 ਸਰਕਾਰੀ ਬੈਂਕਾਂ ਨਾਲ 31,898 ਕਰੋੜ ਦੀ ਧੋਖਾਧੜੀ

ਇੰਦੌਰ: ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪਰੈਲ ਤੋਂ ਜੂਨ) ਦੌਰਾਨ ਜਨਤਕ ਖੇਤਰ ਦੇ 18 ਬੈਂਕਾਂ ਵਿਚ ਕੁੱਲ 31,898.63 ਕਰੋੜ ਰੁਪਏ ਦੀ ਧੋਖਾਧੜੀ ਦੇ 2480 ਮਾਮਲੇ ਸਾਹਮਣੇ ਆਏ ਹਨ। ਦੇਸ਼ ਦਾ ਮੋਹਰੀ ਬੈਂਕ ਭਾਰਤੀ ਸਟੇਟ ਬੈਂਕ ਇਸ ਸਮੇਂ ਦੌਰਾਨ ਧੋਖਾਧੜੀ ਦਾ ਸਭ ਤੋਂ ਵੱਡਾ ਸ਼ਿਕਾਰ ਬਣਿਆ, ਕਿਉਂਕਿ ਧੋਖਾਧੜੀ ਵਾਲੀ ਉਕਤ ਰਕਮ ਵਿਚੋਂ ਤਕਰੀਬਨ 38 ਫੀਸਦੀ ਧਨ ਰਾਸ਼ੀ ਨਾਲ ਜੁੜੇ ਮਾਮਲੇ ਸਿਰਫ ਭਾਰਤੀ ਸਟੇਟ ਬੈਂਕ ਵੱਲੋਂ ਜ਼ਾਹਿਰ ਕੀਤੇ ਗਏ ਹਨ।

ਮੱਧ ਪ੍ਰਦੇਸ਼ ਦੇ ਨੀਮਚ ਵਾਸੀ ਤੇ ਆਰ.ਟੀ.ਆਈ. ਕਾਰਕੁਨ ਚੰਦਰਸ਼ੇਖਰ ਗੌੜ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਦੇ ਇਕ ਅਧਿਕਾਰੀ ਨੇ ਉਸ ਨੂੰ ਇਹ ਜਾਣਕਾਰੀ ਦਿੱਤੀ ਹੈ। ਆਰ.ਟੀ.ਆਈ. ਤਹਿਤ ਗੌੜ ਨੂੰ ਭੇਜੇ ਗਏ ਜਵਾਬ ਤੋਂ ਪਤਾ ਲੱਗਦਾ ਹੈ ਕਿ 30 ਜੂਨ ਨੂੰ ਸਮਾਪਤ ਹੋਈ ਪਹਿਲੀ ਤਿਮਾਹੀ ਵਿਚ ਭਾਰਤੀ ਸਟੇਟ ਬੈਂਕ ‘ਚ ਧੋਖਾਧੜੀ ਦੇ 1197 ਮਾਮਲਿਆਂ ਦਾ ਪਤਾ ਲੱਗਿਆ ਜੋ ਕੁੱਲ 12,012.77 ਕਰੋੜ ਰੁਪਏ ਦੀ ਰਾਸ਼ੀ ਨਾਲ ਸਬੰਧਤ ਸਨ।
ਇਸ ਸਮੇਂ ਦੌਰਾਨ ਬੈਂਕਿੰਗ ਧੋਖਾਧੜੀ ਦੇ ਦਾਇਰੇ ਵਿਚ ਆਈ ਸਭ ਤੋਂ ਵੱਧ ਧਨ ਰਾਸ਼ੀ ਦੇ ਪੈਮਾਨੇ ‘ਤੇ ਇਲਾਹਾਬਾਦ ਬੈਂਕ ਦੂਜੇ ਸਥਾਨ ‘ਤੇ ਰਿਹਾ। ਇਲਾਹਾਬਾਦ ਬੈਂਕ ਵਿਚ ਕੁੱਲ 2855.46 ਕਰੋੜ ਰੁਪਏ ਦੀ ਧੋਖਾਧੜੀ ਦੇ 381 ਮਾਮਲੇ ਸਾਹਮਣੇ ਆਏ। ਪੰਜਾਬ ਨੈਸ਼ਨਲ ਬੈਂਕ ਕੁੱਲ 2526.55 ਕਰੋੜ ਰੁਪਏ ਦੀ ਧੋਖਾਧੜੀ ਦੇ 99 ਮਾਮਲਿਆਂ ਨਾਲ ਇਸ ਸੂਚੀ ਵਿਚ ਤੀਜੇ ਨੰਬਰ ‘ਤੇ ਰਿਹਾ। ਫਿਲਹਾਲ, ਭਾਰਤੀ ਰਿਜ਼ਰਵ ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਬੈਂਕਿੰਗ ਧੋਖਾਧੜੀ ਦੀ ਕਿਸਮ ਅਤੇ ਧੋਖਾਧੜੀ ਦੇ ਸ਼ਿਕਾਰ ਬੈਂਕ ਜਾਂ ਉਸ ਦੇ ਗਾਹਕਾਂ ਨੂੰ ਹੋਏ ਨੁਕਸਾਨ ਦਾ ਅਸਲ ਬਿਓਰਾ ਨਹੀਂ ਦਿੱਤਾ ਗਿਆ ਹੈ। ਸੂਚਨਾ ਦੇ ਅਧਿਕਾਰੀ ਐਕਟ ਤਹਿਤ ਦਿੱਤੀ ਗਈ ਅਰਜ਼ੀ ਵਿਚ ਸ੍ਰੀ ਗੌੜ ਦੇ ਇਕ ਸਵਾਲ ‘ਤੇ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਉਸ ਕੋਲ ਇਸ ਦੇ ਅੰਕੜੇ ਉਪਲਬਧ ਨਹੀਂ ਹਨ।
ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਬੈਂਕ ਆਫ ਬੜੌਦਾ ‘ਚ 2297.05 ਕਰੋੜ ਰੁਪਏ ਦੀ ਧੋਖਾਧੜੀ ਦੇ 75 ਮਾਮਲੇ, ਓਰੀਐਂਟਲ ਬੈਂਕ ਆਫ ਕਾਮਰਸ ‘ਚ 2133.08 ਕਰੋੜ ਰੁਪਏ ਦੀ ਧੋਖਾਧੜੀ ਦੇ 45 ਮਾਮਲੇ, ਕੇਨਰਾ ਬੈਂਕ ਵਿਚ 2035.81 ਕਰੋੜ ਦੀ ਧੋਖਾਧੜੀ ਦੇ 69 ਮਾਮਲੇ, ਸੈਂਟਰਲ ਬੈਂਕ ਆਫ ਇੰਡੀਆ ‘ਚ 1982.27 ਕਰੋੜ ਦੀ ਧੋਖਾਧੜੀ ਦੇ 194 ਮਾਮਲੇ, ਯੂਨਾਈਟਿਡ ਬੈਂਕ ਆਫ ਇੰਡੀਆ ‘ਚ 1196 ਕਰੋੜ ਰੁਪਏ ਦੀ ਧੋਖਾਧੜੀ ਦੇ 31 ਮਾਮਲੇ ਸਾਹਮਣੇ ਆਏ। ਕਾਰਪੋਰੇਸ਼ਨ ਬੈਂਕ ‘ਚ 16 ਮਾਮਲਿਆਂ ਵਿਚ 960.80 ਕਰੋੜ, ਇੰਡੀਅਨ ਓਵਰਸੀਜ਼ ਬੈਂਕ ‘ਚ 46 ਮਾਮਲਿਆਂ ਵਿਚ 934.67 ਕਰੋੜ ਅਤੇ ਬੈਂਕ ਆਫ ਇੰਡੀਆ ‘ਚ 42 ਮਾਮਲਿਆਂ ‘ਚ 517.20 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ ਅਤੇ ਸਭ ਤੋਂ ਘੱਟ ਸਿਰਫ ਇਕ ਮਾਮਲੇ ‘ਚ 2.2 ਲੱਖ ਰੁਪਏ ਦੀ ਧੋਖਾਧੜੀ ਪੰਜਾਬ ਐਂਡ ਸਿੰਧ ਬੈਂਕ ਵਿਚ ਹੋਈ।