ਬਟਾਲਾ ਦੀ ਪਟਾਕਾ ਫੈਕਟਰੀ ‘ਚ ਧਮਾਕਾ; 24 ਮੌਤਾਂ, 30 ਜਖਮੀ

ਬਟਾਲਾ: ਬਟਾਲਾ ਦੇ ਜਲੰਧਰ ਰੋਡ ‘ਤੇ ਹੰਸਲੀ ਨਾਲੇ ਕਿਨਾਰੇ ਰਿਹਾਇਸ਼ੀ ਇਲਾਕੇ ਵਿਚ ਸਥਿਤ ਇਕ ਪਟਾਕਾ ਫੈਕਟਰੀ ਵਿਚ ਜ਼ੋਰਦਾਰ ਧਮਾਕੇ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਇਕੋ ਪਰਿਵਾਰ ਦੇ 4 ਜੀਅ ਸ਼ਾਮਲ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਕਿਲੋਮੀਟਰ ਤੱਕ ਇਸ ਦੀ ਆਵਾਜ਼ ਸੁਣੀ ਗਈ ਅਤੇ ਕਰੀਬ 500 ਮੀਟਰ ਤੋਂ ਵੱਧ ਦੂਰੀ ਤੱਕ ਧਮਾਕੇ ਦੀ ਧਮਕ ਮਹਿਸੂਸ ਕੀਤੀ ਗਈ। ਦੁਕਾਨਾਂ ਅਤੇ ਘਰਾਂ ਦੇ ਸ਼ੀਸ਼ੇ ਅਤੇ ਫਲੈਕਸ ਬੋਰਡ ਵੀ ਟੁੱਟ ਗਏ।

ਧਮਾਕੇ ਕਾਰਨ ਫੈਕਟਰੀ ਪੂਰੀ ਤਰ੍ਹਾਂ ਮਲਬੇ ਦੇ ਢੇਰ ਵਿਚ ਬਦਲ ਗਈ ਜਦ ਕਿ ਨਾਲ ਲੱਗਦੇ ਇਕ ਘਰ ਦਾ ਲੈਂਟਰ ਵੀ ਡਿੱਗ ਗਿਆ ਅਤੇ 2 ਹੋਰ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਫੈਕਟਰੀ ਦੇ ਬਾਹਰ ਸੜਕ ਉਤੇ ਖੜ੍ਹੀਆਂ ਕਾਰਾਂ ਅਤੇ ਮੋਟਰ ਸਾਈਕਲ ਹਵਾ ਵਿਚ ਉੱਡਦੇ ਹੋਏ ਨਾਲ ਲੱਗਦੇ ਹੰਸਲੀ ਨਾਲੇ ਵਿਚ ਜਾ ਡਿੱਗੇ।
ਪ੍ਰਤੱਖਦਰਸ਼ੀਆਂ ਅਨੁਸਾਰ ਜਦੋਂ ਧਮਾਕਾ ਹੋਇਆ ਤਾਂ ਪੂਰੀ ਕਾਲੋਨੀ ਵਿਚ ਇਕ ਜ਼ੋਰਦਾਰ ਧਮਕ ਮਹਿਸੂਸ ਕੀਤੀ ਗਈ ਅਤੇ ਇੰਜ ਮਹਿਸੂਸ ਹੋਇਆ ਜਿਵੇਂ ਬੰਬ ਬਲਾਸਟ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਤੁਰਤ ਜਦ ਉਨ੍ਹਾਂ ਨੇ ਬਾਹਰ ਨਿਕਲ ਕੇ ਵੇਖਿਆ ਤਾਂ ਪਟਾਕਾ ਫੈਕਟਰੀ ਦੀ ਇਮਾਰਤ ਪੂਰੀ ਤਰ੍ਹਾਂ ਮਲਬੇ ਦਾ ਢੇਰ ਬਣ ਚੁੱਕੀ ਸੀ। ਇਹ ਪਟਾਕਾ ਫੈਕਟਰੀ 3 ਸਕੇ ਭਰਾਵਾਂ ਦੀ ਸੀ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਵਰਕਰਾਂ ਨਾਲ ਇਥੇ ਆਤਿਸ਼ਬਾਜ਼ੀ ਦਾ ਸਾਮਾਨ ਬਣਾਉਣ ਦਾ ਕੰਮ ਕਰਦੇ ਸਨ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ। ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਟਾਲਾ ਧਮਾਕੇ ਵਿਚ ਮਾਰੇ ਗਏ ਲੋਕਾਂ ਦੇ ਪੀੜਤ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਤੱਕ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਘਟਨਾ ਵਿਚ ਜਿਹੜੇ ਲੋਕਾਂ ਦੀ ਲੱਖਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕੌਣ ਕਰੇਗਾ, ਇਹ ਸਵਾਲ ਬਣਿਆ ਹੋਇਆ ਹੈ।
ਸਿਵਲ ਹਸਪਤਾਲ ਵਿਚ ਦਾਖਲ ਘਟਨਾ ‘ਚ ਜਖਮੀ ਹੋਏ ਸਤਨਾਮ ਸਿੰਘ ਨੇ ਦੱਸਿਆ ਕਿ ਪਟਾਕਾ ਫੈਕਟਰੀ ਨੇੜੇ ਉਸ ਦੀ ਕਾਰਾਂ ਦੀ ਵਰਕਸ਼ਾਪ ਸੀ ਤੇ ਧਮਾਕੇ ਕਾਰਨ ਉਸ ਦਾ ਘੱਟੋ-ਘੱਟ ਡੇਢ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਾਦਸੇ ਵਿਚ ਦਰਜਨਾਂ ਕਾਰਾਂ ਅਤੇ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਇਮਾਰਤਾਂ ਤੇ ਵਾਹਨਾਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਹਾਦਸੇ ਵਿਚ ਦਰਜਨ ਤੋਂ ਵੱਧ ਘਰਾਂ ਦਾ ਨੁਕਸਾਨ ਹੋਇਆ ਹੈ। ਆਸ-ਪਾਸ ਦੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ ਤੇ ਕਈ ਕੰਧਾਂ ਵਿਚ ਪਾੜ ਪੈ ਗਏ ਹਨ। ਅਕਾਲੀ ਦਲ ਦੇ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਘਟਨਾ ‘ਚ ਨੁਕਸਾਨੇ ਵਾਹਨ ਅਤੇ ਇਮਾਰਤਾਂ ਦੀ ਜਾਂਚ ਕਰ ਕੇ ਪੀੜਤਾਂ ਨੂੰ ਉਚਿਤ ਮੁਆਵਜ਼ਾ ਦੇਵੇ।
_________________________
ਜਲਣਸ਼ੀਲ ਜ਼ਖ਼ੀਰੇ ਰਿਹਾਇਸ਼ੀ ਖੇਤਰ ‘ਚੋਂ ਬਾਹਰ ਕੱਢੇ ਜਾਣ: ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਟਾਲਾ ਵਿਚ ਪਟਾਕਾ ਫੈਕਟਰੀ ‘ਚ ਧਮਾਕੇ ਕਾਰਨ ਗਈਆਂ ਕੀਮਤੀ ਜਾਨਾਂ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਇਸ ਹਾਦਸੇ ਦੀ ਸਮਾਂਬੱਧ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸ੍ਰੀ ਮਾਨ ਨੇ ਮ੍ਰਿਤਕਾਂ ਦੇ ਵਾਰਸਾਂ ਅਤੇ ਜਖਮੀਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਰਕਾਰੀਤੰਤਰ ਆਪਣੀ ਜ਼ਿੰਮੇਵਾਰੀ ਕਾਨੂੰਨਾਂ ਅਨੁਸਾਰ ਨਿਭਾਉਂਦਾ ਤਾਂ ਮੰਦਭਾਗੀ ਘਟਨਾ ਤੋਂ ਬਚਾਅ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਬਟਾਲਾ ‘ਚ ਅਜਿਹੀ ਘਟਨਾ ਦੂਸਰੀ ਵਾਰ ਵਾਪਰੀ ਹੈ, ਜਦਕਿ ਸੂਲਰ ਘਰਾਟ (ਸੰਗਰੂਰ) ਅਤੇ ਜਲੰਧਰ ‘ਚ ਵੀ ਇਸ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹਨ।
_________________________
ਕੈਪਟਨ ਵੱਲੋਂ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਮਾਕੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਘਟਨਾ ਵਿਚ ਮਾਰੇ ਗਏ ਹਰੇਕ ਵਿਅਕਤੀ ਦੇ ਵਾਰਸ ਨੂੰ 2 ਲੱਖ ਰੁਪਏ ਐਕਸਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਮੈਡੀਕਲ ਕਾਲਜ ਲਈ ਰੈਫਰ ਕੀਤੇ ਹਰੇਕ ਗੰਭੀਰ ਜਖਮੀ ਨੂੰ 50 ਹਜ਼ਾਰ ਰੁਪਏ ਅਤੇ ਘੱਟ ਜਖਮੀ ਨੂੰ 25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇਸ ਦੁੱਖ ਦੇ ਇਨ੍ਹਾਂ ਪਲਾਂ ਵਿਚ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਗਏ ਹਨ।
_________________________
ਸ਼੍ਰੋਮਣੀ ਕਮੇਟੀ ਵੱਲੋਂ ਜਖਮੀਆਂ ਦੇ ਮੁਫਤ ਇਲਾਜ ਦਾ ਭਰੋਸਾ
ਅੰਮ੍ਰਿਤਸਰ: ਬਟਾਲਾ ਵਿਚ ਪਟਾਕਾ ਫੈਕਟਰੀ ਵਿਚ ਧਮਾਕੇ ਕਾਰਨ ਜਖਮੀਆਂ ਦਾ ਇਲਾਜ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਧਮਾਕਾ ਹੋਣ ਕਾਰਨ ਹੋਏ ਜਾਨੀ ਮਾਲੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਹਾਦਸੇ ਵਿਚ ਚਲਾਣਾ ਕਰ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੁਖਦਾਈ ਸਮੇਂ ਸ਼੍ਰੋਮਣੀ ਕਮੇਟੀ ਪੀੜਤਾਂ ਦੇ ਨਾਲ ਹੈ ਅਤੇ ਜਖਮੀਆਂ ਦੇ ਇਲਾਜ ਲਈ ਮੁਫਤ ਸੇਵਾਵਾਂ ਦਿੱਤੀਆਂ ਜਾਣਗੀਆਂ।