ਅਕਾਲੀ ਦਲ ਵੱਲੋਂ ਸੁਲਤਾਨਪੁਰ ਲੋਧੀ ਨੂੰ ਸਫੈਦ ਰੰਗ ‘ਚ ਰੰਗਣ ਦਾ ਕੰਮ ਸ਼ੁਰੂ

ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਸਫੈਦ ਰੰਗ ‘ਚ ਰੰਗਣ ਦਾ ਕਾਰਜ ਅਰਦਾਸ ਉਪਰੰਤ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ ਨੇ ਅਰਦਾਸ ਕੀਤੀ, ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹੋਰ ਸੰਤ ਮਹਾਂਪੁਰਸ਼ਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਦੀ ਡਿਉੜੀ ਦੇ ਬਾਹਰ ਰੰਗ ਰੋਗਨ ਦੀ ਸੇਵਾ ਦੇ ਕਾਰਜ ਦੀ ਸ਼ੁਰੂਆਤ ਕੀਤੀ।

ਵਰਨਣਯੋਗ ਹੈ ਕਿ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਚਲੀਆਂ 4 ਹਜ਼ਾਰ ਦੇ ਕਰੀਬ ਇਮਾਰਤਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਚਿੱਟੇ ਰੰਗ ‘ਚ ਰੰਗਣ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਈ ਜਾ ਰਹੀ ਹੈ, ਜਿਸ ‘ਤੇ 5 ਕਰੋੜ ਰੁਪਏ ਖਰਚ ਆਉਣ ਦੀ ਆਸ ਹੈ। ਇਸ ਕਾਰਜ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਤ ਮਹਾਂਪੁਰਸ਼ਾਂ ਤੇ ਦਾਨੀ ਸ਼ਖਸੀਅਤਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਈ ਮਰਦਾਨਾ ਹਾਲ ‘ਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜੋਕੇ ਸਮੇਂ ‘ਚ ਦੁਨੀਆਂ ਵਿਚ ਹਾਲਾਤ ਬਹੁਤ ਹੀ ਬਦਤਰ ਹਨ ਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਤੇ ਉਪਦੇਸ਼ ਨੂੰ ਸੰਸਾਰ ‘ਚ ਫੈਲਾਉਣ ਲਈ ਸੰਤ ਸਮਾਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸੰਸਥਾਵਾਂ ਨੂੰ ਮੋਹਰੀ ਭੂਮਿਕਾ ਅਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਪ੍ਰਮੁੱਖ ਕੇਂਦਰ ਤੋਂ ਇਲਾਵਾ ਲੋਧੀ ਕਾਲ ਦੌਰਾਨ ਵਪਾਰਕ ਕੇਂਦਰ ਰਿਹਾ ਹੈ ਤੇ ਦੁਨੀਆਂ ਦਾ ਇਹ ਇਕੋ ਇਕ ਰੂਹਾਨੀਅਤ ਦਾ ਕੇਂਦਰ ਹੈ, ਜਿਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।
ਸਾਬਕਾ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ‘ਚ ਧਾਰਮਿਕ ਸਿੱਖਿਆ ਲਈ ਇਕ ਪੀਰੀਅਡ ਲਾਜ਼ਮੀ ਕੀਤਾ ਜਾਵੇ ਤੇ ਹਰ ਸਕੂਲ-ਕਾਲਜ ਵਿਚ 12ਵੀਂ ਤੱਕ ਦੇ ਬੱਚਿਆਂ ਨੂੰ 5 ਬਾਣੀਆਂ ਦੇ ਪਾਠ ਦੇ ਅਰਥ ਸਮਝਾਏ ਜਾਣ ਤੇ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਅਰਥਾਂ ਸਹਿਤ ਸਮਝਾਉਣੀ ਯਕੀਨੀ ਬਣਾਈ ਜਾਵੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਸਫੈਦ ਰੰਗ ‘ਚ ਰੰਗਣ ਦੇ ਕਾਰਜ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਵੱਧ ਚੜ੍ਹ ਕੇ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਤੱਕ ਸੁਲਤਾਨਪੁਰ ਲੋਧੀ ਦਾ ਸੁੰਦਰੀਕਰਨ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਹੈ। ਅਕਾਲੀ ਦਲ ਨੇ ਹਮੇਸ਼ਾ ਧਾਰਮਿਕ, ਰਾਜਨੀਤਕ ਖੇਤਰ ਤੋਂ ਇਲਾਵਾ ਪੰਜਾਬੀਆਂ ਦੇ ਹੱਕਾਂ ਲਈ ਸਮੇਂ-ਸਮੇਂ ਸੰਘਰਸ਼ ਲੜੇ ਤੇ ਇਸ ਤੋਂ ਇਲਾਵਾ ਹੋਰ ਸੇਵਾ ਦੇ ਕਾਰਜਾਂ ਵਿਚ ਵੀ ਵਡਮੁੱਲਾ ਯੋਗਦਾਨ ਪਾਇਆ।