ਕਰਤਾਰਪੁਰ ਕੀ ਮੂੰਹ ਲੈ ਕੇ ਜਾਈਏ?

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰੂ ਨਾਨਕ ਨੇ ਇਸ ਧਰਤੀ `ਤੇ ਗਿਆਨ ਦੇ ਖੇਤਰ ਵਿਚ ਪਿਛਲੀਆਂ ਕਈ ਸਦੀਆਂ ਦੀ ਹੋਈ ਉਨਤੀ ਦਾ ਲੇਖਾ ਜੋਖਾ ਕਰਦਿਆਂ ਲਿਖਿਆ ਸੀ, “ਗਿਆਨ ਖੰਡ ਮਹਿ ਗਿਆਨ ਪਰਚੰਡੁ॥ ਤਿਥੈ ਨਾਦ ਬਿਨੋਦ ਕੋਡ ਅਨੰਦੁ॥” ਭਾਵ ਗਿਆਨ ਵਿਚ ਵਾਧਾ ਤਾਂ ਕੀ ਹੋਣਾ ਸੀ, ਸਗੋਂ ਇਹ ਪ੍ਰਚੰਡ ਰੂਪ ਧਾਰ ਗਿਆ ਹੈ। ਇਸ ਵਿਚ ਗਿਆਨ ਧਿਆਨ ਦੀ ਥਾਂ ਗਾਉਣ, ਵਜਾਉਣ, ਮਨੋਰੰਜਨ, ਕੌਤਕ ਤੇ ਤਮਾਸ਼ਬੀਨੀ ਨੇ ਲੈ ਲਈ ਹੈ। ਇਸ ਗੱਲ ਨੂੰ ਕਰੀਬ ਸਾਢੇ ਪੰਜ ਸਦੀਆਂ ਹੋ ਗਈਆਂ ਹਨ, ਪਰ ਸਥਿਤੀ ਸੁਧਰਨ ਦੀ ਥਾਂ ਭੈੜੀ ਬਣਦੀ ਜਾ ਰਹੀ ਹੈ।

ਜਲਸੇ ਜਲੂਸ, ਭੀੜ ਤਮਾਸ਼ੇ, ਕੌਤਕੀ ਗਤਕੇ ਤੇ ਸੰਗੀਤਮਈ ਪ੍ਰਭਾਤ ਫੇਰੀਆਂ ਤਾਂ ਉਵੇਂ ਹੀ ਹਨ, ਪਰ ਹੁਣ ਇਨ੍ਹਾਂ ਵਿਚ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਤੇ ਬੇਅਦਬੀਆਂ ਦੇ ਸਿਆਸੀਕਰਣ ਵੀ ਸ਼ਾਮਲ ਹੋ ਗਏ ਹਨ। ਸਮਝ ਨਹੀਂ ਆਉਂਦੀ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ `ਤੇ ਜਦੋਂ ਗੁਰੂ ਦੇ ਸਿੱਖ ਕਰਤਾਰਪੁਰ ਜਾਣਗੇ ਤਾਂ ਕੀ ਮੂੰਹ ਲੈ ਕੇ ਜਾਣਗੇ?
ਕਰਤਾਰਪੁਰ ਵਿਚ ਗੁਰੂ ਨਾਨਕ ਨੇ ਚਹੁੰ ਉਦਾਸੀਆਂ ਤੋਂ ਵਿਹਲੇ ਹੋ ਕੇ ਆਪਣੇ ਜੀਵਨ ਦੇ ਆਖਰੀ ਦਸ ਸਾਲ ਬਿਤਾਏ ਸਨ। ਇਨ੍ਹਾਂ ਦਸਾਂ ਸਾਲਾਂ ਵਿਚ ਉਨ੍ਹਾਂ ਦੀ ਬੌਧਿਕ ਸਰਗਰਮੀ ਸਿਖਰ `ਤੇ ਸੀ। ਇਸੇ ਸਮੇਂ ਉਨ੍ਹਾਂ ਨੇ ਸਿੱਖੀ ਦੇ ਸਿਰਮੌਰ ਗ੍ਰੰਥ ਜਪੁਜੀ ਸਾਹਿਬ ਦਾ ਨਿਰਮਾਣ ਕਰਕੇ ਸੰਸਾਰ ਨੂੰ ਅੰਧਕਾਰ ਵਿਚੋਂ ਨਿਕਲਣ ਦਾ ਰਾਹ ਦੱਸਿਆ ਸੀ। ਇਸੇ ਸਮੇਂ ਵਿਚ ਸਵੇਰੇ ਸ਼ਾਮ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਸਿੱਖੀ ਦਾ ਪਾਠ ਪੜ੍ਹਾਇਆ। ਅੱਜ ਉਸ ਜਪੁਜੀ ਸਾਹਿਬ ਦਾ ਗੁਟਕਾ ਤਾਂ ਭਾਵੇਂ ਹਰ ਇਕ ਸਿੱਖ ਦੀ ਪਹੁੰਚ ਵਿਚ ਹੈ, ਪਰ ਇਸ ਵਿਚਲਾ ਸਬਕ ਹਰ ਇਕ ਦੀ ਸਮਝ ਤੋਂ ਬਾਹਰ ਹੈ।
ਜਪੁਜੀ ਕੀ ਹੈ? ਕੋਈ ਦੱਸਣ ਨੂੰ ਤਿਆਰ ਨਹੀਂ ਤੇ ਕਿਸੇ ਵਿਚ ਜਾਣਨ ਦੀ ਉਤਸੁਕਤਾ ਵੀ ਨਹੀਂ ਹੈ। ਇਸ ਲਈ ਹਰ ਸਿੱਖ ਦੀ ਇਹ ਇਖਲਾਕੀ ਜਿੰਮੇਵਾਰੀ ਬਣਦੀ ਹੈ ਕਿ ਜਦੋਂ ਉਹ ਕਰਤਾਰਪੁਰ ਜਾਵੇ ਤਾਂ ਗੁਰੂ ਸਾਹਿਬ ਦਾ ਕਰਤਾਰਪੁਰੀ ਪਾਠ ਸਿੱਖ ਕੇ ਜਾਵੇ, ਨਹੀਂ ਤਾਂ ਉਸ ਦੀ ਹਾਲਤ ਉਸ ਵਿਦਿਆਰਥੀ ਵਾਲੀ ਹੋਵੇਗੀ ਜੋ ਲੰਮੀ ਛੁੱਟੀ ਉਪਰੰਤ ਬਿਨਾ ਹੋਮ-ਵਰਕ ਕੀਤੇ ਕਲਾਸ ਵਿਚ ਆ ਵੜਿਆ ਹੋਵੇ।
ਭਾਵੇਂ ਇਸ ਯਾਦਗਾਰੀ ਮੌਕੇ `ਤੇ ਅਤਿਅੰਤ ਲੋੜ ਸਿੱਖੀ ਸਿੱਖਣ ਦੀ ਹੈ, ਪਰ ਕਈ ਵਿਦਵਾਨ ਇਹੀ ਕਹਿਣਗੇ ਕਿ ਸਿੱਖੀ ਤਾਂ ਆਉਂਦੀ ਹੀ ਹੈ, ਫਿਰ ਇਸ ਨੂੰ ਸਿੱਖਣ ਦੀ ਕੀ ਲੋੜ ਹੈ? ਇਸ ਨੂੰ ਤਾਂ ਬੱਸ ਮੰਨਣ ਦੀ ਲੋੜ ਹੈ, ਗੁਟਕਾ ਪੜ੍ਹ ਲਵੋ, ਕੀਰਤਨ ਸੁਣ ਲਵੋ, ਚੜ੍ਹਾਵਾ ਚੜ੍ਹਾ ਦਿਓ ਤੇ ਅਰਦਾਸ ਕਰਕੇ/ਕਰਾ ਕੇ ਮੱਥਾ ਟੇਕ ਦਿਓ। ਜਿੰਨਾ ਮੰਨੋਗੇ, ਉਨੀਆਂ ਹੀ ਮਿਹਰਾਂ ਬਰਸਣਗੀਆਂ। ਜੀ ਇਸ ਤਰ੍ਹਾਂ ਨਹੀਂ, ਇਹ ਭਰਮ ਹੈ। ਗਿਆਨ ਬਿਨਾ ਵਿਸ਼ਵਾਸ ਨਿਰਾਧਾਰ ਹੈ ਤੇ ਸਿੱਖਿਆ ਤੋਂ ਬਿਨਾ ਗਿਆਨ ਅਸੰਭਵ ਹੈ। ਸਿੱਖਣ ਬਿਨਾ ਤਾਂ ਕੁਝ ਵੀ ਨਹੀਂ ਆਉਂਦਾ। ਫਿਰ ਸਿੱਖੀ ਤਾਂ ਬਾਬੇ ਨਾਨਕ ਦੀ ਉਚੀ ਸਮਝ-ਉਡਾਰੀ ਹੈ। ਇਸ ਨੂੰ ਬੁੱਝਣਾ ਤਾਂ ਪਵੇਗਾ ਹੀ। ਇਹ ਤਾਂ ਉਨ੍ਹਾਂ ਦਾ ਕੁਦਰਤ ਨੂੰ ਸਮਝਣ ਦਾ ਸਿਧਾਂਤ ਹੈ, ਜਿਸ ਦੀਆਂ ਕਈ ਪਰਤਾਂ ਤੇ ਕਈ ਪਰਿਪੇਖ ਹਨ, ਜੋ ਸਿੱਖਣ ਤੋਂ ਬਿਨਾ ਕਿਵੇਂ ਸਮਝ ਪੈ ਸਕਦੇ ਹਨ!
ਇਹ ਠੀਕ ਹੈ ਕਿ ਗੁਰੂ ਸਾਹਿਬ ਨੇ ਆਪਣਾ ਉਪਦੇਸ਼ ਲੋਕ ਭਾਸ਼ਾ ਵਿਚ ਸਰਲ ਕਰ ਕੇ ਲਿਖਿਆ ਹੈ, ਪਰ ਕੁਦਰਤ ਵੀ ਤਾਂ ਪਰੇ ਤੋਂ ਪਰੇ ਹੈ। ਇਸ ਦੀਆਂ ਵਡਿਆਈਆਂ ਤੇ ਪ੍ਰਕ੍ਰਿਆਵਾਂ ਇੰਨੀਆਂ ਜਟਿਲ ਤੇ ਗੁੰਝਲਦਾਰ ਹਨ ਕਿ ਇਨ੍ਹਾਂ ਨੂੰ ਇਕ ਹੱਦ ਤੋਂ ਅੱਗੇ ਸਰਲ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਨੂੰ ਤਾਂ ਬਸ ਗਣਿਤ, ਵਿਗਿਆਨ ਵਾਂਗ ਉਦਮ ਕਰ ਕੇ ਸਮਝਿਆ ਤੇ ਸਿੱਖਿਆ ਹੀ ਜਾ ਸਕਦਾ ਹੈ। ਜਿਸ ਨੂੰ ਗਣਿਤ, ਵਿਗਿਆਨ ਦੀ ਮੁਢਲੀ ਜਾਣਕਾਰੀ ਨਹੀਂ, ਉਹ ਅੱਗੇ ਨਹੀਂ ਚਲ ਸਕਦਾ ਭਾਵੇਂ ਉਹ ਇਨ੍ਹਾਂ ਵਿਸ਼ਿਆਂ ਦੀਆਂ ਪੁਸਤਕਾਂ ਲੱਖ ਲੱਖ ਵਾਰ ਪੜ੍ਹ ਲਵੇ। ਜਿਵੇਂ ਬਾਈਨੋਮੀਅਲ ਥਿਓਰਮ (ਭਨਿੋਮiਅਲ ਠਹੲੋਰੲਮ) ਨੂੰ ਸਿੱਖਣ ਲਈ ਅਲਜਬਰੇ ਦੇ ਮੁਢਲੇ ਕਾਇਦੇ ਕਾਨੂੰਨ ਆਉਣੇ ਜਰੂਰੀ ਹਨ, ਇਸੇ ਤਰ੍ਹਾਂ ਸਿੱਖੀ ਨੂੰ ਸਮਝਣ ਲਈ ਇਸ ਦੇ ਮੁਢਲੇ ਸਰੋਕਾਰਾਂ ਦੀ ਜਾਣਕਾਰੀ ਬਹੁਤ ਜਰੂਰੀ ਹੈ। ਸ਼ਾਇਦ ਇਸੇ ਕਾਰਨ ਸਿੱਖੀ ਨੂੰ ਵਾਲੋਂ ਨਿੱਕੀ ਤੇ ਖੰਨਿਓਂ ਤਿੱਖੀ ਕਿਹਾ ਗਿਆ ਹੈ। ਇਸ ਨੂੰ ਸਿੱਖਣ ਲਈ ਸਹੀ ਦਿਸ਼ਾ ਵਿਚ ਕੀਤੇ ਉਦਮ ਉਪਰੰਤ ਹੀ ਮਸਤਕ ਗਿਆਨ ਨਾਲ ਭਰ ਸਕਦਾ ਹੈ।
ਜੋ ਵਿਦਵਾਨ ਕਹਿੰਦੇ ਹਨ ਕਿ ਸਿੱਖੀ ਨੂੰ ਸਿੱਖਣ ਦੀ ਨਹੀਂ, ਮੰਨਣ ਦੀ ਲੋੜ ਹੈ, ਉਹ ਜਾਣ ਲੈਣ ਕਿ ਇਸੇ ਭਰਮ-ਭਾਵਨਾ ਨੇ ਗੁਰੂ ਨਾਨਕ ਦੇ ਸਿੱਖੀ ਸਿਧਾਂਤ ਨੂੰ ਪੁਜਾਰੀਵਾਦ ਦੇ ਰਾਹ ਪਾਇਆ ਹੈ। ਇਸ ਮਾਨਤਾ ਨੇ ਸਿੱਖੀ ਨੂੰ ਸਿੱਖ ਧਰਮ ਬਣਾ ਕੇ ਪੂਜਾ ਪਾਠ ਦਾ ਆਹਾਰ ਬਣਾ ਦਿੱਤਾ ਹੈ। ਸਿੱਖਾਂ ਨੇ ਇਸ ਨੂੰ ਰਵਾਇਤੀ ਧਰਮ ਦਾ ਦਰਜਾ ਦੇ ਕੇ ਇਸ ਦਾ ਵਿਗਿਆਨਾਂ ਦੇ ਵਿਗਿਆਨ ਹੋਣ ਦਾ ਆਲਮੀ ਦਰਜਾ ਅਲੋਪ ਕਰ ਦਿੱਤਾ ਹੈ। ਸਦੀਆਂ ਦੀ ਬੱਝਵੀਂ ਕਰਮ-ਕਾਂਡੀ ਸੋਚ ਕਾਰਨ ਸ਼ਾਇਦ ਉਹ ਇਹ ਸੁਣ ਕੇ ਯਕੀਨ ਵੀ ਨਾ ਕਰਨ ਕਿ ਜਿਸ ਬਾਣੀ ਤੋਂ ਉਹ ਮੱਥਾ ਟੇਕ ਕੇ ਬਖਸ਼ਿਸ਼ਾਂ ਮੰਗਦੇ ਹਨ, ਉਹ ਪੂਰਨ ਵਿਗਿਆਨ ਹੈ। ਉਹ ਵਿਗਿਆਨ ਹੀ ਨਹੀਂ, ਸਗੋਂ ਵਿਗਿਆਨਾਂ ਦਾ ਵਿਗਿਆਨ ਹੈ। ਜੇ ਖੋਜ ਕੇ ਦੇਖਿਆ ਜਾਵੇ ਇਸ ਕਥਨ ਵਿਚ ਉਹ ਸੱਚ ਸਮਾਇਆ ਮਿਲੇਗਾ, ਜੋ ਇਸ ਕਾਇਨਾਤ ਦੇ ਰਹਿਣ ਤੀਕ ਇਵੇਂ ਖਰਾ ਰਹੇਗਾ। ਜੇ ਇਹ ਕਾਇਨਾਤ ਫਨਾਹ ਹੋ ਕੇ ਮੁੜ ਉਸਰਦੀ ਹੈ ਤਾਂ ਇਸ ਦੇ ਅਸੰਖ ਵਾਰ ਇੱਦਾਂ ਫਨਾਹ ਤੇ ਮੁੜ-ਉਸਾਰੀ ਬਾਅਦ ਵੀ ਇਹ ਸੱਚ, ਸੱਚ ਹੀ ਰਹੇਗਾ। ਜਿੱਥੇ ਇਸ ਸੱਚ ਨੂੰ ਜਾਣਨ ਦੀ ਅਸਲੋਂ ਲੋੜ ਹੈ, ਉਥੇ ਅਜੋਕੇ ਸਿੱਖ ਵਿਦਵਾਨ ਆਪਣੀ ਅਣਮਿਥੀ ਸ਼ਰਧਾ ਕਾਰਨ ਇੰਨੇ ‘ਨਿਮਾਣੇ’ ਮਹਿਸੂਸ ਕਰਨ ਲਗ ਗਏ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਜਿਸ ਬਾਣੀ ਨੂੰ ਉਹ ਹਰ ਰੋਜ਼ ਪੜ੍ਹਦੇ ਹਨ, ਉਹ ਦੁਨੀਆਂ ਦੀ ਸਿਰੇ ਦੀ ਬੌਧਿਕ ਰਚਨਾ ਹੈ!
ਦਰਅਸਲ ਜਿਸ ਸਿੱਖੀ ਨੂੰ ਅਜੋਕੇ ਸਿੱਖ ਇਕ ਰਵਾਇਤੀ ਧਰਮ ਭਾਵ ਹਿੰਦੂਤਵ ਜਾਂ ਇਸਲਾਮ ਵਰਗਾ ਧਰਮ ਮੰਨ ਬੈਠੇ ਹਨ, ਉਹ ਧਰਮ ਨਹੀਂ ਹੈ, ਸਗੋਂ ਧਰਮ ਤੋਂ ਇਕ ਵੱਖਰਾ ਸੰਕਲਪ ਹੈ। ਇਹ ਕਹੋ ਕਿ ਗੁਰੂ ਨਾਨਕ ਅਨੁਸਾਰ ਸਿੱਖੀ ਇਕ ਸਿਧਾਂਤ ਹੈ, ਜੋ ਮੁਢਲਾ ਤੇ ਅੱਦੁਤੀ ਹੈ ਭਾਵ ਕਿਸੇ ਦੂਜੇ ਧਰਮ ਵਾਂਗ ਨਹੀਂ ਹੈ। ਗਿਆਨ ਦੀ ਸੇਧ ਦਿੰਦਾ ਇਹ ਸਿਧਾਂਤ ਉਦੋਂ ਦਾ ਉਪਜਿਆ ਹੋਇਆ ਹੈ, ਜਦੋਂ ਦੂਜੇ ਧਰਮ ਭਾਵ ਹੋਰ ਸਭ ਧਰਮ ਆਪਣੇ ਅੰਧ ਵਿਸ਼ਵਾਸ ਤੇ ਕੁਰੀਤੀਆਂ ਕਾਰਨ ਮਨੁੱਖਤਾ ਦੀ ਅਗਵਾਈ ਕਰਨ ਵਿਚ ਅਸਫਲ ਸਿੱਧ ਹੋ ਚੁਕੇ ਸਨ। ਇਸ ਸਿਧਾਂਤ ਨੇ ਮਨੁੱਖਤਾ ਨੂੰ ਉਸ ਸਮੇਂ ਕੁਦਰਤ ਤੇ ਕੁਦਰਤ ਦੇ ‘ਕਰਤਾਰ’ ਦੀ ਖੋਜ ਨਾਲ ਜੋੜਿਆ ਸੀ, ਜਿਸ ਸਮੇਂ ਸਭ ਧਰਮ ਕੁਦਰਤ ਤੋਂ ਬੇਮੁਖ ਹੋਏ ਤਰਕ-ਰਹਿਤ ਕਰਮ-ਕਾਂਡਾਂ ਦੀ ਸਿੱਖਿਆ ਦੇ ਰਹੇ ਸਨ। ਗੁਰੂ ਸਾਹਿਬ ਨੇ ਉਨ੍ਹਾਂ ਧਰਮਾਂ ਦੇ ਕਰਮ ਕਾਂਡ ਨਹੀਂ ਸਨ ਬਦਲੇ, ਸਗੋਂ ਮਨੁੱਖੀ ਸੋਚ ਦੀ ਸਮੁੱਚੀ ਦਿਸ਼ਾ ਬਦਲੀ ਸੀ; ਭਾਵ ਉਨ੍ਹਾਂ ਨੇ ਲੋਕਾਂ ਤੋਂ ਇਕ ਤਰ੍ਹਾਂ ਦੇ ਧਾਰਮਿਕ (ਹਿੰਦੂ) ਸੰਕਲਪ ਤੇ ਕਰਮ-ਕਾਂਡ ਲੈ ਕੇ ਉਨ੍ਹਾਂ ਨੂੰ ਦੂਜੀ ਤਰ੍ਹਾਂ ਦੇ ਧਾਰਮਿਕ (ਸਿੱਖ) ਸੰਕਲਪਾਂ ਤੇ ਕਰਮ ਕਾਂਡਾਂ ਨਾਲ ਨਹੀਂ ਸੀ ਨਿਵਾਜਿਆ। ਉਨ੍ਹਾਂ ਨੇ ਤਾਂ ਸਗੋਂ ਮਨੁੱਖ ਨੂੰ ਸਭ ਕਿਸਮ ਦੇ ਕਰਮ-ਕਾਂਡਾਂ `ਚੋਂ ਕੱਢ ਕੇ ਵਿਗਿਆਨਕ ਸੋਚ ਨਾਲ ਜਿਉਣ ਦਾ ਰਾਹ ਦੱਸਿਆ ਸੀ।
ਗੁਰੂ ਨਾਨਕ ਦੀ ਸਿਖਿਆ ਵਿਚ ਗਿਆਨ ਦੀ ਪੁਰਜੋਰ ਤਾਂਘ ਸੀ, ਜੋ ਤਰਕ, ਵਿਵੇਕ, ਬੁੱਧੀ ਤੇ ਇਸ ਦੇ ਕ੍ਰਿਆਸ਼ੀਲ ਪ੍ਰਯੋਗ `ਤੇ ਟਿਕੀ ਹੋਈ ਸੀ। ਇਸ ਸਿੱਖਿਆ ਦਾ ਮਨੋਰਥ ਜੀਵਨ ਨੂੰ ਨਿਰਮੂਲ ਕ੍ਰਿਆ ਕਰਮਾਂ ਦੁਆਲੇ ਲਪੇਟਣਾ ਨਹੀਂ ਸੀ ਤੇ ਨਾ ਹੀ ਇਹ ਅਜਿਹੇ ਫੋਕਟ ਕਾਰਜਾਂ ਨੂੰ ਜੀਵਨ ਦੁਆਲੇ ਲਪੇਟਣ ਦੀ ਆਗਿਆ ਦਿੰਦੀ ਸੀ। ਇਹ ਤਾਂ ਸਗੋਂ ਗਿਆਨ ਦੇ ਚਾਨਣ ਦੀ ਆਸ਼ਾਵਾਦੀ ਸੇਧ ਵਿਚ ਸਿੱਧਾ ਤੇ ਸਾਰਥਕ ਜਿਉਣ ਰਾਹ ਭਾਲਣ ਦੀ ਦਲੀਲ ਸੀ। ਬੱਸ ਇਹੀ ਇਕ ਗੱਲ ਹੈ, ਜੋ ਗੁਰੂ ਸਾਹਿਬ ਨੇ ਕਰਤਾਰਪੁਰ ਵਿਚ ਸਰਲ ਅਤੇ ਸੰਕਲਿਤ ਰੂਪ ਵਿਚ ਆਪਣੇ ਸਿੱਖਾਂ ਨੂੰ ਦੱਸੀ ਸੀ।
ਕਰਤਾਰਪੁਰ ਬੈਠ ਕੇ ਉਨ੍ਹਾਂ ਨੇ ਆਪਣੇ ਸਮੁੱਚੇ ਜੀਵਨ ਦੀ ਕਿਰਤ ਤੇ ਅਨੁਭਵ ਦਾ ਸਾਰੰਸ਼ ਇੱਕਠਾ ਕਰਕੇ ਕਰਤਾਰ ਦੀ ਬਾਣੀ ਦੇ ਪੁੰਜ ਜਪੁਜੀ ਸਾਹਿਬ ਦੀ ਰਚਨਾ ਕੀਤੀ ਸੀ; ਪਰ ਕਿਉਂਕਿ ਉਹ ਆਪਣੇ ਸਮੇਂ ਤੋਂ ਪਹਿਲਾਂ ਦੀ ਗੱਲ ਕਰ ਰਹੇ ਸਨ, ਇਸ ਲਈ ਉਨ੍ਹਾਂ ਦੀ ਸਿੱਖਿਆ ਸਰਧਾਲੂਆਂ ਦੇ ਸਿਰਾਂ ਦੇ ਉਪਰੋਂ ਦੀ ਨਿਕਲ ਕੇ ਇਤਿਹਾਸ ਵਿਚ ਗੁਆਚ ਗਈ। ਸਮਝ ਦਾ ਤਾਲ-ਮੇਲ ਨਾ ਹੋਣ ਕਾਰਨ ਸਹੀ ਸਿੱਖੀ ਸਿਧਾਂਤ ਸਿੱਖਾਂ ਕੋਲ ਨਾ ਅਪੜਿਆ। ਸਰਲ ਵਿਆਖਿਆ ਦੇ ਰੂਪ ਵਿਚ ਸੁਣ ਕੇ ਵੀ ਉਨ੍ਹਾਂ ਨੇ ਇਸ ਨੂੰ ਇਕ ਧਰਮ ਤੋਂ ਵੱਧ ਕੁਝ ਨਾ ਸਮਝਿਆ।
ਮੱਧ ਕਾਲ ਦੇ ਅੰਧੇਰ ਕਾਰਨ ਮੰਨਣ ਵਾਲਿਆਂ ਦੀ ਰੂੜੀਵਾਦੀ ਸੋਚ ਨੇ ਇਕ ਵਿਗਿਆਨਕ ਸਿਧਾਂਤ ਨੂੰ ਧਰਮ ਦਾ ਰੂਪ ਦੇ ਦਿੱਤਾ। ਫਿਰ ਇਸ ਦੁਆਲੇ ਕ੍ਰਿਆ ਕਰਮਾਂ ਦੀ ਪਰਤ ਖੜ੍ਹੀ ਕਰ ਲਈ। ਧਰਮ ਦਾ ਜਾਮਾ ਪੈ ਜਾਣ ਕਰਕੇ ਵਿਚਲਾ ਸਿਧਾਂਤ ਦਿਖਣੋਂ ਹਟ ਗਿਆ। ਬਾਹਰੀ ਅਡੰਬਰ ਤੇ ਕ੍ਰਿਆ ਕਰਮ ਪ੍ਰਬਲ ਰੂਪ ਨਾਲ ਦ੍ਰਿਸ਼ਟਮਾਨ ਹੋ ਗਏ। ਸੱਚੇ ਲੱਗਣ ਦੇ ਖਿਆਲ ਨਾਲ ਸਿੱਖ ਸ਼ਰਧਾਲੂ ਦੂਜੇ ਧਰਮਾਂ ਦੇ ਉਹ ਸਭ ਕਰਮ ਕਾਂਡ ਨਿੰਦਦੇ ਗਏ, ਜੋ ਗੁਰੂ ਸਾਹਿਬ ਨੇ ਨਿੰਦੇ ਸਨ। ਪਰ ਆਪਣੇ ਬਿਲਕੁਲ ਉਹੋ ਜਿਹੇ ਕਰਮ-ਕਾਂਡਾਂ ਨੂੰ ਉਹ ਸਿੱਖ ਧਰਮ ਸਮਝ ਕੇ ਸਲਾਹੁੰਦੇ ਗਏ। ਗੁਰੂ ਸਾਹਿਬ ਰਾਹੀਂ ਗਿਆਨ ਦੇ ਲੜ ਲਾਈ ਸਿੱਖ ਸੰਗਤ ਸਮਾਂ ਪਾ ਕੇ ਦੂਜੀਆਂ ਸੰਪਰਦਾਵਾਂ ਵਾਂਗ ਹੀ ਇਕ ਕੱਟੜ ਸੰਪਰਦਾ ਬਣ ਗਈ। ਉਨ੍ਹਾਂ ਦੇ ਹੀ ਪੱਧਰ `ਤੇ ਉਤਰ ਕੇ ਇਹ ਉਨ੍ਹਾਂ ਨਾਲ ਉਲਝਣ ਲੱਗ ਪਈ। ਸਿੱਟਾ ਇਹ ਕਿ ਅਜੋਕਾ ਸਿੱਖ ਅੱਜ ਵੀ ਕਰੀਬ ਉਸੇ ਧਰਾਤਲ `ਤੇ ਵਿਚਰ ਰਿਹਾ ਹੈ, ਜਿਸ `ਤੇ ਗੁਰੂ ਸਾਹਿਬ ਦੇ ਵੇਲੇ ਦੀ ਗਿਆਨ-ਵਿਹੂਣੀ ਖਲਕਤ ਵਿਚਰ ਰਹੀ ਸੀ। ਉਤੋਂ ਅਸਚਰਜ ਇਹ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਉਹ ਉਥੇ ਵਿਚਰ ਰਿਹਾ ਹੈ!
ਇਸੇ ਲਈ ਗੁਰੂ ਸਾਹਿਬ ਨੇ ਜਿਸ ਮਨੋਰਥ ਲਈ ਇਹ ਬਾਣੀ ਰਚੀ ਸੀ, ਉਸ ਦਾ ਅੱਜ ਕਿਸੇ ਵਿਦਵਾਨ ਨੂੰ ਇਸ਼ਾਰੇ ਮਾਤਰ ਵੀ ਪਤਾ ਨਹੀਂ ਹੈ। ਇਹ ਅਜਮਾਇਆ ਹੋਇਆ ਸੱਚ ਹੈ ਕਿ ਅਜੋਕਾ ਸਿੱਖ ਗੁਰੂ ਨਾਨਕ ਦੇ ਸਿਧਾਂਤ ਨਾਲ ਉਪਰੋਂ ਜੁੜ ਕੇ ਵੀ ਅੰਦਰੋਂ ਇਸ ਨਾਲ ਜੁੜਿਆ ਹੋਇਆ ਨਹੀਂ ਹੈ। ਸ਼ਾਇਦ ਉਸ ਨੂੰ ਪਤਾ ਵੀ ਨਹੀਂ ਕਿ ਗੁਰੂ ਸਾਹਿਬ ਦੀ ਸਿੱਖੀ ਅਸਲੋਂ ਹੈ ਕੀ? ਸਿੱਖੀ ਦੇ ਭੁਲਾਵੇਂ ਉਹ ਆਪਣੇ ਹਿਰਦੇ ਵਿਚ ਕਈ ਮਨਘੜਤ ਸੰਕਲਪ ਲਈ ਫਿਰ ਰਿਹਾ ਹੈ ਤੇ ਕਈ ਨਿਰਾਧਾਰ ਗੱਲਾਂ `ਤੇ ਟੇਕ ਲਾਈ ਘੁੰਮ ਰਿਹਾ ਹੈ। ਆਪਣੇ ਹਿਰਦੇ ਵਿਚ ਸਿੱਖੀ ਪਾਲਣ ਲਈ ਉਸ ਨੂੰ ਪਹਿਲਾਂ ਆਪਣਾ ਮਨ ਇਨ੍ਹਾਂ ਗੈਰ-ਨਾਨਕੀ ਸੰਕਲਪਾਂ ਤੋਂ ਖਾਲੀ ਕਰਨਾ ਪਵੇਗਾ। ਇਹ ਕੰਮ ਉਹ ਉਚੇਚੀ ਸਿਖਿਆ ਤੇ ਸਹੀ ਉਦਮ ਤੋਂ ਬਿਨਾ ਨਹੀਂ ਕਰ ਸਕਦਾ।
ਹੁਣ ਵਿਗਿਆਨ ਦਾ ਯੁਗ ਹੈ ਤੇ ਵਿਗਿਆਨ ਲੋਕਾਂ ਅੱਗੇ ਨੱਚ ਰਿਹਾ ਹੈ। ਇਸ ਨਾਲ ਉਨ੍ਹਾਂ ਦੀ ਬੁੱਧੀ ਨੇ ਵਿਗਿਆਨਕ ਪਲਟਾ ਖਾਧਾ ਹੈ। ਹੁਣ ਸਿੱਖਾਂ ਦੀ ਬੁੱਧੀ ਗੁਰੂ ਨਾਨਕ ਦੀ ਸਿਖਿਆ ਦੀਆਂ ਵਿਗਿਆਨਕ ਰਿਸ਼ਮਾਂ ਵਧੇਰੇ ਆਸਾਨੀ ਨਾਲ ਗ੍ਰਹਿਣ ਕਰ ਸਕਦੀ ਹੈ। ਸਿੱਖ ਹੁਣ ਥੋੜੇ ਧਿਆਨ ਤੇ ਮਿਹਨਤ ਸਦਕਾ ਹੀ ਇਸ ਸੋਚ ਨਾਲ ਜੁੜ ਸਕਦੇ ਹਨ। ਹੁਣ ਸਮਾਂ ਆ ਚੁਕਾ ਹੈ ਕਿ ਗੁਰੂ ਸਾਹਿਬ ਦੀ ਸਿੱਖੀ ਦਾ ਚਾਨਣ ਸਭ ਪਰਦੇ ਚੀਰ ਕੇ ਬਾਹਰ ਆਵੇ ਤੇ ਇਸ ਦਾ ਵਿਗਿਆਨ ਚੌਗਿਰਦੇ ਦੇ ਵਿਗਿਆਨ ਨਾਲ ਮਿਲੇ। ਹੁਣ ਇਹ ਭਰਮ ਕਿ ਗੁਰੂ ਸਾਹਿਬ ਦੀ ਸਿੱਖੀ ਤੇ ਵਿਗਿਆਨ-ਦੋ ਵੱਖ ਵੱਖ ਗੱਲਾਂ ਹਨ, ਟੁੱਟਣਾ ਮੁਸ਼ਕਿਲ ਨਹੀਂ ਹੈ। ਇਸ ਲਈ ਹਰ ਇਕ ਸਿੱਖ ਨੂੰ ਗੁਰੂ ਸਾਹਿਬ ਦੇ ਵਿਲੱਖਣ ‘ਸਿੱਖੀ’ ਉਪਦੇਸ਼ ਨੂੰ ਫਿਰ ਤੋਂ ਸਮਝਣ ਤੇ ਸਿੱਖਣ ਦੀ ਲੋੜ ਹੈ। ਲੋੜ ਬਾਣੀ ਦੇ ਤੇਜ ਰਫਤਾਰ ਅਖੰਡ ਪਾਠ ਦੀ ਨਹੀਂ ਸਗੋਂ ਇਕ ਇਕ ਸ਼ਬਦ ਪੜ੍ਹ ਕੇ ਉਸ ਉਤੇ ਤਰਕਪੂਰਣ ਵਿਚਾਰ ਕਰਨ ਦੀ ਹੈ। ਲੋੜ ਉਲਥਿਆਂ ਤੇ ਟੀਕਿਆਂ `ਤੇ ਨਿਰਭਰਤਾ ਦੀ ਨਹੀਂ, ਲੋੜ ਤਾਂ ਗੁਰੂ ਦੇ ਸ਼ਬਦ ਨੂੰ ਸਿੱਧਾ ਖੋਜਣ ਦੀ ਹੈ।
ਅਜੋਕਾ ਸਿੱਖ, ਭਾਵੇਂ ਉਹ ਕੋਈ ਸਿੱਖ ਵਿਦਵਾਨ, ਗਿਆਨੀ ਜਾਂ ਪ੍ਰਚਾਰਕ ਹੋਵੇ ਤੇ ਭਾਵੇਂ ਕੋਈ ਬੁਧੀਜੀਵੀ ਹੋਵੇ, ਜਦੋਂ ਵੀ ਉਹ ਇਸ ਨੂੰ ਸਿੱਖਣਾ ਸ਼ੁਰੂ ਕਰ ਦੇਵੇਗਾ, ਉਦੋਂ ਹੀ ਗੁਰੂ ਸਾਹਿਬ ਦਾ ਸੱਚਾ ਸਿੱਖ ਬਣਨਾ ਸ਼ੁਰੂ ਹੋ ਜਾਵੇਗਾ। ਇਸ ਸਦਕਾ ਉਹ ਗੁਰੂ ਸਾਹਿਬ ਦੇ ਕਰਤਾਰੀ ਦਰਸ਼ਨ ਵਾਲੇ ਸਿੱਖੀ ਫਲਸਫੇ ਨਾਲ ਉਜਲ-ਮੁਖੀ ਹੋ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗਾ।