ਗੁਰਦਾਸਪੁਰੀਆਂ ਨੂੰ ਸਨੀ ਦਿਓਲ ਦੀਆਂ ਉਡੀਕਾਂ…

ਚੰਡੀਗੜ੍ਹ: ਗੁਰਦਾਸਪੁਰ ਤੋਂ ਚੁਣੇ ਸੰਸਦ ਮੈਂਬਰ ਸਨੀ ਦਿਓਲ ਨੂੰ ਇਸ ਸਮੇਂ ਭਾਰੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਦੀ ਹਲਕੇ ਵਿਚ ਆਮ ਵਿਚਰਨ ਦੀ ਥਾਂ ਆਪਣਾ ਨੁਮਾਇੰਦਾ ਚੁਣਨ ਪਿੱਛੋਂ ਜਿਥੇ ਸਿਆਸੀ ਵਿਰੋਧੀਆਂ ਵੱਲੋਂ ਘੇਰਾ ਪਾਇਆ ਜਾ ਰਿਹਾ ਹੈ, ਉਥੇ ਹਲਕੇ ਕੇ ਲੋਕ ਕਾਫੀ ਨਿਰਾਸ਼ ਹਨ। ਗੁਰਦਾਸਪੁਰ ਅਤੇ ਪਠਾਨਕੋਟ ਤੋਂ ਸਨੀ ਦਿਓਲ ਨੂੰ ਲੋਕਾਂ ਨੇ 82 ਹਜ਼ਾਰ ਤੋਂ ਵੀ ਵਧੇਰੇ ਵੋਟਾਂ ਨਾਲ ਜਿਤਾਇਆ ਸੀ।
ਅਸਲ ਵਿਚ ਭਾਜਪਾ ਨੂੰ ਏਡੇ ਵੱਡੇ ਇਲਾਕੇ ਵਿਚੋਂ ਆਪਣਾ ਕੋਈ ਉਮੀਦਵਾਰ ਨਹੀਂ ਸੀ ਲੱਭਿਆ। ਉਹ ਭਾਜਪਾ ਦਾ ਆਗੂ ਜਾਂ ਵਰਕਰ ਵੀ ਨਹੀਂ ਸੀ। ਲੋਕ ਸਭਾ ਚੋਣਾਂ 19 ਮਈ ਨੂੰ ਹੋਈਆਂ ਸਨ। ਉਸ ਦੇ ਭਾਜਪਾ ਵਿਚ 25 ਦਿਨ ਪਹਿਲਾਂ 23 ਅਪਰੈਲ ਨੂੰ ਸ਼ਾਮਲ ਕਰਨ ਦਾ ਐਲਾਨ ਦਿੱਲੀ ਵਿਚ ਕਰ ਦਿੱਤਾ ਗਿਆ ਅਤੇ 23 ਅਪਰੈਲ ਨੂੰ ਹੀ ਉਸ ਨੂੰ ਗੁਰਦਾਸਪੁਰ ਹਲਕੇ ਦਾ ਉਮੀਦਵਾਰ ਐਲਾਨ ਦਿੱਤਾ ਗਿਆ। ਉਸ ਤੋਂ 7 ਦਿਨ ਬਾਅਦ ਉਹ ਗੁਰਦਾਸਪੁਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਇਆ ਅਤੇ ਉਦੋਂ ਹੀ ਮੁੜ ਜਹਾਜ਼ ਰਾਹੀਂ ਮੁੰਬਈ ਪਰਤ ਗਿਆ। ਫਿਰ ਉਹ ਇਕ ਮਈ ਨੂੰ ਗੁਰਦਾਸਪੁਰ ਆਇਆ ਅਤੇ ਡੇਢ ਕੁ ਹਫਤਾ ਇਥੇ ਲਗਾ ਕੇ 15 ਮਈ ਨੂੰ ਅੰਮ੍ਰਿਤਸਰ ਅਤੇ ਬਠਿੰਡੇ ਚੋਣ ਪ੍ਰਚਾਰ ਲਈ ਚਲਾ ਗਿਆ। 19 ਮਈ ਨੂੰ ਵੋਟਾਂ ਪਈਆਂ, 20 ਮਈ ਨੂੰ ਆਪਣੀ ਥਕਾਵਟ ਲਾਹੁਣ ਲਈ ਉਹ ਮਨਾਲੀ ਚਲਾ ਗਿਆ। 23 ਮਈ ਨੂੰ ਜਹਾਜ਼ ਰਾਹੀਂ ਗੁਰਦਾਸਪੁਰ ਪਹੁੰਚਿਆ ਅਤੇ ਆਪਣਾ ਜੇਤੂ ਰੋਡ ਸ਼ੋਅ ਕਰਨ ਤੋਂ ਬਾਅਦ ਅਗਲੇ ਦਿਨ ਹੀ ਜਹਾਜ਼ ਰਾਹੀਂ ਵਾਪਸ ਪਰਤ ਗਿਆ।
ਉਸ ਤੋਂ ਬਾਅਦ ਸੰਨੀ ਸਾਹਿਬ ਦਾ ਗੁਰਦਾਸਪੁਰ ਦੇ ਹਲਕੇ ਦਾ ਚੱਕਰ ਨਹੀਂ ਲੱਗਾ। ਫਿਰ ਉਹ 15 ਜੂਨ ਨੂੰ ਡੇਰਾ ਬਾਬਾ ਨਾਨਕ ਆਇਆ। 16 ਅਤੇ 17 ਜੂਨ ਨੂੰ ਕੁਝ ਥਾਵਾਂ ‘ਤੇ ਭਾਜਪਾ ਦੇ ਕੁਝ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ 18 ਜੂਨ ਨੂੰ ਦਿੱਲੀ ਵਿਚ ਜਾ ਕੇ ਸਹੁੰ ਚੁੱਕੀ। ਹੁਣ ਜੁਲਾਈ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਸੰਨੀ ਦੇ ਲੋਕਾਂ ਲਈ ਦਰਸ਼ਨ ਨਦਾਰਦ ਹਨ। ਇਥੇ ਇਲਾਕੇ ਵਿਚ ਆਉਣ ਦੀ ਥਾਂ ‘ਤੇ ਉਸ ਨੇ ਇਕ ਹੋਰ ਨਵਾਂ ਮਾਅਰਕਾ ਮਾਰਿਆ ਹੈ। ਆਪਣੇ ਇਕ ਫਿਲਮੀ ਸਾਥੀ ਗੁਰਪ੍ਰੀਤ ਸਿੰਘ ਪਲਹੇਰੀ, ਜਿਹੜਾ ਖਰੜ ਦੇ ਇਲਾਕੇ ਵਿਚ ਰਹਿੰਦਾ ਹੈ ਅਤੇ ਜਿਸ ਦਾ ਵੋਟਾਂ ਦੇ ਦਿਨਾਂ ਤੋਂ ਇਲਾਵਾ ਕਦੀ ਗੁਰਦਾਸਪੁਰ ਨਾਲ ਕੋਈ ਬਾਵਾਸਤਾ ਨਹੀਂ ਰਿਹਾ, ਉਸ ਨੂੰ ਸੰਨੀ ਨੇ ਲਿਖਤੀ ਰੂਪ ਵਿਚ ਆਪਣਾ ਪ੍ਰਤੀਨਿਧ ਥਾਪਣ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਵੀ ਲਿਖਿਆ ਹੈ ਕਿ ਪਲਹੇਰੀ ਉਸ ਦੀ ਥਾਂ ਉਤੇ ਮੀਟਿੰਗਾਂ ਵਿਚ ਸ਼ਾਮਲ ਹੋਏਗਾ ਅਤੇ ਮਹੱਤਵਪੂਰਨ ਮਸਲਿਆਂ ਨਾਲ ਨਜਿੱਠੇਗਾ। ਜੇਕਰ ਅਜਿਹਾ ਕਰਨ ‘ਤੇ ਉਸ ਦੀ ਚਾਰੇ ਪਾਸਿਉਂ ਆਲੋਚਨਾ ਸ਼ੁਰੂ ਹੋ ਗਈ ਹੈ ਤਾਂ ਸੰਨੀ ਕਹਿੰਦਾ ਹੈ ਕਿ ਉਸ ਨੂੰ ਅਜਿਹੀ ਆਲੋਚਨਾ ਤੋਂ ਬਹੁਤ ਦੁੱਖ ਹੋਇਆ ਹੈ।
ਗੁਰਦਾਸਪੁਰ ਦੇ ਵੋਟਰ ਉਂਜ ਵੀ ਫਿਲਮੀ ਅਦਾਕਾਰਾਂ ਦੇ ਦੀਵਾਨੇ ਜਾਪਦੇ ਹਨ। ਭਾਜਪਾ ਵੱਲੋਂ ਇਥੋਂ ਪਹਿਲਾਂ ਵੀ ਚਾਰ ਵਾਰ ਫਿਲਮੀ ਅਦਾਕਾਰ ਵਿਨੋਦ ਖੰਨਾ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਸੀ। ਵਿਨੋਦ ਖੰਨਾ ਨੇ ਇਸ ਅਰਸੇ ਵਿਚ ਕੁਝ ਪੁਲ ਜ਼ਰੂਰ ਬਿਤਾਏ। ਇਨ੍ਹਾਂ ਕਰਕੇ ਹੀ ਇਸ ਹਲਕੇ ਵਾਲੇ ਉਸ ਦੇ ਦੀਵਾਨੇ ਬਣੇ ਰਹੇ। ਪਰ ਸੰਨੀ ਦਿਓਲ ਤੋਂ ਲੋਕਾਂ ਨੂੰ ਇੰਨੀ ਉਮੀਦ ਵੀ ਨਹੀਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਨੀ ਦੇ ਪਿਤਾ ਧਰਮਿੰਦਰ ਨੂੰ ਵੀ ਭਾਜਪਾ ਨੇ ਡੋਰੇ ਪਾ ਕੇ ਰਾਜਸਥਾਨ ਤੋਂ ਚੋਣ ਲੜਾਈ ਸੀ। ਚਾਹੇ ਧਰਮਿੰਦਰ ਚੋਣ ਤਾਂ ਜਿੱਤ ਗਿਆ ਸੀ ਪਰ ਉਸ ਨੇ ਆਪਣੇ ਚੋਣ ਹਲਕੇ ਦੇ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਾਈ। ਅਜਿਹੀ ਨੀਤੀ ‘ਤੇ ਚਲਦੀ ਭਾਜਪਾ ਨੇ ਉਸ ਦੀ ਪਤਨੀ ਹੇਮਾ ਮਾਲਿਨੀ ਨੂੰ ਵੀ ਉੱਤਰ ਪ੍ਰਦੇਸ਼ ਵਿਚ ਮਥੁਰਾ ਹਲਕੇ ਤੋਂ ਚੋਣ ਲੜਾ ਕੇ ਜਿਤਾਇਆ ਅਤੇ ਹੁਣ ਦੂਸਰੀ ਵਾਰ ਵੀ ਉਸ ਨੇ ਉਥੋਂ ਹੀ ਜਿੱਤ ਪ੍ਰਾਪਤ ਕੀਤੀ ਹੈ। ਹੇਮਾ ਨੂੰ ਵੀ ਕਦੀ-ਕਦਾਈਂ ਆਪਣੇ ਚੋਣ ਹਲਕੇ ਦੀ ਯਾਦ ਆਉਂਦੀ ਹੈ ਅਤੇ ਕਦੀ-ਕਦਾਈਂ ਉਹ ਉਥੇ ਕਿਤੇ ਨਾ ਕਿਤੇ ਲੋਕਾਂ ਨੂੰ ਦਰਸ਼ਨ ਵੀ ਦੇ ਦਿੰਦੀ ਹੈ।
____________________________
ਵੱਧ ਖਰਚੇ ਦੇ ਮਾਮਲੇ ‘ਚ ਸਨੀ ਦੀਆਂ ਮੁਸ਼ਕਲਾਂ ਵਧੀਆਂ
ਪਠਾਨਕੋਟ: ਗੁਰਦਾਸਪੁਰ ਹਲਕੇ ਤੋਂ ਭਾਜਪਾ ਦੇ ਜਿੱਤੇ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ (ਸਨੀ ਦਿਓਲ) ਵੱਲੋਂ ਚੋਣ ਪ੍ਰਚਾਰ ਸਮੇਂ ਕੀਤੇ ਗਏ ਖਰਚੇ ਦੀ ਰਿਪੋਰਟ ਫਾਈਨਲ ਕਰਕੇ ਚੋਣ ਕਮਿਸ਼ਨ ਪੰਜਾਬ ਨੂੰ ਭੇਜ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਨੀ ਦਿਓਲ ਵੱਲੋਂ ਕੀਤਾ ਗਿਆ ਖਰਚਾ 78 ਲੱਖ 51 ਹਜ਼ਾਰ 592 ਰੁਪਏ 45 ਪੈਸੇ ਹੈ ਜਦਕਿ ਕਾਂਗਰਸ ਪਾਰਟੀ ਦੇ ਸੁਨੀਲ ਜਾਖੜ ਵੱਲੋਂ 61 ਲੱਖ 36 ਹਜ਼ਾਰ 58 ਰੁਪਏ ਖਰਚੇ ਗਏ। ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਦੇਸ਼ ਅੰਦਰ ਹਰੇਕ ਉਮੀਦਵਾਰ ਨੂੰ 70 ਲੱਖ ਰੁਪਏ ਤੱਕ ਦੀ ਹੱਦ ਨਿਰਧਾਰਤ ਕੀਤੀ ਗਈ ਸੀ ਪਰ ਭਾਜਪਾ ਉਮੀਦਵਾਰ ਸਨੀ ਦਿਓਲ ਵੱਲੋਂ ਨਿਰਧਾਰਤ ਹੱਦ ਤੋਂ ਵੱਧ ਖਰਚਾ ਕਰ ਦੇਣ ਨਾਲ ਸਨੀ ਦਿਓਲ ‘ਤੇ ਚੋਣ ਕਮਿਸ਼ਨ ਦੀ ਤਲਵਾਰ ਲਟਕ ਗਈ ਹੈ।