ਕੈਪਟਨ ਸਰਕਾਰ ਵੱਲੋਂ ਬਜ਼ੁਰਗ ਖਿਡਾਰੀਆਂ ਦੀ ਪੈਨਸ਼ਨ ਬੰਦ

ਚੰਡੀਗੜ੍ਹ: ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਦੇਸ਼ ਦਾ ਨਾਂ ਉੱਚਾ ਕਰਦੇ ਰਹੇ ਬਜ਼ੁਰਗ ਖਿਡਾਰੀਆਂ ਦੀ ਪੈਨਸ਼ਨ ਤਿੰਨ ਗੁਣਾਂ ਕਰਨ ਦੇ ਵਾਅਦੇ ਨੂੰ ਪੁਗਾਉਣ ਦੀ ਥਾਂ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਪਹਿਲਾਂ ਮਿਲਦੀ ਪੈਨਸ਼ਨ ਵੀ ਖੋਹ ਲਈ ਹੈ। ਪੰਜਾਬ ਵਿਚ 125 ਦੇ ਕਰੀਬ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਉਲੰਪਿਕ, ਏਸ਼ਿਆਈ ਅਤੇ ਕਾਮਨਵੈਲਥ ਖੇਡਾਂ ਸਮੇਤ ਹੋਰ ਕੌਮਾਂਤਰੀ ਮੁਕਾਬਲਿਆਂ ਵਿਚ ਦੇਸ਼ ਲਈ ਮੈਡਲ ਜਿੱਤੇ ਸਨ ਪਰ

ਹੁਣ ਸਰਕਾਰ ਨੇ ਇਨ੍ਹਾਂ ਖਿਡਾਰੀਆਂ ਦਾ ਮਾਣ ਹੋਰ ਵਧਾਉਣ ਦੀ ਥਾਂ ਨਿਗੂਣੀ ਮਿਲਦੀ ਪੈਨਸ਼ਨ ਵੀ ਬੰਦ ਕਰ ਦਿੱਤੀ ਹੈ। ਇਨ੍ਹਾਂ 125 ਬਜ਼ੁਰਗ ਖਿਡਾਰੀਆਂ ਵਿਚੋਂ 31 ਖਿਡਾਰੀਆਂ ਨੇ ਇਕੱਠੇ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨਾਲ ਸੂਬਾ ਸਰਕਾਰ ਨੇ ਜਿਹੜਾ ਤਿੰਨ ਗੁਣਾਂ ਪੈਨਸ਼ਨ ਵਧਾਉਣ ਦਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾਵੇ ਨਾ ਕਿ ਪਹਿਲਾਂ ਮਿਲਦੀ ਪੈਨਸ਼ਨ ਬੰਦ ਕੀਤੀ ਜਾਵੇ।
ਸਰਕਾਰ ਦੀ ਨਵੀਂ ਪੈਨਸ਼ਨ ਨੀਤੀ ਅਨੁਸਾਰ ਜਿਹੜੇ ਖਿਡਾਰੀ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਰਹੇ ਹਨ ਜੇ ਉਨ੍ਹਾਂ ਨੂੰ ਉਥੋਂ ਸਾਲਾਨਾ 6 ਲੱਖ ਤੋਂ ਵੱਧ ਪੈਨਸ਼ਨ ਮਿਲ ਰਹੀ ਹੈ ਤਾਂ ਉਨ੍ਹਾਂ ਨੂੰ ਖਿਡਾਰੀ ਕੋਟੇ ਵਿਚੋਂ ਪੈਨਸ਼ਨ ਨਹੀਂ ਮਿਲੇਗੀ। ਇਨ੍ਹਾਂ ਬਜ਼ੁਰਗ ਖਿਡਾਰੀਆਂ ਨੇ ਪੰਜਾਬ ਸਪੋਰਟਸ ਸੁਪਰ ਸਟਾਰ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਬਣਾ ਕੇ ਸਰਕਾਰ ਨਾਲ ਟੱਕਰ ਲੈਣ ਦਾ ਵੀ ਫੈਸਲਾ ਕੀਤਾ ਹੈ। ਇਸ ਜਥੇਬੰਦੀ ਦਾ ਪ੍ਰਧਾਨ ਬ੍ਰਿਗੇਡੀਅਰ ਹਰਚਰਨ ਸਿੰਘ ਨੂੰ ਬਣਾਇਆ ਗਿਆ ਹੈ। ਇਸ ਮੌਕੇ ਬਜ਼ੁਰਗ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੈਨਸ਼ਨ ਬੰਦ ਕਰਨ ਦੇ ਨੋਟਿਸ ਆ ਗਏ ਹਨ। ਬਾਸਕਟਬਾਲ ਦੇ ਨਾਮਵਰ ਖਿਡਾਰੀ ਰਹੇ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਮਾਰਚ 2018 ਵਿਚ ਉਨ੍ਹਾਂ ਨੂੰ ਆਖਰੀ ਪੈਨਸ਼ਨ ਮਿਲੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਿਰਫ ਮਹੀਨੇ ਦੀ 600 ਰੁਪਏ ਪੈਨਸ਼ਨ ਮਿਲਦੀ ਹੈ ਤੇ ਸਰਕਾਰ ਨੇ ਉਹ ਵੀ ਬੰਦ ਕਰ ਦਿੱਤੀ ਹੈ। ਹਾਕੀ ਵਿਚ ਸੁਨਹਿਰੀ ਇਬਾਰਤ ਲਿਖਣ ਵਾਲੀ ਤੇ ਗੋਲਡਨ ਗਰਲ ਦੇ ਨਾਂ ਨਾਲ ਜਾਣ ਵਾਲੀ ਰਾਜਬੀਰ ਕੌਰ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿਚ ਬਜ਼ੁਰਗ ਖਿਡਾਰੀਆਂ ਦੀ ਪੈਨਸ਼ਨ ਵਧਾ ਕੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਮਿਲਦੀ ਪੈਨਸ਼ਨ ਵੀ ਬੰਦ ਕਰ ਰਹੀ ਹੈ।
ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਸੂਬੇ ਦੇ 12,500 ਪਿੰਡ ਹਨ ਜਦਕਿ ਬਜ਼ੁਰਗ ਖਿਡਾਰੀਆਂ ਦੀ ਗਿਣਤੀ 125 ਹੈ। ਇਸ ਹਿਸਾਬ ਮੁਤਾਬਕ 100 ਪਿੰਡਾਂ ਪਿੱਛੇ ਆਉਂਦੇ ਇਕ ਖਿਡਾਰੀ ਨੂੰ ਵੀ ਸਰਕਾਰ ਜੇ ਮਾਣ ਵਜੋਂ ਪੈਨਸ਼ਨ ਨਹੀਂ ਦੇ ਸਕਦੀ ਤਾਂ ਇਸ ਦਾ ਆਉਣ ਵਾਲੀ ਨਵੀਂ ਪੀੜ੍ਹੀ ਦੇ ਖਿਡਾਰੀਆਂ ‘ਤੇ ਕੀ ਅਸਰ ਹੋਵੇਗਾ। ਬਜ਼ੁਰਗ ਖਿਡਾਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਵਿਚ ਤਿੰਨ ਖਿਡਾਰੀ ਮੰਤਰੀ ਹਨ, ਜਿਨ੍ਹਾਂ ਵਿਚ ਨਵਜੋਤ ਸਿੰਘ ਸਿੱਧੂ, ਰਾਣਾ ਸੋਢੀ ਅਤੇ ਮਨਪ੍ਰੀਤ ਬਾਦਲ ਸ਼ਾਮਲ ਹਨ। ਇਸ ਦੇ ਬਾਵਜੂਦ ਵੀ ਖਿਡਾਰੀਆਂ ਦੀ ਗੱਲ ਨਹੀਂ ਸੁਣੀ ਜਾ ਰਹੀ। ਉਨ੍ਹਾਂ ਕਿਹਾ ਕਿ ਉਲੰਪੀਅਨ ਪਰਗਟ ਸਿੰਘ ਵਿਧਾਇਕ ਹਨ। ਉਨ੍ਹਾਂ ਨੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ।