ਸਮੇਂ ਦੀ ਚਾਲ ਨਾਲ ਬੜਾ ਹੀ ਕੁਝ ਬਦਲ ਜਾਣਾ!

-ਜਤਿੰਦਰ ਪਨੂੰ
ਮੈਨੂੰ ਇਹ ਨਹੀਂ ਪਤਾ ਕਿ ਰਾਜਨੀਤੀ ਤੋਂ ਹਟ ਕੇ ਲਿਖਣ ਲੱਗਾ ਹਾਂ ਜਾਂ ਰਾਜਨੀਤੀ ਦੇ ਭਵਿੱਖ ਬਾਰੇ, ਭਵਿੱਖ ਦੀ ਰਾਜਨੀਤੀ ਜਾਂ ਫਿਰ ਕਿਰਤ ਕਰਨ ਅਤੇ ਪੇਟ ਭਰਨ ਵਾਲੀ ਜਮਾਤ ਦੇ ਭਵਿੱਖ ਬਾਰੇ ਲਿਖਣ ਲੱਗਾ ਹਾਂ! ਹਾਲਾਤ ਬੜੀ ਤੇਜ਼ੀ ਨਾਲ ਅਤੇ ਸਾਡੀ ਸੋਚ ਤੋਂ ਬਾਹਰੀ ਤੇਜ਼ੀ ਨਾਲ ਬਦਲ ਰਹੇ ਹਨ। ਅਗਲੇ ਕੁਝ ਸਾਲਾਂ ਵਿਚ ਕਈ ਕੁਝ ਇਸ ਤਰ੍ਹਾਂ ਦਾ ਹੋਣ ਵਾਲਾ ਹੈ, ਜਿਸ ਨਾਲ ਅੱਜ ਦੀਆਂ ਸਭ ਧਾਰਨਾਵਾਂ ਬਦਲ ਸਕਦੀਆਂ ਹਨ। ਜਦੋਂ ਏਨਾ ਕੁਝ ਅਤੇ ਏਨੀ ਤੇਜ਼ੀ ਨਾਲ ਬਦਲਣ ਜਾ ਰਿਹਾ ਹੈ, ਇਸ ਦੇ ਅਸਰ ਹੇਠ ਅੱਜ ਦੀ ਰਾਜਨੀਤੀ ਅਤੇ ਕਿਰਤ ਕਰਨ ਵਾਲੀ ਜਮਾਤ ਦੇ ਅਜੋਕੇ ਹੱਕੀ ਸੰਘਰਸ਼ ਜਾਂ ਇਸ ਦੀਆਂ ਮੰਗਾਂ ਵਾਲੇ ਪੱਖ ‘ਤੇ ਵੀ ਏਨਾ ਅਸਰ ਹੋਣਾ ਹੈ, ਜਿਸ ਦੀ ਗੱਲ ਕਰਨਾ ਹਾਲੇ ਹਾਸੋਹੀਣਾ ਲੱਗਦਾ ਹੈ।

ਇਸ ਜੁਲਾਈ ਦੀ ਪੰਜ ਤਾਰੀਖ ਨੂੰ ਜਦੋਂ ਭਾਰਤ ਦਾ ਬਜਟ ਪੇਸ਼ ਕੀਤਾ ਜਾ ਰਿਹਾ ਸੀ, ਖਜਾਨਾ ਮੰਤਰੀ ਬੀਬੀ ਇਹ ਦੱਸ ਰਹੀ ਸੀ ਕਿ ਅਗਲੇ ਸਾਲਾਂ ਵਿਚ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਲਈ ਮਾਹੌਲ ਬਣਾਉਣਾ ਹੈ, ਤਾਂ ਇੱਕ ਸੱਜਣ ਨੇ ਫੋਨ ਕਰ ਕੇ ਪੁੱਛ ਲਿਆ ਕਿ ਉਦੋਂ ਫਿਰ ਅੱਜ ਵਾਲੇ ਪੈਟਰੋਲ ਪੰਪਾਂ ਦਾ ਕੀ ਬਣੇਗਾ? ਜਲੰਧਰ ਵਰਗੇ ਸ਼ਹਿਰ ਦੇ ਇੱਕ ਵਧੀਆ ਚੱਲਦੇ ਅਤੇ ਤੀਸਰੀ ਪੀੜ੍ਹੀ ਵੱਲੋਂ ਚਲਾਏ ਜਾ ਰਹੇ ਪੈਟਰੋਲ ਪੰਪ ਦਾ ਅਜੋਕਾ ਸੰਚਾਲਕ ਉਹ ਨੌਜਵਾਨ ਇਸ ਲਈ ਚਿੰਤਤ ਸੀ ਕਿ ਉਸ ਦੇ ਕਾਰੋਬਾਰ ‘ਤੇ ਸੱਟ ਪੈਣ ਵਾਲੀ ਸੀ, ਪਰ ਅਸੀਂ ਕੁਝ ਅੱਗੇ ਸੋਚ ਰਹੇ ਹਾਂ।
ਭਾਰਤ ਦੀ ਸਰਕਾਰ ਦੂਜੇ ਦੇਸ਼ਾਂ ਵਾਂਗ ਬਿਜਲੀ ਵਾਲੀਆਂ ਕਾਰਾਂ ਤੇ ਹੋਰ ਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਇਸ ਲਈ ਕਿ ਇਸ ਨਾਲ ਪ੍ਰਦੂਸ਼ਣ ਘਟੇਗਾ, ਖਰਚਾ ਵੀ ਘਟੇਗਾ ਅਤੇ ਤੇਲ ਦੇਣ ਵੇਲੇ ਅੜੀਆਂ ਕਰਨ ਵਾਲੇ ਦੇਸਾਂ ‘ਤੇ ਸਾਡੇ ਦੇਸ਼ ਦੀ ਨਿਰਭਰਤਾ ਵੀ ਘਟੇਗੀ। ਸਰਕਾਰ ਏਦਾਂ ਕਰ ਕੇ ਗਲਤ ਕੁਝ ਨਹੀਂ ਕਰਦੀ ਜਾਪਦੀ। ਜਦੋਂ ਇਹ ਪ੍ਰਬੰਧ ਚੱਲਣ ਪਿੱਛੋਂ ਹਰ ਪਾਸੇ ਕਾਰਾਂ ਤੇ ਹੋਰ ਗੱਡੀਆਂ ਬਿਜਲੀ ਨਾਲ ਚੱਲਣ ਲੱਗੀਆਂ, ਪੈਟਰੋਲ ਪੰਪ ਜ਼ਰੂਰ ਬੰਦ ਹੋ ਜਾਣਗੇ। ਇੱਕਦਮ ਇਹ ਬੰਦ ਨਹੀਂ ਹੋਣੇ, ਹੌਲੀ-ਹੌਲੀ ਹੋ ਜਾਣਗੇ, ਪਰ ਇਹ ਕੁਝ ਹੋਣਾ ਤਾਂ ਹੈ ਹੀ। ਅੱਗੇ ਵੀ ਕਈ ਕੁਝ ਬੰਦ ਹੁੰਦਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਇਸੇ ਹਫਤੇ ਕਿਸੇ ਸੱਜਣ ਨੇ ਮੈਸੇਜ ਪਾਇਆ ਹੈ ਕਿ ਪਹਿਲਾਂ ਜਦੋਂ ਕੈਮਰਿਆਂ ਵਿਚ ਫਿਲਮ ਪੈਂਦੀ ਸੀ, ਸਾਰੀ ਦੁਨੀਆਂ ਵਿਚ ਕੋਡਕ ਦੀ ਫਿਲਮ ਕੰਪਨੀ ਦੀ ਧੁੰਮ ਹੁੰਦੀ ਸੀ। ਅੱਜ ਨਵੀਂ ਪੀੜ੍ਹੀ ਵਾਲੇ ਲੋਕ ਇਸ ਕੰਪਨੀ ਤੇ ਉਸ ਫਿਲਮ ਰੋਲ ਬਾਰੇ ਜਾਣਦੇ ਵੀ ਨਹੀਂ ਹੋਣੇ। ਇੱਕ ਮੌਕੇ ਵੀਡੀਓ ਰਿਕਾਰਡਿੰਗ ਵਾਸਤੇ ਨਵੀਂ ਚੀਜ਼ ਵੀਡੀਓ ਕੈਸੇਟ ਹੁੰਦੀ ਸੀ, ਅੱਜ ਉਹ ਨਹੀਂ ਰਹੀ ਤੇ ਨਵੀਂ ਪੀੜ੍ਹੀ ਨੂੰ ਇਸ ਦਾ ਪਤਾ ਵੀ ਨਹੀਂ ਹੋਣਾ। ਕੈਸੇਟ ਪਿੱਛੋਂ ਕੰਪਿਊਟਰ ਦੀ ਫਲਾਪੀ ਡਿਸਕ ਆਈ ਸੀ, ਫਿਰ ਜਦੋਂ ਸੀ. ਡੀ. ਚੱਲ ਪਈ ਤਾਂ ਫਲਾਪੀ ਡਿਸਕ ਨਹੀਂ ਰਹੀ। ਨਵੀਂ ਪੀੜ੍ਹੀ ਦੇ ਬੱਚੇ ਏਨੀ ਗੱਲ ਸੁਣ ਕੇ ਹੀ ਅੱਕ ਜਾਣਗੇ, ਪਰ ਅਸੀਂ ਕੁਝ ਹੋਰ ਯਾਦ ਕਰ ਸਕਦੇ ਹਾਂ।
ਸਾਡੇ ਸਾਹਮਣੇ ਪਹਿਲਾਂ ਘਰਾਂ ਦੀਆਂ ਛੱਤਾਂ ‘ਤੇ ਮੰਜੇ ਇੱਕ ਦੂਸਰੇ ਨਾਲ ਉਲਟੇ ਜੋੜ ਕੇ ਉਨ੍ਹਾਂ ‘ਤੇ ਲਾਊਡ ਸਪੀਕਰ ਬੰਨ੍ਹਿਆ ਜਾਂਦਾ ਅਤੇ ਉਸ ਦੀ ਮਸ਼ੀਨ ਹੇਠਾਂ ਕਿਸੇ ਕਮਰੇ ਜਾਂ ਵਿਹੜੇ ਵਿਚ ਰੱਖ ਕੇ ਉਸ ‘ਤੇ ਗੋਲਾਈਦਾਰ ਰਿਕਾਰਡ ਲਾ ਕੇ ਘੁੰਮਾਉਣ ਮਗਰੋਂ ਉਸ ‘ਤੇ ਸੂਈ ਵਾਲਾ ਜੁਗਾੜ ਲਾਇਆ ਜਾਂਦਾ ਸੀ, ਜਿਸ ਦੀ ਸੂਈ ਝਰੀ ਵਿਚ ਚੱਲ ਕੇ ਅਵਾਜ਼ ਪੈਦਾ ਕਰਦੀ ਸੀ। ਪਿਛੋਂ ਉਹ ਸਭ ਕੁਝ ਗਾਇਬ ਹੋ ਗਿਆ। ਅੱਜ ਲਾਊਡ ਸਪੀਕਰ ਲੱਗਦੇ ਹਨ, ਪਰ ਮਸ਼ੀਨ ਵਿਚ ਸੀ. ਡੀ. ਫਿੱਟ ਹੁੰਦੀ ਹੈ। ਅਸੀਂ ਲੋਕਾਂ ਬਚਪਨ ਵਿਚ ਉਹ ਟੈਲੀਫੋਨ ਵੇਖਿਆ ਸੀ, ਜਿਸ ਨੂੰ ਚਲਾਉਣ ਜਾਂ ਘੰਟੀ ਵੱਜੀ ਤੋਂ ਸੁਣਨ ਵੇਲੇ ਨਾਲ ਹੱਥੀ ਘੁੰਮਾ ਕੇ ਚਾਬੀ ਭਰਨੀ ਪੈਂਦੀ ਸੀ, ਵਰਨਾ ਅਵਾਜ਼ ਬੈਠ ਜਾਂਦੀ ਸੀ, ਉਹ ਵੀ ਖਤਮ ਹੋ ਗਏ ਸਨ।
ਜਦੋਂ ਹਾਲੇ ਟੈਲੀਫੋਨ ਦਾ ਯੁੱਗ ਨਹੀਂ ਸੀ ਆਇਆ, ਉਦੋਂ ਟੈਲੀਗ੍ਰਾਮ ਹੁੰਦੀ ਸੀ ਤੇ ਡਾਕਖਾਨੇ ਜਾਂ ਕਿਸੇ ਸਰਕਾਰੀ ਦਫਤਰ ਵਿਚ ਬੈਠਾ ਬੰਦਾ ਉਸ ਦੀ ਪੱਟੀ ‘ਤੇ ਉਂਗਲ ਦੇ ਨਾਲ ਖਾਸ ਕਿਸਮ ਦੀ ਟਿਕ-ਟਿਕ ਕਰੀ ਜਾਂਦਾ ਸੀ, ਜਿਸ ਦੀ ਟਿਕ-ਟਿਕ ਵਿਚ ਛੁਪੇ ਕੋਡ ਸੁਣਦਾ ਦੂਜੇ ਪਾਸੇ ਵਾਲਾ ਕਲਰਕ ਸਾਰਾ ਸੰਦੇਸ਼ ਨੋਟ ਕਰ ਸਕਦਾ ਸੀ। ਪਿਛਲੇਰੇ ਸਾਲ ਟੈਲੀਗ੍ਰਾਮ ਸਾਰੀ ਦੁਨੀਆਂ ਵਿਚ ਬੰਦ ਹੋ ਗਈ ਤਾਂ ਉਸ ਦਿਨ ਉਸ ਨਾਲ ਜੁੜੇ ਰਹੇ ਪੁਰਾਣੇ ਲੋਕਾਂ ਵਿਚੋਂ ਜਿਹੜੇ ਕੁਝ ਬਜੁਰਗ ਮਿਲੇ ਸਨ, ਉਦਾਸੀ ਜਿਹੀ ਨਾਲ ਜ਼ਿਕਰ ਕਰਦੇ ਸਨ।
ਸਾਡੇ ਵੇਖਦਿਆਂ ਤੋਂ ਪਿੰਡਾਂ ਵਿਚ ਖੇਤੀ ਲਈ ਪਾਣੀ ਕੱਢਣ ਵਾਸਤੇ ਵੱਡਾ ਮਹੱਤਵ ਰੱਖਦੇ ਖੂਹ ਗਾਇਬ ਹੋ ਗਏ ਤੇ ਉਨ੍ਹਾਂ ਦੀ ਥਾਂ ਲੋਹੇ ਦੀ ਪਾਈਪ ਵਾਲੇ ਟਿਊਬਵੈਲ ਆ ਗਏ ਸਨ। ਜੋ ਬਲਦ ਉਦੋਂ ਖੂਹਾਂ ਨੂੰ ਗੇੜਨ ਲਈ ਵਰਤਣ ਕਰ ਕੇ ਬੜੀ ਅਹਿਮੀਅਤ ਰੱਖਦੇ ਸਨ, ਉਸ ਦੇ ਬਾਅਦ ਗੱਡਿਆਂ ਜੋਗੇ ਰਹਿ ਗਏ ਅਤੇ ਫਿਰ ਗੱਡੇ ਬੰਦ ਹੋਣ ਕਾਰਨ ਬੇਲੋੜੇ ਹੋ ਕੇ ਘਰਾਂ ਤੋਂ ਕੱਢੇ ਜਾਣ ਲੱਗ ਪਏ ਸਨ। ਉਸ ਤੋਂ ਪਹਿਲਾਂ ਗਾਂ ਦੀ ਵੱਛੀ ਦਾ ਮੁੱਲ ਘੱਟ ਤੇ ਵੱਛੇ ਦਾ ਵੱਧ ਹੁੰਦਾ ਸੀ ਤੇ ਉਸ ਦੇ ਬਾਅਦ ਵੱਛੀ ਤੇ ਮੱਝ ਦੀ ਕੱਟੀ ਦੀ ਕਦਰ ਹਾਲੇ ਬਾਕੀ ਹੈ, ਵੱਛਾ ਤੇ ਕੱਟਾ ਬੇਲੋੜੇ ਹੋ ਗਏ ਸਨ। ਕੁਰਾਲੀ ਨੂੰ ਜਾਣ ਵਾਲੇ ਜਿਹੜੇ ਟਾਂਗੇ ਦੇ ਗੀਤ ਚੱਲਦੇ ਸਨ, ਅੱਜ ਉਹ ਟਾਂਗੇ ਕਿਤੇ ਵੀ ਨਹੀਂ ਰਹੇ। ਤਬਦੀਲੀ ਅਜੇ ਵੀ ਜਾਰੀ ਹੈ।
ਗੱਲ ਫਿਰ ਖਜਾਨਾ ਮੰਤਰੀ ਅਤੇ ਭਾਰਤ ਸਰਕਾਰ ਦੀ ਇਸ ਸੋਚ ਵੱਲ ਮੁੜ ਪੈਂਦੀ ਹੈ ਕਿ ਛੇਤੀ ਹੀ ਬਿਜਲੀ ਵਾਲੀ ਕਾਰ ਭਾਰਤ ਵਿਚ ਆ ਜਾਵੇਗੀ ਅਤੇ ਪੈਟਰੋਲ ਪੰਪ ਬੇਲੋੜੇ ਹੋਣ ਦਾ ਖਦਸ਼ਾ ਹੈ। ਦੁਨੀਆਂ ਇਸ ਤੋਂ ਅੱਗੇ ਜਾ ਰਹੀ ਹੈ। ਕੁਝ ਦੇਸ਼ਾਂ ਵਿਚ ਕਾਰਾਂ ਦੀ ਨਵੀਂ ਨਸਲ ਆ ਰਹੀ ਹੈ, ਜੋ ਡਰਾਈਵਰ ਤੋਂ ਬਿਨਾ ਚੱਲਿਆ ਕਰੇਗੀ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਮੁਹਾਰਤ ਏਨੀ ਹੈ ਕਿ ਹਾਦਸੇ ਵੀ ਘੱਟ ਹੋਣਗੇ। ਇਹ ਹੋ ਸਕਦਾ ਹੈ। ਆਕਾਸ਼ ਵਿਚ ਉਡਦੇ ਜਹਾਜ ਜਦੋਂ ਜਮੀਨ ‘ਤੇ ਉਤਰਨ ਲੱਗਦੇ ਹਨ, ਕਈ ਥਾਂਈਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਏਅਰ ਪੋਰਟ ਨੇੜੇ ਆਉਣ ਪਿਛੋਂ ਪਾਇਲਟ ਉਸ ਦਾ ਕੰਟਰੋਲ ਛੱਡ ਦਿੰਦਾ ਹੈ ਤੇ ਉਹ ਆਟੋ ਲੈਂਡਿੰਗ ਸਿਸਟਮ ਨਾਲ ਖੁਦ ਹੀ ਜਮੀਨ ‘ਤੇ ਵਿਛੇ ਹੋਏ ਰੰਨ-ਵੇਅ ਦੀ ਸੇਧ ਰੱਖ ਕੇ ਉਤਰ ਜਾਂਦੇ ਹਨ। ਜਮੀਨ ‘ਤੇ ਡਰਾਈਵਰ ਤੋਂ ਬਿਨਾ ਚੱਲਦੀਆਂ ਕਾਰਾਂ ਵੀ ਕਾਮਯਾਬ ਹੋ ਜਾਣਗੀਆਂ ਤਾਂ ਫਿਰ ਡਰਾਈਵਰਾਂ ਦੀ ਕੀ ਲੋੜ ਰਹੇਗੀ?
ਸਿਰਫ ਡਰਾਈਵਰਾਂ ਬਾਰੇ ਗੱਲ ਨਾ ਕਰੀਏ, ਸਮਾਜ ਦੇ ਬਹੁਤ ਸਾਰੇ ਹਿੱਸਿਆਂ ਵਿਚ ਮਸ਼ੀਨੀਕਰਨ ਹੋ ਰਿਹਾ ਹੈ ਤੇ ਕਈ ਥਾਂ ਇਸ ਨਾਲ ਮਨੁੱਖਤਾ ਦਾ ਇੱਕ ਹਿੱਸਾ ਚਿੰਤਾ ਵਿਚ ਹੈ। ਚੀਨ ਵਿਚ ਖਬਰਾਂ ਬਣਾਉਣ ਅਤੇ ਇਲੈਕਟ੍ਰਾਨਿਕ ਮੀਡੀਆ ‘ਤੇ ਪੜ੍ਹਨ ਦਾ ਕੰਮ ਰੋਬੋਟ ਵੱਲੋਂ ਕਰਨ ਦਾ ਤਜਰਬਾ ਕਾਮਯਾਬ ਰਿਹਾ ਦੱਸਿਆ ਜਾਂਦਾ ਹੈ ਤੇ ਨਾਲ ਇਹ ਵੀ ਖਬਰ ਸੁਣੀ ਗਈ ਹੈ ਕਿ ਚੀਨ ਵਿਚ ਮੀਡੀਆ ਨਾਲ ਜੁੜੇ ਲੋਕਾਂ ਨੇ ਇਸ ਬਾਰੇ ਆਪਣੇ ਦੇਸ਼ ਦੀ ਕਮਿਊਨਿਸਟ ਸਰਕਾਰ ਨੂੰ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ ਹੈ।
ਕੀ ਇਹ ਚਿੰਤਾ ਡਰਾਈਵਰਾਂ ਜਾਂ ਮੀਡੀਏ ਵਾਲਿਆਂ ਤੱਕ ਸੀਮਤ ਰਹੇਗੀ? ਕੀ ਇਹ ਸੱਚ ਸਾਨੂੰ ਪਤਾ ਨਹੀਂ ਹੈ ਕਿ ਕੁਝ ਦੇਸ਼ਾਂ ਦੇ ਹੋਟਲ ਮਾਲਕਾਂ ਨੇ ਗਾਹਕਾਂ ਨੂੰ ਖਾਣਾ ਪਰੋਸਣ ਵਾਸਤੇ ਰੋਬੋਟ ਦੀ ਵਰਤੋਂ ਦਾ ਤਜਰਬਾ ਕਰ ਲਿਆ ਅਤੇ ਉਸ ਦੀ ਕਾਮਯਾਬੀ ਦੇ ਸੋਹਲੇ ਗਾ ਰਹੇ ਹਨ? ਇਹ ਸਾਰਾ ਕੁਝ ਸੁਣ ਕੇ ਕੋਈ ਵੀ ਕਹਿ ਸਕਦਾ ਹੈ ਕਿ ਚੰਗੀ ਗੱਲ ਹੈ। ਗੱਲ ਚੰਗੀ ਹੋਣ ਕਰ ਕੇ ਅਸੀਂ ਇਸ ਦੇ ਵਿਰੋਧੀ ਨਹੀਂ, ਪਰ ਕੀ ਕਦੇ ਅੱਗੇ ਦਾ ਵੀ ਸੋਚਿਆ ਹੈ? ਜਿਨ੍ਹਾਂ ਲੋਕਾਂ ਦੇ ਕੋਲ ਪੈਸਾ ਹੈ, ਉਹ ਬਿਨਾ ਡਰਾਈਵਰ ਦੀ ਕਾਰ ਵਰਤਣਗੇ, ਰੋਬੋਟ ਵਾਲੇ ਹੋਟਲ ਤੋਂ ਖਾਣਾ ਖਾਣਗੇ ਤੇ ਆਪਣੇ ਘਰ ਵੀ ਰੋਬੋਟ ਲੈ ਆਉਣਗੇ, ਪਰ ਜੋ ਲੋਕ ਉਸ ਦੌਰ ਵਿਚ ਇਨ੍ਹਾਂ ਕੰਮਾਂ ਤੋਂ ਵਿਹਲੇ ਹੋ ਜਾਣਗੇ, ਉਹ ਕਿਸ ਦੀ ਮਾਂ ਨੂੰ ਮਾਸੀ ਕਹਿਣਗੇ?
ਰੋਟੀ ਕਮਾ ਕੇ ਖਾਣ ਨੂੰ ਮਿਲਣੀ ਹੈ ਤੇ ਜਦੋਂ ਉਨ੍ਹਾਂ ਵਾਲਾ ਕੰਮ ਪੈਸੇ ਵਾਲੇ ਅਦਾਰੇ ਤੇ ਲੋਕ ਰੋਬੋਟ ਤੋਂ ਕਰਵਾ ਲੈਣਗੇ, ਕਿਰਤੀਆਂ ਦੇ ਹੱਕਾਂ ਵਾਸਤੇ ਚੱਲਦੀ ਉਸ ਜੰਗ ਦਾ ਕੀ ਬਣੇਗਾ, ਜਿਸ ਤੋਂ ਤ੍ਰਹਿਕੇ ਦੇਸ਼ਾਂ ਦੇ ਆਗੂ ਸਮਾਜੀ ਸੁਰੱਖਿਆ ਦੀਆਂ ਸਕੀਮਾਂ ਦੇ ਐਲਾਨ ਕਰਨ ਨੂੰ ਮਜਬੂਰ ਹੋ ਜਾਂਦੇ ਜਾਂ ਮਜਬੂਰ ਕੀਤੇ ਜਾ ਸਕਦੇ ਸਨ? ਤਕਨੀਕੀ ਯੁੱਗ ਜਿੰਨੀ ਤੇਜ਼ੀ ਨਾਲ ਬਦਲਦਾ ਪਿਆ ਹੈ, ਇਹੋ ਜਿਹਾ ਵਕਤ ਮਨੁੱਖ ਦਾ ਰਾਹ ਰੋਕਣ ਲਈ ਬਹੁਤੀ ਦੇਰ ਨਹੀਂ ਕਰਨ ਵਾਲਾ। ਜਦੋਂ ਉਹ ਦੌਰ ਸਾਡਾ ਰਾਹ ਰੋਕ ਖੜੋਤਾ, ਫਿਰ ਸਰਕਾਰਾਂ ਦੇ ਖਿਲਾਫ ਕਿਰਤੀ ਲੋਕਾਂ ਦੇ ਹੱਕਾਂ ਦਾ ਸੰਘਰਸ਼ ਕਿਸ ਤਰ੍ਹਾਂ ਦਾ ਹੋਵੇਗਾ, ਇਸ ਬਾਰੇ ਸੋਚਣ ਦੀ ਲੋੜ ਅਜੇ ਕਿਸੇ ਧਿਰ ਦੀ ਵਿਚਾਰ ਦੇ ਏਜੰਡੇ ‘ਤੇ ਆਈ ਹੀ ਨਹੀਂ ਜਾਪਦੀ।
ਅਸੀਂ ਇਸ ਗੱਲ ਬਾਰੇ ਸੋਚ ਕੇ ਚਿੰਤਤ ਨਹੀਂ ਕਿ ਕਿਸੇ ਦੋਸਤ ਪਰਿਵਾਰ ਦੇ ਤਿੰਨ ਪੀੜ੍ਹੀਆਂ ਤੋਂ ਚੱਲ ਰਹੇ ਪੈਟਰੋਲ ਪੰਪ ਦਾ ਕੀ ਬਣੇਗਾ, ਸਗੋਂ ਇਹ ਸੋਚਣਾ ਪਵੇਗਾ ਕਿ ਭਾਰਤ ਵਿਚ ਰਾਜਨੀਤੀ ਜਿਵੇਂ ਕਿਰਤ ਦਾ ਮਾਣ ਭੁੱਲ ਕੇ ਕਲਪਨਾ ਦੇ ਭਗਵਾਨ ਦੁਆਲੇ ਕੇਂਦ੍ਰਿਤ ਹੋਈ ਜਾਂਦੀ ਹੈ, ਦੇਸ਼ ਜਾਂ ਦੁਨੀਆਂ ਨੂੰ ਅਗਲੇ ਸਾਲਾਂ ਵਿਚ ਉਹ ਕਿਸ ਲੀਹੇ ਪਾਉਣ ਵਾਲੀ ਹੈ? ਭਵਿੱਖ ਦੀ ਰਾਜਨੀਤੀ ਜਾਂ ਅਜੋਕੀ ਰਾਜਨੀਤੀ ਦੇ ਭਵਿੱਖ ਬਾਰੇ ਸੋਚਣ ਦੀ ਜੋ ਲੋੜ ਬਣਦੀ ਹੈ, ਉਸ ਬਾਰੇ ਕੋਈ ਸੋਚ ਹੀ ਨਹੀਂ ਰਿਹਾ। ਕਹਿੰਦੇ ਹਨ, ਬਿੱਲੀ ਆਉਂਦੀ ਵੇਖ ਕੇ ਕਬੂਤਰ ਅੱਖਾਂ ਵੀ ਮੀਟ ਲਵੇ ਤਾਂ ਬਿੱਲੀ ਮੁੜਨ ਦਾ ਮਨ ਨਹੀਂ ਬਣਾਉਂਦੀ ਹੁੰਦੀ, ਸਗੋਂ ਝਪੱਟਾ ਮਾਰਦੀ ਹੁੰਦੀ ਹੈ ਤੇ ਇਹ ਝਪੱਟਾ ਕਿਰਤੀ ਲੋਕਾਂ ‘ਤੇ ਵੀ ਵੱਜਣ ਵਾਲਾ ਜਾਪਦਾ ਹੈ।