ਪੰਜਾਬ ਵਿਚ ਤੀਜੇ ਬਦਲ ਦੇ ਦਾਅਵੇ ਵਾਲੀਆਂ ਧਿਰਾਂ ਹੋਈਆਂ ਖਾਮੋਸ਼

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀਆਂ ਤਿੰਨ ਵਿਰੋਧੀ ਧਿਰਾਂ ਦੀਆਂ ਸਿਆਸੀ ਸਰਗਰਮੀਆਂ ਤਕਰੀਬਨ ਠੱਪ ਹਨ। ਇਸ ਕਰ ਕੇ ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਘੱਟੋ-ਘੱਟ ਦੋ ਵਿਧਾਨ ਸਭਾ ਹਲਕਿਆਂ ਫਗਵਾੜਾ ਅਤੇ ਜਲਾਲਾਬਾਦ ਦੀਆਂ ਉਪ ਚੋਣਾਂ ‘ਚ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ-ਭਾਜਪਾ ਵਿਚਕਾਰ ਹੀ ਟੱਕਰ ਹੋਣ ਦੇ ਆਸਾਰ ਹਨ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਬਣੇ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਦੀਆਂ ਸਾਂਝੀਆਂ ਸਿਆਸੀ ਸਰਗਰਮੀਆਂ ਹੁਣ ਪੂਰੀ ਤਰ੍ਹਾਂ ਠੱਪ ਹਨ। ਦੱਸਣਯੋਗ ਹੈ ਕਿ ਪੀ.ਡੀ.ਏ ‘ਚ ਆਮ ਆਦਮੀ ਪਾਰਟੀ (ਆਪ) ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ, ‘ਆਪ’ ਦੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ, ਬਹੁਜਨ ਸਮਾਜ ਪਾਰਟੀ (ਬਸਪਾ), ਸੀ.ਪੀ.ਆਈ. ਤੇ ਕਾਮਰੇਡ ਮੰਗਤ ਰਾਮ ਪਾਸਲਾ ਦੀ ਪਾਰਟੀ ਸ਼ਾਮਲ ਸਨ। ਪੀ.ਡੀ.ਏ. ਦੇ ਕੇਵਲ ਤਿੰਨ ਉਮੀਦਵਾਰਾਂ ਲੁਧਿਆਣਾ ਤੋਂ ਸ੍ਰੀ ਬੈਂਸ, ਪਟਿਆਲਾ ਤੋਂ ਡਾ. ਗਾਂਧੀ ਅਤੇ ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ ਨੂੰ ਹੀ ਸਨਮਾਨਯੋਗ ਵੋਟਾਂ ਮਿਲੀਆਂ ਹਨ ਪਰ ਬਾਕੀ ਸਾਰੇ ਉਮੀਦਵਾਰ ਬੁਰੀ ਤਰ੍ਹਾਂ ਹਾਰੇ। ਹਾਰ ਤੋਂ ਬਾਅਦ ਕੇਵਲ ਸ੍ਰੀ ਬੈਂਸ ਤੇ ਸ੍ਰੀ ਖਹਿਰਾ ਹੀ ਸਰਗਰਮ ਹਨ। ਬਸਪਾ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ ਦੀ ਛੁੱਟੀ ਕਰ ਦਿੱਤੀ ਹੈ ਤੇ ਇਸ ਪਾਰਟੀ ਦੀ ਸੁਪਰੀਮੋ ਬੀਬੀ ਮਾਇਆਵਤੀ ਨੇ ਭਵਿੱਖ ਵਿਚ ਆਪਣੇ ਪੱਧਰ ‘ਤੇ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਪੀ.ਡੀ.ਏ. ਦੀ ਇਹ ਧਿਰ ਪੂਰੀ ਤਰ੍ਹਾਂ ਕੱਟੀ ਗਈ ਹੈ।
ਇਸ ਸਬੰਧੀ ਸ੍ਰੀ ਖਹਿਰਾ ਨੇ ਮੰਨਿਆ ਕਿ ਚੋਣਾਂ ਤੋਂ ਬਾਅਦ ਪੀ.ਡੀ.ਏ. ਦੀਆਂ ਸਰਗਰਮੀਆਂ ਠੱਪ ਹਨ। ਉਨ੍ਹਾਂ ਦੱਸਿਆ ਕਿ ਉਹ ਅਗਲੇ ਹਫਤੇ ਸਰਕਾਰ ਵੱਲੋਂ ਕਤਲ ਦੇ ਮਾਮਲੇ ਦੇ ਦੋਸ਼ੀਆਂ ਦੀ ਸਜ਼ਾ ਮੁਆਫ ਕਰਨ, ਦਿੱਲੀ ਪੁਲਿਸ ਵੱਲੋਂ ਸਿੱਖ ਡਰਾਈਵਰ ਤੇ ਉਸ ਦੇ ਪੁੱਤ ਉਪਰ ਤਸ਼ੱਦਦ ਕਰਨ ਤੇ ਪੰਜਾਬ ਵਿਚ ਬੇਅਦਬੀਆਂ ਦੇ ਮੁੱਦਿਆਂ ਉਪਰ ਪੀ.ਡੀ.ਏ. ਦੀ ਮੀਟਿੰਗ ਸੱਦਣਗੇ। ਇਸੇ ਦੌਰਾਨ ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਨੇ ਨਵੀਆਂ ਕਰਵਟਾਂ ਲਈਆਂ ਹਨ, ਹੁਣ ਉਹ ਸੋਚ-ਵਿਚਾਰ ਕਰ ਕੇ ਹੀ ਕੋਈ ਸਾਂਝੀ ਪਾਰਟੀ ਬਣਾਉਣਗੇ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚੋਂ ਬਗਾਵਤ ਕਰਕੇ ਬਣੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀਆਂ ਸਰਗਰਮੀਆਂ ਵੀ ਚੋਣਾਂ ਤੋਂ ਬਾਅਦ ਠੱਪ ਹਨ।
ਪੰਜਾਬ ਦੀ ਮੁੱਖ ਵਿਰੋਧੀ ਧਿਰ ‘ਆਪ’ ਨੂੰ ਚੋਣਾਂ ਦੌਰਾਨ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਾਂਗਰਸ ਵਿਚ ਸ਼ਾਮਲ ਹੋ ਕੇ ਵੱਡਾ ਝਟਕਾ ਦਿੱਤਾ ਸੀ। ਦਰਅਸਲ, ਪਹਿਲਾਂ ਹੀ ਪਾਰਟੀ ਦੇ 20 ਵਿਧਾਇਕਾਂ ਵਿਚੋਂ ਸੱਤ ਬਾਗੀ ਹੋ ਕੇ ਚੱਲ ਰਹੇ ਸਨ ਅਤੇ ਐਚ.ਐਸ਼ ਫੂਲਕਾ ਨੇ ਵੀ ਅਸਤੀਫਾ ਦੇ ਦਿੱਤਾ ਸੀ। ਇਸ ਕਾਰਨ ਪਾਰਟੀ ਨਾਲ ਕੇਵਲ 11 ਵਿਧਾਇਕ ਰਹਿ ਗਏ ਹਨ।