ਪਾਣੀ ਦੇ ਗੰਭੀਰ ਸੰਕਟ ਵੱਲ ਵਧਿਆ ਪੰਜਾਬ

ਚੰਡੀਗੜ੍ਹ: ਪੰਜਾਬ ਵਿਚ ਪਾਣੀ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਕਰਨ ਲਈ ਪੰਜਾਬ ਦੇਸ਼ ਭਰ ਵਿਚ ਸਭ ਤੋਂ ਪਹਿਲੇ ਨੰਬਰ ਉਤੇ ਹੈ। ਪਿਛਲੇ ਹਫਤੇ ਲੋਕ ਸਭਾ ਵਿਚ ਪੇਸ਼ ਕੀਤੇ ਅੰਕੜਿਆਂ ਮੁਤਾਬਕ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਸਭ ਤੋਂ ਵੱਧ ਪੰਜਾਬ (76 ਪ੍ਰਤੀਸ਼ਤ) ਵਿਚ ਹੋ ਰਹੀ ਹੈ।

ਇਸ ਤੋਂ ਬਾਅਦ ਰਾਜਸਥਾਨ (66 ਫੀਸਦੀ) ਦਾ ਨੰਬਰ ਆਉਂਦਾ ਹੈ। ਇਸ ਤੋਂ ਇਲਾਵਾ ਦਿੱਲੀ (56 ਫੀਸਦੀ) ਤੇ ਹਰਿਆਣਾ (54 ਫੀਸਦੀ) ਵੀ ਵੱਡੇ ਪੱਧਰ ‘ਤੇ ਪਾਣੀ ਦੀ ਦੁਰਵਰਤੋਂ ਕਰ ਰਹੇ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ 30 ਸਾਲਾਂ ਤੋਂ ਵੀ ਘੱਟ ਸਮੇਂ ਵਿਚ ਪੰਜਾਬ ਰੇਗਿਸਤਾਨ ਸੂਬਾ ਬਣ ਜਾਏਗਾ, ਹਾਲਾਂਕਿ ਦੇਸ਼ ਵਿਚ ਕੁਝ ਸੂਬੇ ਅਜਿਹੇ ਵੀ ਹਨ ਜਿਥੇ ਬਿਲਕੁਲ ਵੀ ਪਾਣੀ ਅਜਾਈਂ ਨਹੀਂ ਕੀਤਾ ਜਾਂਦਾ। ਇਨ੍ਹਾਂ ਵਿਚ ਪੱਛਮੀ ਬੰਗਾਲ, ਉਤਰਾਖੰਡ, ਤ੍ਰਿਪੁਰਾ, ਉੜੀਸਾ, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ, ਮਨੀਪੁਰ, ਜੰਮੂ ਤੇ ਕਸ਼ਮੀਰ, ਅਸਾਮ, ਅਰੁਣਾਚਲ ਪ੍ਰਦੇਸ਼ ਤੇ ਗੋਆ ਸ਼ਾਮਲ ਹਨ। 12 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਅਰੁਣਾਚਲ ਪ੍ਰਦੇਸ਼, ਅਸਾਮ, ਗੋਆ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਅੰਡੇਮਾਨ ਤੇ ਨਿਕੋਬਾਰ ਟਾਪੂ, ਚੰਡੀਗੜ੍ਹ ਤੇ ਦਾਦਰਾ ਤੇ ਨਗਰ ਹਵੇਲੀ ਦੇ ਸਾਰੇ ਬਲਾਕਾਂ, ਤਾਲੁਕਾ ਤੇ ਮੰਡਲ ਪੱਧਰ ਦੀਆਂ ਇਕਾਈਆਂ ਵਿਚ ਭੂਮੀਗਤ ਪਾਣੀ ਸੇਫ ਜ਼ੋਨ ਵਿਚ ਹੈ।
ਦੇਸ਼ ਵਿਚ ਲਗਭਗ 681 ਬਲਾਕਾਂ, ਮੰਡਲ ਤੇ ਤਾਲੁਕਾ ਪੱਧਰੀ ਇਕਾਈਆਂ, ਜੋ ਕੁੱਲ ਗਿਣਤੀ ਦਾ 10 ਪ੍ਰਤੀਸ਼ਤ ਬਣਦਾ ਹੈ, ਇਥੇ ਭੂਮੀਗਤ ਪਾਣੀ ‘ਸੈਮੀ ਕ੍ਰਿਟੀਕਲ’ ਸ਼੍ਰੇਣੀ ਵਿਚ ਆਉਂਦਾ ਹੈ, ਜਦਕਿ 253 ‘ਕ੍ਰਿਟੀਕਲ’ ਸ਼੍ਰੇਣੀ ਵਿਚ ਰੱਖੇ ਗਏ ਹਨ। ਤਕਰੀਬਨ ਇਕ ਫੀਸਦੀ ਬਲਾਕਾਂ, ਮੰਡਲ ਤੇ ਤਾਲੁਕਾ ਵਿਚ ਖਾਰਾ ਪਾਣੀ ਵੇਖਿਆ ਗਿਆ ਹੈ। ਇਹ ਅੰਕੜੇ ਸਰਕਾਰ ਦੀ 2013 ਦੀ ਅਸੈਸਮੈਂਟ ‘ਤੇ ਅਧਾਰਤ ਹਨ। ਇਸ ਮੁਤਾਬਕ ਦੇਸ਼ ਵਿਚ ਕੁੱਲ 6,584 ਮੁਲਾਂਕਣ ਯੂਨਿਟਾਂ (ਬਲਾਕ, ਤਾਲੁਕਾ, ਮੰਡਲ, ਵਾਟਰਸ਼ੈਡਜ਼, ਫਿਰਕਾ) ਵਿਚੋਂ 17 ਰਾਜਾਂ ਤੇ ਕੇਂਦਰ ਸ਼ਾਸਿਤ ਖੇਤਰਾਂ ਵਿਚ 1,034 ਯੂਨਿਟ ਨੂੰ ‘ਓਵਰ ਐਕਸਪਲੋਇਟਿਡ’ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਯਾਨੀ ਇਨ੍ਹਾਂ ਖੇਤਰਾਂ ਵਿਚੋਂ ਬਹੁਤ ਸਾਰਾ ਭੂਮੀਗਤ ਪਾਣੀ ਕੱਢ ਲਿਆ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਇਥੇ ਪਾਣੀ ਦੀ ਭਾਰੀ ਕਿੱਲਤ ਆ ਸਕਦੀ ਹੈ। ਪਿਛਲੇ ਹਫਤੇ ਸੰਸਦ ਵਿਚ ਸੰਸਦ ਵਿਚ ਜਲ ਸ਼ਕਤੀ ਮੰਤਰਾਲੇ ਦੇ ਸੂਬਾ ਮੰਤਰੀ ਵੱਲੋਂ ਪੇਸ਼ ਕੀਤੀ ਰਿਪੋਰਟ ਮੁਤਾਬਕ 253 ਯੂਨਿਟਾਂ ਨੂੰ ਕ੍ਰਿਟੀਕਲ, 681 ਯੂਨਿਟ ਸੈਮੀ-ਕ੍ਰਿਟੀਕਲ ਤੇ 4,520 ਯੂਨਿਟਾਂ ਨੂੰ ਸੁਰੱਖਿਅਤ ਮੰਨਿਆ ਗਿਆ ਹੈ।
ਪੰਜਾਬ ਵਿਚ ਕਿਸਾਨਾਂ ਨੂੰ ਮੁਫਤ ਬਿਜਲੀ ਵੀ ਇਸ ਨੂੰ ਹੱਲਾਸ਼ੇਰੀ ਦੇ ਰਹੀ ਹੈ। ਖੇਤੀ ਸੈਕਟਰ ‘ਚ 13.50 ਲੱਖ ਮੋਟਰਾਂ ਚੱਲ ਰਹੀਆਂ ਹਨ ਅਤੇ ਇਵੇਂ ਸ਼ਹਿਰੀ ਲੋਕਾਂ ਨੇ ਪਾਣੀ ਖਪਤ ਦੀ ਉਕਾ ਹੀ ਚਿੰਤਾ ਮੁਕਾ ਰੱਖੀ ਹੈ। ਜਦੋਂ ਹੁਣ ਪਾਰਾ ਉਤਾਂਹ ਚੜ੍ਹਨ ਲੱਗਾ ਹੈ ਤਾਂ ਇਕੋ ਵੇਲੇ ਪੰਜਾਬ ‘ਚ ਬਿਜਲੀ-ਪਾਣੀ ਦੀ ਖਪਤ ਪੁਰਾਣੇ ਰਿਕਾਰਡ ਭੰਨ ਰਹੀ ਹੈ ਜੋ ਪੰਜਾਬ ਲਈ ਸੁਖਦ ਸੁਨੇਹਾ ਨਹੀਂ। ਬਿਜਲੀ ਦੀ ਖਪਤ ਵਿਚ ਪਿਛਲੇ ਵਰ੍ਹੇ ਦੇ ਮੁਕਾਬਲੇ ਐਤਕੀਂ 36 ਫੀਸਦੀ ਦਾ ਵਾਧਾ ਹੋਇਆ ਹੈ। 21 ਜੂਨ ਨੂੰ 24.22 ਕਰੋੜ ਯੂਨਿਟਾਂ ਦੀ ਪ੍ਰਤੀ ਦਿਨ ਦੀ ਖਪਤ ਸੀ ਜੋ 29 ਜੂਨ ਨੂੰ 28.46 ਕਰੋੜ ਯੂਨਿਟਾਂ ਦੀ ਹੋ ਗਈ। ਪਿਛਲੇ ਵਰ੍ਹੇ 29 ਜੂਨ ਨੂੰ ਸਿਰਫ 17.97 ਲੱਖ ਯੂਨਿਟਾਂ ਦੀ ਖਪਤ ਰਹੀ ਸੀ। ਤਿੰਨ ਦਿਨਾਂ ਤੋਂ ਤੇਜ਼ੀ ਨਾਲ ਬਿਜਲੀ ਖਪਤ ਵਧੀ ਹੈ। ਬਿਜਲੀ ਦੀ ਮੰਗ ਵਿਚ ਐਤਕੀਂ 30 ਫੀਸਦੀ ਵਾਧਾ ਹੋਇਆ ਹੈ। ਪਿਛਲੇ ਇਕ ਹਫਤੇ ਤੋਂ ਪਾਵਰਕੌਮ ਦੀ ਬਿਜਲੀ ਖਰੀਦ ਲਾਗਤ ਵਿਚ 20 ਫੀਸਦ ਅਤੇ ਦੋ ਦਿਨਾਂ ਤੋਂ 44 ਫੀਸਦ ਬਿਜਲੀ ਵਰ੍ਹੇ ਦੇ ਮੁਕਾਬਲੇ ਵਧ ਗਈ ਹੈ।
ਪੰਜਾਬ ਵਿਚ ਕਰੀਬ 94 ਲੱਖ ਬਿਜਲੀ ਕੁਨੈਕਸ਼ਨ ਹਨ ਅਤੇ ਤਾਪਮਾਨ ਵਧਣ ਕਰ ਕੇ ਹਰ ਸੈਕਟਰ ਵਿਚ ਬਿਜਲੀ ਖਪਤ ਇਕਦਮ ਵਧ ਗਈ ਹੈ। ਪਾਵਰਕੌਮ ਦੀ ਰੋਜ਼ਾਨਾ ਕਰੀਬ 100 ਕਰੋੜ ਦੀ ਬਿਜਲੀ ਦੀ ਖਪਤ ਹੋ ਰਹੀ ਹੈ। ਇਸ ਵਾਰ ਝੋਨੇ ਦੀ ਲਵਾਈ 13 ਜੂਨ ਤੋਂ ਸ਼ੁਰੂ ਹੋਣ ਕਰ ਕੇ ਪੰਜਾਬ ਸਰਕਾਰ ਨੂੰ ਕਰੀਬ 150 ਕਰੋੜ ਦੀ ਬਿਜਲੀ ਸਬਸਿਡੀ ਵੱਧ ਦੇਣੀ ਪਵੇਗੀ ਜਦੋਂ ਕਿ ਸਰਕਾਰ ਤੋਂ ਪਾਵਰਕੌਮ ਨੂੰ ਪਹਿਲਾਂ ਹੀ ਬਿਜਲੀ ਸਬਸਿਡੀ ਦੀ ਰਾਸ਼ੀ ਮਿਲ ਨਹੀਂ ਰਹੀ ਹੈ। ਸੂਤਰਾਂ ਮੁਤਾਬਕ ਪਾਵਰਕੌਮ ਨੂੰ ਕੋਲੇ ਆਦਿ ਦੀ ਖਰੀਦ ਵਿਚ ਦਿੱਕਤ ਖੜ੍ਹੀ ਹੋ ਸਕਦੀ ਹੈ। ਪੰਜਾਬ ਦੇ ਖੇਤਾਂ ਵਿਚ ਝੋਨੇ ਲਈ ਪਾਣੀ ਦੀ ਵਧੀ ਮੰਗ ਨੇ ਧਰਤੀ ਹੇਠਲੇ ਪਾਣੀ ਨੂੰ ਦਾਅ ‘ਤੇ ਲਾ ਦਿੱਤਾ ਹੈ। ਕਿਸਾਨ ਝੋਨਾ ਲਾਉਣ ਨੂੰ ਮਜਬੂਰੀ ਦੱਸ ਰਹੇ ਹਨ ਜਦੋਂ ਕਿ ਪੰਜਾਬ ਸਰਕਾਰ ਨੇ ਖੇਤੀ ਵਿਭਿੰਨਤਾ ਲਈ ਕੋਈ ਰਾਹ ਹੀ ਨਹੀਂ ਤਲਾਸ਼ੇ ਹਨ।
ਕੇਂਦਰੀ ਗਰਾਊਂਡ ਵਾਟਰ ਬੋਰਡ ਤਰਫੋਂ ਜੋ ਲੰਘੇ ਇਕ ਦਹਾਕੇ ਦੌਰਾਨ ਧਰਤੀ ਹੇਠਲੇ ਪਾਣੀ ਦਾ ਮੁਲਾਂਕਣ ਕੀਤਾ ਹੈ, ਉਸ ਅਨੁਸਾਰ ਪੰਜਾਬ ਵਿਚ 216 ਖੂਹਾਂ ਦੇ ਪਾਣੀ ਦਾ ਪੱਧਰ ਦੇਖਿਆ ਗਿਆ ਹੈ ਜਿਸ ਨਾਲ ਇਨ੍ਹਾਂ ਚੋਂ ਸਿਰਫ 16 ਫੀਸਦੀ ਖੂਹਾਂ ਦਾ ਪਾਣੀ ਦਾ ਪੱਧਰ ਉਪਰ ਆਇਆ ਹੈ ਜਦੋਂ ਕਿ 181 ਭਾਵ 84 ਫੀਸਦੀ ਖੂਹਾਂ ਦਾ ਪਾਣੀ ਤੇਜ਼ੀ ਨਾਲ ਹੇਠਾਂ ਡਿੱਗਿਆ ਹੈ। ਬੋਰਡ ਦੇ ਵੇਰਵੇ ਹਨ ਕਿ ਪੰਜਾਬ ਦੇ 138 ਬਲਾਕਾਂ ਵਿਚੋਂ 76 ਫੀਸਦੀ ਪਾਣੀ ਦੀ ਸਥਿਤੀ ਅਤਿ ਭਿਆਨਕ ਹੈ ਜਦੋਂ ਕਿ ਸਿਰਫ਼ 26 ਫੀਸਦੀ ਹੀ ਸੁਰੱਖਿਅਤ ਪਾਣੀ ਵਾਲਾ ਰਕਬਾ ਹੈ।
ਜਲ ਸ਼ਕਤੀ ਮੰਤਰਾਲੇ ਦੀ ਰਿਪੋਰਟ ਅਨੁਸਾਰ ਪੰਜਾਬ ਦੇ 10 ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਖਾਰਾ ਹੈ ਜਦੋਂ ਕਿ 19 ਜ਼ਿਲ੍ਹਿਆਂ ਦੇ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੈ। 21 ਜ਼ਿਲ੍ਹਿਆਂ ਵਿਚ ਨਾਈਟ੍ਰੇਟ ਅਤੇ 10 ਜ਼ਿਲ੍ਹਿਆਂ ਵਿਚ ਆਰਸੈਨਿਕ ਤੱਤਾਂ ਦੀ ਮਾਤਰਾ ਜ਼ਿਆਦਾ ਹੈ। ਕੈਂਸਰ ਵਰਗੀ ਬਿਮਾਰੀ ਦਾ ਕਹਿਰ ਕਿਸੇ ਤੋਂ ਭੁੱਲਿਆ ਨਹੀਂ।
_____________________________________
ਜਲ ਸੰਭਾਲ ਲਈ ਜਨ ਅੰਦੋਲਨ ਚਲਾਉਣ ਦੀ ਲੋੜ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਪਾਣੀ ਦੀ ਸਮੱਸਿਆ ਨਾਲ ਜੁੜੀ ਚੁਣੌਤੀ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਸਵੱਛਤਾ ਅੰਦੋਲਨ ਵਾਂਗ ‘ਜਲ ਸੰਭਾਲ’ ਮੁਹਿੰਮਾਂ ਵਿੱਢਣ ਤੇ ਪਾਣੀ ਦੀ ਸਾਂਭ-ਸੰਭਾਲ ਦੇ ਰਵਾਇਤੀ ਤਰੀਕਿਆਂ ਨੂੰ ਸਾਂਝੇ ਕਰਨ ਦੀ ਅਪੀਲ ਕੀਤੀ ਹੈ। ਮੋਦੀ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਕਿਹਾ ਕਿ ਦੇਸ਼ ਵਿਚ ਜਲ ਸੰਭਾਲ ਲਈ ਕਈ ਰਵਾਇਤੀ ਤੌਰ-ਤਰੀਕੇ ਸਦੀਆਂ ਤੋਂ ਵਰਤੋਂ ਵਿਚ ਲਿਆਂਦੇ ਜਾ ਰਹੇ ਹਨ ਤੇ ਹੁਣ ਸਮਾਂ ਹੈ ਕਿ ਅਜਿਹੇ ਢੰਗ-ਤਰੀਕੇ ਸਾਂਝੇ ਕੀਤੇ ਜਾਣ। ਦੱਸਣਯੋਗ ਹੈ ਕਿ ਪੂਰੇ ਭਾਰਤ ਵਿਚ ਸਾਰੇ ਵੱਡੇ ਜਲ ਸਰੋਤਾਂ ਤੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਖਿਸਕ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੀਂਹ ਦੇ ਪਾਣੀ ਦੀ ਸੰਭਾਲ ‘ਤੇ ਵੀ ਜ਼ੋਰ ਦਿੱਤਾ ਹੈ।