ਲੋਕ ਸਭਾ ਚੋਣਾਂ ਵਿਚ ਖਰਚੇ ਪੱਖੋਂ ਚੌਧਰੀ ਸੰਤੋਖ ਸਿੰਘ ਦੀ ਝੰਡੀ

ਜਲੰਧਰ: ਲੋਕ ਸਭਾ ਚੋਣਾਂ ਦੌਰਾਨ ਖਰਚਾ ਕਰਨ ਦੇ ਮਾਮਲੇ ਵਿਚ ਵੀ ਜੇਤੂ ਰਹੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀ ਝੰਡੀ ਰਹੀ। ਚੌਧਰੀ ਸੰਤੋਖ ਸਿੰਘ ਨੇ ਚੋਣ ਕਮਿਸ਼ਨ ਵੱਲੋਂ 70 ਲੱਖ ਰੁਪਏ ਖਰਚਣ ਦੀ ਮਿਥੀ ਹੱਦ ਨੂੰ ਲਗਭਗ ਛੂਹ ਹੀ ਲਿਆ ਸੀ। ਉਨ੍ਹਾਂ ਵੱਲੋਂ ਦਿਖਾਏ ਗਏ ਖਰਚੇ ਅਨੁਸਾਰ ਚੋਣਾਂ ‘ਚ ਉਨ੍ਹਾਂ ਨੇ 68.90 ਲੱਖ ਰੁਪਏ ਖਰਚ ਕੀਤੇ ਹਨ। ਉਨ੍ਹਾਂ ਦੇ ਵਿਰੋਧੀ ਚਰਨਜੀਤ ਸਿੰਘ ਅਟਵਾਲ ਖਰਚਾ ਕਰਨ ਵਿਚ ਦੂਜੇ ਨੰਬਰ ‘ਤੇ ਰਹੇ। ਜਲੰਧਰ ਲੋਕ ਸਭਾ ਹਲਕੇ ਤੋਂ 19 ਉਮੀਦਵਾਰਾਂ ਨੇ ਚੋਣ ਲੜੀ ਸੀ। ਇਨ੍ਹਾਂ ਵਿਚੋਂ ਸਭ ਤੋਂ ਘੱਟ ਖਰਚਾ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਸੋਢੀ ਨੇ 18,590 ਰੁਪਏ ਕੀਤਾ ਹੈ। ਹਲਫੀਆ ਬਿਆਨ ਵਿਚ ਆਪਣੇ ਕੋਲ ਸਭ ਤੋਂ ਘੱਟ ਨਕਦੀ 270 ਰੁਪਏ ਦੱਸਣ ਵਾਲੀ ਉਰਮਿਲਾ ਨੇ ਵੀ ਆਪਣਾ ਚੋਣ ਖਰਚਾ 94,190 ਰੁਪਏ ਦਰਸਾਇਆ ਹੈ।

ਲੋਕ ਸਭਾ ਚੋਣਾਂ ਵਿਚ ਖਰਚਿਆਂ ਦੀ ਨਿਗਰਾਨੀ ਕਰਨ ਵਾਲੀ ਕਮੇਟੀ ਵਿਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ, ਖਰਚਾ ਆਬਜ਼ਰਵਰ ਪ੍ਰੀਤੀ ਚੌਧਰੀ ਤੇ ਅਮਿਤ ਸ਼ੁਕਲਾ ਅਤੇ ਸਮਾਰਟ ਸਿਟੀ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਤਿੰਦਰ ਜ਼ੋਰਵਾਲ ਸ਼ਾਮਿਲ ਹਨ। ਕਮੇਟੀ ਨੇ ਮੀਟਿੰਗ ਕਰਕੇ ਉਮੀਦਵਾਰ ਵੱਲੋਂ ਕੀਤੇ ਖਰਚ ਦੇ ਵੇਰਵਿਆਂ ਨੂੰ ਸ਼ੈਡੋ ਰਜਿਸਟਰ ਨਾਲ ਮਿਲਾਨ ਕਰਕੇ ਅੰਤਿਮ ਖਰਚ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਅਨੁਸਾਰ ਅਕਾਲੀ-ਭਾਜਪਾ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਵੱਲੋਂ 50.07 ਲੱਖ, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਵੱਲੋਂ 20.37 ਲੱਖ, ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਵੱਲੋਂ 31.11 ਲੱਖ, ਸ਼ਿਵ ਸੈਨਾ ਦੇ ਉਮੀਦਵਾਰ ਸੁਭਾਸ਼ ਗੌਰੀਆ ਵੱਲੋਂ 1.63 ਲੱਖ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੈਟਿਕ) ਦੇ ਹਰੀ ਮਿੱਤਰ ਵੱਲੋਂ 46,141, ਭਾਰਤ ਪ੍ਰਭਾਤ ਪਾਰਟੀ ਦੇ ਗੁਰਪਾਲ ਸਿੰਘ ਵੱਲੋਂ 48,200, ਹਮ ਭਾਰਤੀਆ ਪਾਰਟੀ ਦੇ ਜਗਨ ਨਾਥ ਬਾਜਵਾ ਵੱਲੋਂ 1.11 ਲੱਖ, ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਤਾਰਾ ਸਿੰਘ ਗਿੱਲ ਵੱਲੋਂ 1.61 ਲੱਖ, ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਪ੍ਰਕਾਸ਼ ਚੰਦ ਜੱਸਲ ਵੱਲੋਂ 1.28 ਲੱਖ, ਬਹੁਜਨ ਮੁਕਤੀ ਪਾਰਟੀ ਦੇ ਰਮੇਸ਼ ਲਾਲ ਕਾਲਾ ਵਲੋਂ 38,093, ਆਜ਼ਾਦ ਉਮੀਦਵਾਰ ਉਪਕਾਰ ਸਿੰਘ ਬਖਸ਼ੀ ਵੱਲੋਂ 1.72 ਲੱਖ, ਅਮਰੀਸ਼ ਕੁਮਾਰ ਵੱਲੋਂ 1.22 ਲੱਖ, ਸੁਖਦੇਵ ਸਿੰਘ ਵੱਲੋਂ 47,166, ਕਸ਼ਮੀਰ ਸਿੰਘ ਘੁੱਗਸ਼ੋਰ ਵੱਲੋਂ 1.48 ਲੱਖ, ਨੀਟੂ ਸ਼ਟਰਾਂ ਵਾਲਾ ਵੱਲੋਂ 44,800 ਰੁਪਏ ਖਰਚ ਕੀਤੇ ਗਏ ਹਨ।
________________________________
ਵੱਧ ਖਰਚ ਸਬੰਧੀ ਸਨੀ ਦਿਓਲ ਨੂੰ ਨੋਟਿਸ ਜਾਰੀ
ਗੁਰਦਾਸਪੁਰ: ਸੰਸਦ ਮੈਂਬਰ ਬਣਨ ਤੋਂ ਬਾਅਦ ਵੀ ਸਨੀ ਦਿਓਲ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸਨੀ ਦਿਓਲ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਕੀਤੇ ਖਰਚ ਸਬੰਧੀ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫਸਰ ਵਿਪੁਲ ਉੱਜਵਲ ਵੱਲੋਂ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਇਹ ਨੋਟਿਸ ਚੋਣਾਂ ਦੌਰਾਨ ਉਮੀਦਵਾਰ ਵੱਲੋਂ ਕੀਤਾ ਖਰਚਾ ਚੈੱਕ ਕਰਨ ਵਾਲੇ ਦੋ ਅਬਜ਼ਰਵਰਾਂ ਵੱਲੋਂ ਕੀਤੀ ਪੜਤਾਲ ਮਗਰੋਂ ਜਾਰੀ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਸਨੀ ਦਿਓਲ ਨੇ ਆਪਣੀ ਚੋਣ ਮੁਹਿੰਮ ਦੌਰਾਨ 80 ਲੱਖ ਰੁਪਏ ਤੋਂ ਵੱਧ ਖਰਚਾ ਕੀਤਾ ਹੈ ਜਦਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਖਰਚੇ ਦੀ ਸੀਮਾ 70 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਕਿਹਾ ਕਿ ਖਰਚ ਸਬੰਧੀ ਸਿਰਫ ਸਨੀ ਦਿਓਲ ਨੂੰ ਹੀ ਸਵਾਲ ਨਹੀਂ ਕੀਤਾ ਗਿਆ ਬਲਕਿ ਪੂਰੇ ਦੇਸ਼ ਅੰਦਰ ਅਜਿਹੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਹੋ ਰਹੇ ਹਨ, ਜਿਨ੍ਹਾਂ ਨੇ ਨਿਰਧਾਰਿਤ ਤੋਂ ਵੱਧ ਚੋਣ ਖਰਚਾ ਕੀਤਾ ਹੈ।