ਲੰਗਰ ‘ਤੇ ਜੀ.ਐਸ਼ਟੀ: ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਮੋੜੇ 57 ਲੱਖ ਰੁਪਏ

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਉਤੇ ਲਾਏ ਗਏ ਜੀ.ਐਸ਼ਟੀ. ਦੀ ਵਾਪਸੀ ਸ਼ੁਰੂ ਹੋ ਗਈ ਹੈ। ਵਾਪਸੀ ਦੀ ਪਹਿਲੀ ਕਿਸ਼ਤ ਵਜੋਂ 57 ਲੱਖ 45 ਹਜ਼ਾਰ ਰੁਪਏ ਵਾਪਸ ਕੀਤੇ ਗਏ ਹਨ। ਕੇਂਦਰ ਸਰਕਾਰ ਵੱਲੋਂ ਗੁਰੂ ਘਰ ਦੇ ਲੰਗਰ ‘ਤੇ ਜੀ.ਐਸ਼ਟੀ. ਜੁਲਾਈ 2017 ਵਿਚ ਲਾਗੂ ਕੀਤੀ ਗਈ ਸੀ। ਕੇਂਦਰ ਵੱਲੋਂ ਲੰਗਰ ‘ਤੇ ਲਾਏ ਗਏ ਇਸ ਟੈਕਸ ਦਾ ਵੱਡੇ ਪੱਧਰ ਉਤੇ ਵਿਰੋਧ ਹੋਇਆ ਸੀ। ਸ਼੍ਰੋਮਣੀ ਕਮੇਟੀ ਨੇ ਇਹ ਟੈਕਸ ਮੁਆਫ ਕਰਨ ਦੀ ਮੰਗ ਵੀ ਕੀਤੀ ਸੀ।

ਕੇਂਦਰ ਸਰਕਾਰ ਵੱਲੋਂ ਜੀ.ਐਸ਼ਟੀ. ਮੁਆਫ ਤਾਂ ਨਹੀਂ ਕੀਤਾ ਗਿਆ ਪਰ ਸੇਵਾ ਭੋਜ ਯੋਜਨਾ ਤਹਿਤ ਇਸ ਦੀ ਵਾਪਸੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਹਿਤ ਦੇਸ਼ ਵਿਚ ਹੋਰ ਵੀ ਕਈ ਧਰਮ ਅਸਥਾਨਾਂ ਨੂੰ ਇਸ ਛੋਟ ਦਾ ਲਾਹਾ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਹੁਣ ਤੱਕ ਜੀ.ਐਸ਼ਟੀ. ਦੇ ਰੂਪ ਵਿਚ ਕੇਂਦਰ ਸਰਕਾਰ ਨੂੰ ਲਗਭਗ ਇਕ ਕਰੋੜ 53 ਲੱਖ ਰੁਪਏ ਤੋਂ ਵਧੇਰੇ ਦੀ ਰਕਮ ਟੈਕਸ ਦੇ ਰੂਪ ਵਿਚ ਭੁਗਤਾਨ ਕਰ ਚੁੱਕੀ ਹੈ। ਇਹ ਰਕਮ ਸਿਰਫ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲਦੇ ਗੁਰੂ ਰਾਮਦਾਸ ਲੰਗਰ ਘਰ ‘ਤੇ ਲੱਗੇ ਟੈਕਸ ਦੀ ਹੈ। ਇਸ ਤੋਂ ਇਲਾਵਾ ਬਾਕੀ ਹੋਰ ਦੋ ਤਖਤਾਂ ਤੇ ਇਤਿਹਾਸਕ ਗੁਰਦੁਆਰਿਆਂ ਦੇ ਲੰਗਰਾਂ ਨੂੰ ਟੈਕਸ ਵਾਪਸੀ ਦੀ ਇਸ ਯੋਜਨਾ ਵਿਚ ਸ਼ਾਮਲ ਨਹੀਂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੂੰ ਜੀ.ਐਸ਼ਟੀ. ਦੀ ਵਾਪਸੀ ਦੀ ਜਾਣਕਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਟਵੀਟ ਰਾਹੀਂ ਮਿਲੀ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਕੇਂਦਰੀ ਮੰਤਰੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਜੀ.ਐਸ਼ਟੀ. ਦੀ ਵਾਪਸੀ ਦੀ ਪਹਿਲੀ ਕਿਸ਼ਤ ਦਾ ਕੇਂਦਰ ਸਰਕਾਰ ਨੇ ਭੁਗਤਾਨ ਕਰ ਦਿੱਤਾ ਹੈ। ਇਹ ਭੁਗਤਾਨ ਫਿਲਹਾਲ ਲੁਧਿਆਣਾ ਦਫਤਰ ਪੁੱਜਾ ਹੈ, ਜਿਥੋਂ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਭੇਜਿਆ ਜਾਵੇਗਾ। ਵਾਪਸੀ ਦੀ ਪਹਿਲੀ ਕਿਸ਼ਤ ਵਿਚ 57,45,528 ਰੁਪਏ ਦਾ ਭੁਗਤਾਨ ਸ਼ਾਮਲ ਹੈ ਜਦੋਂਕਿ ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਇਕ ਕਰੋੜ 53 ਲੱਖ ਰੁਪਏ ਜੀ.ਐਸ਼ਟੀ. ਵਜੋਂ ਸਰਕਾਰ ਨੂੰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਜੇ ਜੀ.ਐਸ਼ਟੀ. ਦੀ ਰਕਮ ਦੀ ਵਾਪਸੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਰਕਮ ਨੂੰ ਲੋਕ ਭਲਾਈ ਦੇ ਕੰਮਾਂ ਲਈ ਖਰਚ ਕਰੇਗੀ।
______________________________
ਮੋਦੀ ਨੇ ਆਪਣਾ ਵਾਅਦਾ ਪੂਰਾ ਕੀਤਾ: ਹਰਸਿਮਰਤ
ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਮੇਤ ਗੁਰਦੁਆਰਿਆਂ ਵਿਚ ਲੰਗਰ ਵਾਸਤੇ ਇਸਤੇਮਾਲ ਹੁੰਦੀ ਸਮੱਗਰੀ ਉਤੇ ਲੱਗੇ ਜੀ.ਐਸ਼ਟੀ. ਨੂੰ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਕੇ ਸਿੱਖਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਬੀਬੀ ਬਾਦਲ ਨੇ ਕਿਹਾ ਕਿ ਕੇਂਦਰੀ ਸਭਿਆਚਾਰ ਮੰਤਰਾਲੇ ਨੇ ਲੁਧਿਆਣਾ ਦੀ ਜੀ.ਐਸ਼ਟੀ. ਅਥਾਰਿਟੀ ਨੂੰ 57 ਲੱਖ ਰੁਪਏ ਜੀ.ਐਸ਼ਟੀ. ਦੀ ਰਾਸ਼ੀ ਰਿਫੰਡ ਕਰ ਦਿੱਤੀ ਹੈ, ਜੋ ਕਿ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਵੇਗੀ।
______________________________
ਲੰਗਰ ਦਾ ਨਾਂ ਬਦਲਣਾ ਬੇਹੱਦ ਮੰਦਭਾਗਾ: ਪੀਰ ਮੁਹੰਮਦ
ਮੁਹਾਲੀ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਧਾਰਮਿਕ ਥਾਵਾਂ ‘ਤੇ ਲੰਗਰ ਉਤੇ ਜੀ.ਐਸ਼ਟੀ. ਬਦਲੇ ‘ਸੇਵਾ ਭੋਜ ਯੋਜਨਾ’ ਤਹਿਤ ਰਾਹਤ ਦਿੱਤੀ ਗਈ ਹੈ। ਇਸ ਆੜ ਵਿਚ ਗੁਰੂ ਸਾਹਿਬਾਨ ਵੱਲੋਂ ਚਲਾਏ ਗਏ ਲੰਗਰ ਨਾਂ ਦੇ ਸ਼ਬਦ ਦੀ ਬੇਅਦਬੀ ਕੀਤੀ ਗਈ ਹੈ। ਟਕਸਾਲੀ ਦਲ ਦੇ ਆਗੂ ਨੇ ਅਕਾਲੀ ਦਲ (ਬ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਕੇਂਦਰ ਸਰਕਾਰ ਅਤੇ ਐਸ਼ਜੀ.ਪੀ.ਸੀ. ਬਾਦਲਾਂ ਦੀ ਪਿੱਠੂ ਬਣ ਕੇ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਪੰਜਾਬ ਵਿਚ ਆਰ.ਐਸ਼ਐਸ਼ ਦਾ ਰਾਜ ਲਿਆਉਣਾ ਚਾਹੁੰਦੇ ਹਨ।