ਚੋਣ ਵਾਅਦੇ: ਕੈਪਟਨ ਨੇ ਮੋਦੀ ਸਰਕਾਰ ਉਤੇ ਲਾਈ ਟੇਕ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਸਰੀ ਪਾਰੀ ਸ਼ੁਰੂ ਹੁੰਦਿਆਂ ਹੀ ਖਤੋ-ਖਿਤਾਬਤ ਸ਼ੁਰੂ ਕਰ ਦਿੱਤੀ ਹੈ। ਲਿਖੀਆਂ ਚਿੱਠੀਆਂ ਵਿਚ ਨਸ਼ਿਆਂ ਦੇ ਮੁੱਦੇ ਉਤੇ ਕੌਮੀ ਨੀਤੀ ਬਣਾਉਣ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਫਸਲੀ ਬੀਮਾ ਨੀਤੀ ਵਿਚ ਪੰਜਾਬ ਦੀ ਲੋੜ ਅਨੁਸਾਰ ਸੋਧ ਕਰਨ ਸਮੇਤ ਕਈ ਮੁੱਦਿਆਂ ਨੂੰ ਛੋਹਿਆ ਗਿਆ ਹੈ।

ਪੰਜਾਬ ਤੋਂ ਅਕਾਲੀ-ਭਾਜਪਾ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਉਤੇ ਸਵਾਲ ਉਠਾ ਰਹੇ ਹਨ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਅਤੇ ਵਾਅਦੇ ਪੂਰੇ ਕਰਨ ਦੀ ਜ਼ਿੰਮੇਵਾਰੀ ਵੀ ਕੈਪਟਨ ਸਰਕਾਰ ਨੂੰ ਖੁਦ ਉਠਾਉਣੀ ਚਾਹੀਦੀ ਹੈ ਜਦੋਂਕਿ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰੇ ਕਰਨ ਦਾ ਰਾਹ ਕੇਂਦਰ ਸਰਕਾਰ ਰਾਹੀਂ ਲੱਭ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਕੇਵਲ ਸੰਸਥਾਗਤ ਕਰਜ਼ਾ ਹੀ 90 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬਣਦਾ ਹੈ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਮੁਤਾਬਕ ਅਜੇ ਤੱਕ 44 ਸੌ ਕਰੋੜ ਰੁਪਏ ਦੇ ਕਰੀਬ ਕਰਜ਼ਾ ਹੀ ਮੁਆਫ ਕੀਤਾ ਗਿਆ ਹੈ। ਬਾਕੀ ਦੇ ਕਰਜ਼ੇ ਦੀ ਮੁਆਫੀ ਲਈ ਕੇਂਦਰ ਦੇ ਸਹਿਯੋਗ ਦੀ ਮੰਗ ਕੀਤੀ ਗਈ ਹੈ। ਕਾਂਗਰਸ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਅਤੇ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਹਾਲਾਂਕਿ ਆਰਥਿਕ ਮਾਹਰਾਂ ਦਾ ਤਰਕ ਹੈ ਕਿ ਕੇਂਦਰ ਸਰਕਾਰ ਦੇ ਆਮਦਨ ਦੇ ਸਰੋਤ ਬਹੁਤ ਵੱਡੇ ਹਨ। ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀ ਕਰ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਾਂਹ ਫੜਨਾ ਕੇਂਦਰੀ ਸਰਕਾਰ ਦੀ ਸੰਵਿਧਾਨਕ, ਕਾਨੂੰਨੀ ਅਤੇ ਇਖਲਾਕੀ ਜ਼ਿੰਮੇਵਾਰੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸਹੁੰ ਚੁੱਕ ਕੇ ਪੰਜਾਬ ਨੂੰ ਚਾਰ ਹਫਤਿਆਂ ਵਿਚ ਨਸ਼ਿਆਂ ਤੋਂ ਮੁਕਤ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਹੁਣ ਇਹ ਮੁੱਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾ ਕੇ ਹੱਲ ਭਾਲ ਰਹੀ ਹੈ। ਦੂਜੇ ਪਾਸੇ, ‘ਆਪ’ ਨੇ ਵੀ ਕੈਪਟਨ ਨੂੰ ਪੱਤਰ ਲਿਖ ਕੇ ਜਿਥੇ ਉਨ੍ਹਾਂ ਵੱਲੋਂ ਸ੍ਰੀ ਮੋਦੀ ਨੂੰ ਲਿਖੇ ਪੱਤਰ ਦੀ ਸ਼ਲਾਘਾ ਕੀਤੀ ਹੈ, ਉਥੇ ਮੁੱਖ ਮੰਤਰੀ ਨੂੰ ਨਸ਼ੇ ਖਤਮ ਕਰਨ ਲਈ ਗੁਰ ਵੀ ਦੱਸੇ ਹਨ।
ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਟੈਕਸ ਦੀਆਂ ਰਿਆਇਤਾਂ ਦਿੰਦਿਆਂ ਅਤੇ ਵੱਖ ਵੱਖ ਫਸਲਾਂ ਦੇ ਸਮਰਥਨ ਮੁੱਲ ਤੈਅ ਕਰਦਿਆਂ ਸੂਬਿਆਂ ਨੂੰ ਨਹੀਂ ਪੁੱਛਦੀ। ਫਸਲੀ ਬੀਮਾ ਯੋਜਨਾ ਦੇ ਸਾਹਮਣੇ ਆਏ ਤੱਥ ਹੈਰਾਨ ਕਰਨ ਵਾਲੇ ਹਨ। ਕੰਪਨੀਆਂ ਨੇ ਤਾਂ ਅਰਬਾਂ ਰੁਪਏ ਕਮਾ ਲਏ ਪਰ ਕਿਸਾਨਾਂ ਨੂੰ ਫਸਲਾਂ ਦੀ ਤਬਾਹੀ ਦਾ ਮੁਆਵਜ਼ਾ ਬਹੁਤ ਘੱਟ ਮਿਲਿਆ। ਪਿੰਡ ਦੀ ਬਜਾਇ ਏਕੜ ਨੂੰ ਆਧਾਰ ਮੰਨ ਕੇ ਬੀਮਾ ਕੀਤੇ ਬਿਨਾ ਕਿਸਾਨ ਨੂੰ ਲਾਭ ਹੋਣ ਦੀ ਸੰਭਾਵਨਾ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਸਹਿਕਾਰੀ ਸੰਘਵਾਦ ਲਾਗੂ ਕਰਨ ਦੀ ਗੱਲ ਕੀਤੀ ਸੀ। ਸਹਿਕਾਰੀ ਸੰਘਵਾਦ ਕੇਵਲ ਕਹਿਣ ਵਿਚ ਨਹੀਂ, ਬਲਕਿ ਅਮਲ ਵਿਚ ਲਾਗੂ ਕਰਨਾ ਜ਼ਰੂਰੀ ਹੈ।