ਬੋਸਟਨ ਧਮਾਕੇ: ਫਿਰ ਦਹਿਲਿਆ ਅਮਰੀਕਾ

ਬੋਸਟਨ: ਦੁਨੀਆਂ ਭਰ ਵਿਚ ਮਸ਼ਹੂਰ ਅਮਰੀਕਾ ਦੀ ਬੋਸਟਨ ਮੈਰਾਥਨ ਦੌਰਾਨ ਬੰਬ ਧਮਾਕਿਆਂ ਨੇ ਇਕ ਵਾਰ ਫਿਰ ਅਮਰੀਕਾ ਦੇ ਖੁਫੀਆ ਤੰਤਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਦੀ ਦੂਜੀ ਵਾਰ ਵਾਗਡੋਰ ਸੰਭਾਲਣ ਤੋਂ ਬਾਅਦ ਲੋਕਾਂ ਨੂੰ ਸੁਰੱਖਿਆ ਦਾ ਪੂਰਾ ਭਰੋਸਾ ਦਿਵਾਇਆ ਸੀ ਪਰ ਖੁਫੀਆ ਏਜੰਸੀਆਂ ਦੇ ਨੱਕ ਹੇਠ ਵਾਪਰੀ ਇਸ ਘਟਨਾ ਨੇ ਜਨਤਾ ਦੇ ਮਨ ਵਿਚ ਫਿਰ ਸ਼ੰਕੇ ਪੈਦਾ ਕਰ ਦਿੱਤੇ ਹਨ ਕਿ ਉਹ ਕਿਤੇ ਵੀ ਮਹਿਫੂਜ਼ ਨਹੀਂ। ਇਨ੍ਹਾਂ ਧਮਾਕਿਆਂ ਨੇ ਇਕ ਵਾਰ ਮੁੜ 9/11 ਦੀ ਯਾਦ ਦਿਵਾ ਦਿੱਤੀ। ਉਂਜ, 9/11 ਤੋਂ ਬਾਅਦ ਇਹ ਪਹਿਲਾ ਵੱਡਾ ਧਮਾਕਾ ਹੈ।
ਜ਼ਿਕਰਯੋਗ ਹੈ ਕਿ ਮੈਰਾਥਨ ਦੀ ਜੇਤੂ ਲਾਈਨ ਨੇੜੇ ਦੌੜਾਕਾਂ ਨੂੰ ਉਤਸ਼ਾਹਤ ਕਰ ਰਹੀ ਭੀੜ ਵਿਚ ਬੀਤੇ ਦਿਨ ਦੋ ਬੰਬ ਧਮਾਕੇ ਹੋਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਤੇ 170 ਤੋਂ ਵੱਧ ਫੱਟੜ ਹੋ ਗਏ। ਧਮਾਕਿਆਂ ਮਗਰੋਂ ਨਿਊ ਯਾਰਕ, ਲਾਸ ਏਂਜਲਸ, ਸ਼ਿਕਾਗੋ ਤੇ ਵਾਸ਼ਿੰਗਟਨ ਵਿਚ ਚੌਕਸੀ ਵਧਾ ਦਿੱਤੀ ਗਈ ਹੈ। 42 ਕਿਲੋਮੀਟਰ ਬੋਸਟਨ ਮੈਰਾਥਨ ਦੀ ਜੇਤੂ ਲਾਈਨ ਕੋਲ ਸੈਂਕੜਿਆਂ ਦੀ ਗਿਣਤੀ ਵਿਚ ਲੋਕ, ਦੌੜਾਕਾਂ ਦਾ ਉਤਸ਼ਾਹ ਵਧਾਉਣ ਲਈ ਖੜ੍ਹੇ ਸਨ।
ਇਸ ਤੋਂ ਇਲਾਵਾ ਪੂਰੇ 42 ਕਿਲੋਮੀਟਰ ਦੇ ਰੂਟ ‘ਤੇ ਹਜ਼ਾਰਾਂ ਲੋਕ ਖੜ੍ਹੇ ਦੌੜਾਕਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਜੇਤੂ ਲਾਈਨ ਕੋਲ ਸੈਕਿੰਡਾਂ ਦੇ ਫਰਕ ਨਾਲ ਦੋ ਬੰਬ ਧਮਾਕੇ ਹੋ ਜਾਣਗੇ। ਧਮਾਕਿਆਂ ਮਗਰੋਂ ਉਥੇ ਹੀ ਚੀਕ-ਚਿਹਾੜਾ ਮਚ ਗਿਆ ਤੇ ਲੋਕ ਇਧਰ-ਉਧਰ ਭੱਜਣ ਲੱਗੇ। ਹਾਲੇ ਤਕ ਇਹ ਪਤਾ ਨਹੀਂ ਲੱਗਿਆ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ। ਉਧਰ, ਤਾਲਿਬਾਨ ਨੇ ਧਮਾਕਿਆਂ ਵਿਚ ਆਪਣੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਬੁਲਾਰੇ ਅਹਿਸਾਨ-ਉਲਾ ਅਹਿਸਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਇਨ੍ਹਾਂ ਧਮਾਕਿਆਂ ਵਿਚ ਕੋਈ ਹੱਥ ਨਹੀਂ। ਧਮਾਕੇ ਕਰਨ ਲਈ ਛੇ ਲਿਟਰ ਵਾਲੇ ਪ੍ਰੈਸ਼ਰ ਕੁੱਕਰਾਂ ਦੀ ਵਰਤੋਂ ਕੀਤੀ ਗਈ ਤੇ ਉਨ੍ਹਾਂ ਨੂੰ ਕਾਲੇ ਰੰਗ ਦੇ ਥੈਲਿਆਂ ਵਿਚ ਛੁਪਾ ਕੇ ਜ਼ਮੀਨ ‘ਤੇ ਹੀ ਰੱਖਿਆ ਹੋਇਆ ਸੀ। ਦੋ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਕ ਬੰਬ ਵਿਚ ਬੈਰਿੰਗ ਤੇ ਹੋਰ ਲੋਹਾ ਤੇ ਦੂਸਰੇ ਵਿਚ ਬਾਰੂਦ ਨਾਲ ਲੋਹੇ ਦੇ ਕਿੱਲ ਰੱਖੇ ਹੋਏ ਸਨ।
ਵ੍ਹਾਈਟ ਹਾਊਸ ਦੇ ਅਧਿਕਾਰੀ ਅਨੁਸਾਰ ਉਹ ਇਸ ਨੂੰ ਅਤਿਵਾਦੀ ਕਾਰਾ ਮੰਨ ਕੇ ਚੱਲ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਦੋ ਧਮਾਕੇ ਸਿਰਫ਼ ਤੇ ਸਿਰਫ਼ ਅਤਿਵਾਦੀ ਕਾਰਵਾਈ ਵੱਲ ਇਸ਼ਾਰਾ ਕਰਦੇ ਹਨ। ਮਾਮਲੇ ਦੀ ਜਾਂਚ ਐਫ਼ਬੀæਆਈæ ਨੂੰ ਸੌਂਪ ਦਿੱਤੀ ਗਈ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਨ੍ਹਾਂ ਧਮਾਕਿਆਂ ਨੂੰ ਅਤਿਵਾਦੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਹੈ ਕਿ ਖੁਫ਼ੀਆ ਏਜੰਸੀਆਂ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਸ ਗੱਲ ਦਾ ਪਤਾ ਲਾਉਣ ਦਾ ਯਤਨ ਕਰ ਰਹੀਆਂ ਹਨ ਕਿ ਇਨ੍ਹਾਂ ਧਮਾਕਿਆਂ ਲਈ ਜ਼ਿੰਮੇਵਾਰ ਕੌਣ ਹੈ। ਉਨ੍ਹਾਂ ਨੇ ਧਮਾਕਿਆਂ ਨੂੰ ਵਿਵੇਕਹੀਣ ਕਰਾਰ ਦਿੰਦਿਆਂ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਇਸ ਦੇ ਸਾਜ਼ਿਸ਼ੀਆਂ ਨੂੰ ਇਨਸਾਫ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ।
ਬੋਸਟਨ ਦੇ ਵੱਖ-ਵੱਖ ਹਸਪਤਾਲਾਂ ਵਿਚ 144 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ 42 ਦੀ ਹਾਲਤ ਗੰਭੀਰ ਹੈ। ਮਰਨ ਵਾਲਿਆਂ ਵਿਚ ਇਕ ਅੱਠ ਸਾਲਾ ਬੱਚਾ ਵੀ ਹੈ। ਸੁਰੱਖਿਆ ਏਜੰਸੀਆਂ ਨੇ ਧਮਾਕਿਆਂ ਮਗਰੋਂ ਦੋ ਹੋਰ ਥਾਂਵਾਂ ਤੋਂ ਬੰਬ ਬਰਾਮਦ ਕੀਤੇ ਹਨ। ਧਮਾਕਿਆਂ ਮਗਰੋਂ ਸਾਊਦੀ ਅਰਬ ਦਾ ਇਕ ਫੱਟੜ ਨਾਗਰਿਕ ਬੋਸਟਨ ਹਸਪਤਾਲ ਵਿਚ ਸੁਰੱਖਿਆ ਅਧੀਨ ਹੈ ਪਰ ਜਾਂਚ ਏਜੰਸੀਆਂ ਨੇ ਕਿਹਾ ਹੈ ਕਿ ਉਸ ਦਾ ਇਨ੍ਹਾਂ ਧਮਾਕਿਆਂ ਨਾਲ ਕੋਈ ਸਬੰਧ ਨਹੀਂ ਹੈ।

Be the first to comment

Leave a Reply

Your email address will not be published.