ਆਮ ਆਦਮੀ ਪਾਰਟੀ ਦੀ ਟੁੱਟ-ਭੱਜ ਨੇ ਉਲਟਾਏ ਸਿਆਸੀ ਸਮੀਕਰਨ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਟੁੱਟ-ਭੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਾਰਟੀ ਦੇ ਮਾਨਸਾ ਤੋਂ ਬਾਗੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਬਾਅਦ ਦਿੱਲੀ ਦੀ ਲੀਡਰਸ਼ਿਪ ਦੇ ਤਕਰੀਬਨ ਮੰਨੇ ਜਾਂਦੇ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਵੀ ਕਾਂਗਰਸ ਵਿਚ ਸ਼ਾਮਲ ਹੋ ਜਾਣ ਨਾਲ ਪਾਰਟੀ ਵਿਚ ਖਲਬਲੀ ਮੱਚੀ ਪਈ ਹੈ।

ਦੱਸਣਯੋਗ ਹੈ ਕਿ ਸ੍ਰੀ ਸੰਦੋਆ ਹਮੇਸ਼ਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨਾਲ ਰਹਿੰਦੇ ਸਨ ਪਰ ਹੁਣ ਉਨ੍ਹਾਂ ਦੀ ਜੋੜੀ ਬਰਕਰਾਰ ਰਹਿਣ ਜਾਂ ਟੁੱਟਣ ਬਾਰੇ ਭੇਤ ਬਣਿਆ ਹੋਇਆ ਹੈ। ਅਜਿਹੀਆਂ ਵੀ ਕਨਸੋਆਂ ਮਿਲ ਰਹੀਆਂ ਹਨ ਕਿ ‘ਆਪ’ ਦੀ ‘ਕਰਾਂਤੀ ਐਕਸਪ੍ਰੈਸ’ ਇਨ੍ਹਾਂ ਚੋਣਾਂ ਦੌਰਾਨ ਕਈ ਹੋਰ ਸਿਆਸੀ ਹਾਦਸੇ ਕਰ ਸਕਦੀ ਹੈ। ਦਰਅਸਲ ਕਾਂਗਰਸ ਵਿਚ ਸ਼ਾਮਲ ਹੋਏ ਜਾਂ ਹੋਣ ਦੀ ਤਿਆਰੀ ਵਿਚ ਪਾਰਟੀ ਦੇ ਕੁਝ ਆਗੂ ਸਵਾਲ ਕਰ ਰਹੇ ਹਨ ਕਿ ਜੇਕਰ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹਾਂ ਚੋਣਾਂ ਵਿਚ ਕਾਂਗਰਸ ਨਾਲ ਗੱਠਜੋੜ ਕਰਨ ਲਈ ਤਰਲੋਮੱਛੀ ਹੋ ਸਕਦੇ ਹਨ ਤਾਂ ਫਿਰ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦੀ ਕੀ ਸੰਗ ਹੈ। ਹੈਰਾਨੀ ਦੀ ਗੱਲ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਯੁੱਗ ਖਤਮ ਕਰਨ ਦੇ ਮੁੱਦੇ ਉਪਰ ਲੜਨ ਵਾਲੇ ‘ਆਪ’ ਆਗੂ ਹੁਣ ਉਨ੍ਹਾਂ ਪਾਰਟੀਆਂ ਦੇ ਚਹੇਤੇ ਬਣ ਰਹੇ ਹਨ।
ਇਸ ਕਾਰਨ ‘ਆਪ’ ਦੀ ਵੋਟਾਂ, ਭਾਵਨਾਵਾਂ ਅਤੇ ਨੋਟਾਂ ਨਾਲ ਮਦਦ ਕਰਨ ਵਾਲੇ ਵੋਟਰ ਆਪਣੇ -ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਦਰਅਸਲ, ਭਗਵੰਤ ਮਾਨ ਦੇ ਮੁੜ ਪੰਜਾਬ ਦਾ ਪ੍ਰਧਾਨ ਬਣਨ ਨਾਲ ਅਤੇ ਉਨ੍ਹਾਂ ਵੱਲੋਂ ਆਪਣੇ ਸੰਗਰੂਰ ਹਲਕੇ ਤੋਂ ਚੋਣ ਮੈਦਾਨ ਵਿਚ ਉਤਰਨ ਕਾਰਨ ਉਹ ਬਤੌਰ ਪ੍ਰਧਾਨ ਜ਼ਿਲ੍ਹਿਆਂ ਦਾ ਦੌਰਾ ਹੀ ਨਹੀਂ ਕਰ ਸਕੇ, ਜਿਸ ਕਾਰਨ ਪਾਰਟੀ ਇਕਸੁਰ ਨਹੀਂ। ਇਸ ਤੋਂ ਇਲਾਵਾ ਸ੍ਰੀ ਮਾਨ ਦੇ ਪ੍ਰਧਾਨ ਬਣਨ ਤੋਂ ਬਾਅਦ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਬਣਾਈ ਕੋਰ ਕਮੇਟੀ ਦੀ ਮਹੱਤਤਾ ਵੀ ਘਟਣ ਕਾਰਨ ਪਾਰਟੀ ਦਾ ਕੋਈ ਵਾਲੀਵਾਰਸ ਹੀ ਨਹੀਂ ਜਾਪ ਰਿਹਾ। ਇਸ ਦੀ ਘਾਟ 13 ਹਲਕਿਆਂ ਵਿਚ ਖੜ੍ਹੇ ਉਮੀਦਵਾਰਾਂ ਨੂੰ ਵੀ ਰੜਕ ਰਹੀ ਹੈ। ਦੋ ਵਿਧਾਇਕਾਂ ਸ੍ਰੀ ਮਾਨਸ਼ਾਹੀਆ ਤੇ ਸ੍ਰੀ ਸੰਦੋਆ ਤੋਂ ਇਲਾਵਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਖੜ੍ਹੇ ਪਾਰਟੀ ਦੇ ਚਾਰ ਉਮੀਦਵਾਰ ਵੀ ‘ਆਪ’ ਨੂੰ ਅਲਵਿਦਾ ਆਖ ਚੁੱਕੇ ਹਨ। ਇਨ੍ਹਾਂ ਵਿਚ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਵੀ ਸ਼ਾਮਲ ਹੈ। ਹੁਣ ਟੌਹੜਾ ਪਰਿਵਾਰ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕਿਆ ਹੈ। ਇਸੇ ਤਰਾਂ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਵਾਲੇ ਭੁਪਿੰਦਰ ਸਿੰਘ ਬਿੱਟੂ ਅਤੇ ਹਲਕਾ ਲੁਧਿਆਣਾ ਤੋਂ ਚੋਣ ਲੜਨ ਵਾਲੇ ਦਲਜੀਤ ਸਿੰਘ ਭੋਲਾ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ। ਹਲਕਾ ਸਲਤਾਨਪੁਰ ਲੋਧੀ ਤੋਂ ਚੋਣ ਲੜਨ ਵਾਲੇ ਸੱਜਣ ਸਿੰਘ ਚੀਮਾ ਵੀ ਅਕਾਲੀ ਦਲ ਦੀ ਤੱਕੜੀ ਵਿਚ ਤੁਲ ਚੁੱਕੇ ਹਨ।
ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਵਾਲੇ ਨਰਿੰਦਰ ਸਿੰਘ ਸੰਧਾ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ। ਪਾਰਟੀ ਦੀ ਤਰਜਮਾਨ ਡਾ. ਅਮਨਦੀਪ ਕੌਰ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੀ ਹੈ। ਪਾਰਟੀ ਦੇ ਯੂਥ ਵਿੰਗ ਮਾਲਵਾ-1 ਦਾ ਪ੍ਰਧਾਨ ਗੋਰਾ ਫਿਰੋਜ਼ਸ਼ਾਹ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਪਾਰਟੀ ਦੇ ਦੋ ਬੁਲਾਰੇ ਸਤਵੀਰ ਵਾਲੀਆ ਅਤੇ ਦਰਸ਼ਨ ਸਿੰਘ ਸ਼ੰਕਰ ਵੀ ਹੋਰ ਪਾਰਟੀਆਂ ਵਿਚ ਸ਼ਾਮਲ ਹੋ ਗਏ ਹਨ। ਮੁਲਾਜ਼ਮ ਆਗੂ ਹਰੀ ਸਿੰਘ ਟੌਹੜਾ, ਜੋ ਲੋਕ ਸਭਾ ਹਲਕਾ ਪਟਿਆਲਾ ਤੋਂ ‘ਆਪ’ ਦੀ ਟਿਕਟ ਦਾ ਦਾਅਵੇਦਾਰ ਸੀ, ਵੀ ਕਾਂਗਰਸ ਨਾਲ ਹੱਥ ਮਿਲਾ ਚੁੱਕਾ ਹੈ। ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੇ ਵੀ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਚੱਲ ਰਹੀਆਂ ਹਨ ਪਰ ਸ੍ਰੀ ਅਰੋੜਾ ਨੇ ਇਨ੍ਹਾਂ ਨੂੰ ਨਕਾਰ ਦਿੱਤਾ ਹੈ। ਇਸ ਸਥਿਤੀ ਵਿਚ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਕੁਰਸੀ ਵੀ ਖਤਰੇ ਵਿਚ ਪੈਂਦੀ ਜਾਪਦੀ ਹੈ।
_______________________________
ਸੰਦੋਆ ਨੇ ਰੋਪੜ ਹਲਕੇ ਦੇ ਲੋਕਾਂ ਦੀ ਪਿੱਠ ‘ਚ ਛੁਰਾ ਮਾਰਿਆ: ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਕਾਂਗਰਸ ‘ਚ ਸ਼ਾਮਲ ਹੋ ਜਾਣ ਮਗਰੋਂ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸੰਦੋਆ ਨੇ ਨਾ ਸਿਰਫ ‘ਆਪ’ ਸਗੋਂ ਰੋਪੜ ਹਲਕੇ ਦੇ ਲੋਕਾਂ ਦੀ ਪਿੱਠ ‘ਚ ਛੁਰਾ ਮਾਰਿਆ ਹੈ, ਜਿਨ੍ਹਾਂ ਨੇ ਇਕ ਆਮ ਪਰਿਵਾਰ ਦੇ ਟੈਕਸੀ ਡਰਾਈਵਰ ਨੂੰ ਵਿਧਾਇਕ ਬਣਾ ਕੇ ਵੱਡਾ ਸਨਮਾਨ ਦਿੱਤਾ ਸੀ। ਮਾਨ ਨੇ ਕਿਹਾ ਕਿ ਸੰਦੋਆ ਵਰਗੇ ਵਿਕਾਊ ਲੋਕਾਂ ਦੇ ਪਾਰਟੀ ਛੱਡ ਕੇ ਜਾਣ ਨਾਲ ‘ਆਪ’ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ 2 ਸਾਲਾਂ ਦੇ ਨਿਕੰਮੇ ਸ਼ਾਸਨ ਕਾਰਨ ਲੋਕਾਂ ਦੇ ਭਾਰੀ ਰੋਹ ਦਾ ਸਾਹਮਣਾ ਕਰ ਰਹੀ ਕਾਂਗਰਸ ਬੌਖਲਾ ਚੁੱਕੀ ਹੈ ਅਤੇ ੰਸੁਖਬੀਰ ਸਿੰਘ ਬਾਦਲ ਦੀ ਮਿਲੀਭੁਗਤ ਨਾਲ ਮਰੀਆਂ ਜ਼ਮੀਰਾਂ ਵਾਲੇ ਆਗੂਆਂ ਦੀ ਖਰੀਦੋ-ਫਰੋਖਤ ਕਰ ਰਹੀ ਹੈ।