ਸੀ ਬੀ ਐਸ ਈ 12ਵੀਂ ਦੇ ਨਤੀਜਿਆਂ ਵਿਚ ਕੁੜੀਆਂ ਨੇ ਮਾਰੀ ਬਾਜ਼ੀ

ਨਵੀਂ ਦਿੱਲੀ: ਕੇਂਦਰੀ ਮਾਧਿਆਮਿਕ ਸਿੱਖਿਆ ਬੋਰਡ (ਸੀ.ਬੀ.ਐਸ਼ਈ.) ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ ਜਿਸ ‘ਚ ਲੜਕੀਆਂ ਨੇ ਲੜਕਿਆਂ ਨੂੰ ਪਛਾੜਦਿਆਂ ਬਾਜ਼ੀ ਮਾਰੀ ਹੈ। ਉਤਰ ਪ੍ਰਦੇਸ਼ ਦੀ ਹੰਸਿਕਾ ਸ਼ੁਕਲਾ ਤੇ ਕ੍ਰਿਸ਼ਮਾ ਅਰੋੜਾ ਨੇ ਸਾਂਝੇ ਤੌਰ ‘ਤੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਦੋਵਾਂ ਲੜਕੀਆਂ ਨੇ 500 ‘ਚੋਂ 499 ਅੰਕ ਹਾਸਲ ਕੀਤੇ ਹਨ। ਹੰਸਿਕਾ ਡੀ.ਪੀ.ਐਸ਼ ਮੇਰਠ ਰੋਡ, ਗਾਜ਼ੀਆਬਾਦ ਜਦੋਂ ਕਿ ਕ੍ਰਿਸ਼ਮਾ ਮੁਜ਼ੱਫ਼ਰਨਗਰ ਸਥਿਤ ਐਸ਼ਡੀ. ਪਬਲਿਕ ਸਕੂਲ ਦੀ ਵਿਦਿਆਰਥਣ ਹੈ। ਦੂਜੇ ਸਥਾਨ ‘ਤੇ ਤਿੰਨ ਲੜਕੀਆਂ ਰਹੀਆਂ ਹਨ ਜਿਨ੍ਹਾਂ ਨੇ 498 ਅੰਕ (ਹਰੇਕ ਨੇ) ਹਾਸਲ ਕੀਤੇ ਹਨ ਜਿਨ੍ਹਾਂ ‘ਚ ਗੋਰਾਂਗੀ ਚਾਵਲਾ ਨਿਰਮਲ ਆਸ਼ਰਮ ਦੀਪਮਾਲਾ ਪਬਲਿਕ ਸਕੂਲ ਰਿਸ਼ੀਕੇਸ਼, ਐਸ਼ਵਰਿਆ ਕੇਂਦਰੀ ਵਿਦਿਆਲਿਆ ਰਾਏਬਰੇਲੀ ਅਤੇ ਹਰਿਆਣਾ ਦੇ ਜੀਂਦ ਦੀ ਭਵਿਆ ਸ਼ਾਮਲ ਹਨ। ਤੀਜੇ ਸਥਾਨ ‘ਤੇ ਕੁੱਲ 18 ਵਿਦਿਆਰਥੀ ਰਹੇ ਜਿਨ੍ਹਾਂ ‘ਚ 11 ਲੜਕੀਆਂ ਤੇ 7 ਲੜਕੇ ਸ਼ਾਮਲ ਹਨ। ਇਨ੍ਹਾਂ ਨੇ 500 ‘ਚੋਂ 497 ਅੰਕ ਹਾਸਲ ਕੀਤੇ ਹਨ। ਇਨ੍ਹਾਂ ‘ਚ ਦੋ ਵਿਦਿਆਰਥੀ ਦਿੱਲੀ ਦੇ ਹਨ। 12ਵੀਂ ਜਮਾਤ ਦੇ ਨਤੀਜੇ ‘ਚੋਂ ਕੁੱਲ 17693 ਵਿਦਿਆਰਥੀਆਂ ਨੇ 95 ਫੀਸਦੀ ਅੰਕ ਹਾਸਲ ਕੀਤੇ ਹਨ ਜਦੋਂ ਕਿ 94299 ਵਿਦਿਆਰਥੀਆਂ ਨੇ 90 ਤੋਂ 95 ਫੀਸਦੀ ਵਿਚਾਲੇ ਅੰਕ ਹਾਸਲ ਕੀਤੇ ਹਨ। ਕੇਂਦਰੀ ਵਿਦਿਆਲਿਆ ਸਕੂਲਾਂ ਦਾ ਨਤੀਜਾ 98.54 ਫੀਸਦੀ ਜਦੋਂ ਕਿ ਜਵਾਹਰ ਨਵੋਦਿਆ ਵਿਦਿਆਲਿਆ ਦਾ ਨਤੀਜਾ 96.62 ਫੀਸਦੀ ਰਿਹਾ ਹੈ। ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਦੀ ਪਾਸ ਫੀਸਦੀ 88.49 ਜਦੋਂ ਕਿ ਸਰਕਾਰੀ ਸਕੂਲਾਂ ਦੀ ਪਾਸ ਫੀਸਦੀ 87.17 ਫੀਸਦੀ ਰਹੀ ਹੈ। ਇਸੇ ਤਰ੍ਹਾਂ ਨਿੱਜੀ ਸਕੂਲਾਂ ਦੀ ਪਾਸ ਫੀਸਦੀ 88.59 ਫੀਸਦੀ ਰਹੀ।
ਤਿਰੂਵਨੰਤਪੁਰਮ ਖੇਤਰ ਨੇ ਸਭ ਤੋਂ ਵੱਧ ਪਾਸ ਫੀਸਦੀ ਹਾਸਲ ਕੀਤੀ ਹੈ। ਅਧਿਕਾਰੀ ਅਨੁਸਾਰ ਲੜਕੀਆਂ ਦੀ ਪਾਸ ਫੀਸਦੀ 88.70 ਰਹੀ ਹੈ ਜੋ ਕਿ ਲੜਕਿਆਂ ਦੀ ਪਾਸ ਫ਼ੀਸਦੀ 79.40 ਤੋਂ 9 ਫੀਸਦੀ ਜ਼ਿਆਦਾ ਹੈ। ਕੁੱਲ ਪਾਸ ਫੀਸਦੀ 83.40 ਰਹੀ ਹੈ। ਤੀਜੇ ਲਿੰਗ ਦੇ ਵਿਦਿਆਰਥੀਆਂ ਦਾ ਨਤੀਜਾ 83.3 ਫੀਸਦੀ ਰਿਹਾ ਹੈ। ਬੋਰਡ ਦੇ ਤਿਰੂਵਨੰਤਪੁਰਮ ਖੇਤਰ ਨੇ ਸਭ ਤੋਂ ਵੱਧ 98.20 ਪਾਸ ਫੀਸਦੀ ਹਾਸਲ ਕੀਤੀ ਹੈ ਜਦੋਂ ਕਿ ਦੂਜੇ ਸਥਾਨ ‘ਤੇ 92.93 ਫੀਸਦੀ ਨਾਲ ਚੇਨਈ ਖੇਤਰ ਰਿਹਾ ਹੈ। ਰਾਜਧਾਨੀ ਦਿੱਲੀ ਦੀ ਪਾਸ ਫੀਸਦੀ 91.87 ਫੀਸਦੀ ਰਹੀ ਹੈ ਜੋ ਕਿ ਤੀਜੇ ਸਥਾਨ ‘ਤੇ ਹੈ। ਸੀ.ਬੀ.ਐਸ਼ਈ. ਤੋਂ ਮਾਨਤਾ ਪ੍ਰਾਪਤ ਵਿਦੇਸ਼ੀ ਸਕੂਲਾਂ ਦੀ ਪਾਸ ਫੀਸਦੀ ‘ਚ ਵੀ ਸੁਧਾਰ ਹੋਇਆ ਹੈ ਜੋ ਪਿਛਲੀ ਵਾਰ ਦੀ 94.94 ਤੋਂ ਵਧ ਕੇ 95.43 ਫੀਸਦੀ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਸੀ.ਬੀ.ਐਸ਼ਈ. ਦੀ 12ਵੀਂ ਜਮਾਤ ਦੀ ਪ੍ਰੀਖਿਆ ਬੀਤੇ ਸਾਲਾਂ ਨਾਲੋਂ ਪਹਿਲਾਂ 16 ਫਰਵਰੀ ਤੋਂ ਸ਼ੁਰੂ ਹੋਈ ਸੀ ਜਿਸ ਦਾ ਨਤੀਜਾ ਆਮ ਤੌਰ ‘ਤੇ ਮਈ ਦੇ ਤੀਜੇ ਹਫਤੇ ਐਲਾਨਿਆ ਜਾਂਦਾ ਹੈ ਪਰ ਪ੍ਰੀਖਿਆ ਪਹਿਲਾਂ ਹੋਣ ਕਾਰਨ ਇਸ ਦਾ ਨਤੀਜਾ ਵੀ ਪਹਿਲਾਂ ਹੀ ਐਲਾਨ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁੱਲ 12.05 ਲੱਖ ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਇਸ ਦੀ ਪਾਸ ਫੀਸਦੀ ਵਿਚ 0.39 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।