ਹਤਾਸ਼ ਹੈ ਪੰਜਾਬ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਾਂ ਦੀਆਂ ਨਿਆਮਤਾਂ ਦੀ ਗੱਲ ਕਰਦਿਆਂ ਸੱਚ ਹੀ ਕਿਹਾ ਸੀ, “ਮਾਂ ਮਹਾਂਦਾਨੀ, ਮਹਾਨ ਸੁਆਣੀ ਤੇ ਜੀਵਨ-ਦਾਨੀ ਜਿਸ ਦੀ ਮਹਿਮਾ, ਮਹਾਨਤਾ ਅਤੇ ਮੁਲੰਗਪੁਣੇ ਦੀ ਅਕੱਥ ਕਹਾਣੀ ਕਿਸੇ ਨਾ ਜਾਣੀ।

ਮਾਂ ਅਨਪੜ੍ਹ ਹੁੰਦਿਆਂ ਵੀ ਮਹਾਂ-ਗਿਆਨੀ। ਦੁਨੀਆਂ ਦਾ ਹਰ ਗਿਆਨ, ਬੱਚੇ ਦੀ ਸੋਚ ਵਿਚ ਧਰ, ਖੁਦ ਭਰਪੂਰ ਰਹਿੰਦੀ।…ਮਾਂ ਨੂੰ ਕਿਸ ਨਾਲ ਤਸ਼ਬੀਹ ਦਿਓਗੇ ਕਿਉਂਕਿ ਮਾਂ ਬਰੋਬਰ ਤਾਂ ਕੁਝ ਵੀ ਬਰ ਨਹੀਂ ਮੇਚਦਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਿਸੇ ਸਮੇਂ ਪੰਜਾਂ ਦਰਿਆਵਾਂ ਦੀ ਧਰਤੀ ਅਤੇ ਬਹਾਦਰ ਸੂਰਮਿਆਂ ਦੀ ਧਰਤੀ ਕਰ ਕੇ ਜਾਣੇ ਜਾਂਦੇ ਪੰਜਾਬ ਦੇ ਅਜੋਕੇ ਨਿੱਘਰ ਰਹੇ ਹਾਲਾਤ ‘ਤੇ ਚਿੰਤਾ ਜਾਹਰ ਕੀਤੀ ਹੈ। ਉਹ ਕਹਿੰਦੇ ਹਨ, “ਪੰਜਾਬ, ਰਾਜਨੀਤਕ, ਧਾਰਮਿਕ, ਸਮਾਜਕ ਅਤੇ ਆਰਥਕ ਪੱਧਰ ‘ਤੇ ਅਜਿਹੀ ਰਸਾਤਲ ਵਿਚ ਡਿਗਦਾ ਜਾ ਰਿਹਾ ਹੈ ਕਿ ਜੇ ਇਸ ਨੂੰ ਸੰਭਾਲਣ ਅਤੇ ਇਸ ਦੀ ਆਭਾ ਨੂੰ ਮੁੜ ਸਥਾਪਤ ਕਰਨ ਲਈ ਸੱਭੇ ਧਿਰਾਂ ਨੇ ਨਿੱਜੀ ਮੁਫਾਦ, ਰਾਜਨੀਤਕ ਵੱਖਰੇਵਿਆਂ ਅਤੇ ਧਾਰਮਿਕ ਸੌੜੇਪਣ ਤੋਂ ਉਪਰ ਉਠ ਕੇ ਉਸਾਰੂ ਯੋਗਦਾਨ ਪਾਉਣ ਵਿਚ ਪਹਿਲ-ਕਦਮੀ ਨਾ ਕੀਤੀ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ।” ਡਾ. ਭੰਡਾਲ ਦੀ ਚਿੰਤਾ ਹੈ ਕਿ ਪੰਜਾਬ ਦੇ ਜ਼ਹਿਰੀਲੇ ਪਾਣੀ, ਪ੍ਰਦੂਸ਼ਿਤ ਹਵਾ ਅਤੇ ਧਰਤੀ ਵਿਚ ਕੀਟਨਾਸ਼ਕਾਂ ਦੀ ਬਹੁਤਾਤ ਕਾਰਨ ਜ਼ਹਿਰੀਲੇ ਖਾਣੇ ਨੇ ਪੰਜਾਬੀਆਂ ਨੂੰ ਨਿਪੁੰਸਕ ਅਤੇ ਬਿਮਾਰ ਬਣਾ ਦਿਤਾ ਏ। ਉਹ ਹੋਕਾ ਦਿੰਦੇ ਹਨ, “ਕੋਈ ਤਾਂ ਪੰਜਾਬ ਦੇ ਅੱਥਰੂਆਂ ਨੂੰ ਪੂੰਝੇ, ਹਟਕੋਰਿਆਂ ਨੂੰ ਵਰਾਵੇ, ਹਿਚਕੀਆਂ ਦੀ ਹਾਥ ਪਾਵੇ, ਪੈਰੀਂ ਪਈਆਂ ਜੰ.ਜੀਰਾਂ ਨੂੰ ਤੋੜੇ, ਬਰਬਾਦੀ ਵੱਲ ਅਹੁਲਦੇ ਕਦਮਾਂ ਨੂੰ ਹੋੜੇ ਅਤੇ ਇਸ ਦੀ ਗੌਰਵਮਈ ਤੇ ਗੈਰਤਮੰਦ ਵਿਰਾਸਤ ਨੂੰ ਵਾਪਸ ਮੋੜ ਲਿਆਵੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਪੰਜਾਬ ਹਤਾਸ਼ ਅਤੇ ਨਿਰਾਸ਼ ਹੈ। ਉਦਾਸ ਅਤੇ ਬੇਆਸ ਹੈ। ਗਮਗੀਨ ਅਤੇ ਸੁਪਨਹੀਣ ਹੈ। ਲਾਚਾਰ ਅਤੇ ਬਿਮਾਰ ਹੈ। ਰਿਹਾੜਦਾ ਅਤੇ ਦਹਾੜਦਾ ਹੈ। ਵਖਤ ਤੇ ਵਕਤ ਵਿਚ ਦਰੜਿਆ, ਆਪਣੀ ਅਉਧ ਦਾ ਪਛਤਾਵਾ। ਕਿਸੇ ਗੈਬੀ ਆਸ ਵੰਨੀਂ ਧਿਆਨ ਧਰੀ ਖੁਦ ਤੋਂ ਹੀ ਬੇਮੁਖ ਹੈ।
ਪੰਜਾਬ ਨੂੰ ਬਹੁਤ ਸਾਰੀਆਂ ਅਲਾਮਤਾਂ ਨੇ ਘੇਰ ਲਿਆ ਏ। ਕੁਝ ਆਪਣਿਆਂ ਨੇ ਦਿਤੀਆਂ ਤੇ ਕੁਝ ਪਰਾਇਆਂ ਦੀ ਚਾਲ ਨੇ ਪੰਜਾਬ ਦੇ ਗਲ ਪਾ ਦਿਤੀਆਂ। ਪੰਜਾਬ ਦਾ ਇਤਿਹਾਸ ਸਦਾ ਹੀ ਤ੍ਰਾਸਦੀਆਂ ਨੂੰ ਹੰਢਾਉਣਾ ਅਤੇ ਇਨ੍ਹਾਂ ਤੋਂ ਉਭਰਨਾ ਰਿਹਾ ਏ; ਪਰ ਜਦ ਕਿਸੇ ਦੀਆਂ ਜੜ੍ਹਾਂ ‘ਚ ਅੱਕ ਚੋਇਆ ਜਾਵੇ, ਹਿੱਕ ਵਿਚ ਜ਼ਹਿਰ ਦੀ ਪਿਉਂਦ ਲਾਈ ਜਾਵੇ ਅਤੇ ਦਿੱਖ ਨੂੰ ਵਿਗਾੜਨ ਲਈ ਹਰ ਹਰਬਾ ਵਰਤਿਆ ਜਾਵੇ ਤਾਂ ਚੰਗੇਰੇ ਭਵਿੱਖ ਦੀ ਆਸ ਬੇਵਾ ਹੋ ਜਾਂਦੀ ਹੈ। ਸੁਹੱਪਣ ਨੂੰ ਸਿਊਂਕ, ਸਿਹਤਮੰਦੀ ਨੂੰ ਅਲਾਮਤਾਂ, ਸਦਭਾਵਨਾ ਵਿਚ ਬੇਗਾਨਗੀ ਅਤੇ ਸਮਾਜਕ ਤੰਦਾਂ ਦੀ ਪਾਕੀਜ਼ਗੀ ਤੇ ਪਕਿਆਈ ਨੂੰ ਕਚਿਆਈ ਕਰਨ ਲਈ ਜਦ ਬੇਗਾਨਿਆਂ ਨਾਲ ਆਪਣੇ ਵੀ ਰਲ ਜਾਣ ਤਾਂ ਕੁਝ ਵਧੀਆ ਅਤੇ ਭਵਿਖਮੁਖੀ ਹੋਣ ਦੀ ਆਸ ਵੀ ਮੱਧਮ ਪੈ ਜਾਂਦੀ।
ਪੰਜਾਬ, ਰਾਜਨੀਤਕ, ਧਾਰਮਿਕ, ਸਮਾਜਕ ਅਤੇ ਆਰਥਕ ਪੱਧਰ ‘ਤੇ ਅਜਿਹੀ ਰਸਾਤਲ ਵਿਚ ਡਿਗਦਾ ਜਾ ਰਿਹਾ ਹੈ ਕਿ ਜੇ ਇਸ ਨੂੰ ਸੰਭਾਲਣ ਅਤੇ ਇਸ ਦੀ ਆਭਾ ਨੂੰ ਮੁੜ ਸਥਾਪਤ ਕਰਨ ਲਈ ਸੱਭੇ ਧਿਰਾਂ ਨੇ ਨਿੱਜੀ ਮੁਫਾਦ, ਰਾਜਨੀਤਕ ਵੱਖਰੇਵਿਆਂ ਅਤੇ ਧਾਰਮਿਕ ਸੌੜੇਪਣ ਤੋਂ ਉਪਰ ਉਠ ਕੇ ਉਸਾਰੂ ਯੋਗਦਾਨ ਪਾਉਣ ਵਿਚ ਪਹਿਲ-ਕਦਮੀ ਨਾ ਕੀਤੀ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਪੰਜਾਬ ਦੀ ਸਮੁੱਚੀ ਹੋਂਦ ‘ਤੇ ਇਕ ਪ੍ਰਸ਼ਨ ਚਿੰਨ ਸਦੀਵੀ ਖੁਣਿਆ ਜਾਵੇਗਾ। ਅਜਿਹੇ ਪ੍ਰਸ਼ਨ ਚਿੰਨ ਨੂੰ ਕਿਆਸਣ, ਸਮਝਣ ਅਤੇ ਇਸ ਤੋਂ ਬਚਣ ਲਈ ਕਾਰਨਾਂ ਦੀ ਤਹਿ ਤੀਕ ਪਹੁੰਚਣਾ ਬਹੁਤ ਜਰੂਰੀ। ਬਹੁਤ ਕੁਝ ਕਿਹਾ ਤੇ ਅਣਕਿਹਾ ਵਾਪਰ ਰਿਹਾ ਹੈ, ਜੋ ਅਚੇਤ ਅਤੇ ਸੁਚੇਤ ਰੂਪ ਵਿਚ ਸਾਡੇ ਸਾਹਮਣੇ ਹੋ ਰਿਹਾ ਹੈ।
ਸੱਚ ਤਾਂ ਇਹ ਹੈ ਕਿ ਜਦ ਰਾਜਨੀਤਕ ਲੋਕ ਸਰਕਾਰੀ ਅਦਾਰਿਆਂ ਨੂੰ ਹੜੱਪਣ ਅਤੇ ਆਪਣੀਆਂ ਸਲਤਨਤਾਂ ਖੜ੍ਹੀਆਂ ਕਰਨ ਲਈ ਰੁਚਿਤ ਹੋਣਗੇ ਤਾਂ ਪੰਜਾਬ ਦੇ ਲੋਕ-ਪੱਖੀ ਹਿੱਤਾਂ ‘ਤੇ ਪਹਿਰਾ ਕੌਣ ਦੇਵੇਗਾ? ਅਜਿਹਾ ਪੰਜਾਬ ਦੇ ਹਰ ਖੇਤਰ ਸਿਹਤ, ਸਿਖਿਆ, ਟਰਾਂਸਪੋਰਟ ਆਦਿ ਵਿਚ ਹੋ ਰਿਹਾ ਹੈ। ਕੋਈ ਵੀ ਧਿਰ ਇਸ ਗਲਬੇ ਤੋਂ ਛੁਟਕਾਰਾ ਪਾਉਣ ਦੀ ਚਾਹਵਾਨ ਨਹੀਂ। ਇਸ ਪ੍ਰਤੀ ਕੋਸ਼ਿਸ਼ ਕਰਨਾ ਤਾਂ ਦੂਰ ਦੀ ਗੱਲ, ਪੰਜਾਬ ਦੀ ਤ੍ਰਾਸਦੀ ਅਤੇ ਇਸ ਦੀ ਤਰਸਯੋਗ ਹਾਲਾਤ ਨੂੰ ਹੋਰ ਤਰਸਯੋਗ ਬਣਾਉਣ ਵਿਚ ਸਰਕਾਰੀ ਤੰਤਰ ਬਰਾਬਰ ਦਾ ਭਾਈਵਾਲ। ਮਸਲਿਆਂ ਤੋਂ ਅੱਖਾਂ ਮੀਟ ਕੇ ਅਸੀਂ ਮਸਲੇ ਦਾ ਹੱਲ ਨਹੀਂ ਕਰਦੇ, ਸਗੋਂ ਮਸਲੇ ਹੋਰ ਗੁੰਲਝਦਾਰ ਹੁੰਦੇ ਜਾਂਦੇ ਨੇ।
ਪੰਜਾਬੀਆਂ ਦਾ ਪਰਵਾਸ ਕਰਨ ਦਾ ਰੁਝਾਨ ਤਾਂ ਸਦੀਆਂ ਪੁਰਾਣਾ ਹੈ, ਪਰ ਅਜੋਕੇ ਸਮੇਂ ਵਿਚ ਪੜ੍ਹਾਈ ਦੇ ਬਹਾਨੇ ਪਰਵਾਸ ਕਰਨਾ ਇਕ ਅਜਿਹਾ ਰੁਝਾਨ ਹੈ, ਜਿਸ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ‘ਤੇ ਲਿਆ ਖਲਿਆਰਿਆ ਹੈ। ਪੰਜਾਬ ਵਿਚਲੀ ਬੇਰੁਜ਼ਗਾਰੀ, ਸਿੱਖਿਆ ਨਿੱਜੀਕਰਣ ਕਾਰਨ ਮਹਿੰਗੀ ਹੋਣ, ਮੱਧ-ਪੱਧਰੀ ਤੇ ਰੁਜ਼ਗਾਰਹੀਣ ਸਿਖਿਆ ਅਤੇ ਰੁਜ਼ਗਾਰ ਦੇ ਘੱਟ ਰਹੇ ਮੌਕਿਆਂ ਕਾਰਨ ਪੰਜਾਬ ਦੇ 70-80 ਹਜਾਰ ਵਿਦਿਆਰਥੀ ਹਰ ਸਾਲ ਆਈਲੈਟਸ ਕਰਕੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟਰੇਲੀਆ, ਇੰਗਲੈਂਡ ਆਦਿ ਦੇਸ਼ਾਂ ਵਿਚ ਪੜ੍ਹਾਈ ਲਈ ਜਾਣ ਦੇ ਓਹਲੇ ਵਿਚ ਪਰਵਾਸ ਕਰ ਰਹੇ ਹਨ।
ਆਈਲੈਟਸ ਤੋਂ ਲੈ ਕੇ ਵਿਦੇਸ਼ ਜਾਣ, ਇਕ ਸਾਲ ਦੀ ਪੜ੍ਹਾਈ ਦੀ ਫੀਸ ਅਤੇ ਰਹਿਣ ਦਾ ਖਰਚਾ ਅੰਦਾਜ਼ਨ 20 ਕੁ ਲੱਖ ਬਣਦਾ ਹੈ। ਇਸ ਹਿਸਾਬ ਨਾਲ ਲਗਭਗ 15,000 ਕਰੋੜ ਰੁਪਿਆ ਪੰਜਾਬ ਤੋਂ ਹਰ ਸਾਲ ਵਿਦੇਸ਼ਾਂ ਨੂੰ ਕਾਨੂੰਨੀ ਰੂਪ ਵਿਚ ਜਾ ਰਿਹਾ ਹੈ। ਇਸ ਵਿਚ ਪਰਵਾਸੀਆਂ ਵਲੋਂ ਪੰਜਾਬ ਵਿਚ ਵੇਚੀਆਂ ਜਾ ਰਹੀਆਂ ਜਾਇਦਾਦਾਂ ਦੇ ਹਵਾਲੇ ਰਾਹੀਂ ਭੇਜੇ ਪੈਸੇ ਨੂੰ ਜੋੜਿਆ ਜਾਵੇ ਤਾਂ ਇਹ ਰਕਮ ਹੋਰ ਵੀ ਵਧ ਜਾਂਦੀ ਹੈ।
ਇਹ ਰੁਝਾਨ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ। ਜੇ ਪਿਛਲੇ ਦਸ ਕੁ ਸਾਲਾਂ ਦਾ ਹਿਸਾਬ ਲਾਇਆ ਜਾਵੇ ਤਾਂ ਇਹ ਰਾਸ਼ੀ ਇਕ ਲੱਖ ਪੰਜਾਹ ਹਜ਼ਾਰ ਕਰੋੜ ਬਣਦੀ ਹੈ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਪੈਸੇ ਪੰਜਾਬ ਵਿਚੋਂ ਵਿਦੇਸ਼ ਜਾ ਚੁਕਾ ਹੈ। ਪੰਜਾਬ ਦੇ ਇਸ ਆਰਥਕ ਅਤੇ ਬੌਧਿਕ ਨੁਕਸਾਨ ਤੋਂ ਇਲਾਵਾ ਉਹ ਨੌਜਵਾਨ ਹੁਣ ਬਾਰਹਲੇ ਦੇਸ਼ਾਂ ਦੀ ਤਰੱਕੀ ਵਿਚ ਯੋਗਦਾਨ ਪਾਉਣਗੇ, ਜਿਨ੍ਹਾਂ ਨੇ 40 ਸਾਲ ਤੀਕ ਪੰਜਾਬ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਾ ਸੀ। ਇਨ੍ਹਾਂ ਦੇ ਜਾਣ ਨਾਲ ਪੰਜਾਬ ਵਿਚ ਪੈਦਾ ਹੋਏ ਵਸੋਂ ਦੇ ਖਲਾਅ ਨੂੰ ਬਾਹਰਲੇ ਸੂਬਿਆਂ ਤੋਂ ਆਏ ਲੋਕ ਭਰ ਰਹੇ ਹਨ। ਇਸ ਨਾਲ ਪੰਜਾਬ ਅਤੇ ਪੰਜਾਬੀਅਤ ਦਾ ਸਮੁੱਚਾ ਮੁਹਾਂਦਰਾ ਹੀ ਬਦਲ ਰਿਹਾ ਹੈ। ਪੰਜਾਬੀ ਵਿਰਾਸਤ ਅਤੇ ਸਭਿਆਚਾਰਕ ਵਿਗਾੜ ਪੈਦਾ ਹੋ ਰਹੇ ਹਨ।
ਅਜਿਹੀ ਸਥਿਤੀ ਵਿਚ ਪੰਜਾਬ ਦੇ ਅਸਲੀ ਅਤੇ ਮੁਢਲੇ ਸਰੂਪ ਨੂੰ ਸੰਭਾਲੀ ਰੱਖਣਾ ਅਸੰਭਵ ਹੋਵੇਗਾ, ਕਿਉਂਕਿ ਲੋਕ ਹੀ ਆਪਣੇ ਵਿਰਸੇ ਦਾ ਮਾਣ ਹੁੰਦੇ ਅਤੇ ਉਨ੍ਹਾਂ ਲਈ ਆਪਣੇ ਵਿਰਸੇ ਪ੍ਰਤੀ ਫਿਕਰਮੰਦੀ ਅਹਿਮ ਹੁੰਦੀ। ਪੰਜਾਬ ਦੀ ਦਿੱਖ ਵਿਚ ਹੋਏ ਬਦਲਾਅ ਨੂੰ ਵੱਡੇ ਨਗਰਾਂ ਵਿਚ ਵੇਖਿਆ ਵੀ ਜਾ ਸਕਦਾ। ਜੇ ਪੰਜਾਬ ਵਿਚ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ, ਛੋਟੇ ਬਿਜਨਿਸ ਸਥਾਪਤ ਕਰਨ ਲਈ ਰਿਆਇਤਾਂ ਜਾਂ ਸਰਕਾਰੀ ਮਦਦ ਦੇ ਰੂਪ ਵਿਚ ਹੌਸਲਾ ਅਫਜ਼ਾਈ ਮਿਲੇ ਤਾਂ ਇੰਨੇ ਧਨ ਨਾਲ ਉਹ ਪੰਜਾਬ ਵਿਚ ਬਹੁਤ ਕੁਝ ਉਸਾਰੂ ਕਰ, ਪੰਜਾਬ ਦੀ ਉਤਪਤੀ ਵਿਚ ਹਿੱਸਾ ਪਾ ਸਕਦੇ ਹਨ।
ਪੰਜਾਬ ਦੇ ਵਿਦਿਆਰਥੀਆਂ ਦੇ ਬਾਹਰ ਜਾਣ ਦੇ ਰੁਝਾਨ ਨੇ ਧੜਾ-ਧੜ ਖੁੱਲ੍ਹ ਰਹੇ ਨਿੱਜੀ ਵਿਦਿਅਕ ਅਦਾਰਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਵਿਦਿਆਰਥੀਆਂ ਦੀ ਘਾਟ ਵਿਚ ਇਹ ਕਾਲਜ ਆਪਣੇ ਖਰਚੇ ਪੁਰੇ ਕਰਨ ਤੋਂ ਅਸਮਰਥ, ਬੰਦ ਹੋਣ ਲੱਗੇ ਹਨ। ਇਹ ਮਾਰੂ ਤਬਦੀਲੀ ਦਾ ਸੂਚਕ ਹੈ। ਪੰਜਾਬ ਤੋਂ ਹੋ ਰਹੇ ਇਸ ਆਰਥਕ, ਬੌਧਿਕ ਅਤੇ ਜਵਾਨੀ ਦੇ ਨਿਕਾਸ ਨੂੰ ਰੋਕਣ ਲਈ ਪੰਜਾਬ ਦੇ ਕਿਸੇ ਵੀ ਲੀਡਰ ਤੋਂ ਆਸ ਰੱਖਣੀ ਬੇਥਵਾ ਹੈ।
ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਅਤੇ ਪੰਜਾਬੀ ਜਵਾਨੀ ਨੂੰ ਖਤਮ ਕਰਨ ਲਈ ਚੱਲੀ ਚਾਲ ਵਿਚ ਪੰਜਾਬੀਆਂ ਦਾ ਘਾਣ ਹੋ ਗਿਆ ਹੈ। ਸਰੀਰਕ ਕੱਦ-ਕਾਠ ਦੇ ਬੌਣੇਪਨ ਕਾਰਨ ਨੌਜਵਾਨ ਸੁਰੱਖਿਆ ਬਲਾਂ ਦੀ ਭਰਤੀ ਵਿਚ ਮਾਪਦੰਡਾਂ ‘ਤੇ ਪੂਰੇ ਨਹੀਂ ਉਤਰ ਰਹੇ। ਸਿਖਿਆ ਦਾ ਮਿਆਰ ਡਿੱਗਣ ਕਾਰਨ ਸਿਵਲ ਸਰਵਿਸਿਜ਼ ਵਿਚ ਪੰਜਾਬੀਆਂ ਦੀ ਗਿਣਤੀ ਨਿਗੂਣੀ ਹੈ ਅਤੇ ਪੰਜਾਬ ਦੀ ਅਫਸਰਸ਼ਾਹੀ ਵਿਚ ਦੂਜੇ ਸੂਬਿਆਂ ਦੇ ਅਫਸਰਾਂ ਦੀ ਬਹੁਤਾਤ ਹੈ। ਧਾਰਮਿਕ ਤੇ ਜਾਤੀ ਸੰਕੀਰਨਤਾ ਦੇ ਦੌਰ ਵਿਚ ਕਈ ਵਾਰ ਅਫਸਰਾਂ ਦਾ ਇਸ ਤੋਂ ਨਿਰਲੇਪ ਰਹਿਣਾ ਬਹੁਤ ਔਖਾ ਹੁੰਦਾ। ਇਸ ਕਰਕੇ ਪੰਜਾਬ ਤੋਂ ਬਾਹਰਲੇ ਵਿਦਿਆਰਥੀਆਂ ਦੇ ਪੰਜਾਬ ਦੇ ਅਦਾਰਿਆਂ ਵਿਚ ਦਾਖਲੇ ਅਤੇ ਪੰਜਾਬ ਵਿਚ ਨੌਕਰੀ ਪ੍ਰਾਪਤ ਕਰਨ ਲਈ ਬਣਾਏ ਨਿਯਮਾਂ ਬਾਰੇ ਰਾਜਨੀਤਕ ਲੋਕਾਂ ਨੂੰ ਓਹਲੇ ਵਿਚ ਰੱਖਿਆ ਜਾਂਦਾ ਹੈ।
ਪੰਜਾਬ ਦੇ ਜ਼ਹਿਰੀਲੇ ਪਾਣੀ, ਪ੍ਰਦੂਸ਼ਿਤ ਹਵਾ ਅਤੇ ਧਰਤੀ ਵਿਚ ਕੀਟਨਾਸ਼ਕਾਂ ਦੀ ਬਹੁਤਾਤ ਕਾਰਨ ਜ਼ਹਿਰੀਲੇ ਖਾਣੇ ਨੇ ਪੰਜਾਬੀਆਂ ਨੂੰ ਨਿਪੁੰਸਕ ਅਤੇ ਬਿਮਾਰ ਬਣਾ ਦਿਤਾ ਏ। ਇਸੇ ਕਰਕੇ ਪੰਜਾਬ ਵਿਚ ਹਸਪਤਾਲ ਹੀ ਹਸਪਤਾਲ ਹਨ। ਫਰਟੀਲਿਟੀ ਸੈਂਟਰ ਵੀ ਧੜਾਧੜ ਖੁੱਲ੍ਹ ਰਹੇ ਹਨ, ਪਰ ਸਿਤਮ ਦੀ ਗੱਲ ਹੈ ਕਿ ਕੋਈ ਨਹੀਂ ਸੋਚਦਾ ਕਿ ਇਨ੍ਹਾਂ ਫਰਟੀਲਿਟੀ ਸੈਂਟਰਾਂ ਦੀ ਲੋੜ ਕਿਉਂ ਪਈ? ਕਿਧਰੇ ਫਰਟੀਲਿਟੀ ਸੈਂਟਰ ਰਾਹੀਂ ਪੈਦਾ ਹੋਏ ਬੱਚਿਆਂ ਦੇ ਡੀ. ਐਨ. ਏ. ਤਾਂ ਨਹੀਂ ਬਦਲੇ ਜਾ ਰਹੇ? ਕੀ ਇਸ ਨਾਲ ਪੰਜਾਬੀਅਤ ਨੂੰ ਪੜਾਅਵਾਰ ਅਤੇ ਯੋਜਨਾਬੱਧ ਤਰੀਕੇ ਨਾਲ ਖਤਮ ਕਰਨ ਦੀ ਕੋਈ ਤਰਕੀਬ ਤਾਂ ਨਹੀਂ? ਕੀ ਇਸ ਨੂੰ ਨਿਯਮਿਤ ਕਰਨ ਬਾਰੇ ਸਰਕਾਰਾਂ ਸਖਤ ਹਨ? ਕੀ ਇਸ ਪ੍ਰਤੀ ਨਵੇਂ ਬਣੇ ਮਾਪਿਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਨਵ-ਜਨਮੇ ਬੱਚੇ ਦੇ ਡੀ. ਐਨ. ਏ. ਦੀ ਪਰਖ ਕਰਵਾ ਲੈਣ? ਬਹੁਤ ਸਾਰੇ ਪ੍ਰਸ਼ਨ ਹਨ ਸੁਚੇਤ ਮਨ ‘ਚ।
ਪੰਜਾਬ ਵਿਚ ਨਸ਼ਿਆਂ ਦੀ ਅਲਾਮਤ ਇੰਨਾ ਭਿਆਨਕ ਰੂਪ ਧਾਰ ਕਰ ਗਈ ਹੈ ਕਿ ਹੁਣ ਮਾਪੇ ਆਪਣੇ ਬੱਚਿਆਂ ਦਾ ਸਿਵਾ ਸੇਕਣ ਲਈ ਮਜਬੂਰ ਨੇ। ਮਾਲਵੇ ਨੂੰ ਕੈਂਸਰ ਦੀ ਭਿਆਨਕਤਾ ਨੇ ਨਿਗਲ ਲਿਆ ਏ ਅਤੇ ਕਿਸਾਨਾਂ ਨੂੰ ਕਰਜ਼ੇ ਦਾ ਦੈਂਤ ਹੜੱਪਣ ਲਈ ਕਾਹਲਾ ਏ। ਨਿੱਤ ਹੁੰਦੀਆਂ ਖੁਦਕੁਸ਼ੀਆਂ ਦੀ ਰੁੱਤ ਨੇ ਵੀ ਪੰਜਾਬ ਦੇ ਦਰੀਂ ਹੀ ਦਸਤਕ ਦੇਣੀ ਸੀ। ਇਸ ਮਰਨਹਾਰੀ ਦਸਤਕ ਨੇ ਘਰਾਂ ਨੂੰ ਉਜਾੜ ਅਤੇ ਪਰਿਵਾਰਾਂ ਨੂੰ ਕੰਗਾਲੀ ਦੀ ਕੰਗਾਰ ‘ਤੇ ਲਿਆ, ਹਰ ਘਰ ਵਿਚ ਸੱਥਰ ਵਿਛਾਉਣ ਦਾ ਰਾਹ ਪੱਧਰਾ ਕਰ ਦਿਤਾ ਏ। ਕੋਈ ਵੀ ਰਾਜਨੀਤਕ ਜਾਂ ਧਾਰਮਿਕ ਆਗੂ ਇਸ ਦਾ ਸਾਜ਼ਗਾਰ ਹੱਲ ਲੱਭਣ ਲਈ ਪਹਿਲ ਨਹੀਂ ਕਰ ਰਿਹਾ, ਸਗੋਂ ਉਨ੍ਹਾਂ ਦਾ ਅਵੇਸਲਾਪਨ, ਤਬਾਹੀ ਨੂੰ ਤੂਫਾਨੀ ਦੌਰ ਦਾ ਦਰਦ ਬਣਾ ਰਿਹਾ ਏ।
ਪੰਜਾਬ ਦੇ ਜਾਏ ਪਰਵਾਸੀ ਵੀ ਆਪਣੇ ਘਰਾਂ ਨੂੰ ਪਰਤਣ ਤੋਂ ਤ੍ਰਹਿਣ ਲੱਗ ਪਏ ਹਨ। ਬਾਹਰਲੇ ਦੇਸ਼ਾਂ ਵਿਚੋਂ ਕਮਾਈ ਕਰਕੇ, ਪੰਜਾਬ ਵਿਚ ਨਿਵੇਸ਼ ਕਰਨ ਵਾਲੇ ਪੰਜਾਬੀ ਹੁਣ ਆਪਣੀਆਂ ਜਾਇਦਾਦਾਂ ਵੇਚਣ ਲੱਗ ਪਏ ਹਨ। ਇਸ ਕਾਰਨ ਹੀ ਪੰਜਾਬ ਵਿਚ ਜਮੀਨ-ਜਾਇਦਾਦ, ਘਰਾਂ ਅਤੇ ਕੋਠੀਆਂ ਦੇ ਰੇਟ ਬਹੁਤ ਘੱਟ ਗਏ ਹਨ, ਜਿਸ ਕਰਕੇ ਪੰਜਾਬੀਆਂ ਨੂੰ ਇਕ ਹੋਰ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਧਰੇ ਪਰਵਾਸੀਆਂ ਦੀ ਜਾਇਦਾਦ ਨੂੰ ਕੌਡੀਆਂ ਭਾਅ ਵੇਚਣ ਲਈ ਮਜਬੂਰ ਕਰਨ ਹਿੱਤ ਇਹ ਕੋਈ ਚਾਲ ਤਾਂ ਨਹੀਂ? ਪੰਜਾਬ ‘ਚ ਫੈਲੇ ਡਰ ਕਾਰਨ ਪੰਜਾਬੀਆਂ ਦੀ ਜਾਇਦਾਦ ‘ਤੇ ਬੇਗਾਨਿਆਂ ਨੇ ਸਹਿਜੇ ਹੀ ਕਾਬਜ਼ ਹੋ ਜਾਣਾ। ਫਿਰ ਆਪਣੇ ਗਰਾਂ ਨੂੰ ਪਰਤਣ ਅਤੇ ਮਿੱਟੀ ਨੂੰ ਸਿਜਦਾ ਕਰਨ ਲਈ ਵੀ ਤਰਸ ਜਾਣਗੇ ਪੰਜਾਬੀ। ਇਹ ਤ੍ਰਾਸਦੀ ਸਾਡੇ ਦਰਾਂ ‘ਤੇ ਦਸਤਕ ਦੇ ਰਹੀ ਹੈ, ਪਰ ਅਸੀਂ ਹੀ ਘੇਸਲ ਮਾਰ ਕੇ ਇਸ ਨੂੰ ਅਣਗੌਲੀ ਕਰ ਰਹੇ ਹਾਂ। ਅਜਿਹਾ ਵਰਤਾਰਾ ਕਿੰਨਾ ਕੁ ਚਿਰ ਰਹੇਗਾ, ਇਸ ਨੂੰ ਸੋਚਣ ਤੇ ਸਮਝਣ ਲਈ ਸੁੱਚੀ ਸੁਮੱਤ ਦੀ ਲੋੜ ਹੈ।
ਪੰਜਾਬ ਦੀਆਂ ਖਿਲਰੀਆਂ ਜਟੂਰੀਆਂ, ਮੁੱਖ ‘ਤੇ ਜੰਮ ਚੁਕੀਆਂ ਘਰਾਲਾਂ ਅਤੇ ਦੀਦਿਆਂ ਵਿਚ ਟੁੱਟੇ ਸੁਪਨਿਆਂ ਦੀ ਚਸਕ ਨੂੰ ਸੁਣਨ ਤੋਂ ਬੇਮੁੱਖ ਨੇ ਪੰਜਾਬੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮਨ ਵਿਚ ਵਸਾ ਕੇ ਪੰਜਾਬ ਦੀ ਨਰੋਈ ਹੋਂਦ ਨੂੰ ਬਚਾਉਣ ਲਈ ਪਹਿਲਕਦਮੀ ਕਰਨ ਦੀ ਲੋੜ ਹੈ, ਜਿਸ ਵਿਚ ਸਾਰੀਆਂ ਧਿਰਾਂ ਦੀ ਸ਼ਮੂਲੀਅਤ, ਸਹਿਯੋਗ, ਸਮਰਪਣ ਅਤੇ ਸਮੁੱਚਤਾ ਦੀ ਅਤਿਅੰਤ ਲੋੜ ਹੈ।
ਕੋਈ ਤਾਂ ਪੰਜਾਬ ਦੇ ਅੱਥਰੂਆਂ ਨੂੰ ਪੂੰਝੇ, ਹਟਕੋਰਿਆਂ ਨੂੰ ਵਰਾਵੇ, ਹਿਚਕੀਆਂ ਦੀ ਹਾਥ ਪਾਵੇ, ਪੈਰੀਂ ਪਈਆਂ ਜੰ.ਜੀਰਾਂ ਨੂੰ ਤੋੜੇ, ਬਰਬਾਦੀ ਵੱਲ ਅਹੁਲਦੇ ਕਦਮਾਂ ਨੂੰ ਹੋੜੇ ਅਤੇ ਇਸ ਦੀ ਗੌਰਵਮਈ ਤੇ ਗੈਰਤਮੰਦ ਵਿਰਾਸਤ ਨੂੰ ਵਾਪਸ ਮੋੜ ਲਿਆਵੇ।
ਪੰਜਾਬ ਮਾਰੂਥਲ ਬਣਨ ਲਈ ਕਾਹਲਾ ਏ, ਕੋਈ ਨਹੀਂ ਇਸ ਬਾਰੇ ਸੋਚਦਾ। ਬਹੁਤ ਨਿਘਰਿਆ ਵਾਤਾਵਰਣ, ਪੰਜਾਬ ਦੇ ਰੁੰਡ-ਮਰੁੰਡ ਹੋਣ ਦਾ ਮੁਹਾਂਦਰਾ। ਵਾਤਾਵਰਣ ਦੇ ਸੰਤੁਲਨ ਲਈ ਬਿਰਖਾਂ, ਪੰਛੀਆਂ ਅਤੇ ਜਾਨਵਰਾਂ ਵਿਚਲਾ ਸੰਤੁਲਨ ਜਰੂਰੀ। ਪੰਜਾਬ ਦੇ ਅੰਮ੍ਰਿਤ ਵਰਗੇ ਪਾਣੀ ਕੁਝ ਤਾਂ ਜ਼ਹਿਰ ਬਣ ਗਏ ਅਤੇ ਕੁਝ ਬਰੇਤੇ। ਅਜਿਹੇ ਹਾਲਾਤ ਰਹੇ ਤਾਂ ਪੰਜਾਹ ਕੁ ਸਾਲ ਤੀਕ ਪੰਜਾਬ ਦਾ ਬਹੁਤਾ ਹਿੱਸਾ ਮਾਰੂਥਲ ਬਣ ਜਾਵੇਗਾ। ਆਬਹੀਣ ਪੰਜਾਬੀ, ਪੰਜਾਬ ਦੇ ਅਰਥਾਂ ਤੋਂ ਮਹਿਰੂਮ ਹੋ, ਆਪਣੀਆਂ ਕਬਰਾਂ ਦੀ ਨਿਸ਼ਾਨਦੇਹੀ ਕਰਨ ਜੋਗੇ ਹੀ ਰਹਿ ਜਾਣਗੇ।
ਲੋੜ ਹੈ, ਲੋਕਾਂ ਨੂੰ ਚੇਤਨ ਹੋ ਕੇ ਚਿੰਤਨ ਕਰਨ ਦੀ ਅਤੇ ਇਸ ਚਿੰਤਨ ਵਿਚੋਂ ਕੁਝ ਉਸਾਰੂ ਅਤੇ ਪ੍ਰਭਾਵੀ ਸਿਰਜਣ ਲਈ ਲਾਮਬੰਦ ਹੋਣ ਦੀ, ਕਿਉਂਕਿ ਜਦ ਲੋਕ ਜਾਗਦੇ ਨੇ ਤਾਂ ਤਕਦੀਰਾਂ ਜਾਗਦੀਆਂ। ਸੁੱਤੀਆਂ ਤਕਦੀਰਾਂ ਨੂੰ ਤਰਜੀਹਾਂ ਦੀ ਨਿਸ਼ਾਨਦੇਹੀ ਕਰਨ ਲਈ ਸਾਰਥਕ ਤਦਬੀਰਾਂ ਘੜ ਕੇ ਹੀ ਜਗਾਇਆ ਜਾ ਸਕਦਾ। ਹੁਣ ਵਾਰੀ ਪੰਜਾਬੀਆਂ ਦੀ ਹੈ। ਹਰ ਭਾਵੀ ਪਿਛੋਂ ਪੰਜਾਬੀ ਜਾਗਦੇ ਰਹੇ ਨੇ ਅਤੇ ਆਸ ਹੈ ਕਿ ਹੁਣ ਵੀ ਜਾਗਣ-ਰੁੱਤ ਦੀ ਸਰਘੀ ਬਣਨਗੇ।
ਪੰਜਾਬ ਦੇ ਸਿਰ ਮੰਡਰਾਉਂਦੀ ਮੌਤ ਲਈ ਮਾਪੇ ਵੀ ਜਿੰਮੇਵਾਰ, ਜੋ ਆਪਣੀਆਂ ਜਿੰਮੇਵਾਰੀਆਂ ਤੋਂ ਕੰਨੀ ਕਤਰਾ, ਪੈਸੇ, ਰੁਤਬੇ ਜਾਂ ਸ਼ੁਹਰਤ ਦੀ ਦੌੜ ਵਿਚ ਅਜਿਹੇ ਗੁਆਚੇ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਦੀਦਿਆਂ ਵਿਚ ਸੁੱਚੇ ਸੁਪਨੇ ਧਰਨ ਅਤੇ ਇਸ ਦੀ ਪੂਰਨਤਾ ਲਈ ਉਚੇਚ ਕਰਨਾ ਯਾਦ ਹੀ ਨਹੀਂ ਰਿਹਾ। ਸੁਪਨਹੀਣ ਬੱਚਿਆਂ ਤੋਂ ਕਿਸੇ ਚੰਗੇਰੀ ਅਤੇ ਅਰਥ-ਭਰਪੂਰ ਆਸ ਦਾ ਰੱਖਣਾ ਬੇਥਵਾ ਹੁੰਦਾ। ਅਜਿਹਾ ਪੰਜਾਬ ਦੀ ਨੌਜਵਾਨ ਪੀੜ੍ਹੀ ਨਾਲ ਹੋ ਰਿਹਾ ਹੈ।
ਪੰਜਾਬੀਓ! ਬੱਚਿਆਂ ਨੂੰ ਸੁਪਨੇ ਤਾਂ ਦਿੰਦੇ, ਕੁਝ ਉਚੇਚ ਕਰਦੇ, ਸੁਪਨੇ ਜਰੂਰ ਪੂਰੇ ਹੋਣੇ ਸੀ। ਫਿਰ ਪੰਜਾਬ ਸ਼ਾਇਦ ਅਜਿਹੀ ਤ੍ਰਾਸਦੀ ਵਿਚ ਨਾ ਜਾਂਦਾ। ਪਹਿਲੀ ਪੀੜ੍ਹੀ ਦੀ ਕਾਮਯਾਬੀ ਵਿਚ ਮਾਪਿਆਂ ਦੇ ਲਏ ਸੁਪਨੇ ਅਤੇ ਉਨ੍ਹਾਂ ਦੀ ਪੂਰਤੀ ਲਈ ਸੇਧ, ਸਿਰੜ ਅਤੇ ਸਾਧਨਾ ਹੀ ਮੂਲ ਮੰਤਰ ਸੀ। ਅਜਿਹਾ ਮੂਲ ਮੰਤਰ ਹਰ ਵਕਤ ਵਿਚ ਵੀ ਕਾਮਯਾਬ ਰਿਹਾ ਹੈ। ਇਸ ਨੂੰ ਹੁਣ ਵੀ ਅਪਨਾ ਲਿਆ ਜਾਵੇ ਤਾਂ ਪੰਜਾਬ ਮੁੜ ਲੀਹਾਂ ‘ਤੇ ਆ ਸਕਦਾ ਹੈ।
ਕੋਈ ਤਾਂ ਰੋਂਦੇ ਪੰਜਾਬ ਨੂੰ ਵਰਾਵੇ। ਇਸ ਦੀਆਂ ਚੀਖਾਂ ਨੂੰ ਆਪਣੇ ਅੰਤਰੀਵ ਵਿਚ ਵਸਾਵੇ। ਇਸ ਦੀ ਹੋਣੀ ਨੂੰ ਮੱਥੇ ਤੋਂ ਮਿਟਾਵੇ। ਮਸਤਕ ਲਕੀਰਾਂ ਵਿਚ ਜਿਉਣ ਦਾ ਅਦਬ ਉਕਰਾਵੇ। ਕੋਈ ਤਾਂ ਇਸ ਦੀ ਜਵਾਨੀ ਨੂੰ ਜਜ਼ਬਾ, ਜ਼ਮੀਰ ਅਤੇ ਜ਼ਹਿਨੀਅਤ ਦਾ ਸਬਕ ਪੜ੍ਹਾਵੇ ਤਾਂ ਕਿ ਇਹ ਅਰਥਹੀਣ ਹੋ ਆਪਣੀ ਜ਼ਿੰਦਗੀ ਨੂੰ ਅਜਾਈਂ ਨਾ ਗਵਾਵੇ। ਕੋਈ ਤਾਂ ਪਾਣੀਆਂ ਦੀ ਫਰਿਆਦ ਸੁਣੇ। ਪੌਣ ਵਿਚ ਧੜਕਦੀ ਮਰਨਹਾਰੀ ਹੂਕ ਨੂੰ ਸਾਹ ਤੰਦੀ ‘ਤੇ ਉਣੇ। ਖੇਤਾਂ ਵਿਚ ਉਗਦੀਆਂ ਖੁਦਕੁਸ਼ੀਆਂ ਨੂੰ ਜਿਉਣ ਦਾ ਵੱਲ ਸਿਖਾਵੇ। ਖੇਤਾਂ ਵਿਚ ਉਗਲਦੀਆਂ ਜ਼ਹਿਰਾਂ ਨੂੰ ਅੰਮ੍ਰਿਤ ਦਾ ਵਰ ਦੇ ਜਾਵੇ। ਕੋਈ ਤਾਂ ਇਸ ਦੀ ਸਦੀਵਤਾ ਵਿਚੋਂ ਹੀ ਆਪਣੀ ਸਦੀਵੀ ਹੋਂਦ ਦਾ ਕਿਆਸ ਕਰੇ। ਇਸ ਦੀ ਸਿਹਤਯਾਬੀ ਅਤੇ ਸੁੱ.ਧ-ਸੁਪਨਤਾ ਦੀ ਆਸ ਕਰੇ। ਇਸ ਦੇ ਖਾਲੀ ਠੂਠੇ ਵਿਚ ਜਿਉਣ ਦਾ ਅਦਬ, ਅੰਦਾਜ਼ ਅਤੇ ਅਰਥ-ਭਾਵ ਭਰੇ ਤਾਂ ਕਿ ਇਸ ਦੀ ਇਤਿਹਾਸਕ ਪ੍ਰਮਾਣਤਾ, ਵਕਤ ਦੇ ਸ਼ਰਫ ਦਾ ਵਰਕਾ ਬਣੇ।