ਪੰਜਾਬ ਵਿਚਲਾ ਪੰਜ

ਬਲਜੀਤ ਬਾਸੀ
ਅੱਜ ਅਸੀਂ ਉਹ ਸ਼ਬਦ ਫਰੋਲਣ ਲੱਗੇ ਹਾਂ, ਜੋ ਸਾਡੇ ਪਿਆਰੇ ਪੰਜਾਬ ਦੇ ਹੱਡਾਂ ਵਿਚ ਵੜਿਆ ਹੋਇਆ ਹੈ। ਸਭ ਜਾਣਦੇ ਹਨ ਕਿ ਪੰਜਾਬ ਬਣਦਾ ਹੈ, ਪੰਜ+ਆਬ ਤੋਂ, ਅਰਥਾਤ ਪੰਜਾਂ ਪਾਣੀਆਂ (ਦਰਿਆਵਾਂ) ਦਾ ਦੇਸ਼। ਪੰਜ ਅਤੇ ਆਬ-ਦੋਵੇਂ ਫਾਰਸੀ ਸ਼ਬਦ ਹਨ। ਫਾਰਸ ਦੇ ਲੋਕਾਂ ਨੇ ਸਾਡੇ ਦੇਸ਼ ਨੂੰ ਇਹ ਨਾਂ ਦਿੱਤਾ ਭਾਵੇਂ ਕਿ ਇਹ ਇਕ ਤਰ੍ਹਾਂ ਰਾਜਨੀਤਕ ਨਾ ਹੋ ਕੇ ਭੂਗੋਲਕ ਖਿੱਤੇ ਦਾ ਸੂਚਕ ਹੈ। ਇਸ ਤੋਂ ਪਹਿਲਾਂ ਇਸ ਇਲਾਕੇ ਦਾ ਨਾਂ ਪੰਚਨਦ ਵੀ ਪ੍ਰਚਲਿਤ ਰਿਹਾ ਹੈ, ਜਿਸ ਵਿਚ ਵੀ ਇਹੀ ਭਾਵ ਹੈ। ਮਹਾਂਭਾਰਤ ਅਤੇ ਰਾਮਾਇਣ ਵਿਚ ਪੰਚਨਦ ਦਾ ਜ਼ਿਕਰ ਹੈ। ਦੱਖਣੀ ਭਾਰਤ ਵਿਚ ਪੰਚਨਦ ਸ਼ਬਦ ਪੰਜ ਦਰਿਆਵਾਂ ਤੁੰਗਭਦਰਾ, ਵਰਧਾ, ਮਲਪ੍ਰਭਾ, ਘਟਪ੍ਰਭਾ ਅਤੇ ਕ੍ਰਿਸ਼ਨਾ ਰਾਹੀਂ ਸਿੰਜੇ ਇਲਾਕੇ ਨੂੰ ਵੀ ਆਖਦੇ ਹਨ।

ਪੁਰਾਣੇ ਮੁਸਲਮਾਨ ਲੇਖਕਾਂ ਨੇ ਪੰਜਾਬ ਸ਼ਬਦ ਸਿੰਧ ਦਰਿਆ ਲਈ ਵਰਤਿਆ ਹੈ, ਕਿਉਂਕਿ ਇਸ ਵਿਚ ਪੰਜੇ ਦਰਿਆ ਸਮਾ ਜਾਂਦੇ ਹਨ। ਗਿਆਰਵੀਂ ਸਦੀ ਦੇ ਅਲ ਬਿਰੂਨੀ ਦੀਆਂ ਲਿਖਤਾਂ ਵਿਚ ਪੰਚਨਦ ਸ਼ਬਦ ਮਿਲਦਾ ਹੈ। ਕੋਈ 1300 ਸੰਨ ਵਿਚ ਵਸਾਫ ਨਾਂ ਦੇ ਲੇਖਕ ਨੇ ਪੰਜਾਬ ਸ਼ਬਦ ਵਰਤਿਆ।
ਇਬਨ ਬਤੂਤਾ ਪੰਜਾਬ ਨੂੰ ਬੰਜਾਬ ਕਰਕੇ ਲਿਖਦਾ ਹੈ, “ਰੱਬ ਦੀ ਕਿਰਪਾ ਨਾਲ ਸਾਡਾ ਕਾਫਲਾ ਪੂਰੀ ਤਰ੍ਹਾਂ ਸੁਰੱਖਿਅਤ ਬੰਜਾਬ ਯਾਨਿ ਸਿੰਧ ਦਰਿਆ ਪਹੁੰਚ ਗਿਆ। ਬੰਜ ਦਾ ਮਾਅਨਾ ਹੈ, ਪੰਜ ਅਤੇ ਆਬ ਪਾਣੀ ਹੈ। ਇਸ ਤਰ੍ਹਾਂ ਨਾਂ ਦਾ ਮਤਲਬ ਹੋਇਆ, ਪੰਜ ਪਾਣੀ। ਇਹ ਪੰਜ ਪਾਣੀ ਇਸ ਵੱਡੇ ਦਰਿਆ ਵਿਚ ਵਹਿ ਜਾਂਦੇ ਹਨ ਅਤੇ ਦੇਸ਼ ਨੂੰ ਸਿੰਜਦੇ ਹਨ।”
ਗੁਰਬਾਣੀ ਵਿਚ ਪੰਜਾਬ ਸ਼ਬਦ ਨਹੀਂ ਆਇਆ। ਸ਼ਾਹ ਮੁਹੰਮਦ ਨੇ ਪੰਜਾਬ ਸ਼ਬਦ ਵਰਤਿਆ ਹੈ, “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ।”
ਪੰਜ ਸ਼ਬਦ ਸੰਸਕ੍ਰਿਤ ਦੇ ਪੰਚ ਦਾ ਹੀ ਸਜਾਤੀ ਹੈ। ਇਹ ਫਾਰਸੀ ਤੋਂ ਇਲਾਵਾ ਕਈ ਹੋਰ ਹਿੰਦ-ਇਰਾਨੀ ਭਾਸ਼ਾਵਾਂ ਵਿਚ ਵੀ ਮਿਲਦਾ ਹੈ। ਸਪੱਸ਼ਟ ਤੌਰ ‘ਤੇ ਪੰਜ ਕਈ ਹੋਰ ਵਿਉਤਪਤ ਸ਼ਬਦਾਂ ਵਿਚ ਵੀ ਝਲਕਦਾ ਹੈ ਜਿਵੇਂ ਪੰਜਾ-ਪੰਜ ਉਂਗਲੀਆਂ ਵਾਲਾ ਹਿੱਸਾ; ਪੰਜੀਰੀ-ਘਿਉ ਵਿਚ ਆਟਾ ਭੁੰਨ ਕੇ ਖੰਡ ਅਤੇ ਜੀਰਕ (ਜੀਰਾ), ਸੌਂਫ ਆਦਿ ਪੰਜ ਪਦਾਰਥ ਮਿਲਾ ਕੇ ਬਣਾਇਆ ਇੱਕ ਖਾਣ ਵਾਲਾ ਪਦਾਰਥ। ਸੰਸਕ੍ਰਿਤ ਨਾਂ ‘ਪੰਚ ਜੀਰਕ’ ਹੈ। “ਕਰਿ ਪੰਜੀਰੁ ਖਵਾਇਓ ਚੋਰ॥” (ਗੁਰੂ ਅਰਜਨ ਦੇਵ); ਪੰਜ ਕਲਿਆਣੀ-ਪੰਜ ਗੁਣਾਂ ਵਾਲੀ ਮੱਝ, ਜਿਸ ਦੇ ਸਿਰ, ਪੂਛ, ਮੱਥਾ, ਮੂੰਹ ਤੇ ਚਾਰੇ ਖੁਰ ਚਿੱਟੇ ਹੋਣ; ਸੰਸਕ੍ਰਿਤ ਵਿਚ ਅਜਿਹੇ ਗੁਣਾਂ ਵਾਲੇ ਘੋੜੇ ਲਈ ਇਹ ਸ਼ਬਦ ਹੈ; ਪੰਜ ਗ੍ਰੰਥੀ-ਮੁਢਲੇ ਤੌਰ ‘ਤੇ ਪੰਜ ਬਾਣੀਆਂ ਵਾਲੀ ਪੋਥੀ, ਹੁਣ ਹੋਰ ਬਾਣੀਆਂ ਵੀ ਹਨ; ਪੰਜਦੁਪੰਜੀ: ਮੱਝ ਆਦਿ ਦਾ ਮੁੱਲ ਪੁਆ ਕੇ ਪਾਲਣ ਵਾਲੇ ਨੂੰ ਪੰਜ ਵਿਚੋਂ ਤਿੰਨ ਹਿੱਸੇ ਅਤੇ ਮਾਲਿਕ ਨੂੰ ਦੋ ਹਿੱਸੇ ਮਿਲਣ ਦਾ ਸਮਝੌਤਾ; ਪੰਜ ਰਤਨੀ-ਮ੍ਰਿਤਕ ਦੇ ਮੂੰਹ ਵਿਚ ਪੰਜ ਪਦਾਰਥ ਪਾਉਣੇ; ਸ਼ਰਾਬ ਲਈ ਵੀ ਇਹ ਸ਼ਬਦ ਵਰਤਿਆ ਜਾਣ ਲੱਗਾ; ਪਾਂਜਾ-ਪੰਜ ਸੰਖਿਆ ਦਾ ਚਿੰਨ੍ਹ; ਪੰਜਕੋਹਾ ਨਾਂ ਦਾ ਫਤਿਹਗੜ੍ਹ ਜ਼ਿਲ੍ਹੇ ਦਾ ਪਿੰਡ; ਕੁਝ ਪਿੰਡਾਂ ਦਾ ਨਾਂ ਪੰਜ ਗਰਾਈਂ ਹੈ।
ਇਕ ਲੇਖਕ ਅਨੁਸਾਰ ਇਥੇ ਗਰਾਂ ਸ਼ਬਦ ਘਰਾਂ ਦਾ ਬਦਲਵਾਂ ਸ਼ਬਦਜੋੜ ਹੈ ਤੇ ਮਤਲਬ ਬਣਦਾ ਹੈ, ਮੁਢਲੇ ਤੌਰ ‘ਤੇ ਪੰਜ ਘਰਾਂ ਵਾਲਾ ਪਿੰਡ। ਡੇਰਾ ਬੱਸੀ ਕੋਲ ਲਾਗੇ ਲਾਗੇ ਵਸਦੇ ਪੰਜ ਪਿੰਡਾਂ ਦੇ ਸਮੂਹ ਨੂੰ ਪੰਜ ਗਰਾਈਂ ਕਿਹਾ ਜਾਂਦਾ ਹੈ। ਪੰਜ ਹਜ਼ਾਰੀ-ਮੁਗਲ ਸਮਰਾਟਾਂ ਦਾ ਇਕ ਪਦ, ਜਿਸ ਵਿਚ ਮਨਸਬਦਾਰ ਨੂੰ ਪੰਜ ਹਜ਼ਾਰ ਸਿਪਾਹੀ ਰੱਖਣੇ ਹੁੰਦੇ ਸਨ, ਪੰਜਾਬੀ ਵਿਚ ਪਹਿਲਾਂ ਪੰਜ ਹਜ਼ਾਰ ਦਾ ਸਾਹਿਤ ਅਕਾਦਮੀ ਪੁਰਸਕਾਰ ਲੈਣ ਵਾਲੇ ਲੇਖਕ ਨੂੰ ਪੰਜ ਹਜ਼ਾਰੀ ਕਿਹਾ ਜਾਣ ਲੱਗਾ। ਕੁਝ ਹੋਰ ਸ਼ਬਦ ਹਨ-ਪੰਜ ਇਸ਼ਨਾਨਾ, ਪੰਜ ਕੱਕਾਰ, ਪੰਜ ਭੂਤਕ: ਪੰਜ ਤੱਤਾਂ ਵਾਲਾ ਸਰੀਰ; ਪੰਜ ਐਬ; ਪੰਜ ਸ਼ਸਤਰ ਇਤਿਆਦਿ।
ਪੰਜ ਸ਼ਬਦ ਨਾਲ ਸਬੰਧਤ ਕਈ ਮੁਹਾਵਰੇ, ਉਕਤੀਆਂ ਅਤੇ ਕਹਾਵਤਾਂ ਵੀ ਮਿਲਦੀਆਂ ਹਨ ਜਿਵੇਂ ਤਿੰਨ ਪੰਜ ਕਰਨਾ ਮਤਲਬ ਜੱਕੋ ਤੱਕਾ ਕਰਨਾ; ਦਸਤਪੰਜਾ (ਦਸਤ=ਹਸਤ=ਹੱਥ) ਕਰਨਾ ਅਰਥਾਤ ਕਿਸੇ ਨਾਲ ਸਿੱਧੀ ਟੱਕਰ ਲੈਣੀ; ਘੋਲਦeਨ ਹਅਨਦ ਸਹਅਕe ਦਾ ਪੰਜਾਬੀ ਅਨੁਵਾਦ ‘ਸੋਨ-ਦਸਤ-ਪੰਜਾ’ ਕੀਤਾ ਗਿਆ ਹੈ, ਅਰਥਾਤ ਕਰਮਚਾਰੀ ਨੂੰ ਉਦਾਰ ਰੂਪ ਵਿਚ ਮੁਆਵਜ਼ਾ ਦੇ ਕੇ ਆਮ ਤੌਰ ‘ਤੇ ਉਸ ਦੇ ਰਿਟਾਇਰ ਹੋਣ ਦੇ ਸਮੇਂ ਤੋਂ ਪਹਿਲਾਂ ਨੌਕਰੀ ਤੋਂ ਰਿਟਾਇਰ ਕਰਨਾ; ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ; ਪੰਜੇ ਉਂਗਲਾਂ ਘਿਉ ਵਿਚ। ‘ਪੰਜਾਂ ਵਿਚ ਪਰਮੇਸ਼ਰ’ ਉਕਤੀ ‘ਪੰਚ ਪਰਮੇਸ਼ਵਰ’ ਦਾ ਅਨੁਵਾਦ ਹੈ, ਜਿਸ ਵਿਚ ਪੰਚ ਦਾ ਅਰਥ ਪੰਜ ਨਹੀਂ ਸਗੋਂ ਪੰਚਾਇਤ ਦੇ ਪੰਚ ਜਾਂ ਪਤਵੰਤੇ ਪੁਰਸ਼ ਹਨ। ਪੰਜ ਸ਼ਬਦ ਵਿਚ ਇਹ ਭਾਵ ਨਹੀਂ ਹੈ।
ਭਾਰਤੀ ਸਭਿਅਤਾ ਵਿਚ ਪੰਜ ਅੰਕ ਦੀ ਮਹੱਤਤਾ ਹੈ, ਸ਼ਾਇਦ ਪੰਜ ਨੂੰ ਮੁਢਲੇ ਜਰੂਰੀ ਤੱਤਾਂ ਦੇ ਸੂਚਕ ਵਜੋਂ ਪ੍ਰਤੀਤ ਕੀਤਾ ਗਿਆ ਹੈ। ਇਸ ਲਈ ਕਈ ਸਥਿਤੀਆਂ ਵਿਚ ਪੰਜ ਦੀ ਗਿਣਤੀ ਨੂੰ ਚੁਣਿਆ ਗਿਆ ਹੈ ਜਿਵੇਂ ਪੰਜ ਪਿਆਰੇ, ਪੰਜ ਐਬ, ਪੰਜ ਪੀਰ; ਪੰਜ ਤੱਤ, “ਤੀਹ ਕਰਿ ਰਾਖੇ ਪੰਜ ਕਰਿ ਸਾਥੀ॥” (ਗੁਰੂ ਨਾਨਕ ਦੇਵ)। ਇਥੇ ਪੰਜ ਤੋਂ ਭਾਵ ਪੰਜ ਨਮਾਜ਼ਾਂ ਹੈ। ‘ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥’ ਪੰਜ ਹੀ ਪਾਂਡਵ ਹਨ, ਪੰਜ ਤੱਤ ਹਨ, ਪੰਜ ਹੀ ਇੰਦਰੀਆਂ।
ਪੰਜ ਦਾ ਸੰਸਕ੍ਰਿਤ ਧਾਤੂ ਹੈ, ‘ਪਚ/ਪੰਚ।’ ਇਸ ਦਾ ਅਰਥ ਫੈਲਾਉਣਾ, ਪਸਾਰਨਾ; ਸਪੱਸ਼ਟ ਕਰਨਾ ਆਦਿ ਹੈ। ਹੱਥ ਨੂੰ ਫੈਲਾਉਣ ‘ਤੇ ਪੰਜ ਉਂਗਲੀਆਂ ਦਿਸਦੀਆਂ ਹਨ, ਜਿਸ ਤੋਂ ਇਸ ਵਿਚ ਪੰਜ ਦਾ ਭਾਵ ਆਉਂਦਾ ਹੈ। ਮੁਢਲੇ ਤੌਰ ‘ਤੇ ਇਹ ਧਾਤੂ ਅਨੇਕ ਅਰਥਾਤ ਇੱਕ ਤੋਂ ਵੱਧ ਦਾ ਬੌਧਿਕ ਹੀ ਹੈ, ਪਰ ਇਹ ਪੰਜ ਦੇ ਅਰਥਾਂ ਵਿਚ ਰੂੜ ਹੋ ਗਿਆ। ਅਸੀਂ ਪੰਚ ਸ਼ਬਦ ਨੂੰ ਬਹੁਤਾ ਪੰਚਾਇਤ ਦੇ ਮੈਂਬਰ ਵਜੋਂ ਸਮਝਦੇ ਹਾਂ, ਪਰ ਗੁਰਬਾਣੀ ਵਿਚ ਇਹ ਸ਼ਬਦ ਪ੍ਰਤਿਸ਼ਠਿਤ, ਸਾਧ-ਜਨ ਦੇ ਅਰਥਾਂ ਵਜੋਂ ਉਭਰਦਾ ਹੈ, “ਪੰਚ ਮਿਲੇ ਸੁਖ ਪਾਇਆ॥”, “ਪੰਚ ਪਰਵਾਨ ਪੰਚ ਪਰਧਾਨੁ॥” (ਗੁਰੂ ਨਾਨਕ ਦੇਵ)। ਗੁਰਬਾਣੀ ਵਿਚ ਪੰਚ ਸ਼ਬਦ ਪੰਜ ਗੁਣਾਂ ਔਗੁਣਾਂ ਦੇ ਅਰਥਾਂ ਵਜੋਂ ਵੀ ਆਇਆ ਹੈ, “ਪੰਚ ਮਨਾਏ ਪੰਚ ਰੁਸਾਏ ਪੰਚ ਵਸਾਏ ਪੰਚ ਗਵਾਏ॥” (ਗੁਰੂ ਅਰਜਨ ਦੇਵ)
ਕੋਈ ਤਿੰਨ ਹਜ਼ਾਰ ਸਾਲ ਪਹਿਲਾਂ ਭਾਰਤ ਦੇ ਉਤਰ ਵਿਚ ਪਾਂਚਾਲ ਨਾਂ ਦਾ ਇਕ ਮਹਾਂਜਨਪਦ ਸੀ। ਇਤਿਹਾਸਕਾਰਾਂ ਅਨੁਸਾਰ ਇਹ ਪੰਜ ਜਨਪਦਾਂ ਦਾ ਸਮੂਹ ਸੀ। ਸ੍ਰਿਸ਼ਟੀ ਦੇ ਅਰਥਾਂ ਵਾਲੇ ਪਰਪੰਚ ਦਾ ਸ਼ਾਬਦਿਕ ਅਰਥ ਆਮ ਤੌਰ ‘ਤੇ ‘ਪੰਜ ਤੱਤਾਂ ਦਾ ਅਨੇਕ ਭੇਦਾਂ ਵਿਚ ਵਿਸਤਾਰ’ ਵਜੋਂ ਦਿੱਤਾ ਜਾਂਦਾ ਹੈ। ਅਰਥਾਤ ਇਥੇ ਪੰਚ ਦਾ ਅਰਥ ਪੰਜ ਕੀਤਾ ਜਾਂਦਾ ਹੈ। ਜਿਵੇਂ ਪਿੱਛੇ ਦੱਸਿਆ ਗਿਆ ਹੈ, ਪੰਚ ਦਾ ਮੁਢਲਾ ਅਰਥ ਵਿਸਥਾਰਨਾ, ਫੈਲਾਉਣਾ ਹੈ, ਇਸ ਲਈ ਮੇਰੀ ਜਾਚੇ ਇਸ ਅਰਥ ਰਾਹੀਂ ਪਰਪੰਚ ਵੱਧ ਉਘੜਦਾ ਹੈ, ‘ਜਹ ਆਪਿ ਰਚਿਓ ਪਰਪੰਚੁ ਅਕਾਰੁ॥’ (ਗੁਰੂ ਅਰਜਨ ਦੇਵ)। ਧਰਮ ਦੇ ਪ੍ਰਸੰਗ ਵਿਚ ਅਜਿਹੇ ਸ਼ਬਦ ਦਾ ਅਡੰਬਰ, ਛਲ ਧੋਖਾ ਦੇ ਅਰਥ ਗ੍ਰਹਿਣ ਕਰ ਲੈਣਾ ਸਹਿਜ ਹੈ, ਕਿਉਂਕਿ ਇਹ ਜਗਤ ਮਾਇਆ ਸਮਝੀ ਜਾਂਦੀ ਹੈ। ਇਨ੍ਹਾਂ ਅਰਥਾਂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਅਨੇਕਾਂ ਵਾਰੀ ਆਇਆ ਹੈ, “ਕਰਿ ਪਰਪੰਚ ਜਗਤ ਕੋ ਡਹਿਕੈ॥” (ਗੁਰੂ ਤੇਗ ਬਹਾਦਰ); “ਝੂਠਾ ਪਰਪੰਚੁ ਜੋਰਿ ਚਲਾਇਆ॥’ (ਭਗਤ ਕਬੀਰ)
ਇਸ ਧਾਤੂ ਤੋਂ ਬਣਿਆ ਇਕ ਪ੍ਰਾਚੀਨ ਸ਼ਬਦ ਹੈ, ਪੰਚਾਇਤ। ਪੁਰਾਣੇ ਜ਼ਮਾਨੇ ਵਿਚ ਪੰਚਾਇਤ ਰਾਹੀਂ ਪੇਂਡੂ ਲੋਕ ਆਪਣੇ ਝਗੜੇ ਨਿਪਟਾਉਂਦੇ ਸਨ। ਇਹ ਪੰਚਾਇਤ ਵੀ ਜਾਤੀਗਤ ਹੀ ਹੁੰਦੀ ਸੀ ਤੇ ਇਸ ਵਿਚ ਜਾਤੀ ਦੇ ਸਿਰਕੱਢ ਬੰਦੇ ਹੀ ਲਏ ਜਾਂਦੇ ਸਨ। ਤਦੇ ਕਹਾਵਤ ਬਣੀ, “ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ।” ਪੰਚਾਇਤ ਸ਼ਬਦ ਬਣਿਆ ਹੈ, ਸੰਸਕ੍ਰਿਤ ਪੰਚਾਇਤਨਮ ਸ਼ਬਦ ਤੋਂ। ਕਿਸੇ ਦੇਵਤੇ ਦੇ ਆਸ-ਪਾਸ ਚਾਰ ਹੋਰ ਦੇਵਤਿਆਂ ਦੀਆਂ ਮੂਰਤੀਆਂ ਨੂੰ ਪੰਚਾਇਤਨਮ (ਪੰਚ+ਆਇਤਨਮ) ਕਿਹਾ ਜਾਂਦਾ ਸੀ। ਇਸ ਸ਼ਬਦ ਵਿਚ ਆਇਤਨਮ ਦਾ ਅਰਥ ਹੈ-ਸਥਾਨ, ਆਸਣ ਆਦਿ। ਇਸ ਤਰ੍ਹਾਂ ਇਹ ਇਕ ਤਰ੍ਹਾਂ ਦਾ ਪੂਜ-ਸਥਾਨ, ਮੰਦਿਰ ਆਦਿ ਸੀ, ਜੋ ਸਰਵਉਚ ਸ਼ਕਤੀ ਦਾ ਸੂਚਕ ਸੀ।
‘ਮਹਾਨ ਕੋਸ਼’ ਵਿਚ ਇਸ ਦਾ ਅਰਥ ਪੰਜਾਂ ਦਾ ਸਮੂਹ ਦੱਸਿਆ ਗਿਆ ਹੈ, ਪਰ ਵਾਸਤਵ ਵਿਚ ਪੰਜਾਂ ਦਾ ਸ਼ਕਤੀਸ਼ਾਲੀ ਸਮੂਹ ਹੈ, ਕਿਉਂਕਿ ਇਸ ਵਿਚ ਆਇਤਨਮ ਦਾ ਦਖਲ ਹੈ। ਗੁਰੂ ਗ੍ਰੰਥ ਸਾਹਿਬ ਵਿਚ ਪੰਚਾਇਣ ਸ਼ਬਦ ਪਰਮਾਤਮਾ ਦੇ ਅਰਥਾਂ ਵਿਚ ਆਇਆ ਹੈ, “ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣੁ ਰਤੁ॥” (ਗੁਰੂ ਨਾਨਕ ਦੇਵ)। ਇਥੇ ਪ੍ਰਾਚੀਨ ਭਾਵ ਸਪੱਸ਼ਟ ਝਲਕਦਾ ਹੈ। ਸੱਤਾ ਬਲਵੰਡ ਨੇ ਵੀ ਇਸੇ ਅਰਥ ਵਿਚ ਇਹ ਸ਼ਬਦ ਵਰਤਿਆ ਹੈ, “ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥”
ਪੰਚਾਇਤ ਸ਼ਬਦ ਨੂੰ ਬਾਅਦ ਵਿਚ ਲੋਕਾਂ ਦੇ ਝਗੜੇ ਨਿਪਟਾਉਣ ਵਾਲੀ ਦੁਨਿਆਵੀ ਪੰਚਾਇਤ ‘ਤੇ ਲਾਗੂ ਕੀਤਾ ਗਿਆ। ਅੱਜ ਪੰਚਾਇਤ ਵਿਚ ਪੰਜ ਮੈਂਬਰਾਂ ਦਾ ਹੋਣਾ ਜ਼ਰੂਰੀ ਨਹੀਂ ਹੈ, ਪਿੰਡ ਦੀ ਵਸੋਂ ਅਨੁਸਾਰ ਇਹ ਵੱਧ ਵੀ ਹੋ ਸਕਦੇ ਹਨ। ਪੰਚ ਦੇ ਅੱਗੇ ਸਰ ਲੱਗ ਕੇ ਸਰਪੰਚ ਬਣਿਆ, ਸਰ ਸਿਰ ਦਾ ਹੀ ਇੱਕ ਰੁਪਾਂਤਰ ਹੈ, ਜੋ ਅੱਗੇ ਸ਼ੀਰਸ਼ ਦਾ ਵਿਉਤਪਤ ਰੂਪ ਹੈ। ਧੱਕੇ ਨਾਲ ਪੰਚ ਦਾ ਫਰਜ਼ ਨਿਭਾਉਣ ਵਾਲਾ ਖੜਪੰਚ ਕਹਾਉਂਦਾ ਹੈ। ਸਰੀਰ ਦਾ ਸਭ ਤੋਂ ਉਤਲਾ ਅੰਗ ਹੋਣ ਕਾਰਨ ਇਸ ਵਿਚ ਸਰਵਉਚਤਾ ਦੇ ਭਾਵ ਹਨ।
ਪੰਚ ਤੋਂ ਬਣਿਆ ਇਕ ਹੋਰ ਸ਼ਬਦ ਹੈ, ਪੰਚਾਂਗ। ਇਹ ਹਿੰਦੂ ਜੰਤਰੀ ਹੈ। ਇਸ ਦੇ ਪੰਜ ਅੰਗ ਹੁੰਦੇ ਹਨ-ਤਿਥੀ (ਸੂਰਜ ਦੀ ਦਸ਼ਾ), ਵਾਰ (ਹਫਤੇ ਦਾ ਦਿਨ), ਨਛੱਤਰ (ਤਾਰਿਆਂ ਦੀ ਦਸ਼ਾ), ਕਰਣ (ਚੰਦਰਮਾ ਦੀ ਦਸ਼ਾ) ਅਤੇ ਯੋਗ (ਮੰਗਲਮਈ ਘੜੀ)। ਕੜਾਹ ਪ੍ਰਸ਼ਾਦ ਨੂੰ ਪੰਚਾਮ੍ਰਿਤੀ (ਪੰਜ ਅੰਮ੍ਰਿਤ) ਕਿਹਾ ਜਾਂਦਾ ਹੈ। ਭਾਈ ਗੁਰਦਾਸ ਲਿਖਦੇ ਹਨ, “ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ੍ਰ ਭਏ ਪੰਚ ਮਿਲ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।” ਸਿਮ੍ਰਿਤੀਆਂ ਅਨੁਸਾਰ ਦੁੱਧ, ਦਹੀਂ, ਘੀਓ, ਖੰਡ ਅਤੇ ਸ਼ਹਿਦ। “ਜਿਹ ਮੁਖਿ ਪਾਚਉ ਅੰਮ੍ਰਿਤ ਖਾਏ॥” (ਭਗਤ ਕਬੀਰ)।
ਪੰਚ ਸ਼ਬਦ ਬਾਰੇ ਚਰਚਾ ਜਾਰੀ ਰਹੇਗੀ।