ਹਵਾਲਾ ਰਕਮ ਦੀ ਬਰਾਮਦਗੀ ਬਾਰੇ ਦਾਅਵੇ ਨੇ ਬੁਰੀ ਫਸਾਈ ਪੰਜਾਬ ਪੁਲਿਸ

ਜਲੰਧਰ: ਜਲੰਧਰ ਦੇ ਪਾਦਰੀ ਦੀ ਪ੍ਰਤਾਪਪੁਰਾ ਪਿੰਡ ਵਿਚਲੀ ਰਿਹਾਇਸ਼ ਤੋਂ ਫੜੀ ਕਰੋੜਾਂ ਰੁਪਏ ਦੀ ਰਕਮ ਕਈ ਘੰਟਿਆਂ ਬਾਅਦ ਦੋਰਾਹਾ ਤੋਂ ਬਰਾਮਦ ਕੀਤੇ ਜਾਣ ਦਾ ਖੰਨਾ ਪੁਲਿਸ ਵੱਲੋਂ ਕੀਤਾ ਗਿਆ ਦਾਅਵਾ ਪੁਲਿਸ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ।

ਖੰਨਾ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਪਾਦਰੀ ਤੇ ਉਸ ਦੇ ਸਾਥੀਆਂ ਕੋਲੋਂ ਦੋਰਾਹਾ ਕੋਲ ਨਾਕੇ ‘ਤੇ 9 ਕਰੋੜ 66 ਲੱਖ ਰੁਪਏ ਤੋਂ ਵਧੇਰੇ ਰਕਮ ਫੜੀ ਗਈ ਹੈ, ਪਰ ਪਾਦਰੀ ਐਨਥਨੀ ਨੇ ਦਾਅਵਾ ਕੀਤਾ ਸੀ ਕਿ 29 ਮਾਰਚ ਦੀ ਸ਼ਾਮ ਖੰਨਾ ਪੁਲਿਸ ਮਾਰੇ ਗਏ ਛਾਪੇ ਦੌਰਾਨ ਉਸ ਦੇ ਘਰ ਪਏ 16 ਕਰੋੜ 65 ਲੱਖ ਰੁਪਏ ਲੈ ਗਈ ਸੀ ਤੇ ਅਗਲੇ ਦਿਨ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੇ ਹਵਾਲੇ ਸਿਰਫ 9 ਕਰੋੜ 66 ਲੱਖ ਰੁਪਏ ਦੀ ਰਕਮ ਕੀਤੀ ਹੈ।
ਫਾਦਰ ਐਨਥਨੀ ਦੋਸ਼ ਲਗਾ ਰਹੇ ਹਨ ਕਿ 6 ਕਰੋੜ 65 ਲੱਖ ਰੁਪਏ ਦੀ ਰਕਮ ਖੰਨਾ ਪੁਲਿਸ ਨੇ ਖੁਰਦ-ਬੁਰਦ ਕਰ ਦਿੱਤੀ ਹੈ। ਦੋਸ਼ ਦੀ ਪੜਤਾਲ ਲਈ ਡੀ.ਜੀ.ਪੀ. ਵਲੋਂ ਤਾਇਨਾਤ ਆਈ.ਜੀ. ਪੀ.ਕੇ. ਸਿਨਹਾ ਨੇ ਦੱਸਿਆ ਕਿ ਫਾਦਰ ਐਨਥਨੀ ਤੇ ਪੁਲਿਸ ਅਧਿਕਾਰੀਆਂ ਨੂੰ ਸੱਦ ਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਨਾਕੇ ‘ਤੇ ਫੜੇ ਦੱਸੇ ਜਲੰਧਰ ਦੀ ਛੋਟੀ ਬਾਰਾਂਦਰੀ ਦੇ ਵਾਸੀ ਹਰਪਾਲ ਸਿੰਘ ਹੀਰਾ ਨੇ ਦੱਸਿਆ ਕਿ 29 ਮਾਰਚ ਕਰੀਬ 3 ਵਜੇ ਦੇ ਆਸ-ਪਾਸ ਫਾਦਰ ਨੇ ਫੋਨ ਕਰਕੇ ਉਸ ਨੂੰ ਸੱਦਿਆ ਸੀ। ਪਾਦਰੀਆਂ ਦੀਆਂ ਨਿੱਜੀ ਕੰਪਨੀਆਂ ਦਾ ਦਫਤਰ ਹਰਪਾਲ ਸਿੰਘ ਦੀ ਲੱਧੇਵਾਲੀ ‘ਚ ਇਮਾਰਤ ਵਿਚ ਚਲਦਾ ਹੈ। ਉਹ 3.30 ਵਜੇ ਦੇ ਕਰੀਬ ਪ੍ਰਤਾਪਪੁਰਾ ਪੁੱਜ ਗਿਆ ਸੀ ਤੇ ਫਾਦਰ ਐਨਥਨੀ ਆਪਣੇ ਕਮਰੇ ‘ਚ ਬੈਠਾ ਸੀ ਤੇ ਨੋਟਾਂ ਦਾ ਭਰਿਆ ਬੈਗ ਵੀ ਉਥੇ ਪਿਆ ਸੀ। ਹਰਪਾਲ ਨੇ ਦੱਸਿਆ ਕਿ ਉਹ ਫਾਦਰ ਨਾਲ ਗੱਲ ਕਰਦਿਆਂ ਕੋਠੀ ਤੋਂ ਬਾਹਰ ਆਇਆ ਤਾਂ ਸਾਦੇ ਕੱਪੜਿਆਂ ‘ਚ ਇਕਦਮ ਕਈ ਆ ਵਿਅਕਤੀ ਧਮਕੇ ਤੇ ਮੇਰੇ ਤੇ ਫਾਦਰ ‘ਤੇ ਰਿਵਾਲਵਰ ਤਾਣ ਕੇ ਹੱਥ ਖੜੇ ਕਰਨ ਲਈ ਕਿਹਾ। ਇਹ ਹਥਿਆਰਬੰਦ ਵਿਅਕਤੀ ਖੰਨਾ ਪੁਲਿਸ ਦੇ ਮੁਲਾਜ਼ਮ ਸਨ, ਨੇ ਤਲਾਸ਼ੀ ਲਈ ਤੇ ਉਨ੍ਹਾਂ ਨੂੰ ਕਾਰਾਂ ‘ਚ ਬਿਠਾ ਕੇ ਲੈ ਗਏ। ਰਾਤ ਭਰ ਉਨ੍ਹਾਂ ਨੂੰ ਸੀ.ਆਈ.ਏ. ਖੰਨਾ ਰੱਖ ਕੇ ਸਵੇਰੇ ਕਰੀਬ 6 ਵਜੇ ਛੱਡਿਆ। ਹਰਪਾਲ ਨੇ ਦੱਸਿਆ ਕਿ ਮੇਰੇ ਬੇਕਸੂਰ ਹੋਣ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ, ਪਰ ਉਸ ਨੇ ਦਾਅਵੇ ਨਾਲ ਕਿਹਾ ਕਿ ਨਾਕੇ ‘ਤੇ ਰੋਕਣ ਦੀ ਕਹਾਣੀ ‘ਚ ਕੋਈ ਸਚਾਈ ਨਹੀਂ, ਪਰ ਪੁਲਿਸ ਵਲੋਂ ਨਾਕੇ ‘ਤੇ ਪਾਦਰੀ ਦੇ ਨਾਲ ਫੜਿਆ ਦਿਖਾਇਆ ਮੁੰਬਈ ਦਾ ਲਿਗਾਇਤ ਜੋੜਾ ਅਜੇ ਵੀ ਬੁਝਾਰਤ ਬਣਿਆ ਹੋਇਆ ਹੈ।
ਪੁਲਿਸ ਨੇ ਜਾਰੀ ਪ੍ਰੈੱਸ ਨੋਟ ਵਿਚ ਫੜੀ ਗਈ ਰਕਮ ਨੂੰ ‘ਹਵਾਲਾ ਰਕਮ’ ਦੱਸਿਆ ਸੀ, ਪਰ ਮੁੜ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਇਸੇ ਤਰ੍ਹਾਂ ਸਾਊਥ ਇੰਡੀਅਨ ਬੈਂਕ ਦੀ ਜਲੰਧਰ ਬ੍ਰਾਂਚ ਦੇ ਅਧਿਕਾਰੀਆਂ ਨੇ ਵੀ ਲਿਖਤੀ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਜਦ ਪੁਲਿਸ ਨੇ ਪ੍ਰਤਾਪਪੁਰਾ ਰਿਹਾਇਸ਼ ‘ਤੇ ਛਾਪਾ ਮਾਰਿਆ ਤਾਂ ਉਸ ਸਮੇਂ ਬੈਂਕ ਦੇ ਦੋ ਮੁਲਾਜ਼ਮ ਰਕਮ ਦੀ ਗਿਣਤੀ ਕਰ ਰਹੇ ਸਨ। ਬੈਂਕ ਦੇ ਪੱਤਰ ‘ਚ ਲਿਖਿਆ ਕਿ ਬੈਂਕ ਕਰਮਚਾਰੀ ਫਾਦਰ ਵਲੋਂ ਨਿਯੁਕਤ ਨਵਪ੍ਰੀਤ ਮਸੀਹ ਦੀ ਹਾਜ਼ਰੀ ‘ਚ ਕੋਠੀ ਦੀ ਪਹਿਲੀ ਮੰਜ਼ਿਲ ‘ਤੇ ਰਕਮ ਗਿਣ ਰਹੇ ਸਨ। ਪੁਲਿਸ ਨੇ ਫਾਦਰ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਤੇ ਫਿਰ ਛਾਪਾ ਮਾਰਨ ਵਾਲੀ ਪਾਰਟੀ ਦੇ ਕੁਝ ਮੈਂਬਰ ਉੱਪਰ ਆਏ ਤੇ ਗਿਣੀ ਜਾ ਰਹੀ ਰਕਮ ਜਬਰੀ ਕਬਜ਼ੇ ‘ਚ ਲੈ ਕੇ ਚਲੇ ਗਏ।
ਬੈਂਕ ਦੇ ਪੱਤਰ ‘ਚ ਕਿਹਾ ਕਿ ਪੁਲਿਸ ਪਾਰਟੀ ਨੇ ਕਬਜ਼ੇ ‘ਚ ਲਈ ਰਕਮ ‘ਤੇ ਨਾ ਕੋਈ ਨਿਸ਼ਾਨ ਲਗਾਏ ਤੇ ਨਾ ਹੀ ਕੋਈ ਰਿਕਵਰੀਨਾਮਾ ਹੀ ਭਰਿਆ। ਬੈਂਕ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਕਬਜ਼ੇ ਵਿਚ ਲਈ ਰਕਮ 6 ਕਰੋੜ ਰੁਪਏ ਤੋਂ ਉੱਪਰ ਸੀ ਤੇ ਇਸ ਵਿਚ 4.30 ਕਰੋੜ ਰੁਪਏ ਦੇ ਦੋ ਹਜ਼ਾਰ ਦੇ ਨੋਟ ਸਨ। ਚਸ਼ਮਦੀਦ ਗਵਾਹ ਤੇ ਬੈਂਕ ਦਾ ਪੱਤਰ ਪੁਲਿਸ ਦੀ ਕਹਾਣੀ ‘ਤੇ ਡੂੰਘੇ ਸਵਾਲ ਖੜ੍ਹੇ ਕਰ ਰਹੇ ਹਨ ਤੇ ਪੁਲਿਸ ਇਸ ਬਾਰੇ ਪੂਰੀ ਤਰ੍ਹਾਂ ਚੁੱਪ ਧਾਰੀ ਬੈਠੀ ਹੈ।