ਚੋਰ ਤਾਂ ਸੀ ਕੋਈ ਹੋਰ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਘਟਨਾ ਭਾਵੇਂ ਇਹ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਹੈ, ਪਰ ਹੈ ਇਹ ਮੌਜੂਦਾ ਦੌਰ ਵਿਚ ਵੀ ਦਿਲਚਸਪੀ ਨਾਲ ਪੜ੍ਹਨ-ਸੁਣਨ ਵਾਲੀ। ਜਿੰਨੀ ਖੂਬਸੂਰਤ ਅੰਦਾਜ਼ੇ-ਪੇਸ਼ਕਾਰੀ ਨਾਲ ਮੈਂ ਇਹ ਪਿੰਡ ਦੇ ਬਜੁਰਗਾਂ, ਖਾਸ ਕਰਕੇ ਆਪਣੇ ਬਾਪ ਦੇ ਮੂੰਹੋਂ ਸੁਣਦਾ ਰਿਹਾ ਹਾਂ, ਉਹ ਰੰਗ ਸ਼ਾਇਦ ਮੈਥੋਂ ਇਸ ਦੇ ਲਿਖਤੀ ਰੂਪ ਵਿਚ ਨਾ ਭਰਿਆ ਜਾ ਸਕੇ। ਵਜ੍ਹਾ ਇਹ ਹੈ ਕਿ ਉਹ ਸਾਰੇ ਉਸ ਵਾਕਿਆ ਦੇ ਚਸ਼ਮਦੀਦ ਗਵਾਹ ਸਨ। ਇਸ ਲਈ ਅੱਖੀਂ ਦੇਖੇ ਵੇਰਵੇ ਸੁਣਾਉਣ ਵੇਲੇ ਉਨ੍ਹਾਂ ਦੇ ਚਿਹਰਿਆਂ ਦੇ ਹਾਵ-ਭਾਵ ਕਹਾਣੀ ਦੇ ਕਥਾ-ਰਸ ਨੂੰ ਹੋਰ ਰੌਚਕ ਬਣਾ ਦਿੰਦੇ ਸਨ।

1947 ਦੀ ਵੰਡ ਤੋਂ ਪਹਿਲਾਂ ਸਾਡੇ ਲਾਗਲੇ ਪਿੰਡ ਸ਼ਾਹਪੁਰ ਵਿਚ ਹੋਰ ਬਰਾਦਰੀਆਂ ਦੇ ਨਾਲ-ਨਾਲ ਵੱਡੀ ਗਿਣਤੀ ਮੁਸਲਿਮ ਪਰਿਵਾਰਾਂ ਦੀ ਵੀ ਸੀ। ਇਨ੍ਹਾਂ ਵਿਚ ਇਕ ਸਈਅਦ ਖਾਨਦਾਨ ਦਾ ਭਰਿਆ-ਭਕੁੰਨਾ ਵੱਡਾ ਪਰਿਵਾਰ ਵੀ ਵਸਦਾ ਸੀ। ਜਿਵੇਂ ਸਿੱਖ ਸਮਾਜ ਵਿਚ ਸੋਢੀ ਜਾਂ ਬੇਦੀ ਪਰਿਵਾਰਾਂ ਨੂੰ ਗੁਰੂ ਸਾਹਿਬਾਨ ਦੀ ਅੰਸ-ਬੰਸ ਜਾਣ ਕੇ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਇਵੇਂ ਹੀ ਇਸਲਾਮੀ ਸਮਾਜ ਵਿਚ ਸਈਅਦ ਪਰਿਵਾਰਾਂ ਨੂੰ ਵਿਸ਼ੇਸ਼ ਅਦਬ ਸਤਿਕਾਰ ਮਿਲਦਾ ਹੈ। ਸਈਅਦਾਂ ਦੇ ਵੱਡੇ ਮਾਣ ਸਤਿਕਾਰ ਬਾਰੇ ਇਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਮੁਗਲ ਬਾਦਸ਼ਾਹਾਂ ਦੇ ਵੇਲੇ ਸ਼ਾਹੀ ਹਾਥੀ ਦੇ ਮਹਾਵਤ ਸਿਰਫ ਸਈਅਦ ਹੀ ਹੋ ਸਕਦੇ ਸਨ। ਕਾਰਨ ਇਹ ਕਿ ਹਾਥੀ ਦੇ ਸਿਰ ‘ਤੇ ਬਹਿਣ ਵਾਲੇ ਮਹਾਵਤ ਦੀ ਪਿੱਠ, ਅਸਵਾਰੀ ਕਰ ਰਹੇ ਬਾਦਸ਼ਾਹ ਵੱਲ ਹੁੰਦੀ ਸੀ; ਤੇ ਬਾਦਸ਼ਾਹ ਵੱਲ ਪਿੱਠ ਕੋਈ ਆਮ-ਫਹਿਮ ਬੰਦਾ ਨਹੀਂ ਸਗੋਂ ਕੋਈ ਉਚੇ ਖਾਨਦਾਨ ਵਾਲਾ ਹੀ ਕਰ ਸਕਦਾ ਸੀ।
ਸੋ, ਪੂਰੇ ਇਲਾਕੇ ਵਿਚ ਸਤਿਕਾਰੇ ਜਾਂਦੇ ਸ਼ਾਹਪੁਰੀਏ ਸਈਅਦਾਂ ਦੇ ਘਰੇ ਚੋਰੀ ਹੋ ਗਈ। ਟੱਬਰ ਦੇ ਕੁਝ ਜੀਅ ਦੂਰ-ਨੇੜੇ ਕਿਤੇ ਵਿਆਹ ਸ਼ਾਦੀ ‘ਤੇ ਚਲੇ ਗਏ। ਮਗਰੋਂ ਕੋਈ ਕੱਪੜੇ ਲੱਤੇ ਅਤੇ ਇਕ-ਦੋ ਗਹਿਣਿਆਂ ਸਮੇਤ ਥੋੜ੍ਹੀ ਬਹੁਤ ਨਕਦੀ ‘ਤੇ ਵੀ ਹੱਥ ਸਾਫ ਕਰ ਗਿਆ। ਸਰਕਾਰੇ ਦਰਬਾਰੇ ਵੀ ਚੋਖਾ ਅਸਰ ਰਸੂਖ ਰੱਖਦੇ ਇਸ ਟੱਬਰ ਦੇ ਘਰ ਚੋਰੀ ਹੋ ਜਾਣ ਨਾਲ ਸਾਰੇ ਇਲਾਕੇ ਵਿਚ ਸੁੰਨ ਜਿਹੀ ਪਸਰ ਗਈ ਕਿ ਕਿਹੜਾ ਮਾਈ ਦਾ ਲਾਲ ਹੋਵੇਗਾ, ਜਿਸ ਨੇ ਐਡੀ ਜੁਰਅਤ ਦਿਖਾਉਂਦਿਆਂ ਇਕ ਤਰ੍ਹਾਂ ਨਾਲ ਹਾਕਮ ਦੇ ਘਰ ਨੂੰ ਹੀ ਜਾ ਸੰਨ੍ਹ ਲਾਈ? ਸਈਅਦਾਂ ਨੇ ਵੀ ਇਸ ਚੋਰੀ ਨੂੰ ਆਪਣੇ ਮਾਣ-ਮਰਾਤਬੇ ਉਤੇ ਵੱਡੀ ਸੱਟ ਸਮਝਿਆ। ਕਿਥੇ ਸਾਰਾ ਇਲਾਕਾ ਉਨ੍ਹਾਂ ਨੂੰ ਝੁਕ-ਝੁਕ ਸਲਾਮਾਂ ਕਰਦਾ ਸੀ ਤੇ ਕਿਥੇ ਕਿਸੇ ਚੋਰ ਨੇ ਉਨ੍ਹਾਂ ਨੂੰ ਕੱਖੋਂ ਹੌਲੇ ਕਰ ਛੱਡਿਆ ਸੀ।
ਉਸ ਦੌਰ ਵਿਚ ਸਾਡੇ ਇਲਾਕੇ ਦਾ ਮੰਨਿਆ ਦੰਨਿਆ ਜਿਮੀਂਦਾਰ ਰਾਹੋਂ ਵਾਲਾ ਚੌਧਰੀ ਇੱਜ਼ਤ ਖਾਂ ਸੀ, ਜੋ ਇਸ ਸਈਅਦ ਪਰਿਵਾਰ ਦਾ ਬਹੁਤ ਇਹਤਰਾਮ ਕਰਦਾ ਸੀ। ਦੱਸਦੇ ਹਨ ਕਿ ਉਹ ਚੋਰੀ ਵਾਲੀ ਗੱਲ ਸੁਣ ਕੇ ਰਾਹੋਂ ਤੋਂ ਘੋੜੀ ‘ਤੇ ਚੜ੍ਹ ਕੇ ਆਪ ਹੀ ਸ਼ਾਹਪੁਰ ਆਇਆ ਅਤੇ ਥਾਣੇਦਾਰ ਨੂੰ ਵੀ ਨਾਲ ਲਿਆਇਆ। ਮੁੜਨ ਵੇਲੇ ਚੌਧਰੀ ਇੱਜ਼ਤ ਖਾਂ ਨੇ ਥਾਣੇਦਾਰ ਨੂੰ ਹਦਾਇਤ ਕੀਤੀ ਕਿ ਉਹ ਚੋਰ ਲੱਭ ਕੇ ਹੀ ਰਾਹੋਂ ਵਾਪਸ ਆਵੇ।
ਲਉ ਜੀ, ਤਫਤੀਸ਼ ਸ਼ੁਰੂ ਹੋ ਗਈ। ਪਹਿਲਾਂ ਤਾਂ ਪਿੰਡ ਸ਼ਾਹਪੁਰ ਦੇ ਸ਼ੱਕੀ ਜਿਹੇ ਬੰਦਿਆਂ ਦੀ ਛਿੱਤਰ-ਕੁੱਟ ਹੋਈ, ਪਰ ਕੋਈ ਸੁਰਾਗ ਨਾ ਲੱਭਾ। ਫਿਰ ਵਾਰੀ ਸਿਰ ਲਾਗ-ਪਾਸ ਦੇ ਪਿੰਡਾਂ ਦੇ ਮਸ਼ਕੂਕ ਬੰਦੇ ਸ਼ਾਹਪੁਰ ਦੇ ਪਿੜ ਵਿਚ ਲਿਆ-ਲਿਆ ਕੇ ਥਾਪੜੇ। ਉਨ੍ਹਾਂ ਦਿਨਾਂ ਵਿਚ ਸਾਡੇ ਇਲਾਕੇ ਵਿਚ ਡਾਕੇ-ਚੋਰੀਆਂ ਕਰਨ ਵਾਲਾ ਇਕ ਕਬੀਲਾ ਬੜਾ ਮਸ਼ਹੂਰ ਹੁੰਦਾ ਸੀ। ਕਹਿੰਦੇ ਹਨ, ਉਸ ਕਬੀਲੇ ਦੇ ਬੰਦੇ-ਔਰਤਾਂ ‘ਤੇ ਬੜਾ ਤਸ਼ੱਦਦ ਹੋਇਆ, ਪਰ ਸਈਅਦਾਂ ਦੀ ਚੋਰੀ ਦਾ ਕੋਈ ਲੜ-ਸਿਰਾ ਹੱਥ ਨਾ ਲੱਗਾ।
ਥਾਣੇਦਾਰ ਅਤੇ ਉਹਦੇ ਨਾਲ ਦੇ ਦੋ-ਚਾਰ ਸਿਪਾਹੀਆਂ ਨੇ ਟਿਕਾਣਾ ਸ਼ਾਹਪੁਰ ਦੇ ਸਕੂਲ ਵਿਚ ਹੀ ਕੀਤਾ ਹੋਇਆ ਸੀ। ਸ਼ੱਕੀਆਂ ਦੀ ਛਿੱਤਰ-ਪਰੇਡ ਹੁੰਦਿਆਂ ਜਦ ਦੋ-ਤਿੰਨ ਦਿਨ ਹੋ ਗਏ ਤਾਂ ਸੂਰਤੇ-ਹਵਾਲ ਦਾ ਪਤਾ ਲੈਣ ਵਾਸਤੇ ਇੱਜ਼ਤ ਖਾਂ ਫਿਰ ਸ਼ਾਹਪੁਰ ਪਹੁੰਚਿਆ। ਨਿਰਾਸ਼ ਹੋਏ ਨੇ ਥਾਣੇਦਾਰ ਨੂੰ ਸਈਅਦਾਂ ਦੇ ਘਰੇ ਸੱਦਿਆ ਅਤੇ ਕਿਸੇ ਅਗਲੀ ਰਣਨੀਤੀ ਬਾਰੇ ਵਿਚਾਰ ਹੋਣ ਲੱਗੀ। ਦੁਪਹਿਰ ਦੀ ਰੋਟੀ ਦਾ ਵੇਲਾ ਹੋ ਗਿਆ। ਸਈਅਦਾਂ ਦੇ ਨੌਕਰ-ਚਾਕਰ ਤੇ ਹੋਰ ਕਾਰਿੰਦੇ, ਸਾਰੇ ਅਮਲੇ-ਫੈਲੇ ਨੂੰ ਰੋਟੀ ਖੁਆਉਣ ਲੱਗ ਪਏ। ਪਾਣੀ ਦਾ ਗਲਾਸ ਲੈ ਕੇ ਆਏ ਇਕ ਹੱਟੇ-ਕੱਟੇ ਬੰਦੇ ਕੋਲੋਂ ਪਾਣੀ ਫੜਦਿਆਂ ਥਾਣੇਦਾਰ ਨੇ ਉਹਦੀਆਂ ਅੱਖਾਂ ਵਿਚ ਅੱਖਾਂ ਪਾਈਆਂ ਤੇ ਸਹਿਵਨ ਹੀ ਇਕ ਸਈਅਦ ਨੂੰ ਪੁੱਛਿਆ ਕਿ ਮੀਆਂ ਜੀ! ਆਹ ਪਾਣੀ ਦਾ ਵਰਤਾਵਾ ਕੌਣ ਹੈ ਤੇ ਕਿਥੋਂ ਦਾ ਰਹਿਣ ਵਾਲਾ ਹੈ?
ਜਿਵੇਂ ਆਪਾਂ ਕਿਸੇ ਬਹੁਤ ਵਿਸ਼ਵਾਸਪਾਤਰ ਬੰਦੇ ਬਾਰੇ ਦਿਲ-ਪਸੀਜਵੇਂ ਲਫਜ਼ ਬੋਲ ਕੇ ਭਰੋਸਾ ਪ੍ਰਗਟਾਉਂਦੇ ਹਾਂ, ਇਵੇਂ ਥਾਣੇਦਾਰ ਦੇ ਇਸ ਸ਼ੱਕੀ ਜਿਹੇ ਸਵਾਲ ਦੇ ਜਵਾਬ ਵਿਚ ਸਈਅਦ ਬੋਲਿਆ, “ਖਾਨ ਸਾਹਿਬ, ਇਹ ਤਾਂ ਵਿਚਾਰਾ ਸਾਡੇ ਪਿੰਡ ਦਾ ਸਾਊ ਸ਼ਰੀਫ ਚੌਕੀਦਾਰ ਹੈ, ਜੋ ਸਾਡੀ ਹਵੇਲੀ ਵਿਚ ਪਸੂਆਂ ਨੂੰ ਪੱਠਾ-ਦੱਥਾ ਪਾਉਣ ਦੇ ਨਾਲ-ਨਾਲ ਸਾਡੇ ਘਰੇ ਪਾਣੀ ਵੀ ਭਰਦਾ ਹੈ (ਉਦੋਂ ਖੂਹ ਤੋਂ ਘੜੇ ਭਰ-ਭਰ ਘਰਾਂ ਵਿਚ ਰੱਖੇ ਜਾਂਦੇ ਸਨ)।
ਕਹਿੰਦੇ ਹਨ, ਇਹ ਗੱਲ ਸੁਣ ਕੇ ਮੁੱਛਾਂ ‘ਤੇ ਹੱਥ ਫੇਰਦਿਆਂ ਥਾਣੇਦਾਰ ਕਹਿੰਦਾ ਕਿ ਮੈਂ ਇਸ ‘ਵਿਚਾਰੇ’ ਨੂੰ ਜ਼ਰਾ ਬਾਹਰ ਲੈ ਜਾਨਾ ਵਾਂ!
ਅੰਦਰ ਰੋਟੀ-ਪਾਣੀ ਖਾਣ ਉਪਰੰਤ ਇੱਜ਼ਤ ਖਾਂ ਚੌਧਰੀ ਅਤੇ ਸਈਅਦ ਭਰਾ ਅਜੇ ਕੋਈ ਸੋਚ-ਵਿਚਾਰ ਹੀ ਕਰ ਰਹੇ ਸਨ ਕਿ ‘ਚੌਕੀਦਾਰ ਵਿਚਾਰੇ’ ਨੂੰ ਗਿੱਚੀ ਤੋਂ ਨੱਪ ਕੇ ਥਾਣੇਦਾਰ ਅੰਦਰ ਲੈ ਆਇਆ। ਤਿੰਨ-ਚਾਰ ਦਿਨ ਛਿੱਤਰ-ਕੁੱਟ ਹੁੰਦੀ ਤੋਂ ਅੜ੍ਹਾਟ ਪੈਂਦਾ ਸੁਣਦਾ ਰਿਹਾ ਹੋਣ ਕਰਕੇ ਚੌਕੀਦਾਰ ਨੇ ਡੰਡੇ ਚਾਰ ਨਹੀਂ ਸਨ ਸਹੇ ਕਿ ਡਰਦੇ ਨੇ ਥਾਣੇਦਾਰ ਨੂੰ ਸਭ ਕੁਝ ਦੱਸ ਦਿੱਤਾ ਸੀ। ਉਸੇ ਵੇਲੇ ਸਿਪਾਹੀਆਂ ਨੂੰ ਉਹਦੇ ਨਾਲ ਭੇਜ ਕੇ ਚੋਰੀ ਦਾ ਸਮਾਨ ਵੀ ਲਿਆਂਦਾ ਗਿਆ। ਚੋਰ ਚੌਕੀਦਾਰ, ਐਵੇਂ ਲੋਕਾਂ ਦੇ ਪੁਆਈ ਗਿਆ ਮਾਰ!